20181201_185323

ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਖ਼ੂਬਸੂਰਤ ਸ਼ਹਿਰ ਬ੍ਰਿਸਬੇਨ ‘ਚ ਸਕਿੱਲ ਇੰਸਟੀਚਿਊਟ, ਐੱਕਸਪਰ ਵੀਜ਼ਾ ਸਰਵਸਿੱਸ ਅਤੇ ਪੰਜਾਬੀ ਭਾਈਚਾਰੇ ਦੀ ਚਿਰਾਂ ਤੋਂ ਉੱਠੀ ਮੰਗ ਤਹਿਤ ਪ੍ਰਸਿੱਧ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਸੰਗੀਤਕ ਸ਼ਾਮ ਦਾ ਸਫ਼ਲ ਅਯੋਜਨ ਕੀਤਾ ਗਿਆ। ਜਿਸ ਵਿੱਚ ਉਹਨਾਂ ਨਾਲ ਪੰਜਾਬ ਤੋਂ ਗਾਇਕਾ ਮੰਨਤ ਨੂਰ, ਗੁਰਮੀਤ ਸਿੰਘ ਅਤੇ ਪੂਰੇ ਬੈਂਡ ਨੇ ਪੰਜਾਬੀਅਤ ਦੇ ਰੰਗ ਬਖੇਰੇ। ਸਮਾਰੋਹ ਦੇ ਪ੍ਰਬੰਧਕ ਜਰਮਨ ਰੰਧਾਵਾ, ਪਵਨ ਸ਼ਰਮਾ ਅਤੇ ਗਗਨ ਗਰੇਵਾਲ ਨੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਸੰਗੀਤਕ ਸ਼ਾਮ ਪੂਰੀ ਤਰਾਂ ਪੰਜਾਬੀਅਤ ਨੂੰ ਸਮ੍ਰਪਿੱਤ ਰਹੀ ਤੇ ਇਸ ਸੰਗੀਤਕ ਸ਼ਾਮ ਨੂੰ ਸਫ਼ਲ ਬਣਾਉਣ ‘ਚ ਬ੍ਰਿਸਬੇਨ ਦੇ ਮਾਝਾ ਗਰੁੱਪ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਦੀ ਸ਼ੁਰੂਆਤ ਜੋਤ ਅਠਵਾਲ ਵਲੋਂ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਕੀਤੀ ਗਈ। ਇਸ ਤੋਂ ਬਾਅਦ ਗਾਇਕ ਗੁਰਮੀਤ ਸਿੰਘ ਨੇ ਆਪਣੇ ਗੀਤਾਂ ਗਏ ਤੇ ਲੋਕਾਂ ਆਨੰਦ ਮਾਣਿਆ। ਮਲਵਈ ਬੋਲੀਆਂ ਵੀ ਪ੍ਰੋਗਰਾਮ ਦਾ ਸਿੱਖਰ ਹੋ ਨਿੱਬੜੀਆਂ। ਇਸਤੋਂ ਬਾਅਦ ਲੌਂਗ-ਲਾਚੀ ਫੇਮ ਉਰਫ਼ ਗਾਇਕਾ ਮੰਨਤ ਨੂਰ ਨੇ ਆਪਣੇ ਮਕਬੂਲ ਗੀਤਾਂ ਅਤੇ ਬੁਲੰਦ ਆਵਾਜ਼ ਗਾਇਕੀ ਦਾ ਲੋਹਾ ਮੰਨਵਾਇਆ। ਇਸਤੋਂ ਬਾਅਦ ਤਾੜੀਆਂ ਦੀ ਭਾਰੀ ਗੜਗੜਾਹਟ ‘ਚ ਸਰੋਤਿਆਂ ਆਪਣੇ ਪਸੰਦੀਦਾ ਗਾਇਕ ਅਤੇ ਅਦਾਕਾਰ ਐਮੀ ਵਿਰਕ ਸਵਾਗਤ ਕੀਤਾ। ਪਰਮਾਤਮਾ ਦੀ ਬੰਦਗੀ ਤੋਂ ਬਾਅਦ ਐਮੀ ਨੇ ਆਪਣੇ ਮਕਬੂਲ ਗੀਤਾਂ ਨਾਲ ਹਾਜ਼ਰੀਨ ਨੂੰ ਕੁਰਸੀਆਂ ਤੋਂ ਠਾਲ ਨੱਚਣ ਲਾਇਆ। ਗਾਇਕੀ ਦੇ ਨਾਲ-ਨਾਲ ਖ਼ੂਬਸੂਰਤ ਸਮਾਜਿਕ ਸੁਨੇਹਿਆਂ ਨਾਲ ਐਮੀ ਵਿਰਕ ਖਿੱਚ ਦਾ ਕੇਂਦਰ ਰਿਹਾ। ਗੀਤ ‘ਕਾਵਾਂ ਵਾਲੀ ਪੰਚਾਇਤ’, ‘ਕਿਸਮਤ’, ‘ਜੱਟ ਦੀ ਪਸੰਦ’, ‘ਤਾਰਾ’, ‘ਜ਼ਿੰਦਾਬਾਦ ਯਾਰੀਆਂ’, ‘ਕੈਂਠੇ ਵਾਲਾ’, ‘ਗਾਨੀ’ ਆਦਿ ਮਕਬੂਲ ਗੀਤਾਂ ਨਾਲ ਜਿੱਥੇ ਹਿੱਕ ਦੇ ਜ਼ੋਰ ‘ਤੇ ਗਾਇਆ ਨਾਲ ਹੀ ਪੰਜਾਬੀਅਤ ਦੀਆਂ ਬਾਤਾਂ ਰਾਹੀਂ ਸਮਾਜਿਕ ਸੁਨੇਹੇ ਵੀ ਵਿਲੱਖਣ ਰਹੇ।