Balwinder singh Bhullar 181129 Girls

ਸਰਕਾਰ ਦਾ ਫ਼ਰਜ਼ ਜਿੱਥੇ ਦੇਸ਼ ਦੇ ਸੁਧਾਰ ਤੇ ਲੋਕਾਂ ਦੇ ਜੀਵਨ ਨਿਰਬਾਹ ਦੀ ਜ਼ੁੰਮੇਵਾਰੀ ਉਠਾਉਣਾ ਹੈ, ਉੱਥੇ ਲੋਕਾਂ ਵਿਚ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਵੀ ਹੈ, ਕਿਉਂਕਿ ਡਰ ਦੇ ਮਾਹੌਲ ਵਿਚ ਲੋਕਤੰਤਰ ਦੀ ਭਾਵਨਾ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ। ਦੇਸ਼ ਵਿਚ ਅਨੇਕਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਉਨ੍ਹਾਂ ਦਾ ਹੱਲ ਕਰਕੇ ਹੀ ਲੋਕਾਂ ਵਿਚ ਵਿਸ਼ਵਾਸ ਕਾਇਮ ਰੱਖਿਆ ਜਾ ਸਕਦਾ ਹੈ। ਇਹ ਵੀ ਇੱਕ ਸਚਾਈ ਹੈ ਕਿ ਦੇਸ਼ ‘ਚ ਪੈਦਾ ਹੋਈ ਕਿਸੇ ਸਮੱਸਿਆ ਦੇ ਹੱਲ ਤੇ ਸੁਧਾਰ ਵਾਸਤੇ ਉਸਦੀ ਜੜ੍ਹ ਵਿਚ ਵੜਨਾ ਜ਼ਰੂਰੀ ਹੈ, ਜੜ੍ਹ ਫੜੇ ਬਗੈਰ ਕਿਸੇ ਵੀ ਕੁਰੀਤੀ ਦਾ ਸੁਧਾਰ ਨਹੀਂ ਕੀਤਾ ਜਾ ਸਕਦਾ। ਭਾਰਤ ਵਿਚ ਭਾਵੇਂ ਸਮੱਸਿਆਵਾਂ ਤਾਂ ਬਹੁਤ ਸਾਰੀਆਂ ਹਨ, ਜਿਨ੍ਹਾਂ ਦਾ ਸੁਧਾਰ ਕਰਨਾ ਜ਼ਰੂਰੀ ਹੈ, ਪਰ ਇੱਥੇ ਇੱਕ ਹੀ ਮੁੱਦੇ ਤੇ ਚਰਚਾ ਕਰਾਂਗੇ ‘ਕੁੜੀਆਂ ਦੀ ਘੱਟ ਰਹਿੰਦੀ ਗਿਣਤੀ ਅਤੇ ਮਾਪਿਆਂ ਵੱਲੋਂ ਕੁੜੀ ਦੇ ਜਨਮ ਨੂੰ ਚੰਗਾ ਨਾ ਸਮਝਣਾ।’

ਕੁੜੀਆਂ ਦੀ ਸੰਖਿਆ ਹਮੇਸ਼ਾ ਹੀ ਮੁੰਡਿਆਂ ਨਾਲੋਂ ਘੱਟ ਰਹੀ ਹੈ, ਇਸਦਾ ਇੱਕ ਕਾਰਨ ਇਹ ਵੀ ਹੈ ਕਿ ਸਦੀਆਂ ਤੋਂ ਹੀ ਕੁੜੀਆਂ ਨੂੰ ਮਾਰਨ ਦਾ ਸਿਲਸਿਲਾ ਚੱਲਦਾ ਰਿਹਾ ਹੈ। ਸਦੀਆਂ ਪਹਿਲਾਂ ਕੁੜੀ ਨੂੰ ਜੰਮਣ ਤੋਂ ਬਾਅਦ ਮਾਰ ਕੇ ਦੱਬ ਦਿੱਤਾ ਜਾਂਦਾ ਸੀ ਅਤੇ ਦੱਬਣ ਸਮੇਂ ਉਸ ਨੰਨ੍ਹੀ ਲਾਸ਼ ਕੋਲ ਗੁੜ ਤੇ ਪੂਣੀ ਰੱਖ ਕੇ ਕਿਹਾ ਜਾਂਦਾ ਸੀ, ‘ਗੁੜ ਖਾਈਂ ਪੂਣੀ ਕੱਤੀਂ ਆਪ ਨਾ ਆਈ ਵੀਰੇ ਨੂੰ ਘੱਤੀਂ’। ਜ਼ਮਾਨਾ ਬਦਲ ਗਿਆ ਆਧੁਨਿਕ ਜ਼ਮਾਨੇ ‘ਚ ਜੰਮਣ ਤੋਂ ਪਹਿਲਾਂ ਪਤਾ ਲਾਇਆ ਜਾਂਦਾ ਅਤੇ ਕੁੜੀ ਹੋਵੇ ਤਾਂ ਪੇਟ ‘ਚ ਹੀ ਕਤਲ ਕਰ ਦਿੱਤੀ ਜਾਂਦੀ ਹੈ। ਕੁੜੀਆਂ ਮਾਰਨ ਵਿਰੁੱਧ ਆਵਾਜ਼ ਉੱਠੀ ਤਾਂ ਸਰਕਾਰਾਂ ਨੇ ਕੁੱਝ ਸਖ਼ਤੀ ਕੀਤੀ, ਮੁੰਡਾ ਕੁੜੀ ਦੇ ਟੈੱਸਟ ਤੇ ਪਾਬੰਦੀ ਲਗਾ ਦਿੱਤੀ, ਜੇਕਰ ਕੋਈ ਹਸਪਤਾਲ ਜਾਂ ਏਜੰਸੀ ਅਜਿਹਾ ਕਰਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਹੁੰਦੀ ਹੈ, ਹਸਪਤਾਲ ਦਾ ਲਾਇਸੰਸ ਕੈਂਸਲ ਕਰ ਦਿੱਤਾ ਜਾਂਦਾ ਹੈ। ਬੱਚੀ ਦੇ ਮਾਪਿਆਂ ਅਤੇ ਸਹਿਯੋਗੀਆਂ ਤੇ ਪਰਚੇ ਦਰਜ ਕੀਤੇ ਜਾਂਦੇ ਹਨ। ਦੂਜੇ ਪਾਸੇ ਬੱਚੀ ਬਚਾਓ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਜਿਨ੍ਹਾਂ ਤੇ ਸਰਕਾਰਾਂ ਕਰੋੜਾਂ ਰੁਪਏ ਖ਼ਰਚ ਕਰ ਰਹੀਆਂ ਹਨ। ਪਿੰਡਾਂ ਸ਼ਹਿਰਾਂ ਦੀਆਂ ਕੰਧਾਂ ਪੋਸਟਰ ਲਾ ਲਾ ਕੇ ਭਰ ਦਿੱਤੀਆਂ ਜਾਂਦੀਆਂ ਹਨ, ਅਪੀਲਾਂ ਕਰ ਕਰ ਕੇ ਅਖ਼ਬਾਰਾਂ ਦੇ ਵਰਕਿਆਂ ਦੇ ਵਰਕੇ ਕਾਲੇ ਕੀਤੇ ਜਾ ਰਹੇ ਹਨ। ਸਰਕਾਰਾਂ ਇਹ ਕੁੱਝ ਤਾਂ ਕਰ ਰਹੀਆਂ ਹਨ, ਪਰ ਧੀਆਂ ਜੰਮਣ ਤੋਂ ਲੋਕੀਂ ਡਰਦੇ ਕਿਉਂ ਹਨ, ਇਸ ਬਾਰੇ ਸਰਕਾਰਾਂ ਸੋਚਣ ਦੀ ਤਕਲੀਫ਼ ਨਹੀਂ ਉਠਾਉਂਦੀਆਂ। ਜੇਕਰ ਅਜਿਹੇ ਕਾਰਨ ਲੱਭ ਕੇ ਉਨ੍ਹਾਂ ਦਾ ਯੋਗ ਹੱਲ ਲੱਭਿਆ ਜਾਵੇ ਤਾਂ ਲੋਕਾਂ ਨੂੰ ਕੀ ਲੋੜ ਹੈ ਕੁੜੀਆਂ ਮਾਰਨ ਦੀ।

ਜਦ ਘਰ ‘ਚ ਕੁੜੀ ਦਾ ਜਨਮ ਹੁੰਦਾ ਹੈ ਤਾਂ ਮਾਪਿਆਂ ਦਾ ਦਿਲ ਕੰਬਣ ਲੱਗ ਜਾਂਦੈ, ਕੁੜੀ ਮੁੰਡਿਆਂ ਨਾਲੋਂ ਵੱਧ ਨਹੀਂ ਖਾਂਦੀ, ਵੱਧ ਨਹੀਂ ਖਰਚਦੀ ਫੇਰ ਮਾਪੇ ਦੁੱਖ ਕਿਉਂ ਮਹਿਸੂਸ ਕਰਦੇ ਹਨ? ਇਸਦਾ ਕਾਰਨ ਹੈ ਅੱਜ ਦੇਸ ਵਿਚ ਨੰਨ੍ਹੀਆਂ ਬਾਲੜੀਆਂ ਨਾਲ ਵਾਪਰਦੀਆਂ ਘਟਨਾਵਾਂ, ਜਿਸ ਸਦਕਾ ਮਾਪੇ ਖ਼ੁਦ ਵੀ ਜਿਊਣ ਦੇ ਕਾਬਲ ਨਹੀਂ ਰਹਿ ਜਾਂਦੇ। ਜੇਕਰ ਸਰਕਾਰਾਂ ਨੰਨ੍ਹੀਆਂ ਬੱਚੀਆਂ ਦੀ ਸੁਰੱਖਿਆ ਦੀ ਜ਼ੁੰਮੇਵਾਰੀ ਨਿਭਾਉਣ ਤਾਂ ਬੱਚੀਆਂ ਦੇ ਪੈਦਾ ਹੋਣ ਦਾ ਡਰ ਚੁੱਕਿਆ ਜਾ ਸਕਦੈ। ਸੋ ਲੋੜ ਬੇਟੀ ਬਚਾਓ ਮੁਹਿੰਮ ਦੀ ਨਹੀਂ ਸਗੋਂ ਬੇਟੀ ਸੁਰੱਖਿਆ ਮੁਹਿੰਮ ਦੀ ਹੈ।

ਕੁੱਝ ਦਿਨ ਪਹਿਲਾਂ ਗੁੜਗਾਓ ਅੱਜ ਦੇ ਗੁਰੂਗਰਾਮ ਵਿਚ ਵਾਪਰੀ ਘਟਨਾ ਕੇਵਲ ਬੱਚੀ ਦੇ ਮਾਪਿਆਂ ਦਾ ਦਿਲ ਕੰਬਾਉਣ ਵਾਲੀ ਹੀ ਨਹੀਂ, ਜੋ ਸੁਣਦੇ ਹਰ ਇੱਕ ਦਾ ਦਿਲ ਦਹਿਲ ਜਾਂਦੈ। ਇਸ ਸ਼ਹਿਰ ਦੇ ਸੈਕਟਰ 66 ਵਿਚ ਇੱਕ ੩ ਸਾਲ ਦੀ ਬੱਚੀ ਦੀ ਲਾਸ਼ ਮਿਲੀ, ਜਿਸ ਨਾਲ ਕੁਕਰਮ ਕਰਕੇ ਕਤਲ ਕਰ ਦਿੱਤਾ ਗਿਆ ਸੀ। ਇਸ ਨੇ ਇੱਕ ਵਾਰ ਸਾਰੇ ਸ਼ਹਿਰ ਨੂੰ ਦਹਿਲਾ ਦਿੱਤਾ। ਪੁਲਿਸ ਵੱਲੋਂ ਬਹੁਤ ਡੁੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਨਤੀਜਾ ਇਹ ਨਿਕਲਿਆ ਕਿ ਉਸ ਨੂੰ ਕਤਲ ਕਰਨ ਵਾਲਾ ਦੋਸ਼ੀ ਇੱਕ ਨੌਜਵਾਨ ਸੁਨੀਲ ਹੈ। ਇਹ ਨੌਜਵਾਨ ਝੁੱਗੀਆਂ ਵਿਚ ਰਹਿਣ ਵਾਲੇ ਇੱਕ ਪਰਿਵਾਰ ਚੋਂ ਹੈ, ਜਿਸ ਦਾ ਅੱਠ ਸਾਲ ਪਹਿਲਾਂ ਬਾਪ ਮਰ ਗਿਆ ਸੀ ਅਤੇ ਉਸ ਸਮੇਂ ਤੋਂ ਇਹ ਘਰ ਨਹੀਂ ਆਇਆ। ਇਹ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਜਾਂ ਧਾਰਮਿਕ ਸਥਾਨਾਂ ਦੇ ਬਾਹਰ ਸੌ ਜਾਂਦਾ ਹੈ ਅਤੇ ਥੋੜ੍ਹਾ ਬਹੁਤਾ ਆਪਣੇ ਖਾਣ ਪੀਣ ਜੋਗੀ ਦਿਹਾੜੀ ਵਗ਼ੈਰਾ ਕਰ ਲੈਂਦਾ ਹੈ। ਆਮ ਤੌਰ ਤੇ ਗੁਰਦੁਆਰਿਆਂ ਮੰਦਰਾਂ ਦੇ ਲੰਗਰਾਂ ਜਾਂ ਸ਼ਹਿਰ ‘ਚ ਲੱਗਣ ਵਾਲੇ ਭੰਡਾਰਿਆਂ ਤੋਂ ਖਾ ਪੀ ਕੇ ਕੰਮ ਸਾਰ ਲੈਂਦਾ ਹੈ।

ਪੁਲਿਸ ਨੇ ਦਰਿੰਦੇ ਸੁਨੀਲ ਨੂੰ ਕਾਬੂ ਕਰਨ ਲਈ ਸ਼ਹਿਰ ‘ਚ ਜਾਲ ਵਿਛਾਇਆ, ਪਰ ੳਹ ਕਾਬੂ ਨਾ ਆਇਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਸ਼ਹਿਰ ਵਿਚ ਕਈ ਥਾਵੀਂ ਭੰਡਾਰੇ ਵੀ ਲਾਏ, ਪਰ ਫਿਰ ਵੀ ਸਫਲਤਾ ਨਾ ਮਿਲੀ। ਪੁਲਿਸ ਨੂੰ ਸੂਚਨਾ ਮਿਲੀ ਕਿ ਉਹ ਪੁਰਾਣੇ ਗੁੜਗਾਓ ਦੇ ਇੱਕ ਗੁਰਦੁਆਰੇ ਚੋਂ ਲੰਗਰ ਛਕ ਕੇ ਗਿਆ ਹੈ, ਇਹ ਪਤਾ ਲੱਗਣ ਤੇ ਉਸਦਾ ਪਿੱਛਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਉਸ ਰਾਤ ਉਹ ਕਮਲਾ ਨਹਿਰੂ ਪਾਰਕ ਵਿਚ ਸੌ ਗਿਆ, ਦੂਜੇ ਦਿਨ ਰੇਲ ਗੱਡੀ ਰਾਹੀਂ ਦਿੱਲੀ ਗਿਆ ਤੇ ਨਿਜਾਮੂਦੀਨ ਸਟੇਸ਼ਨ ਤੇ ਰਿਹਾ, ਉਸ ਤੋਂ ਅਗਲੇ ਦਿਨ ਝਾਂਸੀ ਗਿਆ ਤੇ ਉਸ ਤੋਂ ਕੁੱਝ ਵਿੱਥ ਤੇ ਪਿੰਡ ਮਗਰਪੁਰ ਪਹੁੰਚ ਗਿਆ, ਜਿੱਥੇ ਭੰਡਾਰਾ ਲੱਗਾ ਹੋਇਆ ਸੀ। ਪੁਲਿਸ ਵੀ ਪਿੱਛਾ ਕਰਦੀ ਉੱਥੇ ਪਹੁੰਚ ਗਈ ਤੇ ਉਸ ਨੂੰ ਕਾਬੂ ਕਰ ਲਿਆ।

ਪੁੱਛਗਿੱਛ ਦੌਰਾਨ ਉਹ ਮੰਨਿਆ ਕਿ ਬੱਚੀ ਨਾਲ ਬਲਾਤਕਾਰ ਕਰਨ ਉਪਰੰਤ ਉਸਦਾ ਕਤਲ ਕੀਤਾ ਹੈ ਅਤੇ ਹੁਣ ਤੱਕ ਉਹ ਪਿਛਲੇ ਦੋ ਸਾਲਾਂ ‘ਚ ਤਿੰਨ ਸਾਲ ਤੋਂ ਅੱਠ ਸਾਲ ਦਰਮਿਆਨ ਦੀਆਂ 9 ਬੱਚੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ, ਜਿਨ੍ਹਾਂ ਵਿਚ ਗੁੜਗਾਓ ਦੀਆਂ 3, ਗਵਾਲੀਅਰ ਦੀ 1, ਝਾਂਸੀ ਦੀ 1 ਅਤੇ ਦਿੱਲੀ ਦੀਆਂ 4 ਬੱਚੀਆਂ ਸ਼ਾਮਲ ਹਨ। ਉਹ ਭੰਡਾਰੇ ਚੋਂ ਹੀ ਕਿਸੇ ਬੱਚੀ ਨੂੰ ਟਾਫ਼ੀਆਂ ਜਾ ਕੋਈ ਹੋਰ ਚੀਜ਼ ਦੇ ਬਹਾਨੇ ਪਾਸੇ ਲੈ ਜਾਂਦਾ ਸੀ ਅਤੇ ਫਿਰ ਅਗਵਾ ਕਰਕੇ ਸੁੰਨੇ ਥਾਂ ਤੇ ਲਿਜਾ ਕੇ ਉਸਦੇ ਪੈਰ ਤੋੜ ਦਿੰਦਾ ਤਾਂ ਜੋ ਉਹ ਭੱਜ ਨਾ ਜਾਵੇ, ਫਿਰ ਉਸ ਨਾਲ ਕੁਕਰਮ ਕਰਨ ਉਪਰੰਤ ਕਤਲ ਕਰਕੇ ਸੁੱਟ ਦਿੰਦਾ ਤੇ ਸ਼ਰਾਬ ਪੀ ਕੇ ਖ਼ੁਸ਼ੀ ਮਨਾਉਂਦਾ ਸੀ। ਇਹ ਦਰਿੰਦਾ ਪੁਲਿਸ ਨੇ ਕਾਬੂ ਤਾਂ ਕਰ ਲਿਐ ਅਤੇ ਮੁਕੱਦਮੇ ਦਰਜ ਕਰਕੇ ਜੇਲ੍ਹ ਵੀ ਭੇਜ ਦੇਣਾ ਹੈ, ਪਰ ਉਸ ਨੂੰ ਕੀ ਸਜਾ ਮਿਲੂ, ਕਦੋਂ ਮਿਲੂ, ਕਿੰਨੀ ਮਿਲੂ ਆਦਿ ਕੋਈ ਵੀ ਯਕੀਨ ਨਾਲ ਨਹੀਂ ਕਹਿ ਸਕਦਾ। ਅਜਿਹੇ ਦਰਿੰਦਗੀ ਵਾਲੇ ਮੁਕੱਦਮਿਆਂ ਦਾ ਪ੍ਰਤੱਖ ਗਵਾਹ ਵੀ ਨਹੀਂ ਹੁੰਦਾ, ਲੰਬਾ ਸਮਾਂ ਸੁਣਵਾਈ ਹੋਣ ਕਾਰਨ ਲੋਕ ਵੀ ਭੁੱਲ ਜਾਂਦੇ ਹਨ। ਪਹਿਲਾਂ ਵੀ ਅਜਿਹੇ ਬਹੁਤ ਸਾਰੇ ਦਰਿੰਦੇ ਫੜੇ ਗਏ, ਜਿਨ੍ਹਾਂ ਚੋਂ ਕਈ ਬਰੀ ਵੀ ਹੋਏ ਕਈ ਸਜਾ ਕੱਟ ਕੇ ਘਰ ਆ ਗਏ, ਪਰ ਦਰਿੰਦਗੀ ਦੀਆਂ ਸ਼ਿਕਾਰ ਨੰਨ੍ਹੀਆਂ ਦਾ ਦੁੱਖ ਤਾਂ ਉਸਦੇ ਮਾਪੇ ਹੀ ਜਾਣ ਤੇ ਸਮਝ ਸਕਦੇ ਹਨ।

ਇਹ ਕੋਈ ਪਹਿਲੀ ਘਟਨਾ ਨਹੀਂ, ਜੰਮੂ ਦੇ ਕਠੂਆ ‘ਚ 8 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਕਤਲ ਕੀਤਾ ਗਿਆ, ਉੱਤਰ ਪ੍ਰਦੇਸ਼ ਦੇ ਸ਼ਹਿਰ ਉਨਾਵ ‘ਚ ਬੱਚੀ ਨਾਲ ਬਲਾਤਕਾਰ ਕੀਤਾ ਜੇ ਬਾਪ ਨੇ ਆਵਾਜ਼ ਉਠਾਈ ਤਾਂ ਉਸ ਨੂੰ ਵੀ ਤਸੀਹੇ ਦੇ ਦੇ ਕੇ ਕਤਲ ਕਰ ਦਿੱਤਾ ਗਿਆ। ਬਕਰਵਾਲ ‘ਚ ਗੁੱਜਰ ਕਬੀਲੇ ਦੀ 8 ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ, ਸੂਰਤ ‘ਚ 11 ਸਾਲ ਦੀ ਬੱਚੀ ਨਾਲ ਅੱਠ ਦਿਨ ਬਲਾਤਕਾਰ ਕੀਤਾ ਜਾਂਦਾ ਰਿਹਾ ਤੇ ਫਿਰ ਉਸਦਾ ਕਤਲ ਕਰ ਦਿੱਤਾ। ਹਰਿਆਣਾ ਦੇ ਪਿੰਡ ਟਟੋਲੀ ਕੋਲ ਇੱਕ ਬੈਗ ਮਿਲਿਆ ਜਿਸ ਵਿਚ ਬੱਚੀ ਦੀ ਲਾਸ਼ ਸੀ ਜਿਸ ਨਾਲ ਬਲਾਤਕਾਰ ਕੀਤਾ ਗਿਆ ਸੀ। ਉੱਤਰ ਪ੍ਰਦੇਸ ਦੇ ਏਟਾ ‘ਚ 8 ਸਾਲ ਦੀ ਬੱਚੀ ਨਾਲ ਕੁਕਰਮ ਕਰਕੇ ਕਤਲ ਕੀਤਾ, ਪਲਵਾਲ ‘ਚ 17 ਸਾਲ ਦੀ ਲੜਕੀ ਨਾਲ ਉਸਦੇ ਘਰ ਵਿਚ ਹੀ ਬਲਾਤਕਾਰ ਹੋਇਆ। ਦੇਸ ਭਰ ਵਿਚ ਅਜਿਹੀਆਂ ਹਜ਼ਾਰਾਂ ਹੀ ਘਟਨਾਵਾਂ ਵਾਪਰੀਆਂ ਅਤੇ ਹਜ਼ਾਰਾਂ ਦਰਿੰਦੇ ਕਾਬੂ ਵੀ ਕੀਤੇ ਗਏ, ਪਰ ਦੇਸ ਭਰ ‘ਚ ਦੋ ਚਾਰ ਕੇਸ ਹੀ ਹੋਣਗੇ ਜਿਨ੍ਹਾਂ ਵਿਚ ਫਾਂਸੀ ਦੀ ਸਜਾ ਹੋਈ।

ਜਦੋਂ ਲੜਕੀ ਪੈਦਾ ਹੁੰਦੀ ਹੈ ਤਾਂ ਮਾਪਿਆਂ ਦੀਆਂ ਅੱਖਾਂ ਮੂਹਰੇ ਉਦੋਂ ਹੀ ਅਜਿਹੀਆਂ ਘਟਨਾਵਾਂ ਘੁੰਮਣ ਲੱਗ ਜਾਂਦੀਆਂ ਹਨ, ਇਹੋ ਕਾਰਨ ਹੈ ਕਿ ਮਾਪੇ ਕੁੜੀਆਂ ਪੈਦਾ ਹੋਣ ਤੋਂ ਡਰਦੇ ਹਨ। ਸਰਕਾਰਾਂ ਨੂੰ ਬੱਚੀਆਂ ਦੀ ਸੁਰੱਖਿਆ ਲਈ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਜੋ ਇਹ ਡਰ ਦਾ ਮਾਹੌਲ ਖ਼ਤਮ ਕੀਤਾ ਜਾਵੇ। ਮਾੜੇ ਅਨਸਰਾਂ ਦੀ ਕਾਲੀ ਸੋਚ ਬਦਲਣ ਜਾਂ ਦਰਿੰਦਿਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਵੱਲ ਵੀ ਉਚੇਚਾ ਧਿਆਨ ਦੇਣ ਦੀ ਲੋੜ ਹੈ, ਚਾਣਕੀਆ ਰਾਜਨੀਤੀ ਦਾ ਇੱਕ ਵਿਚਾਰ ਹੈ ਕਿ ਦੁਸ਼ਟ ਤੇ ਸੱਪ ਚੋਂ ਕੌਣ ਚੰਗਾ ਹੈ, ਸੱਪ ਤਾਂ ਮੌਤ ਆਉਣ ਤੇ ਕੱਟਦਾ ਹੈ ਜਦ ਕਿ ਦੁਸ਼ਟ ਪੈਰ ਪੈਰ ਤੇ ਡੰਗ ਮਾਰਦਾ ਹੈ, ਆਮ ਲੋਕਾਂ ਦੀ ਇਹ ਵੀ ਇੱਕ ਧਾਰਨਾ ਹੈ ਕਿ ਜੇਕਰ ਹਲਕੇ ਕੁੱਤੇ ਦਾ ਇਲਾਜ ਨਾ ਹੋ ਸਕਦਾ ਹੋਵੇ ਤਾਂ ਮਾਲਕ ਨੂੰ ਕੋਈ ਸਖ਼ਤ ਕਦਮ ਉਠਾਉਣਾ ਹੀ ਪੈਂਦਾ ਹੈ। ਸੋ ਸਰਕਾਰ ਨੂੰ ਧੀਆਂ ਦੀ ਸੁਰੱਖਿਆ ਯਕੀਨੀ ਬਣਾ ਕੇ ਮਾਪਿਆਂ ਦੇ ਦਿਲਾਂ ਚੋਂ ਡਰ ਕੱਢਣ ਦੀ ਮੁਹਿੰਮ ਚਲਾਉਣ ਦੀ ਲੋੜ ਹੈ।

(ਬਲਵਿੰਦਰ ਸਿੰਘ ਭੁੱਲਰ)
+91 09888275913