• (ਸੁਰਜੀਤ ਖਾਨ, ਨਛੱਤਰ ਗਿੱਲ ਅਤੇ ਸੁਰਜੀਤ ਘੋਹਲਾ ਤੇ ਪ੍ਰੀਤ ਸੀਆਂ ਨੇ ਲਗਾਈਆਂ ਰੌਣਕਾਂ)
news kohli 181125 jashan e folk
(ਜੁਗਲਬੰਦੀ ਕਰਦੇ ਗਾਇਕ ਤੇ ਥਰਡ ਆਈ ਪ੍ਰੋਡਕਸ਼ਨ ਦੀ ਟੀਮ)

ਉਸਾਰੂ ਪੰਜਾਬੀ ਗਾਇਕੀ ਦੀ ਪਹਿਲ ਕਦਮੀ ਤਹਿਤ ਥਰਡ ਆਈ ਪ੍ਰੋਡਕਸ਼ਨ, ਸਤਨਾਮ ਆਟੋ, ਐਕਸਪਰਟ ਵੀਜ਼ਾ ਸਰਵਿਸਿਜ਼ ਅਤੇ ਸਮੂਹ ਭਾਈਚਾਰੇ ਦੀ ਮੰਗ ਦੇ ਮੱਦੇਨਜ਼ਰ ਨਿਰੋਲ ਪੰਜਾਬੀ ਫੋਕ ਸੰਗੀਤਕ ਪ੍ਰੋਗਰਾਮ ਜਸ਼ਨ-ਏ-ਫੋਕ ਕਰਵਾਇਆ ਗਿਆ ਜਿਸ ਵਿੱਚ ਘਰੇਲੂ ਕਲਾਕਾਰਾਂ ਤੋਂ ਇਲਾਵਾ ਪੰਜਾਬੀ ਗਾਇਕੀ ਦੀਆਂ ਤਿੰਨ ਬੁਲੰਦ ਆਵਾਜ਼ਾਂ ਗਾਇਕ ਸੁਰਜੀਤ ਖਾਨ, ਨਛੱਤਰ ਗਿੱਲ ਅਤੇ ਸੁਰਜੀਤ ਗੋਹਲਾ ਨੇ ਸਰੋਤਿਆਂ ਨੂੰ ਆਪਣੀ ਫੋਕ ਗਾਇਕੀ  ਨਾਲ ਝੂਮਣ ਲਾਇਆ। ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਨੂੰ ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਹਰਪ੍ਰੀਤ ਸਿੰਘ ਕੋਹਲੀ, ਗੁਰਪਿੰਦਰ ਸਿੰਘ, ਨਵਨੀਤ ਸਿੰਘ ਅਤੇ ਬੀਬਾ ਗੁੰਨਕੀਰਤ ਕੌਰ ਨੇ ਦੱਸਿਆ ਕਿ ਪੂਰਾ ਪ੍ਰੋਗਰਾਮ ਪਰਿਵਾਰਕ ਅਤੇ ਸ਼ਰਾਬ ਤੋਂ ਰਹਿਤ ਰਿਹਾ। ਤਿੰਨੋਂ ਕਲਾਕਾਰਾਂ ਨੇ ਸਾਂਝੇ ਰੂਪ ‘ਚ ਇਸ ਪ੍ਰੋਗਰਾਮ ‘ਚ ਹਰ ਉਮਰ-ਵਰਗ ਨੂੰ ਧਿਆਨ ‘ਚ ਰੱਖ ਵੰਨਗੀਆਂ ਪੇਸ਼ ਕੀਤੀਆਂ।

news kohli 181125 jashan e folk 002

ਪ੍ਰਸਿੱਧ ਟਿੱਪਣੀਕਾਰ ਅਮਨ ਬੈਨੀਪਾਲ ਦੇ ਸਟੇਜ ਸੰਚਾਲਨ ‘ਚ ਪਿੱੜ ਦੀ ਸ਼ੁਰੂਆਤ ਗਾਇਕ ਪ੍ਰੀਤ ਸਿਆ ਨੇ ਕੀਤੀ। ਇਸਤੋਂ ਬਾਅਦ ਗਾਇਕ ਜੀ ਸੁਰਜੀਤ ਘੋਹਲਾ ਨੇ ਆਪਣੇ ਮਸ਼ਹੂਰ ਗੀਤਾਂ ਨਾਲ ਪਿੰਡ ਦੀ ਸੱਥ ਨੂੰ ਹੂਬਹੂ ਸਿਰਜਿਆ। ਗਾਇਕ ਸੁਰਜੀਤ ਖਾਨ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਜਿੱਥੇ ਆਪਣੀ ਵਿਲੱਖਣ ਗਾਇਕੀ ਦੀ ਪੈਂਠ ਪਾਉਂਦੇ ਹੋਏ ਸਰੋਤਿਆਂ ਨੂੰ ਕੁਰਸੀਆਂ ਛੱਡ ਨੱਚਣ ਲਾਇਆ। ਗੀਤ ‘ਦੁਪੱਟਾ’, ‘ਟਰੱਕ ਯੂਨੀਅਨ’, ‘ਕਿੱਕਲੀ ਪਾਕੇ’ ਆਦਿ ਚਰਮ-ਸੀਮਾ ਹੋ ਨਿੱਬੜੇ। ਇਸਤੋਂ ਬਾਅਦ ਗਾਇਕ ਨਛੱਤਰ ਗਿੱਲ ਨੇ ਪਰਮਾਤਮਾ ਨੂੰ ਸਿੱਜਦਾ ਕਰ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਅਤੇ ਸਰੋਤਿਆਂ ਨੂੰ ਗੀਤਾਂ ਅਤੇ ਟੋਟਕਿਆਂ ਨਾਲ ਮੰਤਰ-ਮੁਗਧ ਕੀਤਾ। ਗੀਤ ‘ਚੱਕੇ ਜਾਮ’ ਅਤੇ ‘ਲੈੱਕਚਰ’ ਨਾਲ ਜਿੱਥੇ ਨੌਜ਼ਵਾਨੀ ਦੀ ਸੰਗੀਤਕ ਹਸਰਤ ਨੂੰ ਪੂਰਾ ਕੀਤਾ ਉੱਥੇ ਪੰਜਾਬੀਅਤ ਦੇ ਚਿੰਤਨ ਦਾ ਵੇਗ ਵੀ ਉਹਨਾਂ ਦੀ ਗਾਇਕੀ ‘ਚ ਸੁਣਨ ਨੂੰ ਮਿੱਲਿਆ। ਗਾਇਕ ਤਿੱਕੜੀ ਵੱਲੋਂ ਪ੍ਰੋਗਰਾਮ ਦੇ ਅੰਤ ‘ਚ ਕੀਤੀ ਜੁਗਲਬੰਦੀ ਗਾਇਕੀ ਦਾ ਸਿਖਰ ਹੋ ਨਿੱਬੜੀ।