– ਪਾਪਾਟੋਏਟੋਏ ਵੈਜ਼ੀ ਗਾਰਡਨ ਕੰਪੀਟੀਸ਼ਨ-2018 ‘ਚ ਇਸ ਵਾਰ ਸ. ਮਹਾਂਬੀਰ ਸਿੰਘ ਰਹੇ ਉਪਜੇਤੂ

-ਸ਼ਾਕਾਹਾਰੀ ਭੋਜਨ, ਦਵਾਈ ਕਦੇ ਖਾਧੀ ਨਹੀਂ, ਡਾਕਟਰ ਨਾਂਅ ਕੱਟ ਦਿੰਦੇ ਹਨ, ਫੁੱਲ ਟਾਈਮ ਕੰਮ, ਪਾਠੀ ਸਿੰਘ ਦੀ ਸੇਵਾ ਵੀ, ਥਕਾਵਟ ਨੇੜੇ-ਤੇੜੇ ਨਹੀਂ

NZ PIC 10 Nov-1
(ਸ. ਮਹਾਂਬੀਰ ਸਿੰਘ ਵੈਜੀ ਗਾਰਡਨ ਮੁਕਾਬਲੇ ‘ਚ ਉਪਜੇਤੂ ਐਵਾਰਡ ਹਸਿਲ ਕਰਦੇ ਹੋਏ)

ਔਕਲੈਂਡ 10 ਨਵੰਬਰ -ਵਿਹਲੇ ਬੈਠੇ ਰਹਿਣਾ ਅਤੇ ਵਿਹਲੇ ਸਮੇਂ ਕੁਝ ਕਰਦੇ ਰਹਿਣਾ ਬਹੁਤ ਵੱਡਾ ਫਰਕ ਰੱਖਦਾ ਹੈ। ਜਿਨ੍ਹਾਂ ਦੇ ਖੂਨ ਵਿਚ ਖੇਤੀ ਹੁੰਦੀ ਹੈ ਜਾਂ ਅਜਿਹਾ ਸ਼ੌਕ ਹੁੰਦਾ ਹੈ ਉਹ ਤਾਂ ਥੋੜ੍ਹੀ ਜਿਹੀ ਥਾਂ ਉਤੇ ਖੇਤੀ ਕਰਕੇ ਟਾਊਨ ਦਾ ਮੁਕਾਬਲਾ ਜਿੱਤ ਜਾਂਦੇ ਹਨ। ਸ਼ਰਲੀ ਰੋਡ ਪਾਪਾਟੋਏਟੋਏ ਵਿਖੇ ਪਿਛਲੇ ਚਾਰ ਸਾਲਾਂ ਤੋਂ ਰਹਿ ਰਹੇ ਸ. ਮਹਾਂਬੀਰ ਸਿੰਘ ਨੇ ਘਰ ਦੇ ਵਿਚ ਸਬਜ਼ੀਆਂ ਦੀ ਖੇਤੀ ਕਰਕੇ ਹਰ ਸਾਲ ਕੌਂਸਿਲ ਵੱਲੋਂ ਕਰਵਾਏ ਜਾਂ ‘ਪਾਪਾਟੋਏਟੋਏ ਵੈਜੀ ਗਾਰਡਨ’ ਮੁਕਾਬਲੇ ਵਿਚ ਹਿੱਸਾ ਲੈਂਦੇ ਹਨ। ਪਿਛਲੇ ਸਾਲ ਉਹ ਜੇਤੂ ਰਹੇ ਸਨ ਅਤੇ ਇਸ ਵਾਰ ਫਿਰ ਉਨ੍ਹਾਂ ਨੇ ਬਹੁਤਿਆਂ ਨੂੰ ਪਛਾੜ ਕੇ ‘ਬੈਸਟ ਵੈਜ਼ੀਟੇਬਲ ਗਾਰਡਨ’ ਦਾ ਦੂਜਾ ਇਨਾਮ ਪ੍ਰਾਪਤ ਕਰਕੇ ਭਾਈਚਾਰੇ ਦਾ ਨਾਂਅ ਚਮਕਾਇਆ ਹੈ। ਲਗਪਗ 76 ਸਾਲਾਂ ਦੇ ਸ. ਮਹਾਂਬੀਰ ਸਿੰਘ ਆਪਣੇ ਘਰ ‘ਚ ਲਗਪਗ 70-80 ਵਰਗ ਮੀਟਰ ਥਾਂ ਵਿਚ ਵਿਭਿੰਨ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਜਿਨ੍ਹਾਂ ਵਿਚ ਪਾਲਕ, ਮੇਥੇ, ਫੁੱਲ ਗੋਭੀ, ਧਨੀਆ, ਬੈਂਗਣ, ਸ਼ਿਮਲਾ ਮਿਰਚ (ਕੈਪਸੀਕਮ), ਕਰੇਲੇ, ਰਾਮਾ ਤੋਰੀ, ਟਮਾਟਰ, ਫਲੀਆਂ, ਕੱਦੂ, ਟਿੰਡਾ, ਹਰੀਆਂ ਮਿਰਚਾਂ, ਪੁਦੀਨਾ, ਲਸਣ, ਮੱਕੀ, ਪਿਆਜ, ਫੈਂਸੀ ਲੈਟਸ, ਹਰਾ ਸਾਗ ਸਮੇਤ ਲਗਪਗ 20 ਸਬਜੀਆਂ ਸ਼ਾਮਿਲ ਹਨ। ਉਹ ਰੋਜ਼ਾਨਾ ਆਪਣਾ ਵਿਹਲਾ ਸਮਾਂ  ਇਥੇ ਲਗਾਉਂਦੇ ਹਨ ਜਦ ਕਿ ਬਾਕੀ ਸਮਾਂ ਉਹ ਸ੍ਰੀ ਗੋਪੀ ਹਕੀਮਪੁਰ ਦੇ ਕੀਵੀ ਫਾਰਮ ਹਾਊਸ ‘ਚ ਵੀ ਫੁੱਲ ਟਾਈਮ ਜਾਬ ਕਰਦੇ ਹਨ। ਇਸ ਤੋਂ ਇਲਾਵਾ ਉਹ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਪਾਠੀ ਸਿੰਘ ਦੀ ਸੇਵਾ  ਵੀ ਨਿਸ਼ਕਾਮ ਰੂਪ ਵਿਚ ਕਰਦੇ ਹਨ। ਸਰਦਾਰ ਸਾਹਿਬ ਨੇ ਜ਼ਿੰਦਗੀ ਦੇ ਵਿਚ ਸ਼ਾਇਦ ਹੀ ਕਦੀ ਦਵਾਈ ਖਾਧੀ ਹੋਵੇ, ਡਾਕਟਰ ਇਨ੍ਹਾਂ ਦਾ ਨਾਂਅ ਕੱਟ ਦਿੰਦੇ ਹਨ। 35 ਸਾਲ ਤੋਂ ਸਰਦਾਰ ਸਾਹਿਬ ਅੰਮ੍ਰਿਤਧਾਰ ਹਨ।

ਇਹ ਗਾਰਡਨ ਕੰਪੀਟੀਸ਼ਨ ਹਰ ਸਾਲ ‘ਪਾਪਾਟੋਏਟੋਏ ਗਾਰਡਨ ਅਤੇ ਫਲੋਰਲ ਆਰਟ ਸੁਸਾਇਟੀ’ ਵੱਲੋਂ ਕੌਂਸਿਲ ਦੀ ਮਦਦ ਨਾਲ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਇਹ 16ਵਾਂ ਮੁਕਾਬਲਾ ਸੀ। ਸਾਲ 2015 ਦੇ ਵਿਚ ਵੀ ਸ. ਮਹਾਂਬੀਰ ਸਿੰਘ ਨੂੰ ਦੂਜਾ ਇਨਾਮ ਪ੍ਰਾਪਤ ਹੋਇਆ। ਹੁਣ ਤੱਕ ਦੇ ਇਤਿਹਾਸ ਵਿਚ ਇਹ ਪਹਿਲੇ ਪੰਜਾਬੀ ਵਿਅਕਤੀ ਹਨ ਜਿਹੜੇ ਇਸ ਮੁਕਾਬਲੇ ਵਿਚ ਭਾਗ ਲੈਂਦੇ ਹਨ। ਸ. ਮਹਾਂਬੀਰ ਸਿੰਘ ਜ਼ਿਲ੍ਹਾ ਕਰਨਾਲ ਤੋਂ ਸੰਨ 2014 ਤੋਂ ਇਥੇ ਪੱਕੇ ਤੌਰ ‘ਤੇ ਆ ਵਸੇ ਹੋਏ ਹਨ। ਪੰਜਾਬੀ ਕਮਿਊਨਿਟੀ ਵੱਲੋਂ ਉਨ੍ਹਾਂ ਨੂੰ ਇਸ ਉਪਲਬਧੀ ਲਈ ਲੱਖ-ਵੱਖ ਵਧਾਈ ਦਿੱਤੀ ਜਾਂਦੀ ਹੈ।