08gsc fdk
(ਉਲੰਘਣਾਕਾਰੀਆਂ ਨੂੰ ਜ਼ੁਰਮਾਨਾ ਕਰਦੀ ਟੀਮ)

ਫਰੀਦਕੋਟ 8 ਨਵੰਬਰ — ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਕਮ ਚੇਅਰਮੈਨ, ਜਿਲ੍ਹਾ ਤੰਬਾਕੂ ਕੰਟਰੋਲ ਕਮੇਟੀ ਫਰੀਦਕੋਟ ਅਤੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਪੁਸ਼ਪਿੰਦਰ ਸਿੰਘ ਕੂਕਾ, ਜਿਲ੍ਹਾ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਫਰੀਦਕੋਟ ਦੀ ਅਗਵਾਈ ਵਿੱਚ ਫਰੀਦਕੋਟ ਸ਼ਹਿਰ ਦੇ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ, ਢਾਬਿਆਂ, ਸਕੂਲ/ਕਾਲਜ ਕੰਟੀਨਾਂ, ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਉਲੰਘਣਾਵਾਂ ਕਰਨ ਵਾਲਿਆਂ ਨੂੰ ਜ਼ੁਰਮਾਨੇ ਕੀਤੇ ਗਏ। ਡਾ. ਕੂਕਾ ਨੇ ਦੱਸਿਆ ਕਿ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਵਿੱਚ ਤੰਬਾਕੂਨੋਸ਼ੀ ਰਹਿਤ ਖੇਤਰ ਦੇ ਬੋਰਡ ਦੀ ਅਣਹੋਂਦ ਅਤੇ ਕਮਰਿਆਂ ਵਿੱਚ ਐਸ਼-ਟਰੇ ਦਾ ਹੋਣਾ, ਸਿਗਰਟ ਅਤੇ ਹੋਰ ਤੰਬਾਕੂ ਪਦਾਰਥ ਐਕਟ (ਕੋਟਪਾ) 2003 ਦੀ ਧਾਰਾ 4 ਦੀ ਉਲੰਘਣਾ ਹੈ ਅਤੇ ਇਸ ਉਲੰਘਣਾ ਕਰਕੇ ਮੌਕੇ ‘ਤੇ ਜ਼ੁਰਮਾਨਾ ਜਾਂ ਕੋਰਟ ਚਲਾਨ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਧਾਰਾ-6 ਤਹਿਤ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ, ਖੋਖਿਆਂ ਆਦਿ ਵੱਲੋਂ ਨਬਾਲਗਾਂ ਨੂੰ ਤੰਬਾਕੂ ਨਾ ਵੇਚਣ ਸਬੰਧੀ ਬੋਰਡ ਲਗਾਉਣਾ ਲਾਜ਼ਮੀ ਹੈ ਅਤੇ ਧਾਰਾ -7 ਤਹਿਤ ਖੁੱਲ੍ਹੀ ਸਿਗਰਟ ਜਾਂ ਬੀੜੀ ਵੇਚਣੀ ਗੈਰ-ਕਾਨੂੰਨੀ ਹੈ। ਤੰਬਾਕੂ ਕੰਟਰੋਲ ਸੈੱਲ ਦੇ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਇਸ ਕਾਨੂੰਨ ਦਾ ਮਕਸਦ ਉਹਨਾਂ ਲੋਕਾਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣਾ ਹੈ ਜੋ ਕਿ ਤੰਬਾਕੂ ਦੀ ਵਰਤੋਂ ਨਹੀਂ ਕਰਦੇ ਅਤੇ ਤੰਬਾਕੂ ਵਰਤਣ ਵਾਲਿਆਂ ਦੇ ਧੂੰਏਂ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ।ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਅਤੇ ਦੁਕਾਨਾਂ ਆਦਿ ਦੁਆਰਾ ਕੋਟਪਾ 2003 ਦੀ ਉਲੰਘਣਾ ਕਰਨ ‘ਤੇ ਉਹਨਾਂ ਦੇ ਫੂਡ ਸੇਫਟੀ ਕਾਨੂੰਨ ਤਹਿਤ ਬਣੇ ਲਾਇਸੰਸ ਰੱਦ ਕੀਤੇ ਜਾ ਸਕਦੇ ਹਨ। ਉਹਨਾਂ ਸ਼ਹਿਰ ਨਿਵਾਸੀਆਂ ਅਤੇ ਦੁਕਾਨਦਾਰਾਂ ਨੂੰ ਕੋਟਪਾ ਦੀਆਂ ਧਾਰਾਵਾਂ ਦੀ ਪਾਲਣਾ ਕਰਨ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।ਉਹਨਾਂ ਦੱਸਿਆ ਕਿ ਅੱਜ ਟੀਮ ਵੱਲੋਂ 9 ਉਲੰਘਣਾਕਾਰੀਆਂ ਨੂੰ ਮੌਕੇ ‘ਤੇ ਜ਼ੁਰਮਾਨੇ ਕੀਤੇ ਗਏ। ਅੱਜ ਦੀ ਟੀਮ ਵਿੱਚ ਹਰਭਜਨ ਸਿੰਘ, ਕ੍ਰਿਸ਼ਨ ਸਿੰਘ ਅਤੇ ਪੁਲਿਸ ਵਿਭਾਗ ਵੱਲੋਂ ਜਸਵਿੰਦਰ ਸਿੰਘ ਅਤੇ ਰਜਿੰਦਰ ਸਿੰਘ ਸ਼ਾਮਲ ਸਨ।