IMG_3550
(ਕਵਿੰਦਰ ਚਾਂਦ ਦਾ ਗ਼ਜ਼ਲ ਸੰਗ੍ਰਹਿ ‘ਕਣ ਕਣ’ ਦਾ ਲੋਕ ਅਰਪਣ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਡਾਇਰੈਕਟਰ ਡਾ. ਬਲਕਾਰ ਸਿੰਘ, ਸੁੱਖੀ ਬਾਠ, ਡਾ. ਕੇਹਰ ਸਿੰਘ, ਪ੍ਰੋ. ਕੁਲਵੰਤ ਗਰੇਵਾਲ, ਨਵਦੀਪ ਸਿੰਘ ਮੁੰਡੀ ਪ੍ਰੋ. ਅਸ਼ੋਕ ਮਲਿਕ, ਕਰਨ ਭੀਖੀ,ਡਾ. ਦਮਨਜੀਤ ਕੌਰ ਸੰਧੂ)

(8 ਦਸੰਬਰ 2018) ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਵਰਲਡ ਪੰਜਾਬੀ ਸੈਂਟਰ ਅਤੇ ਸਾਹਿਬਦੀਪ ਪਬਲੀਕੇਸ਼ਨ, ਭੀਖੀ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਰਲਡ ਪੰਜਾਬੀ ਸੈਂਟਰ ਵਿਖੇ ਉੱਘੇ ਗ਼ਜ਼ਲਗੋ ਕਵਿੰਦਰ ਚਾਂਦ ਰਚਿਤ ਗ਼ਜ਼ਲ ਸੰਗ੍ਰਹਿ ‘ਕਣ ਕਣ’ ਦਾ ਲੋਕ-ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ, ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸ੍ਰੀ ਸੁੱਖੀ ਬਾਠ, ਪ੍ਰੋ. ਅਸ਼ੋਕ ਮਲਿਕ ਅਤੇ ਪ੍ਰੋ. ਕੁਲਵੰਤ ਸਿੰਘ ਗਰੇਵਾਲ ਅਤੇ ਨਵਦੀਪ ਸਿੰਘ ਮੁੰਡੀ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿੱਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਪੰਜਾਬੀ ਸਾਹਿਤ ਸਭਾ ਦੇ ਇਤਿਹਾਸ, ਪ੍ਰਾਪਤੀਆਂ ਅਤੇ ਭਵਿੱਖਮੁਖੀ ਯੋਜਨਾਵਾਂ ਉਪਰ ਰੌਸ਼ਨੀ ਪਾਉਂਦੇ ਹੋਏ ਪੁੱਜੇ ਲੇਖਕਾਂ ਅਤੇ ਵਿਦਵਾਨਾਂ ਨੂੰ ‘ਜੀ ਆਇਆਂ’ ਆਖਿਆ। ਵਿਦਵਾਨ ਡਾ. ਬਲਕਾਰ ਸਿੰਘ ਨੇ ਕਿਹਾ ਕਵਿੰਦਰ ਚਾਂਦ ਦੀ ਸ਼ਾਇਰੀ ਵਰਤਮਾਨ ਸਮਾਜ ਦੀ ਨਬਜ਼ ਨੂੰ ਪਛਾਣਦੀ ਹੋਈ ਮਨ ਵਿਚ ਵੱਸ ਜਾਂਦੀ ਹੈ।

ਸ੍ਰੀ ਸੁੱਖੀ ਬਾਠ ਨੇ ਕਿਹਾ ਕਿ ਉਹਨਾਂ ਵੱਲੋਂ ਕੈਨੇਡਾ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਤੰਦਾਂ ਨੂੰ ਹੋਰ ਵਧੇਰੇ ਮਜਬੂਤ ਕਰਨ ਲਈ ਵੱਖ ਵੱਖ ਵਿਉਂਤਬੰਦੀਆਂ ਅਤੇ ਕਾਰਜ ਕੀਤੇ ਜਾ ਰਹੇ ਹਨ।ਪੁਸਤਕ ‘ਕਣ ਕਣ’ ਦੇ ਲੋਕ ਅਰਪਣ ਉਪ੍ਰੰਤ ਕਵਿੰਦਰ ਚਾਂਦ ਨੇ ਆਪਣੀ ਰਚਨਾ ਪ੍ਰਕਿਰਿਆ ਦਾ ਜ਼ਿਕਰ ਕਰਦੇ ਹੋਏ ਕਲਾਮ ਸਾਂਝਾ ਕੀਤਾ।

ਇਸ ਪੁਸਤਕ ਉਪਰ ਪੇਪਰ ਪੜ੍ਹਦੇ ਹੋਏ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਚਾਂਦ ਦੀ ਸ਼ਾਇਰੀ ਧੀਆਂ ਧਿਆਣੀਆਂ ਅਤੇ ਬਾਲ ਮਜ਼ਦੂਰਾਂ ਦੇ ਹੱਕ ਵਿੱਚ ਖੜ੍ਹਦੀ ਹੈ। ਪ੍ਰੋ. ਕੁਲਵੰਤ਼ ਸਿੰਘ ਗਰੇਵਾਲ ਨੇ ਚਾਂਦ ਦੀ ਸ਼ਾਇਰੀ ਦੇ ਸਮਾਜਕ ਸਰੋਕਾਰਾਂ ਦੀ ਗੱਲ ਕੀਤੀ ਜਦੋਂਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਪ੍ਰੋ. ਅਨੂਪ ਸਿੰਘ ਵਿਰਕ ਨੇ ਕਿਹਾ ਕਿ ਚਾਂਦ ਦੀਆਂ ਪਹਿਲਾਂ ਰਚੀਆਂ ਪੁਸਤਕਾਂ ਹੀ ਇੰਨੀਆਂ ਮੁੱਲਵਾਨ, ਇਤਿਹਾਸਕ ਅਤੇ ਹਿਰਦਿਆਂ ਵਿਚ ਸਮੋ ਜਾਣ ਵਾਲੀਆਂ ਹਨ ਕਿ ਉਸ ਨੂੰ ਅੱਗੋਂ ਹੋਰ ਸ਼ਾਇਰੀ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਸਮਾਗਮ ਦਾ ਮੰਚ ਸੰਚਾਲਨ ਸ੍ਰੀ ਨਵਦੀਪ ਮੁੰਡੀ ਨੇ ਬਾਖ਼ੂਬੀ ਨਿਭਾਇਆ।

ਅੰਤ ਵਿੱਚ ਸਾਹਿਬਦੀਪ ਪਬਲੀਕੇਸ਼ਨ, ਭੀਖੀ ਦੇ ਪ੍ਰਕਾਸ਼ਕ ਕਰਨ ਭੀਖੀ ਨੇ ਸਭ ਦਾ ਧੰਨਵਾਦ ਕੀਤਾ।