001 a panthak-talmel-committee

(ਸਮੇਂ ਦੀ ਮੰਗ ਹੈ ਕਿ ਇਹ ਦਲ ਪੰਜਾਬ ਅਤੇ ਸਿੱਖ ਕੌਮ ਦਾ ਖਹਿੜਾ ਛੱਡ ਕੇ ਘਰ ਬੈਠਣ ਜਾਂ ਕੈਲੇਫੋਰਨੀਆ ਚਲੇ ਜਾਣ ਦਾ ਫੈਸਲਾ ਕਰੇ)

8 ਦਸੰਬਰ : ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ‘ਬਾਦਲ ਦਲ’ ਦਾ ਸਭ ਤੋਂ ਵੱਡਾ ਗੁਨਾਹ ਹੈ ਕਿ ਉਹ ਆਪਣੇ ਆਪ ਨੂੰ ‘ਸ਼੍ਰੋਮਣੀ ਅਕਾਲੀ ਦਲ’ ਅਖਵਾਉਂਦਾ ਹੈ ਅਤੇ ਸ਼ਹੀਦਾਂ ਦੇ ਖੂਨ ਵਿਚੋਂ ਪੈਦਾ ਹੋਈਆਂ ਪੰਥਕ ਸੰਸਥਾਵਾਂ ਦਾ ਅਪਮਾਨ ਕਰ ਰਿਹਾ ਹੈ। ਨਿੱਜੀ ਪਰਿਵਾਰ ਜਾਂ ਕਿਸੇ ਕੰਪਨੀ ਕੋਲ ਆਪਣੇ ਆਪ ਨੂੰ ਕੌਮ ਦਾ ਨੁਮਾਇੰਦਾ ਕਹਾਉਣ ਦਾ ਕੋਈ ਹੱਕ ਨਹੀਂ ਹੈ, ਬਲਕਿ ਗੁਨਾਹ ਹੈ। ਇਸ ਬਾਦਲ ਦਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਸ਼ਹੀਦਾਂ ਦੀ ਖੂਨ ਨਾਲ ਸਿੰਝੀ ਕਿਸੇ ਜਥੇਬੰਦੀ ਦਾ ਬਦਲ ਨਹੀਂ ਹੋ ਸਕਦੇ। ਅਖੌਤੀ ਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਕੀਤੇ ਜਾਣ ਵਾਲਾ ਅਣ-ਪਛਾਤੇ ਗੁਨਾਹਾਂ ਦਾ ਪਸਚਾਤਾਪ ਸਿਆਸੀ ਸ਼ਾਖ ਬਹਾਲ ਕਰਨ ਲਈ ਸ਼ਾਤਰ ਸਿਲਸਲਾ ਹੈ। ਜੋ ਕਿ ਸਿੱਖ ਧਰਮ ਦੀਆਂ ਸੰਸਥਾਵਾਂ ਅਤੇ ਪ੍ਰੰਪਰਾਵਾਂ ਦੇ ਘਾਣ ਦਾ ਹਿੱਸਾ ਹੀ ਹੋ ਨਿਬੜੇਗਾ।
ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਜੇ ਦਲ਼-ਦਲ਼ ਵਿਚ ਧਸਿਆ ਇਹ ਦਲ ਕੋਈ ਇਨਸਾਨੀਅਤ ਦਾ ਅੰਸ਼ ਰੱਖਦਾ ਹੈ ਤਾਂ ਰੱਬੀ ਤਖਤ’ਤੇ ਆਪਣੇ ਗੁਨਾਹਾਂ ਦੀ ਸੂਚੀ ਸੌਂਪੇ ਅਤੇ ਆਪਣੇ ਭਾਈ ਸੌਧਾ ਸਾਧ ਨੂੰ ਵੀ ਆਪਣੇ ਨਾਲ ਖੜਾ ਕਰੇ। ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਗੋਲੀਆਂ ਚਲਾਉਣ ਵਾਲੀ ਪੁਲਿਸ ਨੂੰ ਅਣ-ਪਛਾਤਾ ਕਰਾਰ ਦੇਣ ਦੀ ਚਾਲੇ ਅਣ-ਪਛਾਤੇ ਗੁਨਾਹ ਦਰਜ ਨਹੀਂ ਹੋ ਸਕਣਗੇ।ਕੀ ਇਸ ਪਸਚਾਤਾਪ ਨਾਲ ਗੁਰੂ ਗ੍ਰੰਥ ਸਾਹਿਬ ਦੇ ਅਦਬ ਲਈ ਆਵਾਜ਼ਾਂ ਮਾਰਦੇ ਮਾਰੇ ਪੁੱਤ ਮਾਪਿਆਂ ਦੀ ਝੋਲੀ ਪੈ ਜਾਣਗੇ ? ਗੁਰੂ ਖਾਤਰ ਇਨਸਾਫ਼ ਲਈ ਜੂਝਦਿਆਂ ਨੂੰ ਅੱਤਵਾਦੀ ਗਰਦਾਨਣ ਅਤੇ ਕੌਮ ਦਾ ਸੌਧਾ ਕਰਨ ਦੇ ਗੁਨਾਹਗਾਰਾਂ ਨੂੰ ਕੌਮ ਦੇ ਕਟਹਿਰੇ ਵਿਚ ਜਵਾਬ ਦੇਣਾ ਪਵੇਗਾ। ਗੁਰੂ ਦਾ ਵਾਰਸ ਖਾਲਸਾ ਪੰਥ ਹੀ ਮੁਆਫੀ ਦੇਣ ਦਾ ਹੱਕ ਰੱਖਦਾ ਹੈ। ਵਰਨਾ ਚੋਰ ਤੇ ਚਤਰ ਦੀ ਚਾਲ਼ ਆਤਮਿਕ ਤਬਾਹੀ ਕਰ ਕੇ ਰੱਖ ਦੇਵੇਗੀ। ਸਮੇਂ ਦੀ ਮੰਗ ਹੈ ਕਿ ਇਹ ਦਲ ਪੰਜਾਬ ਅਤੇ ਸਿੱਖ ਕੌਮ ਦਾ ਖਹਿੜਾ ਛੱਡ ਕੇ ਘਰ ਬੈਠਣ ਦਾ ਫੈਸਲਾ ਕਰੇ। ਜਿਸ ਤੋਂ ਮਹਿਸੂਸ ਹੋ ਸਕਦਾ ਹੈ ਕਿ ਸੱਚੇ ਦਿਲੋਂ ਗੁਨਾਹਾਂ ਦਾ ਪਸ਼ਚਾਤਾਪ ਕੀਤਾ ਜਾ ਰਿਹਾ ਹੈ।