Untitled-1

ਸਾਊਥ ਆਸਟ੍ਰੇਲੀਆ ‘ਚ ਹੋਈਆਂ ਕੌਂਸਲ ਚੋਣਾਂ ‘ਚ ਬਹੁਤ ਸਾਰੇ ਭਾਰਤੀ ਪਿਛੋਕੜ ਵਾਲੇ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ ਜਿਨ੍ਹਾਂ ਵਿਚੋਂ ਰਿਵਰਲੈਂਡ ਤੋਂ ਸਾਬਤ ਸੂਰਤ ਸਿੱਖ ਨੌਜਵਾਨ ਸਿਮਰਤਪਾਲ ਸਿੰਘ ਮੱਲ੍ਹੀ ਰੇਨਮਾਰਕ ਤੋਂ ਜੇਤੂ ਬਣੇ। ਇਸ ਤੋਂ ਪਹਿਲਾਂ ਸਾਊਥ ਆਸਟ੍ਰੇਲੀਆ ਦੀਆਂ ਰਾਜ ਚੋਣਾਂ ‘ਚ ਵੀ ਸਿਮਰਤ ਸਿੰਘ ਮੱਲ੍ਹੀ ਨੇ ਸਭ ਨੂੰ ਪ੍ਰਭਾਵਿਤ ਕੀਤਾ ਸੀ। ਇੱਥੇ ਜ਼ਿਕਰਯੋਗ ਹੈ ਕਿ ਰਿਵਰਲੈਂਡ ਤੋਂ ਪਹਿਲਾਂ ਵੀ ਸ ਬਲਦੇਵ ਸਿੰਘ ਧਾਲੀਵਾਲ ਕੌਂਸਲਰ ਜਿੱਤ ਚੁੱਕੇ ਹਨ ਤੇ ਉਹ ਆਸਟ੍ਰੇਲੀਆ ਦੇ ਵਿਚ ਦੂਜੇ ਸਿੱਖ ਕੌਂਸਲਰ ਬਣੇ ਸਨ। ਪਹਿਲੇ ਕੌਂਸਲਰ ਬਣਨ ਦਾ ਮਾਣ ਸ ਪਾਲਾ ਸਿੰਘ ਨੂੰ ਵੈਸਟਰਨ ਆਸਟ੍ਰੇਲੀਆ ਤੋਂ ਮਿਲਿਆ ਸੀ। ਇਸ ਮੌਕੇ ਤੇ ਧੰਨਵਾਦ ਕਰਦਿਆਂ ਸਿਮਰਤ ਨੇ ਮਾਣਯੋਗ ਰਸਲ ਵਾਟਲੇ ਐੱਮ.ਐੱਲ.ਸੀ, ਡਾਨਾ ਵਾਟਲੇ ਅਤੇ ਮੋਨਿਕਾ ਕੁਮਾਰ ਬੁਧੀਰਾਜਾ ਦਾ ਵਿਸ਼ੇਸ਼ ਧੰਨਵਾਦ ਕੀਤਾ।
ਦੂਜੇ ਸਿੱਖ ਨੌਜਵਾਨ ਸਨੀ ਸਿੰਘ ਬਣੇ ਹਨ ਜੋ ਕਿ ਸਾਊਥ ਆਸਟ੍ਰੇਲੀਆ ਦੇ ਕਸਬੇ ਪੋਰਟ ਅਗਸਤਾ ਤੋਂ ਚੋਣ ਮੈਦਾਨ ਵਿਚ ਸਨ। ਉਨ੍ਹਾਂ ਨੇ ਨੰਬਰ ਇਕ ਦੀ ਪੁਜ਼ੀਸ਼ਨ ਹਾਸਿਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੁੰਨੀ ਸਿੰਘ ਦੀ ਤਸਵੀਰ ਨਾਲ ਛੇੜਖ਼ਾਨੀ ਕਰ ਕੇ ਇਕ ਗੋਰੇ ਟਰੱਕ ਡਰਾਈਵਰ ਨੇ ਕੁਝ ਕੁ ਨਸਲੀ ਗੱਲਾਂ ਇਕ ਵੀਡੀਓ ‘ਚ ਕੀਤੀਆਂ ਸਨ, ਜਿਸ ਦਾ ਰੋਸ ਸਾਰੇ ਭਾਈਚਾਰਿਆ ਵੱਲੋਂ ਕੀਤਾ ਗਿਆ ਸੀ। ਨਤੀਜੇ ਵਜੋਂ ਸਨੀ ਸਿੰਘ ਰਿਕਾਰਡ ਵੋਟਾਂ ਨਾਲ ਜਿੱਤ ਦਰਜ ਕਰਨ ‘ਚ ਕਾਮਯਾਬ ਹੋਏ ਹਨ। ਜੋ ਕਿ ਇਕ ਭਾਈਚਾਰਕ ਸਾਂਝ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ।