– ਮਰਸਰ ਵਾਲੇ ਢਾਬੇ ਮਾਲਕਾਂ ਨੇ ਜਾਬ ਆਫਰ ਲਈ ਲਏ ਪੈਸਿਆਂ ਨੂੰ ਫਰੈਂਚਆਈਜੀ ਫੀਸ ਆਖਿਆ

– ਵੀਜ਼ੇ ਮੰਗਦੀਆਂ ਅਰਜ਼ੀਆਂ ਨੂੰ ਦੱਸਿਆ ਫ੍ਰੈਂਚਆਈਜ਼..

NZ NEWS 8 Nov-3
ਆਕਲੈਂਡ 8 ਨਵੰਬਰ -ਜਿਨ੍ਹਾਂ-ਜਿਨ੍ਹਾਂ ਨੇ ਮਰਸਰ ਵਾਲੇ ਢਾਬੇ ਉਤੇ ਰੱਖੇ ਦੇਸੀ ਮੰਜਿਆ ਦੇ ਉਤੇ ਖਾਣਾ ਖਾਧਾ ਹੋਵੇਗਾ, ਉਨ੍ਹਾਂ ਲਈ ਖਬਰ ਹੈ ਕਿ ਇਹ ‘ਢਾਬਾ ਔਨ ਹਾਈਵੇ’ ਦੇ ਮਾਲਕ (ਜਾਨੇਸ਼ ਖਰਬੰਦਾ-ਭਾਵਨਾ ਕਪਿਲਾ ਭਾਟੀਆ) ਜਿੱਥੇ ਦੇਸੀ ਸਟਾਈਲ ਨਾਲ ਕੰਮ ਕਰਦੇ ਸਨ ਉਥੇ ਉਸੀ ਦੇਸੀ ਤਰੀਕੇ ਦੇ ਨਾਲ ਨੌਕਰੀ ਦੇਣ ਦਾ ਕੰਮ ਵੀ ਕਰਦੇ ਸਨ। ਇਹ ਤਰੀਕਾ ਕਈ ਵਾਰ ਕੈਸ਼ ਝਾੜਨ ਵਿਚ ਵੀ ਕਾਮਯਾਬ ਹੋ ਜਾਂਦਾ ਸੀ।  ਨੌਕਰੀ ਦੀ ਤਲਾਸ਼ ਵਿਚ ਗਏ ਇਕ ਜੋੜੇ ਕੋਲੋਂ ਇਨ੍ਹਾਂ ਨੇ ਆਪਣੇ ਪੋਕੀਨੋ ਸਥਿਤ ਘਰ ਦੇ ਵਿਚ ਬੁਲਾ ਕੇ ਪੇਸ਼ਗੀ ਵਜੋਂ 5000 ਡਾਲਰ ਨਕਦ ਲਿਆ ਅਤੇ ਕੰਮ ਦੇ ਕਾਗਜ਼-ਪੱਤਰ ਦਿੱਤੇ। ਕੁੱਲ ਰਕਮ 20,000 ਤੋਂ ਉਪਰ ਦਿੱਤੀ ਜਾਣੀ ਸੀ ਜੋ ਕਿ ਤਿੰਨ ਕਿਸ਼ਤਾਂ ਵਿਚ ਸੀ। ਵਰਕ ਵੀਜੇ ਬਾਅਦ ਹੋਰ 10,000 ਡਾਲਰ ਦੇਣਾ ਸੀ ਅਤੇ ਫਿਰ 5000 ਡਾਲਰ ਹੋਰ ਤਿੰਨ ਸਾਲ ਦੇ ਵੀਜ਼ੇ ਬਾਅਦ। ਮੀਡੀਆ ਵਾਲਿਆਂ ਨੂੰ ਜਾਨੇਸ਼ ਖਰਬੰਦਾ ਨੇ ਇਹ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹ ਪੈਸੇ ਤਾਂ ਉਸਨੇ ਫ੍ਰੈਂਚਾਈਜ਼ੀ ਵੇਚਣ ਲਈ  ਲਏ ਸਨ ਜਦ ਕਿ ਪੈਸੇ ਦੇਣ ਵਾਲਾ ਜੋੜਾ ਤਾਂ ਆਪ ਵੀਜੇ ਲਈ ਅਰਜ਼ੀ ਮੰਗਣ ਆਇਆ ਹੋਇਆ ਸੀ। ਉਸਨੇ ਇਹ ਸਫਾਈ ਵੀ ਦਿੱਤੀ ਕਿ ਉਸ ਦਿਨ ਉਸਦਾ ਪ੍ਰਿੰਟਰ ਖਰਾਬ ਸੀ ਜਿਸ ਕਰਕੇ ਉਹ ਐਗਰੀਮੈਂਟ ਨਹੀਂ ਕੱਢ ਸਕਿਆ। ਪਰ ਨੌਕਰੀ ਵਾਲਾ ਐਗਰੀਮੈਂਟ ਜਰੂਰ ਕੱਢਿਆ ਹੋਇਆ ਸੀ। ਪੀੜਤ ਜੋੜੇ ਨਾਲ ਫੋਨ ਸੰਦੇਸ਼ਾਂ ਦੇ ਉਤੇ ਵੀ ਘਿੱਚ-ਘਿੱਚ ਚੱਲੀ, ਪਰ ਜਦ ਪੈਸੇ ਨਾ ਮੋੜੇ ਤਾਂ ਅਗਲਿਆਂ ਨੇ ਅਗਲਾ ਮੋੜ ਕੱਟ ਲਿਆ ਤੇ ਕੈਸ਼ ਲੈਣ ਦੇ ਦੇਸੀਵੇਅ ਨੂੰ ਜੱਗ ਜ਼ਾਹਿਰ ਕਰ ਦਿੱਤਾ।
ਇਹ ਢਾਬਾ ਮਾਲਕ ਇਕ ਟ੍ਰਸਟ ਦੇ ਨਾਲ ਵੀ ਸਬੰਧਿਤ ਹੈ । ਫੰਡ ਰੇਜਿੰਗ ਸਮਾਗਮਾਂ ਦੇ ਵਿਚ ਵੀ ਇਹ ਸ਼ਾਮਿਲ ਰਹਿੰਦਾ ਹੈ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਦੇ ਨਾਲ ਵੀ ਉਸਦੀਆਂ ਤਸਵੀਰਾਂ ਹਨ। ਸੰਨੀ ਕੌਸ਼ਿਲ ਵੀ ਉਸਦੇ  ਵਾਕਿਫਕਾਰ ਹਨ ਅਤੇ ਹੈਰਾਨ ਹਨ ਕਿ ਇਹ ਬੰਦਾ ਵੀ ਏਦਾਂ ਕਰਦਾ ਰਿਹਾ ਹੈ। ਖਰਬੰਦਾ ਇਕ ਟ੍ਰਸਟ ਦਾ ਟ੍ਰਸਟੀ ਵੀ ਹੈ, ਇਸ ਟ੍ਰਸਟ ਨੇ ਇਕ ਕੰਪੀਟੀਸ਼ਨ ‘ਸੀਨੀਅਰ ਬੈਸਟ ਸ਼ੈਫ’ ਵੀ ਕਰਾਇਆ ਸੀ ਜਿਸ ਦੇ ਵਿਚ ਫਿਲ ਗੌਫ ਅਤੇ ਡਾ. ਪਰਮਜੀਤ ਪਰਮਾਰ ਮਹਿਮਾਨ ਸਨ। ਇਹ ਸਾਰੇ ਹੈਰਾਨ ਹਨ ਕਿ ਇਹ ਬੰਦਾ ਵੀ….।