karl_marx

ਪਿਛਲੇ ਦਿਨੀ ਅਖਬਾਰਾਂ ਵਿੱਚ ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਸੈਮੀਨਾਰ ਕਰਵਾਏ ਜਾਣ ਦੀ ਖ਼ਬਰ ਪ੍ਰਕਾਸ਼ਿਤ ਹੋਈ ਹੈ, ਜਿਸ ਵਿੱਚ ਮੂਲ ਵਿਸ਼ੇ ਵਜੋਂ ਅਖੌਤੀ ਮਾਰਕਸਵਾਦ ਲਿਆ ਗਿਆ ਹੈ। ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਨੇ ਸੈਮੀਨਾਰ ਦੇ ਵਿਸ਼ੇ ਨੂੰ ਰੱਦ ਕਰਦਿਆਂ ਕਿਹਾ ਕਿ ਸਿਧਾਂਤ ਕਦੇ ਵੀ ਅਖੌਤੀ ਨਹੀਂ ਹੁੰਦਾ, ਹਾਂ ਸਮਾਜਕ ਸਾਪੇਖਤਾ ਵਜੋਂ ਉਸਦੀ ਪ੍ਰਸੰਗਕਤਾ ਅਤੇ ਅਪ੍ਰਸੰਗਕਤਾ ਉਤੇ ਬਹਿਸ ਹੋ ਸਕਦੀ ਹੈ। ਮਾਰਕਸਵਾਦ ਮਨੁੱਖ ਅਤੇ ਕੁਦਰਤ ਦੇ ਆਰਥਿਕ ਰਿਸ਼ਤਿਆਂ ਦੇ ਪੂੰਜੀ ਵਿੱਚ ਤਬਦੀਲ ਹੋ ਜਾਣ ਦੀ ਸਮਝ ਦਾ ਵਿਗਿਆਨਕ ਸਿਧਾਂਤ ਹੈ। ਇਸ ਸਿਧਾਂਤ ਵਿੱਚ ਸਮੇਂ ਦੀ ਤਬਦੀਲੀ ਨਾਲ ਹੋਰ ਕੀ ਵਾਧਾ-ਘਾਟਾ ਕੀਤਾ ਜਾ ਸਕਦਾ ਹੈ? ਇਸ ਉਤੇ ਵਿਚਾਰ ਹੋ ਸਕਦਾ ਹੈ। ਇਸਨੂੰ ਅਖੌਤੀ ਵਿਸ਼ੇਸ਼ਣ ਨਾਲ ਸੰਬੋਧਨ ਹੋਣਾ ਆਪਣੇ ਆਪ ਵਿੱਚ ਹੀ ਬੌਧਿਕ ਘਾਟ ਹੈ। ਡਾ. ਮਾਨ ਨੇ ਦੁੱਖ ਪ੍ਰਗਟ ਕੀਤਾ ਕਿ ਇਹ ਸੈਮੀਨਾਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨਾਲ ਸੰਬੰਧਤ ਇੱਕ ਸਭਾ ਕਰਵਾ ਰਹੀ ਹੈ। ਡਾ. ਮਾਨ ਨੇ ਸਭਾ ਦੀ ਆਗੂ ਟੀਮ ਨੂੰ ਆਦੇਸ਼ ਦਿੱਤਾ ਕਿ ਸੈਮੀਨਾਰ ਦਾ ਨਾਂ ਬਦਲਕੇ ‘ਮਾਰਕਸਵਾਦ ਦੀ ਪ੍ਰਸੰਗਕਤਾ ਜਾਂ ਅਪ੍ਰੰਸਗਕਤਾ’ ਕੀਤਾ ਜਾਵੇ ਤਾਂ ਕਿ ਪਾਠਕਾਂ, ਲੇਖਕਾਂ, ਅਤੇ ਲੋਕਾਂ ਵਿੱਚ ਕੋਈ ਗਲਤ ਭਰਾਂਤੀ ਨਾ ਜਾਵੇ। ‘ਮਾਰਕਸਵਾਦ ਦਾ ਭਾਰਤੀਕਰਨ ਕਰਨ ਦੀ ਲੋੜ’ ਬਾਰੇ ਅਸੀਂ ਪਹਿਲਾਂ ਹੀ ਇੱਕ ਸੈਮੀਨਾਰ ਕਰ ਚੁੱਕੇ ਹਾਂ। ਸਾਨੂੰ ਮਾਰਕਸ ਅਤੇ ਪੂਰਬੀ ਗੁਰਮਤਿ ਵਿਚਾਰਧਾਰਾ ਨੂੰ ਇੱਕ ਦੂਜੇ ਦੇ ਪੂਰਕ ਵਜੋਂ ਮਾਨਤਾ ਦੇਣੀ ਚਾਹੀਦੀ ਹੈ।