24gsc centre
(ਕੰਪਿਊਟਰ ਸੈਂਟਰ ‘ਤੇ ਦਾਖਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਖਾਲਸਾ ਅਤੇ ਭਾਈ ਸ਼ਿਵਜੀਤ ਸਿੰਘ ਸੰਘਾ)

ਫਰੀਦਕੋਟ 24 ਦਸੰਬਰ — ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸੇਵਾ ਕਾਰਜ ਕਰ ਰਹੀਆਂ ਸੰਸਥਾਵਾਂ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਨਵੀਂ ਦਿੱਲੀ ਅਤੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਸਾਂਝੇ ਰੂਪ ਵਿੱਚ ਚਲਾਏ ਜਾ ਰਹੇ ਭਾਈ ਘਨ੍ਹੱਈਆ ਨਿਸ਼ਕਾਮ ਕੰਪਿਊਟਰ ਸੈਂਟਰ ਵਿਖੇ ਮੁਫਤ ਕੰਪਿਊਟਰ ਕੋਰਸ ਲਈ ਦਾਖਲਾ ਸ਼ੁਰੂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਖਾਲਸਾ ਅਤੇ ਵਿੱਤ ਸਕੱਤਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਨਿਸ਼ਕਾਮ ਦੇ ਫਾਊਂਡਰ ਪ੍ਰਧਾਨ ਹਰਭਜਨ ਸਿੰਘ ਅਤੇ ਮੌਜੂਦਾ ਪ੍ਰਧਾਨ ਡਾ. ਜੇ.ਐੱਸ. ਨਾਨਰਾ ਦੀ ਅਗਵਾਈ ਵਿੱਚ ਕੋਟਕਪੂਰਾ ਰੋਡ ਫਰੀਦਕੋਟ ਵਿਖੇ ਚੱਲ ਰਹੇ ਭਾਈ ਘਨ੍ਹੱਈਆ ਨਿਸ਼ਕਾਮ ਕੰਪਿਊਟਰ ਸੈਂਟਰ ‘ਤੇ ਨਵਾਂ ਸ਼ੈਸ਼ਨ 1 ਜਨਵਰੀ 2019 ਤੋਂ ਸ਼ੁਰੂ ਹੋ ਰਿਹਾ ਹੈ।ਇਸ ਕੋਰਸ ਦੌਰਾਨ ਕੰਪਿਊਟਰ ਦਾ ਮੁੱਢਲਾ ਗਿਆਨ, ਹਿੰਦੀ ਪੰਜਾਬੀ ਦੀ ਟਾਈਪ ਅਤੇ ਇੰਟਰਨੈੱਟ ਦਾ ਗਿਆਨ ਦਿੱਤਾ ਜਾਵੇਗਾ।ਇਹ ਕੋਰਸ 6 ਮਹੀਨੇ ਦਾ ਹੋਵੇਗਾ ਅਤੇ ਇਮਤਿਹਾਨ ਉਪਰੰਤ ਪਾਸ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜਿਸਦੀ ਭਾਰਤ ਵਿੱਚ ਹਰ ਜਗ੍ਹਾ ਮਾਨਤਾ ਹੋਵੇਗੀ। ਉਹਨਾਂ ਦੱਸਿਆ ਕਿ ਇਸ ਕੋਰਸ ਲਈ ਕੋਈ ਵੀ ਦਾਖਲਾ ਫੀਸ ਜਾਂ ਮਹੀਨਾਵਾਰ ਫੀਸ ਨਹੀਂ ਹੋਵੇਗੀ।

ਕੇਵਲ ਵਿਦਿਆਰਥੀ ਤੋਂ ਸਕਿਊਰਟੀ ਵਜੋਂ ਇੱਕ ਸੌ ਰੁਪਏ ਲਿਆ ਜਾਵੇਗਾ ਜੋ ਕਿ 90 ਪ੍ਰਤੀਸ਼ਤ ਹਾਜਰੀ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੀ ਸਮਾਪਤੀ ਉਪਰੰਤ ਵਾਪਸ ਕਰ ਦਿੱਤਾ ਜਾਵੇਗਾ। ਚਾਹਵਾਨ ਵਿਦਿਆਰਥੀ ਕੋਟਕਪੂਰਾ ਜਾਣ ਵਾਲੀ ਸੜ੍ਹਕ ‘ਤੇ ਹੋਟਲ ਟਰੰਪ ਪਲਾਜ਼ਾ ਦੇ ਸਾਹਮਣੇ ਸਥਿੱਤ ਭਾਈ ਘਨ੍ਹੱਈਆ ਨਿਸ਼ਕਾਮ ਕੰਪਿਊਟਰ ਸੈਂਟਰ ਫਰੀਦਕੋਟ ਵਿਖੇ ਆਪਣੀ ਪਿਛਲੀ ਪੜ੍ਹਾਈ ਦੇ ਦਸਤਾਵੇਜ਼ਾਂ ਦੀਆਂ ਕਾਪੀਆਂ, ਅਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਦੀ ਕਾਪੀ ਅਤੇ ਦੋ ਫੋਟੋਆਂ ਸਹਿਤ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 10 ਤੋਂ 3 ਵਜੇ ਦੇ ਵਿਚਕਾਰ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਹਨਾਂ ਦੱਸਿਆ ਕਿ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਨਵੀਂ ਦਿੱਲੀ ਵੱਲੋਂ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਸੇਵਾਵਾਂ ਫਰੀਦਕੋਟ ਜਿਲ੍ਹੇ ਵਿੱਚ ਦਿੱਤੀਆਂ ਜਾ ਰਹੀਆਂ ਹਨ ਜਿੰਨ੍ਹਾਂ ਵਿੱਚ ਕੰਪਿਊਟਰ ਸਿੱਖਿਆ, ਸਿਲਾਈ ਸਿੱਖਿਆ, ਲੋੜਵੰਦਾਂ ਲਈ ਘਰ ਦੀ ਉਸਾਰੀ, ਪੜ੍ਹਾਈ ਲਈ ਸਲਾਨਾ ਵਜ਼ੀਫੇ, ਸਕੂਲ ਵਿਦਿਆਰਥੀਆਂ ਲਈ ਫੀਸ ਦੀ ਮੱਦਦ ਅਤੇ ਲੋੜਵੰਦ ਮਰੀਜ਼ਾਂ ਲਈ ਇਲਾਜ ਦੀ ਮੱਦਦ ਆਦਿ ਸ਼ਾਮਲ ਹੈ।