• ਚੰਗੇ ਸਰੋਤੇ ਬਣਨਾ ਵੀ ਸਮੇਂ ਦੀ ਮੰਗ

FullSizeRender (2)

(ਬ੍ਰਿਸਬੇਨ, 2 ਨਵੰਬਰ) – ਪੰਜਾਬੀ ਗਾਇਕੀ ਦੇ ਪਿੱੜ ‘ਚ ਪਿੱਛਲੇ ਕੁੱਝ ਸਮੇਂ ਤੋਂ ਇੱਕ ਬੁਲੰਦ ਆਵਾਜ਼ ਆਪਣੀ ਨਵੇਕਲੀ ਗਾਇਕੀ ਨਾਲ ਧੱਕ ਪਾਉਂਦੀ ਦਿੱਖ ਰਹੀ ਹੈ। ਪਿੰਡ ਸਖੀਰਾ, ਜ਼ਿਲ੍ਹਾ ਤਰਨਤਾਰਨ, ਪੰਜਾਬ ਦਾ ਨੌਜ਼ਵਾਨ ਗੱਭਰੂ ਜਿਸਨੇ ਗਾਇਕੀ ਦਾ ਆਗਾਜ਼ ਗੀਤ ‘ਬਾਪੂ ਤੇਰੇ ਕਰਕੇ ਮੈਂ ਪੈਰਾਂ ‘ਤੇ ਖਲੋ ਗਿਆ’ ਅਤੇ ਫਿਰ ‘ਫ਼ਾਰਮਰ ਬੰਦੇ’ ਗੀਤ ਨਾਲ ਮਕਬੂਲੀਅਤ ਤੋਂ ਬਾਅਦ ਹੁਣ ਨਵੇਂ ਗੀਤ ‘ਸੋਹਣੇ ਹੱਦੋਂ ਵੱਧ’ ਨਾਲ ਗਾਇਕ ਰੱਬੀ ਪੰਨੂ ਨੇ ਪੰਜਾਬੀ ਸੰਗੀਤਕ ਜਗਤ ‘ਚ ਚਰਚਾ ਠਾਲ ਦਿੱਤੀ ਹੈ। ਗੀਤ ਦੇ ਬੋਲ, ਸੰਗੀਤ ਅਤੇ ਫ਼ਿਲਮਾਕਣ ਨੌਜ਼ਵਾਨਾਂ ‘ਚ ਗੀਤ ਨੂੰ ਵਾਰ-ਵਾਰ ਸੁੰਨਣ ਦੀ ਕਸਕ ਪੈਦਾ ਕਰਦਾ ਦਿੱਖਾਈ ਦਿੰਦਾ ਹੈ। ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਅਤੇ ਟੀਮ ਪੰਜਾਬੀ ਨਾਲ ਰੇਡੀਓ ਗੱਲਬਾਤ ਦੌਰਾਨ ਰੱਬੀ ਦਾ ਕਹਿਣਾ ਸੀ ਕਿ ਗਾਇਕ ਉਹੀ ਹੈ ਜੋ ਸਟੂਡੀਓ ਤੋਂ ਬਾਹਰ ਖੁੱਲੇ-ਅਖਾੜਿਆਂ ‘ਚ ਘੱਟ ਸਾਜ਼ਾਂ ‘ਤੇ ਹਿੱਕ ਦੇ ਜ਼ੋਰ ਨਾਲ ਮਾਇਕ ਤੋਂ ਪਰੇ ਹੱਟ ਕੇ ਵੀ ਗਾ ਜਾਵੇ। ਉਹਨਾਂ ਹੋਰ ਕਿਹਾ ਇਹ ਗੀਤ ਉਸਦੀ ਆਪਣੀ ਕੰਪਨੀ ‘ਸਟੇਟਸ ਅੱਪ ਮਿਊਜ਼ਿਕ’ ਵੱਲੋਂ ਬਾਜ਼ਾਰ ‘ਚ ਉਤਾਰਿਆ ਗਿਆ ਹੈ ਅਤੇ ਉਹ ਆਉਂਦੇ ਸਮੇਂ ‘ਚ ਹੋਰ ਵਿਲੱਖਣ ਸੰਗੀਤਕ ਵੰਨਗੀਆਂ ਵੀ ਸਰੋਤਿਆਂ ਸੰਗ ਕਰਨਗੇ। ਸਰੋਤਿਆਂ ਦੇ ਮਿਲ ਰਹੇ ਪਿਆਰ ਦਾ ਧੰਨਵਾਦ ਕਰਦੇ ਹੋਏ ਰੱਬੀ ਨੇ ਕਿਹਾ ਕਿ ਸਰੋਤੇ ਮੇਰੇ ਲਈ ਹਮੇਸ਼ਾਂ ਪ੍ਰੇਰਣਾ-ਸ੍ਰੋਤ ਰਹਿਣਗੇ। ਉਹਨਾਂ ਗੱਲਬਾਤ ਦੌਰਾਨ ਭਾਵੁਕ ਹੁੰਦਿਆਂ ਕਿਹਾ ਕਿ ਸਰੋਤਿਆਂ ਦਾ ਸਨੇਹ ਅਤੇ ਝਿੱੜਕਾਂ ਰੱਬੀ ਲਈ ਨਵੀਆਂ ਪੈੜਾਂ ਨੂੰ ਸਿੱਜਦਾ ਕਰਨ ਬਰਾਬਰ ਹੈ। ਇਸ ਲਈ ਹਮੇਸ਼ਾਂ ਚੰਗਾ ਗਾਉਂਣਾ ਮੇਰਾ ਪਲੇਠਾ ਕਾਰਜ਼ ਰਹੇਗਾ। ਆਜ਼ਾਦ ਧੂਰਕੋਟ ਦੀ ਕਲਮ, ਇੰਦਰ ਧਾਂਮੂ ਦਾ ਸੰਗੀਤ ਅਤੇ ਐਮੀ ਸਿੰਘ ਦੇ ਕੈਮਰੇ ਦੀ ਅੱਖ ਸੋਹਣੀ ਕਲਾਕਿ੍ਰਤ ਸਿਰਜ ਗਈ ਹੈ। ਗੀਤ ਦੀ ਚਰਚਾ ਚਾਰ-ਚੁਫ਼ੇਰੇ ਹੋ ਰਹੀ ਹੈ। ਗੱਲਬਾਤ ਦੌਰਾਨ ਰੱਬੀ ਨੇ ਮਜ਼ੂਦਾ ਦੌਰ ‘ਚ ਪੰਜਾਬੀ ਗੀਤਕਾਰੀ ਅਤੇ ਗਾਇਕੀ ਵਿੱਚ ਆ ਰਹੇ ਨਾਟਕੀ ਨਿਘਾਰ ਦਾ ਵੀ ਚਿੰਤਨ ਕੀਤਾ।

ਉਹਨਾਂ ਕਿਹਾ ਕਿ ਅੱਜਕਲ ਕੱਚ-ਘਰੜ ਗਾਇਕਾਂ ਦੀ ਭਰਮਾਰ ਸਮੁੱਚੇ ਪੰਜਾਬੀ ਉਦਯੋਗ ਨੂੰ ਮਾਰ ਵੀ ਪਾ ਰਹੀ ਹੈ ਅਤੇ ਨਾਲ ਹੀ ਚਿੰਤਤ ਬੁੱਧੀਜੀਵੀ ਵਰਗ ਨੂੰ ਸ਼ਰਮਸਾਰ ਵੀ ਕਰ ਰਹੀ ਹੈ। ਨਾਲ ਹੀ ਉਹਨਾਂ ਖੁੱਸ਼ੀ ਜ਼ਾਹਿਰ ਕੀਤੀ ਕਿ ਇਸ ਬਹੁਤਾਤ ਦੇ ਵਹਾਅ ‘ਚ ਕੁੱਝ ਚਿਹਰੇ ਆਪਣੀ ਉਸਾਰੂ ਗਾਇਕੀ ਨਾਲ ਵੱਖਰੀ ਪਹਿਚਾਣ ਬਨਾਉਂਣ ‘ਚ ਸਫ਼ਲ ਵੀ ਹੋਏ ਹਨ। ਚੰਗੇ ਸਰੋਤੇ ਵੀ ਅੱਜ ਸਮੇਂ ਦੀ ਮੰਗ ਹਨ।

(ਹਰਜੀਤ ਲਸਾੜਾ)

harjit_las@yahoo.com