• ਧੀਆਂ ਔਰਤਾਂ ਨਾਲ ਆਸ਼ਰਮਾਂ ‘ਚ ਧਰਮ ਦੇ ਨਾਂ ਹੇਠ ਹੁੰਦੇ ਕੁਕਰਮ ਚਿੰਤਾ ਦਾ ਵਿਸ਼ਾ

Ashrams and Women

ਆਸ਼ਰਮਾਂ ਵਿਚ ਬਲਾਤਕਾਰ ਵਰਗੀਆਂ ਘਿਣਾਉਣੀਆਂ ਅਪਰਾਧਿਕ ਘਟਨਾਵਾਂ ਲਈ ਆਸ਼ਰਮਾਂ ਦੇ ਸੰਚਾਲਕਾਂ ਨਾਲ ਉਨ੍ਹਾਂ ਦੇ ਪੁੱਤਰ, ਧੀਆਂ, ਜਵਾਈ, ਭਰਾ ਤੇ ਰਿਸ਼ਤੇਦਾਰ ਵੀ ਸਹਿਯੋਗੀ ਹੁੰਦੇ, ਭਾਵ ਸ਼ਰਮ-ਹਯਾ ਤਾਂ ਨੇੜੇ ਤੇੜੇ ਵੀ ਦਿਖਾਈ ਨਹੀਂ ਸੀ ਦਿੰਦੀ। ਸਿਆਸਤਦਾਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਸ਼ਰਮਾਂ ਵਿਚ ਹੋ ਰਹੇ ਘਿਣਾਉਣੇ ਅਪਰਾਧਾਂ ਨੂੰ ਦਬਾਅ ਦੇਣ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਹੀ ਯਤਨਸ਼ੀਲ ਰਹਿੰਦੇ ਹਨ।

ਸਦੀਆਂ ਪਹਿਲਾਂ ਭਾਰਤ ਦੇ ਰਿਸ਼ੀਆਂ ਮੁਨੀਆਂ ਪੀਰਾਂ ਫ਼ਕੀਰਾਂ ਨੇ ਔਰਤਾਂ ਧੀਆਂ ਭੈਣਾਂ ਦਾ ਸਨਮਾਨ ਕਰਨ ਦੀ ਸਿੱਖਿਆ ਦਿੱਤੀ ਸੀ, ਅੱਜ ਦੁਨੀਆ ਦੇ ਹਰ ਦੇਸ਼ ਹਰ ਖੇਤਰ ਵਿਚ ਔਰਤਾਂ ਦਾ ਸਨਮਾਨ ਕੀਤਾ ਜਾਂਦਾ ਹੈ, ਪਰ ਸਾਡੇ ਦੇਸ ਵਿਚ ਧਰਮ ਦੇ ਨਾਂ ਹੇਠ ਚੱਲ ਰਹੇ ਆਸ਼ਰਮਾਂ ਵਿਚ ਸਿਆਸਤਦਾਨਾਂ ਦੀ ਛਤਰ ਛਾਇਆ ਅਧੀਨ ਧੀਆਂ ਔਰਤਾਂ ਦੀ ਹੋ ਰਹੀ ਬੇਪਤੀ, ਨਬਾਲਗ ਲੜਕੀਆਂ ਦੇ ਸਰੀਰਾਂ ਨੂੰ ਨੋਚਿਆ ਜਾਣਾ, ਜ਼ਬਰਦਸਤੀ ਬਲਾਤਕਾਰ, ਸਮੂਹਿਕ ਬਲਾਤਕਾਰ ਆਦਿ ਦੀਆਂ ਜੋ ਘਟਨਾਵਾਂ ਨਿੱਤ ਦਿਨ ਵਾਪਰ ਰਹੀਆਂ ਹਨ, ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਗੁਰੂਆਂ ਪੀਰਾਂ ਦੀ ਸੋਚ ਦੇ ਉਲਟ ਤੇ ਸਭਿਆਚਾਰ ਵਿਰੋਧੀ ਵੀ। ਇਹਨਾਂ ਘਟਨਾਵਾਂ ਨੇ ਦੁਨੀਆ ਪੱਧਰ ਤੇ ਭਾਰਤ ਦਾ ਸਿਰ ਨੀਵਾਂ ਕੀਤਾ ਹੈ, ਪਰ ਨਾ ਆਸ਼ਰਮਾਂ ਵਿਚ ਇਹ ਕੁਕਰਮ ਰੁਕ ਰਹੇ ਹਨ ਅਤੇ ਨਾ ਹੀ ਸਿਆਸੀ ਲੋਕਾਂ ਦੀ ਸਰਪ੍ਰਸਤੀ ਇਹਨਾਂ ਤੋਂ ਦੂਰ ਹੁੰਦੀ ਦਿਖਾਈ ਦਿੰਦੀ ਹੈ, ਜੇਕਰ ਕੋਈ ਆਸ ਉਮੀਦ ਹੈ ਤਾਂ ਉਹ ਕੇਵਲ ਅਦਾਲਤਾਂ ਤੋਂ ਹੀ ਦਿਖਾਈ ਦਿੰਦੀ ਹੈ। ਪਿਛਲੇ ਸਮੇਂ ‘ਚ ਦੇਖਿਆ ਜਾਵੇ ਤਾਂ ਅਦਾਲਤਾਂ ਨੇ ਬਹੁਤ ਸਾਰੇ ਆਸ਼ਰਮਾਂ ਨੂੰ ਬੰਦ ਕਰਵਾਇਆ ਅਤੇ ਉਨ੍ਹਾਂ ਦੇ ਸੰਚਾਲਕਾਂ ਨੂੰ ਸਲਾਖ਼ਾਂ ਪਿੱਛੇ ਵੀ ਪਹੁੰਚਾਇਆ ਹੈ, ਪਰੰਤੂ ਉਨ੍ਹਾਂ ਨੂੰ ਸੁਰੱਖਿਆ ਛਤਰੀ ਮੁਹੱਈਆ ਕਰਨ ਵਾਲੇ ਉਹ ਸਿਆਸਤਦਾਨ ਜਾਂ ਉੱਚ ਸੰਸਥਾਵਾਂ ਦੇ ਆਗੂ ਬਚ ਕੇ ਨਿਕਲਦੇ ਰਹੇ ਹਨ, ਜੋ ਅਪਰਾਧਾਂ ਦੇ ਭਾਗੀਦਾਰ ਸਨ, ਸ਼ਾਇਦ ਇਹੋ ਕਾਰਨ ਹੈ ਕਿ ਅਜਿਹੇ ਕੁਕਰਮਾਂ ਨੂੰ ਠੱਲ੍ਹ ਨਹੀਂ ਪੈ ਰਹੀ।

ਬਾਪੂ ਆਸਾ ਰਾਮ ਨਾਂ ਦੇ ਆਸ਼ਰਮ ਸੰਚਾਲਕ ਪਿਛਲੇ ਸਮੇਂ ਸਿਆਸਤਦਾਨਾਂ ਦੀ ਛਤਰ ਛਾਇਆ ਹੇਠ ਚੰਮ ਦੀਆਂ ਚਲਾਉਂਦਾ ਰਿਹਾ ਹੈ। ਕੇਂਦਰ ਦੇ ਮੰਤਰੀਆਂ, ਸਾਬਕਾ ਮੰਤਰੀਆਂ ਸਮੇਤ ਲਗਭਗ ਹਰ ਪਾਰਟੀ ਦੇ ਆਗੂ ਉਸ ਦੇ ਆਸ਼ਰਮਾਂ ਵਿਚ ਪਹੁੰਚ ਕੇ ਤਲੁਏ ਚੱਟਦੇ ਰਹੇ ਹਨ। ਇਹਨਾਂ ਸਿਆਸਤਦਾਨਾਂ ਦੀ ਸੁਰੱਖਿਆ ਅਧੀਨ ਉਸਨੇ ਆਪਣੇ ਆਸ਼ਰਮਾਂ ਵਿਚ ਨਬਾਲਗ ਬੱਚੀਆਂ ਨਾਲ ਵੀ ਬਲਾਤਕਾਰ ਕੀਤੇ, ਛੇੜਛਾੜ ਤੇ ਧੱਕੇਸ਼ਾਹੀ ਕੀਤੀ ਅਤੇ ਉਸ ਦੇ ਪੁੱਤਰ ਤੇ ਚੇਲਿਆਂ ਨੇ ਵੀ ਕੀਤੀ। ਇੱਕ ਲੜਕੀ ਨੇ ਜ਼ੁਲਮਾਂ ਤੋਂ ਤੰਗ ਹੋ ਕੇ ਜਦ ਆਪ ਬੀਤੀ ਅਦਾਲਤਾਂ ਤੱਕ ਪਹੁੰਚਦੀ ਕੀਤੀ ਤਾਂ ਉਹ, ਉਹਦਾ ਪੁੱਤਰ ਅਤੇ ਉਸਦੀ ਸਹਿਯੋਗੀ ਔਰਤ ਜੋ ਉਸ ਕੋਲ ਕੁੜੀਆਂ ਤਿਆਰ ਕਰ ਕੇ ਪੇਸ਼ ਕਰਿਆ ਕਰਦੀ ਸੀ, ਸਮੇਤ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਸਜ਼ਾ ਭੋਗ ਰਿਹਾ ਹੈ ਤੇ ਉਸਦਾ ਆਸ਼ਰਮ ਬੰਦ ਹੈ।

ਉਸ ਤੋਂ ਬਾਅਦ ਡੇਰਾ ਸੱਚਾ ਸੌਦਾ ਸਿਰਸਾ ਦੀ ਗੁਫ਼ਾ ਵਿਚ ਜੋ ਕੁੱਝ ਹੁੰਦਾ ਰਿਹਾ ਹੈ, ਕਿਸੇ ਤੋਂ ਗੁੱਝਾ ਨਹੀਂ। ਹਨੀਪ੍ਰੀਤ ਵਰਗੀਆਂ ਰਾਮ ਰਹੀਮ ਗੁਰਮੀਤ ਸਿੰਘ ਦੀਆਂ ਚੇਲੀਆਂ ਨਬਾਲਗ ਵਿਦਿਆਰਥਣਾਂ ਨੂੰ ਵਰਗ਼ਲਾ ਕੇ ਗੁਪਤ ਰਸਤੇ ਰਾਹੀਂ ਉਸ ਸ਼ਖ਼ਸ ਕੋਲ ਪੇਸ਼ ਕਰਦੀਆਂ, ਜਿਸਨੂੰ ਉਹ ਆਪਣਾ ਰਹਿਬਰ ਗੁਰੂ ਮੰਨਦੀਆਂ ਸਨ। ਗੁਫ਼ਾ ‘ਚ ਬੱਚੀਆਂ ਨਾਲ ਬਲਾਤਕਾਰ ਹੁੰਦਾ, ਉਨ੍ਹਾਂ ਦਾ ਸਰੀਰ ਨੋਚਿਆ ਜਾਂਦਾ, ਬੱਚੀਆਂ ਹਾਲ ਦੁਹਾਈ ਪਾਉਂਦੀਆਂ, ਪਰ ਉਨ੍ਹਾਂ ਬੱਚੀਆਂ ਦੀਆਂ ਚੀਕਾਂ ਗੁਫ਼ਾ ਦੀਆਂ ਕੰਧਾਂ ਵਿਚ ਹੀ ਗੁੰਮ ਹੋ ਜਾਂਦੀਆਂ ਅਤੇ ਜਦ ਅਜਿਹੀ ਬੱਚੀ ਆਪਣਾ ਸਭ ਕੁੱਝ ਲੁਟਾ ਕੇ ਆਪਣੇ ਹੋਸਟਲ ਵਿਚ ਪਹੁੰਚਦੀ ਤਾਂ ਉਸਨੂੰ ਸੰਭਾਲਦੀਆਂ ਪ੍ਰਬੰਧਕ ਔਰਤਾਂ ਤੇ ਉਸਦੀਆਂ ਹਮਜਮਾਤਣਾਂ ਕਹਿੰਦੀਆਂ ਕਿ ਮੁਆਫ਼ੀ ਮਿਲ ਗਈ ਹੈ। ਅਜਿਹੀਆਂ ਨਿਰਦੋਸ਼ ਬੱਚੀਆਂ ਨਾਲ ਬਲਾਤਕਾਰ ਹੁੰਦੇ ਰਹੇ, ਪਰ ਉਨ੍ਹਾਂ ਦੇ ਮਾਪੇ ਵੀ ਧਰਮ ਦੀ ਆੜ ਵਿਚ ਹੁੰਦੇ ਕੁਕਰਮ ਨੂੰ ਮੰਨਣ ਤੋਂ ਇਨਕਾਰੀ ਹੁੰਦੇ। ਧੰਨ ਹੈ ਉਹ ਮਾਂ ਦੀ ਧੀ, ਜਿਸਨੇ ਇਸ ਸਭ ਕੁੱਝ ਅਦਾਲਤਾਂ ਵਿਚ ਪਹੁੰਚਾਇਆ ਅਤੇ ਅੱਜ ਰਾਮ ਰਹੀਮ ਗੁਰਮੀਤ ਸਿੰਘ ਦੀ ਜੇਲ੍ਹ ਦੀ ਦਾਲ ਪੀ ਰਿਹਾ ਹੈ।

ਹਰਿਆਣਾ ਦੇ ਸ਼ਹਿਰ ਰੋਹਤਕ ਵਿਖੇ ਵੀ ਇੱਕ ਆਸ਼ਰਮ ‘ਅਪਨਾ ਘਰ’ ਦੇ ਨਾਂ ਹੇਠ ਚਲਦਾ ਸੀ, ਜਿਸ ਦੀ ਸੰਚਾਲਕਾ ਜਸਵੰਤ ਦੇਵੀ ਸੀ। ਇਹ ਆਸ਼ਰਮ ਭਾਰਤ ਵਿਕਾਸ ਸੰਘ ਨਾਂ ਦੀ ਇੱਕ ਐੱਨ ਜੀ ਓ ਵੱਲੋਂ ਚਲਾਇਆ ਜਾਂਦਾ ਸੀ। ਇਸ ਆਸ਼ਰਮ ਵਿਚ ਲੜਕੀਆਂ ਨਾਲ ਬਲਾਤਕਾਰ ਤੇ ਧੱਕੇਸ਼ਾਹੀ ਹੋਣ ਦੀ ਗੱਲ ਬਾਹਰ ਆਈ ਤਾਂ ਰਾਸ਼ਟਰੀ ਬਾਲ ਸੁਰੱਖਿਆ ਆਯੋਗ ਦੀ ਟੀਮ ਨੇ ਛਾਪਾ ਮਾਰ ਕੇ 103 ਲੜਕੀਆਂ ਬਰਾਮਦ ਕਰਵਾਈਆਂ, ਜਿਨ੍ਹਾਂ ਚੋਂ 12 ਲੜਕੀਆਂ ਨੇ ਬਿਆਨ ਦਿੱਤੇ ਕਿ ਉਨ੍ਹਾਂ ਤੋਂ ਜ਼ਬਰਦਸਤੀ ਗ਼ਲਤ ਕੰਮ ਕਰਵਾਏ ਜਾਂਦੇ ਸਨ। ਆਸ਼ਰਮ ਵਿਚ ਬਲਾਤਕਾਰ, ਸਮੂਹਿਕ ਬਲਾਤਕਾਰ, ਗਰਭਪਾਤ ਆਦਿ ਕੀਤੇ ਜਾਂਦੇ ਸਨ। ਇਸ ਮਾਮਲੇ ਵਿਚ ਵੀ ਅਦਾਲਤ ਵੱਲੋਂ 9 ਜਣਿਆਂ ਨੂੰ ਸਜਾ ਸੁਣਾਈ ਗਈ ਹੈ, ਜਿਨ੍ਹਾਂ ਵਿਚ ਸੰਚਾਲਕਾ ਜਸਵੰਤ ਦੇਵੀ, ਉਸਦੀ ਪੁੱਤਰੀ ਸਿੰਮੀ, ਜਵਾਈ, ਭਰਾ ਆਦਿ ਸ਼ਾਮਲ ਹਨ।

ਅਜਿਹਾ ਹੀ ਇੱਕ ਆਸ਼ਰਮ ਮੁਜੱਫਰਪੁਰ ਵਿਖੇ ਚਲਦਾ ਸੀ, ਜਿਸ ਵਿਚ ਵਾਪਰਿਆ ਬਾਲੜੀ ਬਲਾਤਕਾਰ ਕਾਂਡ ਚਰਚਾ ਵਿਚ ਆਇਆ ਸੀ। ਨਿਆਸਰੀਆਂ ਬੱਚੀਆਂ ਲਈ ‘ਸੇਵਾ ਸੰਕਲਪ ਏਵਮ ਵਿਕਾਸ ਕਮੇਟੀ’ ਦੇ ਨਾਂ ਹੇਠ ਇੱਕ ਐਨ ਜੀ ਓ ਵੱਲੋਂ ਇਹ ਬਾਲਿਕਾ ਗ੍ਰਹਿ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਦੇ ਇੱਕ ਅਤਿ ਨਜ਼ਦੀਕੀ ਵਿਅਕਤੀ ਬ੍ਰਜੇਸ਼ ਠਾਕੁਰ ਵੱਲੋਂ ਚਲਾਇਆ ਜਾਂਦਾ ਸੀ। ਮੁੰਬਈ ਦੀ ਇੱਕ ਸੰਸਥਾ ‘ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼’ ਦੀ ਇੱਕ ਟੀਮ ‘ਕੋਸ਼ਿਸ਼’ ਨੇ ਜਦ ਸਮਾਜ ਲੇਖਾ ਰਿਪੋਰਟ ਤਿਆਰ ਕਰਦਿਆਂ ਇਸ ਸੰਸਥਾ ਦਾ ਦੌਰਾ ਕੀਤਾ ਤਾਂ ਉੱਥੇ ਹਾਜ਼ਰ ਕੁੱਝ ਬੱਚੀਆਂ ਨੇ ਆਪਣੇ ਨਾਲ ਜਿਨਸੀ ਸ਼ੋਸ਼ਣ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਸਥਾ ਵਿਚ ਨਿਆਸਰੀਆਂ ਬੱਚੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਰੱਖਿਆ ਜਾਂਦਾ ਹੈ, ਉਨ੍ਹਾਂ ਨੂੰ ਨਸ਼ੀਲੀਆਂ ਦਵਾਈਆਂ ਖੁਆ ਕੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਇਸ ਰਿਪੋਰਟ ਦੇ ਆਧਾਰ ਤੇ ਜਦ ਸਿਆਸਤਦਾਨਾਂ ਦੀ ਛਤਰ ਛਾਇਆ ‘ਚ ਸੰਸਥਾ ਚਲਾਉਣ ਵਾਲੇ ਬ੍ਰਜੇਸ਼ ਠਾਕੁਰ ਦੇ ਇੱਕ ਹੋਰ ਆਸ਼ਰਮ ਦੀ ਪੜਤਾਲ ਕੀਤੀ ਤਾਂ ਉੱਥੋਂ ਗਿਆਰਾਂ ਲੜਕੀਆਂ ਦੇ ਲਾਪਤਾ ਹੋ ਜਾਣ ਦੀ ਗੱਲ ਸਾਹਮਣੇ ਆ ਗਈ। ਇਹ ਮਾਮਲਾ ਭਾਵੇਂ ਔਰਤਾਂ ਵਿਰੁੱਧ ਹੋ ਰਹੇ ਜ਼ੁਲਮਾਂ ਨੂੰ ਉਜਾਗਰ ਕਰਨ ਵਾਲਾ ਸੀ ਪਰ ਸਿਆਸਤਦਾਨਾਂ ਦੀ ਅਪਰਾਧੀਆਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਛਤਰੀ ਕਾਰਨ ਪੁਲਿਸ ਕਾਰਵਾਈ ਕਰਨ ਤੋਂ ਟਾਲ਼ਾ ਵਟਦੀ ਰਹੀ, ਦੇਸ ਵਿਚ ਵੱਡੀ ਪੱਧਰ ਤੇ ਰੌਲਾ ਪੈਣ ਉਪਰੰਤ ਜਦ ਗੱਲ ਵੱਸ ਤੋਂ ਬਾਹਰ ਹੋ ਗਈ ਤਾਂ ਕਰੀਬ ਕਰੀਬ ਪੌਣੇ ਦੋ ਮਹੀਨੇ ਬਾਅਦ ਪੁਲਿਸ ਨੇ ਐਫ਼ ਆਈ ਆਰ ਦਰਜ਼ ਕੀਤੀ।

‘ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼’ ਨੇ ਇਸ ਅਤਿ ਘਿਣਾਉਣੀ ਤੇ ਦਿਲ ਕੰਬਾਊ ਘਟਨਾ ਬਾਰੇ ਸਰਕਾਰ ਨੂੰ ਆਪਣੀ ਰਿਪੋਰਟ ਭੇਜ ਦਿੱਤੀ, ਪਰ ਇਸ ਤੋਂ ਕਰੀਬ ਇੱਕ ਮਹੀਨਾ ਬਾਅਦ ਸਰਕਾਰੀ ਪੜਤਾਲ ਸ਼ੁਰੂ ਕੀਤੀ ਗਈ। ਇਸ ਪੜਤਾਲ ਨੇ ਸਮੁੱਚੇ ਦੇਸ਼ ਵਾਸੀਆਂ ਦੇ ਦਿਲ ਹਲੂਣ ਦਿੱਤੇ, ਜਿਸ ਵਿਚ ਜੱਗ ਜ਼ਾਹਿਰ ਹੋਇਆ ਕਿ ਇਸ ਆਸ਼ਰਮ ਵਿਚ ਰਹਿੰਦੀਆਂ 42 ਬੱਚੀਆਂ ਚੋਂ 34 ਨਾਲ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਬਲਾਤਕਾਰ ਹੋਇਆ ਤੇ ਹੋਰ ਅਣਮਨੁੱਖੀ ਤਸੀਹੇ ਦਿੱਤੇ ਗਏ ਹਨ। ਮਾਮਲਾ ਸਾਹਮਣੇ ਆਉਣ ਤੋਂ ਕਈ ਮਹੀਨੇ ਬਾਅਦ ਸਰਕਾਰੀ ਜਾਂਚ ਪੂਰੀ ਹੋਣ ਅਤੇ ਫਿਰ ਕਈ ਮਹੀਨੇ ਬਾਅਦ ਆਸ਼ਰਮ ਦੇ ਮੁਖੀ ਬ੍ਰਜੇਸ਼ ਠਾਕੁਰ ਤੇ ਮੁਕੱਦਮਾ ਦਰਜ ਕਰਨ ਉਪਰੰਤ ਜਦ ਉਸ ਦੇ ਅਜਿਹੇ ਇੱਕ ਹੋਰ ਆਸ਼ਰਮ ਤੇ ਛਾਪਾ ਮਾਰਿਆ ਗਿਆ ਤਾਂ ਉੱਥੋਂ ਵੀ 11 ਔਰਤਾਂ ਤੇ 4 ਬੱਚੇ ਲਾਪਤਾ ਪਾਏ ਗਏ। ਜਦ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਦਿੱਤੀ ਸੂਚਨਾ ਦੇ ਆਧਾਰ ਤੇ ਸਰਕਾਰ ਵੱਲੋਂ ਗਠਿਤ ਕੀਤੀ ਜਾਂਚ ਟੀਮ ਇਸ ਆਸ਼ਰਮ ਵਿਚ ਪਹੁੰਚੀ ਤਾਂ ਇਸ ਆਸ਼ਰਮ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਉੱਥੇ ਰਹਿੰਦੀਆਂ ਸਾਰੀਆਂ ਔਰਤਾਂ ਅਤੇ ਬੱਚੇ ਲਾਪਤਾ ਹੋ ਚੁੱਕੇ ਸਨ।

ਜੇਕਰ ਇਸ ਅਪਰਾਧੀ ਦੀ ਕਾਰਜਸ਼ੈਲੀ ਤੇ ਨਿਗਾਹ ਮਾਰੀ ਜਾਵੇ ਤਾਂ ਅਜਿਹੇ ਮਾਮਲਿਆਂ ਦੀ ਅਸਲ ਤਸਵੀਰ ਉੱਘੜ ਕੇ ਸਾਹਮਣੇ ਆ ਜਾਂਦੀ ਹੈ। ਇਹ ਕਥਿਤ ਦੋਸ਼ੀ ਬ੍ਰਜੇਸ਼ ਠਾਕੁਰ ਜਿੱਥੇ ਮੁੱਖ ਮੰਤਰੀ ਦਾ ਅਤਿ ਨਜ਼ਦੀਕੀ ਸੀ, ਉੱਥੇ ਉਹ ਸਿਆਸੀ ਪਾਰਟੀਆਂ ਨੂੰ ਵੱਡੇ ਫ਼ੰਡ ਵੀ ਅਦਾ ਕਰਦਾ ਰਹਿੰਦਾ ਸੀ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਪੈਸੇ ਦੇ ਜ਼ੋਰ ਨਾਲ ਉਸਨੇ ਅਜਿਹਾ ਮੇਲ ਬਿਠਾ ਲਿਆ ਸੀ, ਕਿ ਉਸ ਵੱਲ ਝਾਕਣਾ ਵੀ ਕਿਸੇ ਅਧਿਕਾਰੀ ਦੀ ਪਹੁੰਚ ਵਿਚ ਨਹੀਂ ਸੀ। ਮੀਡੀਆ ਦੀ ਨਜ਼ਰ ਤੋਂ ਬਚਣ ਲਈ ਹੀ ਨਹੀਂ ਸਗੋਂ ਉਸ ਤੇ ਆਪਣਾ ਦਬਦਬਾ ਕਾਇਮ ਰੱਖਣ ਲਈ ਉਸਨੇ ਵੱਖ ਵੱਖ ਭਾਸ਼ਾਵਾਂ ਵਿਚ ਤਿੰਨ ਅਖ਼ਬਾਰ ਹਿੰਦੀ ਦਾ ‘ਪ੍ਰਾਂਤ ਕਮਲ’ ਉਰਦੂ ਦਾ ‘ਹਾਲਾਤ ਇ ਬਿਹਾਰ’ ਅਤੇ ਅੰਗਰੇਜ਼ੀ ਦਾ ‘ਨਿਊਜ਼ ਨੈਕਸਟ’ ਚਲਾ ਰੱਖੇ ਸਨ, ਜਿਨ੍ਹਾਂ ਦਾ ਦਫ਼ਤਰ ਉਸੇ ਆਸ਼ਰਮ ਵਿਚ ਸੀ, ਜਿੱਥੇ ਇਹ ਕੁਕਰਮ ਹੁੰਦੇ ਸਨ। ਸਰਕਾਰ ਵਿਚ ਉਸਦਾ ਜ਼ੋਰ ਇਸ ਕਦਰ ਸੀ, ਕਿ ਉਸ ਦੇ ਅਖ਼ਬਾਰਾਂ ਨੂੰ ਸਰਕਾਰ ਵੱਲੋਂ ਲਗਾਤਾਰ ਇਸ਼ਤਿਹਾਰ ਮਿਲਦੇ ਸਨ ਅਤੇ ਉਸ ਦੇ ਪੱਤਰਕਾਰਾਂ ਨੂੰ ਐਕਰੀਡੇਸ਼ਨ ਮਿਲੀ ਹੋਈ ਸੀ। ਇੱਥੇ ਹੀ ਬੱਸ ਨਹੀਂ ਜਦ ਦੇਸ ਭਰ ਵਿਚ ਬ੍ਰਜੇਸ਼ ਦੇ ਆਸ਼ਰਮਾਂ ਦੀ ਚਰਚਾ ਛਿੜ ਗਈ ਤਾਂ ਇਹ ਬੰਦ ਤਾਂ ਕਰ ਦਿੱਤੇ, ਪਰ ਉਨ੍ਹਾਂ ਦੀ ਥਾਂ ਭਿਖਾਰੀਆਂ ਲਈ ਆਸ਼ਰਮ ਖੋਲ੍ਹ ਦਿੱਤੇ ਜਿਸਨੂੰ ਬਕਾਇਦਾ ਸਰਕਾਰੀ ਫ਼ੰਡ ਮਿਲਦਾ ਰਿਹਾ।

ਜਦੋਂ ਅਦਾਲਤੀ ਕਾਰਵਾਈ ਸਦਕਾ ਆਸ਼ਰਮ ਸੰਚਾਲਕ ਦੇ ਸਾਰੇ ਵਸੀਲੇ ਬੇਮਾਅਨਾ ਹੋ ਗਏ ਤਾਂ ਪੁਲਿਸ ਨੇ ਛਾਪਾ ਮਾਰ ਕੇ ਆਸ਼ਰਮ ਚੋਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਜੋ ਬਲਾਤਕਾਰ ਤੋਂ ਪਹਿਲਾਂ ਬੱਚੀਆਂ ਨੂੰ ਦਿੱਤੀਆਂ ਜਾਂਦੀਆਂ ਸਨ। ਪੀੜਿਤ ਬੱਚੀਆਂ ਬਰਾਮਦ ਕੀਤੀਆਂ ਜੋ ਬੇਹੱਦ ਡਰੀਆਂ ਹੋਈਆਂ ਸਨ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਸ਼ਾ ਦੇ ਦਿੱਤਾ ਜਾਂਦਾ ਸੀ, ਪਰ ਜਦ ਉਹ ਨਸ਼ਾ ਉੱਤਰ ਜਾਣ ਤੇ ਸੁਰਤ ਵਿਚ ਆਉਂਦੀਆਂ ਤਾਂ ਉਨ੍ਹਾਂ ਦੇ ਅਥਾਹ ਦਰਦ ਹੁੰਦਾ ਸੀ। ਕਈ ਵਾਰ ਤਾਂ ਉਨ੍ਹਾਂ ਨੂੰ ਆਸ਼ਰਮ ਤੋਂ ਬਾਹਰ ਵੀ ਭੇਜਿਆ ਜਾਂਦਾ ਸੀ ਤੇ ਸਰੀਰਕ ਤੌਰ ਤੇ ਲੁੱਟੀਆਂ ਪੁੱਟੀਆਂ ਨੂੰ ਦੂਜੇ ਦਿਨ ਵਾਪਸ ਲਿਆਂਦਾ ਜਾਂਦਾ ਸੀ। ਸ਼ਰਮਨਾਕ ਗੱਲ ਇਹ ਵੀ ਹੈ ਕਿ ਬੱਚੀਆਂ ਨਾਲ ਵਹਿਸ਼ੀ ਦਰਿੰਦਗੀ ਕਾਰਵਾਈ ਕਰਨ ਵਾਲਾ ਇੱਕ ਸ਼ਖ਼ਸ ਸੰਦਰੇਸ਼ ਵਰਮਾ ਉਥੋਂ ਦੀ ਸਮਾਜ ਕਲਿਆਣ ਮੰਤਰੀ ਮੰਜੂ ਵਰਮਾ ਦਾ ਪਤੀ ਹੈ।

ਇਸ ਤੋਂ ਬਾਅਦ ਇੱਕ ਹੋਰ ਆਸ਼ਰਮ ‘ਮਾਂ ਵਿੰਧਿਆਵਾਸਿਨੀ ਮਹਿਲਾ ਏਵੰਮ ਬਾਲਿਕਾ ਸਰਕਸ਼ਣ ਗ੍ਰਹਿ’ ਚਰਚਾ ਵਿਚ ਆਇਆ, ਜੋ ਉੱਤਰ ਪ੍ਰਦੇਸ ਦੇ ਸ਼ਹਿਰ ਦੇਵਰੀਆ ਵਿਚ ਸਥਿਤ ਸੀ। ਇਸ ਆਸ਼ਰਮ ਵਿਚ ਸ਼ਰ੍ਹੇਆਮ ਦੇਹ ਵਪਾਰ ਚਲਦਾ ਸੀ, ਉੱਥੇ ਰਹਿੰਦੀਆਂ ਲੜਕੀਆਂ ਔਰਤਾਂ ਨਾਲ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਜਿਨਸੀ ਸਬੰਧ ਬਣਾਏ ਜਾਂਦੇ ਸਨ। ਇਹ ਗੱਲ ਵੀ ਉਦੋਂ ਪਰਤੱਖ ਹੋਈ ਜਦ ਇੱਕ ਦਸ ਸਾਲ ਦੀ ਬਹਾਦਰ ਲੜਕੀ ਆਸ਼ਰਮ ਜੋ ਬਾਹਰ ਨਿਕਲਣ ਵਿਚ ਸਫ਼ਲ ਹੋ ਗਈ ਅਤੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ। ਜਦ ਪੁਲਿਸ ਨੇ ਇਸ ਆਸ਼ਰਮ ਤੇ ਛਾਪਾ ਮਾਰਿਆ ਤਾਂ ਉੱਥੇ 42 ਲੜਕੀਆਂ ਚੋਂ 18 ਲੜਕੀਆਂ ਗ਼ਾਇਬ ਪਾਈਆਂ ਗਈਆਂ। ਉੱਥੋਂ ਬਰਾਮਦ ਲੜਕੀਆਂ ਨੇ ਦੱਸਿਆ ਕਿ ਆਸ਼ਰਮ ਵਿਚ ਕਾਰਾਂ ‘ਚ ਵੱਡੇ ਲੋਕ ਆਉਂਦੇ ਅਤੇ ਮੈਡਮ ਸਮੇਤ ਲੜਕੀਆਂ ਨੂੰ ਲੈ ਜਾਂਦੇ ਸਨ, ਜੋ ਦੇਰ ਰਾਤ ਰੋਂਦੀਆਂ ਕੁਰਲਾਉਂਦੀਆਂ ਵਾਪਸ ਆਉਂਦੀਆਂ ਸਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਆਸ਼ਰਮ ਦੀ ਸੰਚਾਲਕਾ ਗਿਰਿਜਾ ਤ੍ਰਿਪਾਠੀ ਆਰੀਆ ਪ੍ਰਤੀਨਿਧੀ ਸਭਾ ਦੀ ਅਹੁਦੇਦਾਰ ਸੀ। ਸਰਕਾਰੇ ਦਰਬਾਰੇ ਉਸਦਾ ਏਨਾ ਜ਼ੋਰ ਸੀ ਕਿ ਉਸਨੂੰ ਹਰ ਸਾਲ ਸਰਕਾਰੀ ਸਨਮਾਨ ਦਿੱਤਾ ਜਾਂਦਾ ਸੀ। ਬਹੁਤ ਰੌਲਾ ਪੈਣ ਤੇ ਜਦ ਆਸ਼ਰਮ ਦੀ ਮਾਨਤਾ ਰੱਦ ਕਰ ਦਿੱਤੀ ਗਈ ਤਾਂ ਇਸ ਸੰਚਾਲਕਾ ਨੇ ਆਪਣੇ ਜ਼ੋਰ ਨਾਲ ਹਾਈਕੋਰਟ ਤੋਂ ਸਟੇਅ ਹਾਸਲ ਕਰ ਲਿਆ ਅਤੇ ਆਸ਼ਰਮ ਚਲਾਉਂਦੀ ਰਹੀ ਅਤੇ ਪੁਲਿਸ ਵੱਲੋਂ ਉਸ ਆਸ਼ਰਮ ‘ਚ ਲੜਕੀਆਂ ਭੇਜੀਆਂ ਜਾਂਦੀਆਂ ਰਹੀਆਂ। ਅਦਾਲਤੀ ਦਖ਼ਲ ਅੰਦਾਜ਼ੀ ਅਤੇ ਲੋਕਾਂ ਵੱਲੋਂ ਆਸ਼ਰਮ ਵਿਰੁੱਧ ਉਠਾਈ ਆਵਾਜ਼ ਸਦਕਾ ਸੰਚਾਲਕਾ ਗਿਰਿਜਾ ਤ੍ਰਿਪਾਠੀ, ਉਸਦਾ ਪਤੀ ਮੋਹਨ ਤ੍ਰਿਪਾਠੀ, ਧੀ ਕੰਚਨ ਤ੍ਰਿਪਾਠੀ ਸਲਾਖ਼ਾਂ ਪਿੱਛੇ ਤੁੰਨੇ ਗਏ।

ਅਜਿਹੇ ਆਸ਼ਰਮਾਂ ਵਿਚੋਂ ਲਾਪਤਾ ਹੋਈਆਂ ਬੱਚੀਆਂ ਅੱਤਿਆਚਾਰ ਦੌਰਾਨ ਜਾਨ ਤੋਂ ਹੱਥ ਧੋ ਬੈਠੀਆਂ? ਉਨ੍ਹਾਂ ਨੂੰ ਕਿਸੇ ਡਰੋਂ ਮਾਰ ਮੁਕਾ ਦਿੱਤਾ ਗਿਆ ਜਾਂ ਉਨ੍ਹਾਂ ਨੂੰ ਕਿਤੇ ਵੇਚ ਦਿੱਤਾ ਗਿਆ? ਇਹ ਵੀ ਪੜਤਾਲ ਕਰਨ ਯੋਗ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਜਿਨ੍ਹਾਂ ਆਸ਼ਰਮਾਂ ਵਿਚ ਬਲਾਤਕਾਰ ਵਰਗੀਆਂ ਘਿਣਾਉਣੀਆਂ ਅਪਰਾਧਿਕ ਘਟਨਾਵਾਂ ਹੁੰਦੀਆਂ ਰਹੀਆਂ, ਉਨ੍ਹਾਂ ਵਿਚ ਇਹਨਾਂ ਆਸ਼ਰਮਾਂ ਦੇ ਸੰਚਾਲਕਾਂ ਨਾਲ ਉਨ੍ਹਾਂ ਦੇ ਪੁੱਤਰ, ਧੀਆਂ, ਜਵਾਈ, ਭਰਾ ਤੇ ਰਿਸ਼ਤੇਦਾਰ ਵੀ ਸਹਿਯੋਗੀ ਹੁੰਦੇ, ਭਾਵ ਸ਼ਰਮ-ਹਯਾ ਤਾਂ ਨੇੜੇ ਤੇੜੇ ਵੀ ਦਿਖਾਈ ਨਹੀਂ ਸੀ ਦਿੰਦੀ। ਇਹ ਵੀ ਇੱਕ ਸਚਾਈ ਹੈ ਕਿ ਜਦੋਂ ਵੀ ਧਰਮ ਦੇ ਨਾਂ ਹੇਠ ਹੋ ਰਹੇ ਇਹਨਾਂ ਕੁਕਰਮਾਂ ਬਾਰੇ ਗੱਲ ਸਾਹਮਣੇ ਆਉਂਦੀ ਤਾਂ ਸਿਆਸਤਦਾਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਸ਼ਰਮਾਂ ਵਿਚ ਹੋ ਰਹੇ ਘਿਣਾਉਣੇ ਅਪਰਾਧਾਂ ਨੂੰ ਦਬਾਅ ਦੇਣ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਹੀ ਯਤਨਸ਼ੀਲ ਰਹਿੰਦੇ। ਅਦਾਲਤਾਂ ਨੇ ਕਾਫ਼ੀ ਹੱਦ ਤੱਕ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਰਦੇ-ਫਾਸ਼ ਵੀ ਕੀਤੇ ਅਤੇ ਅਪਰਾਧੀਆਂ ਨੂੰ ਜੇਲ੍ਹਾਂ ਵਿਚ ਵੀ ਤੁੰਨਿਆ ਹੈ, ਪਰ ਇਹਨਾਂ ਕੁੱਝ ਆਸ਼ਰਮਾਂ ਵਿਰੁੱਧ ਕਾਰਵਾਈਆਂ ਹੋਣ ਨਾਲ ਦੇਸ ਵਿਚਲੇ ਸਮੁੱਚੇ ਆਸ਼ਰਮਾਂ ਨੂੰ ਸ਼ੁੱਧਤਾ ਦਾ ਸਰਟੀਫਿਕੇਟ ਨਹੀਂ ਦਿੱਤਾ ਜਾ ਸਕਦਾ। ਲੋੜ ਹੈ ਦੇਸ਼ ਵਿਚ ਚੱਲਦੇ ਸਾਰੇ ਆਸ਼ਰਮਾਂ ਦੀ ਪੜਤਾਲ ਕਰਵਾਈ ਜਾਵੇ ਅਤੇ ਸਮੇਂ ਸਮੇਂ ਉਨ੍ਹਾਂ ਸਬੰਧੀ ਰਿਪੋਰਟਾਂ ਲੈਣ ਲਈ ਬਦਲ ਬਦਲ ਕੇ ਅਧਿਕਾਰੀਆਂ ਨੂੰ ਪੜਤਾਲ ਸੌਂਪੀ ਜਾਵੇ, ਤਾਂ ਜੋ ਔਰਤਾਂ ਧੀਆਂ ਨਾਲ ਵਾਪਰਦੀਆਂ ਅਜਿਹੀਆਂ ਘਿਣਾਉਣੀਆਂ ਕਾਰਵਾਈਆਂ ਨੂੰ ਠੱਲ੍ਹ ਪਾਈ ਜਾ ਸਕੇ।

(ਬਲਵਿੰਦਰ ਸਿੰਘ ਭੁੱਲਰ)
+91 98882-75913