– ਸਿਡਨੀ ਤੋਂ ਪਹੁੰਚੇ ਸ. ਬਲਰਾਜ ਸਿੰਘ ਸੰਘਾ (ਜੇ.ਪੀ.) ਦਾ ਪੰਜਾਬੀ ਮੀਡੀਆ ਤੇ ਸਾਹਿਤਕ ਕਰਮੀਆਂ ਵੱਲੋਂ ਸਨਮਾਨ

– ਅਖਬਾਰੀ ਕਾਲਮ ਨਵੀਸੀ ਅਤੇ ਰਾਜਨੀਤੀ ਦੇ ਨਾਲ ਜੋੜੀ ਰੱਖਦੇ ਹਨ ਭਾਈਚਾਰਾ

NZ PIC 31 Dec-1
(ਸ.  ਬਲਰਾਜ ਸਿੰਘ ਸੰਘਾ (ਜੇ.ਪੀ.) ਦਾ ਸਨਮਾਨ ਕਰਦੇ ਹੋਏ ਨਿਊਜ਼ੀਲੈਂਡ ਪੰਜਾਬੀ ਮੀਡੀਆ ਅਤੇ ਸਾਹਿਤਕ ਸੱਥ ਕਰਮੀ)

ਔਕਲੈਂਡ 31 ਦਸੰਬਰ  -ਵਿਦੇਸ਼ਾਂ ਦੇ ਵਿਚ ਰੁਜ਼ਗਾਰ ਦੇ ਨਾਲ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਰਹਿਣਾ ਪੰਜਾਬੀਅਤ ਨੂੰ ਸਿੰਜਣ ਦੇ ਬਰਾਬਰ ਹੁੰਦਾ ਹੈ। ਜਿਹੜਾ ਸਖਸ਼ ਕਿਰਸਾਨੀ ਦੇ ਨਾਲ ਜੁੜਿਆ ਹੋਵੇ ਤਾਂ ਉਸ ਦਾ ਮੋਹ ਮਿੱਟੀ ਨਾਲ ਕੁਝ ਜਿਆਦਾ ਹੀ ਹੁੰਦਾ ਹੈ। ਪਿੱਛੇ ਰਹਿ ਗਈ ਵਤਨੀ ਮਿਟੀ ਦੀ ਖੁਸ਼ਬੋ ਸਦੀਵੀ ਰੱਖਣ ਲਈ ਉਸਨੂੰ ਲਿਖਤਾਂ ਦੇ ਵਿਚ ਹਰਿਆ-ਭਰਿਆ ਰੱਖਣਾ ਵੀ ਜ਼ਰੂਰੀ ਹੈ। ਨਿਊਜ਼ੀਲੈਂਡ ਦੇ ਵੱਡੇ ਭਰਾ ਦੇਸ਼ ਆਸਟਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਸਿਡਨੀ ਤੋਂ ਪ੍ਰਸਿੱਧ ਅਖਬਾਰੀ ਕਾਲਮ ਨਵੀਸ ਤੇ ਲੇਬਰ ਪਾਰਟੀ ਆਸਟਰੇਲੀਆ ਰਾਹੀਂ ਉਥੇ ਦੇ ਭਾਰਤੀ ਭਾਈਚਾਰੇ ਨੂੰ ਰਾਜਨੀਤਕ ਤਲ ਉਤੇ ਜੋੜੀ ਰੱਖਦੇ ਸ.  ਬਲਰਾਜ ਸਿੰਘ ਸੰਘਾ (ਜੇ.ਪੀ.) ਕੁਝ ਦਿਨਾਂ ਦੇ ਲਈ ਔਕਲੈਂਡ ਪਹੁੰਚੇ ਹਨ। ਇਸ ਟੂਰ ਦੌਰਾਨ ਭਾਵੇਂ ਉਹ ਪਰਿਵਾਰ ਸਮੇਤ ਕਾਫੀ ਰੁਝੇ ਹੋਏ ਸਨ ਪਰ ਪੰਜਾਬੀ ਮੀਡੀਆ ਕਰਮੀਆਂ ਦੀ ਖਾਹਿਸ਼ ਮੁਤਾਬਿਕ ਉਨ੍ਹਾਂ ਕੁਝ ਸਮਾਂ ਇਕ ਸੰਖੇਪ ਮਿਲਣੀ ਦੇ ਲਈ ਕੱਢਿਆ। ਐਨ. ਜ਼ੈਡ. ਇੰਡੀਅਨ ਫਲੇਮ ਮੈਨੁਰੇਵਾ ਵਿਖੇ ਇਕੱਤਰ ਹੋਏ ਮੀਡੀਆ ਕਰਮੀਆਂ ਦੇ ਵਿਚ ਸ. ਬਿਕਰਮਜੀਤ ਸਿੰਘ ਮਟਰਾਂ, ਸ. ਅਮਰੀਕ ਸਿੰਘ ਜਗੈਤ, ਸ. ਮੁਖਤਿਆਰ ਸਿੰਘ, ਸ. ਤਰਨਦੀਪ ਸਿੰਘ ਬਿਲਾਸਪੁਰ, ਸ. ਅਵਤਾਰ ਸਿੰਘ ਟਹਿਣਾ ਅਤੇ ਇਕ ਹੋਰ ਸਾਹਿਤਕ ਪ੍ਰੇਮੀ ਗੁਰਤੇਜ ਸਿੰਘ ਸ਼ਾਮਿਲ ਹੋਏ। ਸ. ਹਰਜਿੰਦਰ ਸਿੰਘ ਬਸਿਆਲਾ ਨੇ ਉਨ੍ਹਾਂ ਦੀ ਰਸਮੀ ਸਵਾਗਤ ਕੀਤਾ ਅਤੇ ਮੀਡੀਆ ਕਰਮੀਆਂ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਖੁਸ਼ੀ ਪ੍ਰਗਟ ਕੀਤੀ ਕਿ ਸ. ਸੰਘਾ ਬੀਤੇ 35 ਸਾਲਾਂ ਤੋਂ ਪੰਜਾਬੀ ਭਾਸ਼ਾ ਦੇ ਜ਼ਰੀਏ ਆਸਟਰੇਲੀਆ ਦੇ ਵਿਚ ਪੰਜਾਬੀਅਤ ਦਾ ਪ੍ਰਚਾਰ ਕਰ ਰਹੇ ਹਨ। ਅੱਜ ਉਨ੍ਹਾਂ ਦਾ ਜਨਮ ਦਿਵਸ ਸੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਸ੍ਰੀ ਸੰਘਾ ਨੇ ਸੰਬੋਧਨ ਹੁੰਦਿਆ ਕਿਹਾ ਕਿ ਇਹ ਉਨ੍ਹਾਂ ਦੀ ਦੂਜੀ ਫੇਰੀ ਹੈ ਇਸ ਤੋਂ ਪਹਿਲਾਂ ਉਹ 2005 ਦੇ ਵਿਚ ਇਥੇ ਆਏ ਸਨ। ਨਿਊਜ਼ੀਲੈਂਡ ਦੇ ਵਿਚ ਪੰਜਾਬੀ ਮੀਡੀਆ ਸਰਗਰਮੀਆਂ ਵੇਖ ਕੇ ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ। ਅੰਤ ਦੇ ਵਿਚ ਉਨ੍ਹਾਂ ਨੂੰ ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਅਤੇ ਸਾਹਿਤਕ ਸੱਥ ਮੈਂਬਰਾਂ ਦੀ ਤਰਫ ਤੋਂ ਸਨਮਾਨ ਪੱਤਰ ਭੇਟ ਕੀਤਾ ਗਿਆ।

ਵਰਨਣਯੋਗ ਹੈ ਕਿ ਸ. ਬਲਰਾਜ ਸਿੰਘ ਸੰਘਾ 1984 ਦੇ ਵਿਚ ਪਿੰਡ ਮੁੱਗੋਵਾਲ  ਨੇੜੇ ਮਾਹਿਲਪੁਰ (ਹੁਸ਼ਿਆਰਪੁਰ) ਤੋਂ  ਆਸਟਰੇਲੀਆ ਦੇ ਸ਼ਹਿਰ ਵੂਲਗੂਲਾ ਵਿਖੇ ਗਏ ਸਨ ਜਿੱਥੇ ਉਨ੍ਹਾਂ ਪਹਿਲਾਂ ਖੇਤੀਬਾੜੀ ਖੇਤਰ ਦੇ ਵਿਚ ਕੰਮ ਕੀਤਾ ਅਤੇ ਫਿਰ ਆਪਣਾ ਕੇਲਿਆਂ ਦਾ ਫਾਰਮ ਖਰੀਦ ਲਿਆ ਜੋ ਕਿ 15 ਸਾਲ ਸਫਲਤਾ ਪੂਰਵਕ  ਚਲਾਇਆ। ਇਸ ਦੌਰਾਨ ਉਹ ਪੰਜਾਬੀ ਖੇਡਾਂ ਦੇ ਨਾਲ ਜੁੜੇ ਰਹੇ ਅਤੇ ਰੱਸਾ ਕੱਸੀ ਦੇ ਵਿਚ ‘ਦੁਆਬਾ ਸਿੱਖ ਟੱਗ ਓ ਵਾਰ ਟੀਮ’ ਦੇ ਮੈਂਬਰ ਰਹੇ ਹਨ।  ਸੰਨ 2000 ਦੇ ਵਿਚ ਉਹ ਸਿਡਨੀ ਚਲੇ ਗਏ। ‘ਪੰਜਾਬ ਐਕਸਪ੍ਰੈਸ’ ਜੋ ਕਿ ਸਿਡਨੀ ਦਾ ਮਹੀਨਾਵਾਰ ਪੰਜਾਬੀ ਅਖਬਾਰ ਹੈ ਉਸਦੇ ਉਹ ਸਹਿ ਸੰਪਾਦਕ ਹਨ। ਕਬੱਡੀ ਮੈਚਾਂ ਜਾਂ ਸਿੱਖ ਗੇਮਾਂ ਦੇ ਵਿਚ ਇਨ੍ਹਾਂ ਦਾ ਕਾਫੀ ਸਹਿਯੋਗ ਰਹਿੰਦਾ ਹੈ। ‘ਸਬ ਕਾਂਟੀਨੈਟ ਫਰੈਂਡਜ਼ ਆਫ ਲੇਬਰ’ ਦੇ ਵਿਚ ਇਨ੍ਹਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ ਤੇ ਲੇਬਰ ਪਾਰਟੀ ਦੇ ਕਾਰਜਾਂ ਵਿਚ ਇਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਰਹਿੰਦੀ ਹੈ। ‘ਪੰਜਾਬੀ ਕੌਂਸਿਲ ਆਫ ਆਸਟਰੇਲੀਆ’ ਦੇ ਉਹ ਕਰਤਾ-ਧਰਤਾ ਹਨ, ਜਿਹੜੀ ਕਿ ਹਰ ਸਾਲ ਪਾਰਲੀਮੈਂਟ ਦੇ ਵਿਚ ਵਿਸਾਖੀ ਦਾ ਦਿਹਾੜਾ ਮਨਾਉਂਦੇ ਹਨ ਅਤੇ ਸਾਹਿਤਕ ਸਖਸ਼ੀਅਤਾਂ ਦਾ ਸਨਮਾਨ ਕਰਦੇ ਹਨ। ਇਸ ਤੋਂ ਇਲਾਵਾ ਉਹ ਜਸਟਿਸ ਆਫ ਪੀਸ ਦੀਆਂ ਸੇਵਾਵਾਂ ਵੀ ਦਿੰਦੇ ਹਨ।