IMG-20181207-WA0147

ਸਰੀ (ਕੈਨੇਡਾ) 7 ਦਸੰਬਰ – ਵੈਨਕੂਵਰ ਵਿਚਾਰ ਮੰਚ ਕਨੇਡਾ ਵੱਲੋਂ ਭਾਈ ਵੀਰ ਸਿੰਘ ਦੇ ਜਨਮ ਦਿਵਸ ਨੂੰ ਪੰਜਾਬੀ ਭਾਸ਼ਾ ਦਿਵਸ ਵਜੋਂ ਜਰਨੈਲ ਆਰਟ ਗੈਲਰੀ ਸਰੀ ਵਿਖੇ ਇਕ  ਵਿਸ਼ੇਸ਼ ਸਮਾਗਮ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕੀਤੀ।

ਆਪਣੇ ਸੰਬੋਧਨ ਚ ਸ: ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਭਾਈ ਵੀਰ ਸਿੰਘ ਜੀ ਨੇ ਵੀਹਵੀਂ ਸਦੀ ਦੀ ਸਿੱਖ ਮਾਨਸਿਕਤਾ ਨੂੰ  ਗਿਆਨ ਮਾਰਗ ਤੇ ਤੋਰਿਆ।

ਯੁਗ ਪਰਿਵਰਤਕ ਰੌਸ਼ਨ ਚਿਰਾਗ ਵਜੋਂ ਉਨ੍ਹਾਂ ਨੇ ਪੁਰਾਤਨ ਲਿਖਤਾਂ ਨੂੰ ਸੰਪਾਦਿਤ ਕਰਨ ਦੇ ਨਾਲ ਨਾਲ ਸਿਰਜਣਾ ਦੇ ਖੇਤਰ ਚ ਵੀ ਪਹਿਲਾ ਪੰਜਾਬੀ ਨਾਵਲ ਸੁੰਦਰੀ ਲਿਖ ਕੇ ਪੰਜਾਬੀਆਂ ਦੇ ਸਰਦ ਹੋਏ ਜਜ਼ਬੇ ਜਗਾਏ। ਖ਼ਾਲਸਾ ਟਰੈਕਟ ਸੋਸਾਇਟੀ ਰਾਹੀਂ ਹਰ ਵਿਸ਼ੇ ਤੇ ਗੁਰਬਾਣੀ ਸੂਝ ਸੰਚਾਰਤ ਕੀਤੀ। ਭਾਰਤੀ ਸਾਹਿੱਤ ਅਕਾਡਮੀ ਦਾ ਪਹਿਲਾ ਪੁਰਸਕਾਰ 1957 ਚ ਮੇਰੇ ਸਾਈਆਂ ਜੀਓ ਕਾਵਿ ਸੰਗ੍ਰਹਿ ਲਈ ਮਿਲਿਆ। ਗੁਰੂ ਨਾਨਕ ਚਮਤਕਾਰ,ਅਸ਼ਟ ਗੁਰੂ ਚਮਤਕਾਰ ਤੇ ਕਲਗੀਧਰ ਚਮਤਕਾਰ ਨਾਲ ਉਹ ਘਰ ਘਰ ਦੀ ਬਾਤ ਬਣ ਗਏ।

ਪੰਜਾਬੀ ਕਵੀ ਮੋਹਨ ਗਿੱਲ ਨੇ ਕਿਹਾ ਕਿ ਭਾਈ ਵੀਰ ਸਿੰਘ ਦਾ ਮੁਕਾਬਲਾ ਅੰਗਰੇਜ਼ੀ ਕਵੀ ਚੌਸਰ ਨਾਲ ਕੀਤੀ ਜਾ ਸਕਦੀ ਹੈ। ਚੌਸਰ ਵਾਂਗ ਹੀ ਭਾਈ ਸਾਹਿਬ ਨੇ ਪੁਰਾਤਨ ਸਾਹਿੱਤ ਦੀ ਭੂਮੀ ਵਿੱਚ ਆਧੁਨਿਕਤਾ ਦੇ ਬੀਜ ਬੀਜੇ।

ਉਨ੍ਹਾਂ ਦੀ ਹੀ ਪ੍ਰੇਰਨਾ ਸੀ ਕਿ ਵਿਗਿਆਨੀ ਪ੍ਰੋ: ਪੂਰਨ ਸਿੰਘ ਤੇ ਧਨੀ ਰਾਮ ਚਾਤ੍ਰਿਕ ਤੇ ਕਿੰਨੇ ਹੋਰ ਸਿਰਕੱਢ ਲੇਖਕ ਪ੍ਰੇਰਨਾ ਕਾਰਨ ਸਾਹਿੱਤ ਸਿਰਜਣਾ ਵਿੱਚ ਕਰਮਸ਼ੀਲ ਹੋਏ।

ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਭਾਈ ਵੀਰ ਸਿੰਘ ਜੀ ਦਾ ਨਾਵਲ ਸੁੰਦਰੀ ਪੜ੍ਹ ਕੇ ਹੀ ਮੇਰੇ ਪਿਤਾ ਜੀ ਸ: ਕਿਰਪਾਲ ਸਿੰਘ ਆਰਟਿਸਟ ਨੇ ਸਿੱਖ ਇਤਿਹਾਸ ਚਿਤਰਨਾ ਸ਼ੁਰੂ ਕੀਤਾ ਸੀ। ਭਾਈ  ਸਾਹਿਬ ਨੇ ਕੋਮਲ ਕਲਾਵਾਂ ਤੇ ਸੰਗੀਤ ਨੂੰ ਵੀ ਸਰਪ੍ਰਸਤੀ ਦਿੱਤੀ। ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਕਰਕੇ ਉਨ੍ਹਾਂ ਪੰਜਾਬੀਆਂ ਨੂੰ ਆਰਥਿਕ ਯੋਜਨਾਕਾਰੀ ਦੇ ਰਾਹ ਤੋਰਿਆ। ਉਨ੍ਹਾਂ ਦੱਸਿਆ ਕਿ ਭਾਈ ਵੀਰ ਸਿੰਘ ਦੀ ਬਗੀਚੀ ਵਿੱਚੋਂ ਅੱਜ ਵੀ ਹਰ ਰੋਜ਼ ਦਰਬਾਰ ਸਾਹਿਬ ਵਿਖੇ ਫੁੱਲਦਸਤਾ ਭੇਟ ਕੀਤਾ ਜਾਂਦਾ ਹੈ।

ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਦਾ ਸੰਦੇਸ਼ ਵੀ ਸੁਣਾਇਆ। ਅਮਰੀਕਾ ਵੱਸਦੇ ਢਾਹਾਂ ਪੁਰਸਕਾਰ ਵਿਜੇਤਾ ਪੰਜਾਬੀ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਨੇ ਆਪਣੇ ਸੁਨੇਹੇ ਰਾਹੀਂ ਕਿਹਾ ਕਿ ਭਾਈ ਵੀਰ ਸਿੰਘ ਜੀ ਨਵੀਆਂ ਧਰਤੀਆਂ ਵਾਹੁਣ ਵਾਲੇ ਸਿਰਜਕ ਸਨ।

ਇਸ ਮੌਕੇ ਅੰਗਰੇਜ਼ ਸਿੰਘ ਬਰਾੜ, ਰਣਧੀਰ  ਸਿੰਘ ਢਿੱਲੋਂ, ਗੁਰਦੀਪ ਭੁੱਲਰ ਅਤੇ ਹੋਰ ਹਾਜ਼ਰ ਵਿਦਵਾਨਾਂ ਨੇ ਵੀ ਅਪਣੇ ਵਿਚਾਰ ਰੱਖੇ।

ਵੈਨਕੁਵਰ ਵਿਚਾਰ ਮੰਚ ਵੱਲੋਂ ਪੰਜਾਬੀ ਕਵੀ ਮੋਹਨਜੀਤ ਨੂੰ ਇਸ ਸਾਲ ਦਾ ਭਾਰਤੀ ਸਾਹਿੱਤ ਅਕਾਡਮੀ ਇਨਾਮ ਉਨ੍ਹਾਂ ਦੀ ਲੰਮੀ ਕਵਿਤਾ ਕੋਣੇ ਦਾ ਸੂਰਜ ਲਈ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

(ਗੁਰਭਿੰਦਰ ਗੁਰੀ)