panthak-talmel-committee

6 ਨਵੰਬਰ : ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਭਾਰਤੀ ਫੌਜ ਦੇ ਮੁਖੀ ਜਰਨਲ ਵਿਪਨ ਰਾਵਤ ਦੇ ਬਿਆਨ ਨੂੰ ਫਿਰਕੂ ਅਤੇ ਸਿਆਸਤ ਤੋਂ ਪ੍ਰੇਰਿਤ ਐਲਾਨਿਆ ਹੈ। ਜੋ ਕਿ ਅਧਿਕਾਰ-ਖੇਤਰ ਵਿਚੋਂ ਬਾਹਰ ਜਾ ਕੇ ਸੰਵਿਧਾਨ ਦੀ ਸ਼ਰੇਆਮ ਉਲੰਘਣਾ ਕਰ ਕੇ ਦਿੱਤਾ ਹੈ। ਪੰਜਾਬ ਅੰਦਰ ਫਿਰਕੂ ਹਵਾ ਅਤੇ ਅਫਵਾਹ ਫੈਲਾਅ ਕੇ ਪੰਜਾਬ ਦੇ ਅਮਨ-ਅਮਾਨ ਨੂੰ ਭੰਗ ਕਰਨ ਦੀ ਚਾਲ ਚੱਲੀ ਗਈ ਹੈ। ਜਿਸ ਲਈ ਸੁਪਰੀਮ ਕੋਰਟ ਵਲੋਂ ਸਿੱਧੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਸੰਗਠਨ ਨੇ ਕਿਹਾ ਕਿ ਤੁਹਾਨੂੰ ਪਹਿਲਾਂ ਪੰਜਾਬ ਨਜ਼ਰ ਨਹੀਂ ਆਇਆ ਸੀ ਜਦੋਂ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਸ਼ਾਂਤਮਈ ਰੋਸ ਪ੍ਰਗਟਾਉਂਦੀਆਂ ਸੰਗਤਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਅਤੇ ਪੁਲਿਸ ਵਲੋਂ ਕਹਿਰ ਢਾਇਆ ਗਿਆ। ਹਰਿਆਣੇ ਵਿਚ ਵੱਡੀ ਸਲਤਨਤ ਦੇ ਮਾਲਕ ਸਿਰਸਾ ਡੇਰੇ ਦੇ ਮੁਖੀ ਵਲੋਂ ਪੰਜਾਬ ਅੰਦਰ ਡੇਰੇ ਸਥਾਪਤ ਕੀਤੇ ਗਏ ਅਤੇ ਉਸ ਨੇ ਅਦਾਲਤੀ ਕਾਰਵਾਈ ਨੂੰ ਦਬਾਉਣ ਲਈ ਦੇਸ਼ ਨੂੰ ਬਰਬਾਦ ਕਰ ਦੇਣ ਦੀਆਂ ਮੀਡੀਏ ਰਾਹੀਂ ਧਮਕੀਆਂ ਦਵਾਈਆਂ। ਹਰਿਆਣੇ ਵਿਚ ਸਾੜ ਫੂਕ ਕਰਵਾਈ। ਨਸ਼ਿਆਂ ਦੇ ਅੱਤਵਾਦ ਨੇ ਨੌਜਵਾਨੀ ਦਾ ਘਾਣ ਕਰ ਕੇ ਰੱਖ ਦਿੱਤਾ ਹੈ। ਪੰਜਾਬ ਦੀ ਆਰਥਿਕਤਾ ਅਤੇ ਕੁਦਰਤੀ ਸਰੋਤਾਂ ਰੇਤਾ ਅਤੇ ਬਜਰੀ ਨੂੰ ਵੀ ਤਬਾਹ ਕਰ ਕੇ ਰੱਖ ਦਿੱਤਾ ਹੈ।

ਅੱਜ ਪੰਜਾਬ ਦੀ ਜਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸ਼ਾਂਤਮਈ ਤਰੀਕੇ ਸੰਘਰਸ਼ ਕਰ ਰਹੀ ਹੈ ਤਾਂ ਇਸ ਨੂੰ ਦਬਾਉਣ ਲਈ ਹਥ-ਕੰਡੇ ਅਪਣਾਏ ਜਾ ਰਹੇ ਹਨ। ਬਾਦਲ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤੀ ਫੌਜ ਦੇ ਮੁਖੀ ਦੇ ਬਿਆਨ ਦੀ ਪ੍ਰੋੜ੍ਹਤਾ ਕਰਕੇ ਸਿੱਧ ਕਰ ਰਹੇ ਹਨ ਕਿ ਉਹ ਸਿੱਖਾਂ ਨੂੰ ਦਬਾਉਣ ਵਾਲੀ ਹਰ ਨੀਤੀ ਨਾਲ ਭਾਈਵਾਲ ਰਹਿਣਗੇ। ਸੰਗਠਨ ਨੇ ਦੁੱਖ ਪ੍ਰਗਟ ਕੀਤਾ ਕਿ ਫੌਜ ਦੇ ਮੁਖੀ ਨੇ ਹੀ ਦੇਸ਼ ਅੰਦਰ ਤਪਦੇ ਫਿਰਕੂ ਪਤੀਲੇ ਨੂੰ ਉਬਾਲਾ ਦੇ ਕੇ ਪੰਜਾਬ ਅਤੇ ਸਿੱਖ ਕੌਮ ਦਾ ਅਪਮਾਨ ਕੀਤਾ ਹੈ। ਜੇਕਰ ਫੌਜ ਮੁਖੀ ਨੇ ਸੰਵਿਧਾਨਕ ਮਰਿਆਦਾ ਉਲੰਘ ਕੇ ਦੇਸ਼-ਪ੍ਰੇਮ ਦੀ ਲੋਰ ਵਿਚ ਬਿਆਨ ਦਿੱਤਾ ਹੈ ਤਾਂ ਉਸ ਨੂੰ ਨਾਲ ਹੀ ਪੁਖਤਾ ਸਬੂਤ ਵੀ ਜੱਗ ਜ਼ਾਹਿਰ ਕਰਨ ਦੀ ਮਰਿਆਦਾ ਦਾ ਪਾਲਣ ਵੀ ਕਰਨਾ ਚਾਹੀਦਾ ਸੀ।