– ਮਰੀਜਾਂ ਲਈ ਵਰਦਾਨ ਹੈ ਪੁੰਗਰਦੀ ਹੋਈ ਕਣਕ ਦਾ ਜੂਸ-ਦਬੜੀਖਾਨਾ

– ਰੋਜਾਨਾਂ ਸਵੇਰੇ 7 ਵਜੇ ਮੁਫਤ ਮਿਲੇਗਾ ਵ੍ਹੀਟ ਗਰਾਸ ਜੂਸ

(ਸੀਰ ਵੱਲੋਂ ਤਿਆਰ ਵੀਟ ਗਰਾਸ ਜੂਸ ਦੀ ਸ਼ੁਰੂਆਤ ਸਮੇਂ ਮੂਲ ਮੰਤਰ ਦਾ ਜਾਪ ਕਰਦੇ ਹਾਜ਼ਰੀਨ ਤੇ ਜੂਸ ਤਿਆਰ ਕਰਦੇ ਤੇ ਜੂਸ ਪਿਲਾਉਂਦੇ ਹੋਏ ਸੀਰ ਮੈਂਬਰ)
(ਸੀਰ ਵੱਲੋਂ ਤਿਆਰ ਵੀਟ ਗਰਾਸ ਜੂਸ ਦੀ ਸ਼ੁਰੂਆਤ ਸਮੇਂ ਮੂਲ ਮੰਤਰ ਦਾ ਜਾਪ ਕਰਦੇ ਹਾਜ਼ਰੀਨ ਤੇ ਜੂਸ ਤਿਆਰ ਕਰਦੇ ਤੇ ਜੂਸ ਪਿਲਾਉਂਦੇ ਹੋਏ ਸੀਰ ਮੈਂਬਰ)

ਫਰੀਦਕੋਟ, 3 ਦਸੰਬਰ – ਪਿਛਲੇ 15 ਸਾਲਾਂ ਤੋਂ ਵਾਤਾਵਰਨ ਲਈ ਨਿਰਸਵਾਰਥ ਕੋਸਿਸ਼ ਕਰ ਰਹੀ ”ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼” (ਸੀਰ) ਵੱਲੋ ਵਾਤਾਵਰਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਨਾਲ ਲੋੜਵੰਦ ਮਰੀਜਾਂ ਨੂੰ ਵੀਟ ਗਰਾਸ ਜੂਸ ਮੁਫਤ ਪਿਲਾਉਣਾਂ ਸ਼ੁਰੂ ਕਰ ਦਿੱਤਾ ਹੈ । ਜਾਣਕਾਰੀ ਦਿੰਦਿਆ ਸੰਦੀਪ ਅਰੋੜਾ ਨਵਦੀਪ ਗਰਗ ਤੇ ਪਰਦੀਪ ਚਮਕ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਸੀਰ ਸੰਸਥਾ ਵੀਟ ਗਰਾਸ ਜੂਸ ਲਈ ਅੰਨਦੇਆਣਾ ਗਊਸ਼ਾਲਾ ਵਿਖੇ ਤਿਆਰੀ ਕਰ ਰਹੀ ਸੀ । ਉਪਜਾਊ ਮਿੱਟੀ ਤੇ ਆਰਗੈਨਿਕ ਕਣਕ ਨੂੰ ਕਿਆਰੀਆਂ ਵਿੱਚ ਬੀਜ ਕੇ ਪੁੰਗਰਦੀ ਕਣਕ ਤਿਆਰ ਕੀਤੀ ਗਈ। ਜਿਸ ਦੀ ਸ਼ੁਰੂਆਤ ਕਰਕੇ ਲੋੜਵੰਦਾਂ ਨੂੰ ਵ੍ਹੀਟ ਗਰਾਸ ਜੂਸ ਸਵੇਰੇ 7 ਵਜੇ ਗਊਸ਼ਾਲਾ ਵਿਖੇ ਪਿਲਾਇਆ ਜਾਂਦਾਂ ਹੈ । ਵੀਟ ਗਰਾਸ ਜੂਸ ਪਿਲਾਉਣ ਦੀ ਸ਼ੁਰੂਆਤ ਮਾਤਾ ਖੀਵੀ ਜੀ ਲੰਗਰ ਦੇ ਬਾਨੀ ਕੈਪਟਨ ਧਰਮ ਸਿੰਘ ਗਿੱਲ ਨੇ ਗਾਇਯਤਰੀ ਮੰਤਰ ਤੇ ਮੂਲ ਮੰਤਰ ਦਾ ਜਾਪ ਕਰਕੇ ਮਰੀਜਾਂ ਲਈ ਅਰਦਾਸ ਬੇਨਤੀ ਕਰਕੇ ਸ਼ੁਰੂਆਤ ਕੀਤੀ । ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਸਮੇਂ ਸੀਰ ਵੱਲੋਂ ਖੇਤੀ ਵਿਰਾਸਤ ਮਿਸ਼ਨ ਦੇ ਡਾਇਰੈਕਟਰ ਸ੍ਰੀ ਉਮਿੰਦਰ ਦੱਤ ਅਤੇ ਕਿਚਨ ਗਾਰਡਨਿੰਗ ਨੂੰ ਅਮਲੀ ਰੂਪ ਦੇ ਰਹੇ ਗੁਰਪ੍ਰੀਤ ਸਿੰਘ ਦਬੜੀਖਾਨਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਉਹਨਾਂ ਬੋਲਦਿਆ ਕਿਹਾ ਕਿ ਪੁੰਗਰਦੀਆਂ ਫਸਲਾਂ ਤੇ ਕਣਕ ਦੇ ਗੁਣਾਂ ਨੂੰ ਸੈਕੜੇ ਸਾਲ ਪਹਿਲਾ ਹੀ ਮਾਨਤਾ ਦੇ ਦਿੱਤੀ ਗਈ ਸੀ ਪਰ ਅਸੀਂ ਬਹੁਤ ਦੇਰ ਨਾਲ ਚੇਤੰਨ ਹੋਏ ਹਾਂ । ਉਹਨਾਂ ਕਿਹਾ ਕਿ ਅਗਰ ਕੋਈ ਪੁੰਗਰਦੀ ਕਣਕ ਦਾ ਜੂਸ ਪੀਂਦਾ ਹੈ ਤਾਂ ਇਸ ਦੇ ਪ੍ਰਭਾਵਸ਼ਾਲੀ ਗੁਣ ਦੇਖਣ ਨੂੰ ਮਿਲਦੇ ਹਨ । ਜੂਸ ਆਪਣੇ ਅੰਦਰ ਅਜਿਹੇ ਗੁਣ ਸਮਾਈ ਬੈਠਾ ਹੈ ਜਿਹੜੇ ਕਿਸੇ ਵੀ ਰੋਗ ਨੂੰ ਠੀਕ ਕਰਨ ਦੇ ਸਮਰੱਥ ਹਨ । ਉਹਨਾਂ ਦੱਸਿਆ ਕਿ ਮਾਹਿਰਾਂ ਵੱਲੋਂ ਕੀਤੀ ਗਈ ਲੰਬੀ ਖੋਜ ਅਨੁਸਾਰ ਵੀਟ ਗਰਾਸ ਜੂਸ ਵਿੱਚ ਧਰਤੀ ਤੇ ਖੋਜੇ ਗਏ 102 ਤੱਤਾਂ ਵਿੱਚੋਂ 98 ਤੱਤ ਪਾਏ ਜਾਂਦੇ ਹਨ । ਉਹਨਾਂ ਦੱਸਿਆ ਕਿ ਵੀਟ ਗਰਾਸ ਜੂਸ ਕੈਂਸਰ, ਦਿਲ, ਸ਼ੂਗਰ, ਗਠੀਆ, ਬਵਾਸੀਰ, ਚਮੜੀ ਦੇ ਰੋਗ ਪਾਚਨ ਪ੍ਰਕਿਰਿਆ, ਥਕਾਵਟ, ਖੂਨ ਦੀ ਘਾਟ, ਸਾਹ ਦੀ ਕਮੀ, ਸਰੀਰ ਦੀ ਬਦਬੂ, ਵਜਨ ਘਟਾਉਣ, ਕੋਲੋਸਟਰੋਲ ਕੰਟਰੋਲ ਕਰਨ, ਦਿਲ ਦੇ ਰੋਗ ਆਦਿ ਬਹੁਤ ਸਾਰੇ ਰੋਗਾਂ ਲਈ ਵਰਦਾਨ ਹੈ । ਇਸ ਜੂਸ ਨਾਲ ਸਰੀਰ ਵਿੱਚ ਆਕਸੀਜਨ ਦੀ ਘਾਟ ਖਤਮ ਹੋ ਜਾਂਦੀ ਹੈ ।

ਉਹਨਾਂ ਕਿਹਾ ਕਿ ਵੀਟ ਗਰਾਸ ਜੂਸ ਪੀਣ ਤੋਂ ਇੱਕ ਘੰਟਾਂ ਪਹਿਲਾ ਤੇ ਇੱਕ ਘੰਟਾਂ ਬਾਅਦ ਵਿੱਚ ਕੁਝ ਵੀ ਖਾਣਾ ਪੀਣਾਂ ਨਹੀਂ ਚਾਹੀਦਾ । ਉਹਨਾਂ ਕਿਹਾ ਕਿ ਵੀਟ ਗਰਾਸ ਜੂਸ ਅਗਰ ਹਰ ਘਰ ਵਿੱਚ ਤਿਆਰ ਕਰ ਲਈਏ ਤਾਂ ਇੱਕ ਤੰਦਰੁਸਤ ਸਮਾਜ ਬਣ ਸਕਦਾ ਹੈ । ਇਸ ਮੋਕੇ ਕੈਪਟਨ ਧਰਮ ਸਿੰਘ ਗਿੱਲ ਤੇ ਸ੍ਰੀ ਉਮਿੰਦਰ ਦੱਤ ਨੇ ਕਿਹਾ ਕਿ ‘ਸੀਰ’ ਵੱਲੋਂ ਲੋਕਾਈ ਲਈ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ । ਸੀਰ ਜਿੱਥੇ ਲੰਮੇ ਸਮੇਂ ਤੋਂ ਵਾਤਾਵਰਣ ਲਈ ਕੰਮ ਕਰ ਰਹੀ ਹੈ ਉੱਥੇ ਲੋੜਵੰਦ ਮਰੀਜਾਂ ਲਈ ਵੀਟ ਗਰਾਸ ਜੂਸ ਦਾ ਪ੍ਰਬੰਧ ਕਰਕੇ ਇੱਕ ਤੰਦਰੁਸਤ ਸਮਾਜ ਦੀ ਨੀਂਹ ਰੱਖ ਰਹੀ ਹੈ । ਉਹਨਾਂ ਕਿਹਾ ਕਿ ਅਸੀਂ ਆਪਣੇ ਖੇਤਾਂ, ਘਰਾਂ ਤੇ ਹੋਰ ਸਾਂਝੀਆਂ ਥਾਵਾਂ ਤੇ ਰਸਾਇਣਾਂ ਤੋਂ ਮੁਕਤ ਜਮੀਨ ਉਪਰ ਜਹਿਰ ਮੁਕਤ ਕਣਕ ਤਿਆਰ ਕਰਕੇ ਲੋੜਵੰਦਾਂ ਨੂੰ ਜੂਸ ਪਿਆ ਕੇ ਤੰਦਰੁਸਤ ਸਮਾਜ ਦੀ ਨੀਂਹ ਰੱਖ ਸਕਦੇ ਹਾਂ । ਇਸ ਮੌਕੇ 32 ਲੋੜਵੰਦ ਮਰੀਜਾਂ ਨੂੰ ਸੀਰ ਦੀ ਟੀਮ ਨੇ ਸਵੇਰੇ 7 ਵਜੇ ਵੀਟ ਗਰਾਸ ਜੂਸ ਤਿਆਰ ਕਰਕੇ ਮੌਕੇ ਤੇ ਪਿਲਾਇਆ । ਇਸ ਮੌਕੇ ਸੀਰ ਸੰਸਥਾ ਦੇ ਮੈਂਬਰ ਗਉਸ਼ਾਲਾਂ ਦੀ ਪ੍ਰਬੰਧਕ ਕਮੇਟੀ ਮੈਂਬਰ ਤੇ ਸ਼ਹਿਰ ਵਾਸੀ ਹਾਜਿਰ ਸਨ ।