(ਪੰਜਾਬ ਰਾਜ ਤੰਬਾਕੂ ਵਿਰੋਧੀ ਦਿਵਸ ਮੌਕੇ ਪ੍ਰਣ ਕਰ ਰਹੇ ਵਿਦਿਆਰਥੀ)
(ਪੰਜਾਬ ਰਾਜ ਤੰਬਾਕੂ ਵਿਰੋਧੀ ਦਿਵਸ ਮੌਕੇ ਪ੍ਰਣ ਕਰ ਰਹੇ ਵਿਦਿਆਰਥੀ)

ਫਰੀਦਕੋਟ 2 ਨਵੰਬਰ — ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਤੰਬਾਕੂ ਕੰਟਰੋਲ ਕਮੇਟੀ ਫਰੀਦਕੋਟ ਅਤੇ ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫਰੀਦਕੋਟ ਦੀ ਅਗਵਾਈ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਦੁਰਪ੍ਰਭਾਵਾਂ ਤੋਂ ਬਚਾਉਣ ਲਈ ਪੰਜਾਬ ਰਾਜ ਤੰਬਾਕੂ ਵਿਰੋਧੀ ਦਿਹਾੜੇ ਮੌਕੇ ਸਥਾਨਕ ਮਹਾਤਮਾਂ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੇਰ ਦੀ ਸਭਾ ਦੌਰਾਨ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਅੱਜ ਦੇ ਸਮਾਗਮ ਦੀ ਸਾਰਥਕਤਾ ਸਬੰਧੀ ਵਿਚਾਰ ਰੱਖਦਿਆਂ ਕਿਹਾ ਕਿ ਅਜਿਹੇ ਸਮਾਗਮ ਸਮੇਂ ਦੀ ਲੋੜ ਹਨ। ਜਿਲ੍ਹਾ ਤੰਬਾਕੂ ਕੰਟਰੋਲ ਸੈੱਲ ਫਰੀਦਕੋਟ ਦੇ ਨੋਡਲ ਅਫਸਰ ਡਾ. ਪੁਸ਼ਪਿੰਦਰ ਸਿੰਘ ਕੂਕਾ ਨੇ ਵਿਦਿਆਰਥੀਆਂ ਨੁੰ ਜਾਗਰੂਕ ਕਰਦਿਆਂ ਦੱਸਿਆ ਕਿ ਹਰ ਰੋਜ਼ ਭਾਰਤ ਵਿੱਚ 2200 ਮੌਤਾਂ ਤੰਬਾਕੂ ਜਾਂ ਤੰਬਾਕੂ ਪਦਾਰਥਾਂ ਦੇ ਧੂੰਏਂ ਕਾਰਨ ਹੁੰਦੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਤੰਬਾਕੂ ਦੁਨੀਆ ਭਰ ਵਿੱਚ ਹੋਣ ਵਾਲੀਆਂ ਮੌਤਾਂ ਦਾ ਮੁੱਖ ਜਿੰਮੇਵਾਰ ਕਾਰਕ ਹੋਵੇਗਾ। ਉਹਨਾਂ ਕਿਹਾ ਕਿ ਤੰਬਾਕੂ ਅਜਿਹਾ ਨਸ਼ਾ ਹੈ ਜੋ ਵਰਤੋਂ ਕਰਨ ਵਾਲੇ ਲਈ ਤਾਂ ਹਾਨੀਕਾਰਕ ਹੈ ਹੀ, ਵਰਤੋਂ ਨਾ ਕਰਨ ਵਾਲੇ ਲਈ ਵੀ ਬਰਾਬਰ ਹਾਨੀਕਾਰਕ ਹੈ। ਇਹ ਨਸ਼ੇ ਦਾ ਪ੍ਰਵੇਸ਼ ਦੁਆਰ ਹੈ ਅਤੇ ਹੋਰਨਾਂ ਨਸ਼ਿਆਂ ਵੱਲ ਰਾਹ ਖੋਲ੍ਹਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਦੇ ਦੁਰਪ੍ਰਭਾਵਾਂ ਤੋਂ ਬਚਣ ਅਤੇ ਦੂਸਰਿਆਂ ਨੂੰ ਬਚਾਉਣ ਦੇ ਉਪਰਾਲੇ ਕਰਨ ਲਈ ਜਾਗਰੂਕ ਕੀਤਾ। ਸ਼ਿਵਜੀਤ ਸਿੰਘ ਸੰਘਾ ਡੀਲਿੰਗ ਸਹਾਇਕ, ਤੰਬਾਕੂ ਕੰਟਰੋਲ ਸੈੱਲ ਫਰੀਦਕੋਟ ਨੇ ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਅਤੇ ਦੂਜਿਆਂ ਨੂੰ ਤੰਬਾਕੂ ਤੋਂ ਬਚਾਉਣ ਦਾ ਪ੍ਰਣ ਕਰਵਾਇਆ। ਜਿਲ੍ਹੇ ਦੇ ਸਮੂਹ ਸਰਕਾਰੀ ਅਤੇ ਨਿੱਜੀ ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਨੇ ਤੰਬਾਕੂ ਦੀ ਵਰਤੋਂ ਨਾ ਕਰਨ ਦਾ ਪ੍ਰਣ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ, ਮਚਾਕੀ ਮੱਲ ਸਿੰਘ ਨੇ ਸਕੂਲ ਦੇ 100 ਗਜ਼ ਦੇ ਘੇਰੇ ਵਿੱਚ ਯੈਲੋ ਲਾਈਨ ਲਗਾ ਕੇ ਤੰਬਾਕੂ ਮੁਕਤ ਜ਼ੋਨ ਦੀ ਸਥਾਪਨਾ ਕੀਤੀ।