• ਸਿੱਖਿਆ ਤੇ ਸਿਹਤ ਸਹੂਲਤਾਂ ਮੁਫ਼ਤ ਮੁਹੱਈਆ ਕਰਨ ਵਾਲਾ ਸਿਸਟਮ ਸਿਰਜਨ ਦੀ ਲੋੜ- ਕਾ: ਸੇਖੋਂ

Amandeep Neeta

ਨੌਜਵਾਨ ਦਾ ਸਮੇਂ ਤੋਂ ਪਹਿਲਾਂ ਇਸ ਦੁਨੀਆਂ ਤੋਂ ਚਲੇ ਜਾਣਾ ਤੇ ਮਾਂ ਬਾਪ ਦੀ ਹਾਜ਼ਰੀ ਵਿੱਚ ਅਰਥੀ ਉਠਾਉਣੀ ਬਹੁਤ ਹੀ ਦੁਖਦਾਈ ਤੇ ਹਿਰਦੇਵੇਧਕ ਘਟਨਾ ਹੁੰਦੀ ਹੈ ਅਤੇ ਜੇਕਰ ਛੱਡ ਕੇ ਜਾਣ ਵਾਲੇ ਦੀ ਧਰਮਪਤਨੀ ਜਵਾਨ ਅਵਸਥਾ ਵਿੱਚ ਹੋਵੇ ਅਤੇ ਬੱਚੇ ਛੋਟੇ ਛੋਟੇ ਹੋਣ ਜਿਹਨਾਂ ਨੂੰ ਜਿੰਦਗੀ ਭਰ ਔਕੜਾਂ ਨਾਲ ਜੂਝਣ ਦਾ ਖਦਸ਼ਾ ਦਿਖਾਈ ਦਿੰਦਾ ਹੋਵੇ, ਤਾਂ ਉਸਤੋਂ ਵੀ ਕਈ ਗੁਣਾਂ ਦੁਖਦਾਈ ਕਿਹਾ ਜਾ ਸਕਦਾ ਹੈ। ਅਮਨਦੀਪ ਅਜਿਹੀ ਸਥਿਤੀ ਵਿੱਚ ਹੀ ਤੁਰ ਗਿਆ ਹੈ, ਜਿਸਦਾ ਬੇਹੱਦ ਅਫ਼ਸੋਸ ਹੈ ਪਰ ਇਹ ਕਿਸੇ ਦੇ ਵੱਸ ਵਿੱਚ ਨਹੀਂ ਸੀ। ਇਹ ਸ਼ਬਦ ਸੀ ਪੀ ਆਈ ਐੱਮ ਦੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਇੱਥੇ ਪਾਰਟੀ ਦੇ ਜਿਲ੍ਹਾ ਸਕੱਤਰ ਕਾ: ਗੁਰਦੇਵ ਸਿੰਘ ਬਾਂਡੀ ਦੇ ਨੌਜਵਾਨ ਸਪੁੱਤਰ ਅਮਨਦੀਪ ਸਿੰਘ ਦੀ ਅੰਤਿਮ ਅਰਦਾਸ ਉਪਰੰਤ ਸਰਧਾਂਜਲੀ ਭੇਂਟ ਕਰਦਿਆਂ ਆਖੇ। ਉਹਨਾਂ ਕਿਹਾ ਕਿ ਵਾਤਾਵਰਣ ਪ੍ਰੇਮੀ, ਖਿਡਾਰੀ, ਗਾਉਣ ਦਾ ਸ਼ੌਕੀਨ ਆਦਿ ਗੁਣਾਂ ਤੋਂ ਇਲਾਵਾ ਨੈਤਿਕ ਗੁਣਾਂ ਨਾਲ ਭਰਪੂਰ ਅਮਨਦੀਪ ਦੀ ਮੌਤ ਨਾਲ ਸਮਾਜ ਨੂੰ ਵੀ ਘਾਟਾ ਪਿਆ ਹੈ।

ਬਿਮਾਰੀ ਕਾਰਨ ਹੋਈ ਅਮਨਦੀਪ ਦੀ ਮੌਤ ਸਬੰਧੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਰਕਾਰਾਂ ਤੇ ਰਾਜਨੀਤਕ ਲੋਕ ਰਾਜ ਵਿੱਚ ਸੜਕਾਂ ਗਲੀਆਂ ਇਮਾਰਤਾਂ ਦੀ ਉਸਾਰੀ ਨੂੰ ਹੀ ਵਿਕਾਸ ਕਹਿੰਦੇ ਹਨ, ਪਰ ਅਸਲ ਵਿਕਾਸ ਸਿੱਖਿਆ ਤੇ ਸਿਹਤ ਸਹੂਲਤਾਂ ਤੋਂ ਮਾਪਿਆ ਜਾਂਦਾ ਹੈ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿਸਟਮ ਸਿਰਜਨ ਜਿਸ ਵਿੱਚ ਹਰ ਇੱਕ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਫ਼ਤ ਮੁਹੱਈਆ ਕੀਤੀਆਂ ਜਾਣ ਅਤੇ ਇਲਾਜ ਥੁੜੋਂ ਕਿਸੇ ਵਿਅਕਤੀ ਦੀ ਮੌਤ ਨਾ ਹੋਵੇ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਗਲੀਆਂ ਮੁਹੱਲਿਆਂ ਦੀਆਂ ਮੰਗਾਂ ਤੋਂ ਉੱਪਰ ਉੱਠ ਕੇ ਅਜਿਹਾ ਹੀ ਸਿਸਟਮ ਬਣਾਉਣ ਲਈ ਰਾਜਨੀਤਕ ਲੋਕਾਂ ਨੂੰ ਮਜਬੂਰ ਕਰਨ।

ਅੱਜ ਦੇ ਪੰਜਾਬ ਵਿੱਚ ਨਸ਼ਿਆਂ ਕਾਰਨ ਹੋ ਰਹੀ ਜਵਾਨੀ ਤੇ ਚਿੰਤਾ ਕਰਦਿਆਂ ਕਾ: ਸੇਖੋਂ ਨੇ ਗੁਰਬਾਣੀ ਵਿੱਚ ਦਰਜ ‘ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ’ ਦਾ ਹਵਾਲਾ ਦਿੰਦਿਆਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਦੁਨਿਆਵੀ ਨਸ਼ਿਆਂ ਦੀ ਬਜਾਏ ਗੁਰੂਆਂ ਦੇ ਆਸ਼ੇ ਅਨੁਸਾਰ ਗਿਆਨ ਦੀ ਖੁਮਾਰੀ ਵਿੱਚ ਰਹਿਣ ਨੂੰ ਪਹਿਲ ਦੇਣ ਅਤੇ ਸਮੁੱਚਾ ਸਮਾਜ ਇਸ ਲਈ ਯਤਨਸ਼ੀਲ ਹੋਵੇ। ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਖੇਤਾਂ ਨੂੰ ਪਾਣੀ ਦੇਣ ਵਾਲੀ ਸਾਖੀ ਦਾ ਹਵਾਲਾ ਦੇ ਕੇ ਸਮੇਂ ਦੇ ਪੰਡਿਤਾਂ ਨਾਲ ਹੋਈ ਬਹਿਸ ਦੀ ਉਦਾਹਰਣ ਦਿੰਦਿਆਂ ਗੁਰਬਾਣੀ ਦੇ ਅਧਾਰ ਤੇ ਵਿਗਿਆਨਕ ਸੋਚ ਉਪਨਾਉਣ ਦੀ ਲੋੜ ਤੇ ਵੀ ਜੋਰ ਦਿੱਤਾ, ਤਾਂ ਜੋ ਵਹਿਮਾਂ ਭਰਮਾਂ ਚੋਂ ਬਾਹਰ ਨਿਕਲ ਕੇ ਅਗਾਂਹਵਧੂ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ।
ਇਸਤੋਂ ਪਹਿਲਾਂ ਸੰਤ ਸਰੂਪਾ ਨੰਦ ਨੇ ਸਰਧਾ ਦੇ ਫੁੱਲ ਭੇਂਟ ਕਰਦਿਆਂ ਗੀਤਾ ਰਮਾਇਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਤ ਇੱਕ ਅਟੱਲ ਸੱਚਾਈ ਹੈ, ਪਰ ਸਮੇਂ ਤੋਂ ਪਹਿਲਾਂ ਹੋਈ ਮੌਤ ਜਿਆਦਾ ਦੁੱਖ ਭਰੀ ਹੁੰਦੀ ਹੈ। ਸ: ਕਰਮਜੀਤ ਸਿੰਘ ਲੁਧਿਆਣਾ ਨੇ ਕਿਹਾ ਕਿ ਅਮਨਦੀਪ ਸਿੰਘ ਵਿੱਚ ਨੈਤਿਕ ਗੁਣ ਕੁੱਟ ਕੁੱਟ ਕੇ ਭਰੇ ਹੋਏ ਸਨ, ਅੱਜ ਕੱਲ੍ਹ ਦੇ ਨੌਜਵਾਨਾਂ ਵਿੱਚ ਅਜਿਹੇ ਗੁਣ ਭਰਨ ਦੀ ਲੋੜ ਹੈ। ਇਸ ਮੌਕੇ ਅਕਾਲੀ ਦਲ ਵੱਲੋਂ ਸ੍ਰੀ ਸਰੂਪ ਚੰਦ ਸਿੰਗਲਾ ਸਾਬਕਾ ਸੰਸਦੀ ਸਕੱਤਰ, ਆਮ ਆਦਮੀ ਪਾਰਟੀ ਦੇ ਸ੍ਰੀ ਦੀਪਕ ਸਿੰਗਲਾ, ਸੀ ਪੀ ਆਈ ਦੇ ਸੁਰਜੀਤ ਸੋਹੀ, ਪੰਜਾਬ ਕਿਸਾਨ ਸਭਾ ਦੇ ਬਲਕਰਨ ਬਰਾੜ, ਬਾਰ ਐਸੋਸੀਏਸਨ ਦੇ ਪ੍ਰਧਾਨ ਗੁਰਇਕਬਾਲ ਸਿੰਘ ਚਹਿਲ, ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜਲਾਲ, ਮਹਿੰਦਰ ਸਿੰਘ ਤੇ ਰਾਜਮਹਿੰਦਰ ਸਿੰਘ ਸਿੱਧੂ, ਵਾਹਿਗੁਰੂਪਾਲ ਸਿੰਘ, ਐਮ ਐਮ ਬਹਿਲ ਐਡਵੋਕੇਟ, ਬਾਬਾ ਫਰੀਦ ਪਬਲਿਕ ਸਕੂਲ ਦੇ ਪ੍ਰਿਸੀਪਲ ਦਲਜੀਤ ਸਿੰਘ ਸਿੱਧੂ ਸਮੇਤ ਸੀ ਪੀ ਆਈ ਐੱਮ ਦੇ ਜਿਲ੍ਹਾ ਬਠਿੰਡਾ ਦੇ ਅਹੁਦੇਦਾਰ ਤੇ ਵਰਕਰ, ਸਾਹਿਤਕਾਰ, ਪੱਤਰਕਾਰ, ਵਕੀਲ, ਸਿੱਖਿਆ ਅਧਿਕਾਰੀ ਤੇ ਕਰਮਚਾਰੀ, ਸਾਬਕਾ ਮੁਲਾਜਮ, ਪਤਵੰਤੇ ਸ਼ਹਿਰੀ ਆਦਿ ਪਹੁੰਚੇ ਜਿਹਨਾਂ ਅਮਨਦੀਪ ਸਿੰਘ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਬਲਵਿੰਦਰ ਸਿੰਘ ਭੁੱਲਰ, ਬਠਿੰਡਾ
098882-75913