ਵਿਕਟੋਰੀਅਨ ਲਿਬਰਲ ਨੇਤਾ ਮੈਥੀਊ ਗੇਜ਼ ਦਾ ਬਿਆਨ ”ਆਸਟ੍ਰੇਲੀਆ ਵਿੱਚ ਸਾਰਾ ਸੰਸਾਰ ਨੀ ਸਮਾਅ ਸਕਦਾ” ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਹ ਬਿਆਨ ਆਇਆ ਵੀ ਠੀਕ ਉਸ ਵੇਲੇ ਹੈ ਜਦੋਂ ਕਿ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਲੋਕ 2016 ਵਿੱਚ ਫੈਡਰਲ ਚੋਣਾਂ ਵਿੱਚ ਹੋਏ ਵਾਅਦੇ ਜਿਸ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਦੇ ਪਾਵਰ ਵਿੱਚ ਆਉਣ ਤੋਂ ਬਾਅਦ ਪੇਰੈਂਟਲ ਵੀਜ਼ਾ ਵਿੱਚ ਬਦਲਾਅ ਕੀਤੇ ਜਾਣਗੇ ਅਤੇ ਇਨਾਂ ਨੂੰ ਆਸਾਨ ਬਣਾਇਆ ਜਾਵੇਗਾ, ਦੇ ਪੂਰੇ ਹੋਣ ਦਾ ਇੰਤਜ਼ਾਰ ਲੱਖਾਂ ਲੋਕ ਕਰ ਰਹੇ ਹਨ।

ਨੇਤਾ ਜੀ ਨੇ ਇੱਕ ਸਥਾਨਕ ਰੇਡੀਓ ਨਾਲ ਹੋਈ ਗੱਲਬਾਤ ਦੌਰਾਨ ਖੁੱਲ੍ਹ ਕੇ ਕਿਹਾ ਕਿ ਅਸੀਂ ਲੋਕ ਸਮੁੱਚੇ ਆਸਟ੍ਰੇਲੀਆ ਵਿੱਚ 25 ਮਿਲੀਅਨ ਦੇ ਕਰੀਬ ਹਾਂ ਅਤੇ ਇਸ ਕੁੱਲ ਸੰਖਿਆ ਦਾ 40% ਬਾਹਰੀ ਹੈ ਅਤੇ ਅਸੀਂ ਹੋਰ ਬਾਹਰੀ ਲੋਕਾਂ ਨੂੰ ਦੇਸ਼ ਅੰਦਰ ਸਮਾਅ ਨਹੀਂ ਸਕਦੇ। ਉਨਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਵਿੱਚ ਸਮੁੱਚੇ ਏਸ਼ੀਆ ਤੋਂ ਲੋਕ ਬਹੁਤ ਹੀ ਆਸਾਨੀ ਨਾਲ ਆ ਜਾਂਦੇ ਹਨ ਜਦੋਂ ਕਿ ਪੂਰਬੀ ਯੋਰਪ ਦੇ ਲੋਕਾਂ ਨੂੰ ਛੁੱਟੀਆਂ ਬਿਤਾਉਣ ਵਾਸਤੇ ਵੀ ਵੀਜ਼ਾ ਨਹੀਂ ਮਿਲਦਾ। ਸਰਕਾਰ ਨੂੰ ਚਾਹੀਦਾ ਹੈ ਕਿ ਨਿਯਮ ਸਾਰਿਆਂ ਵਾਸਤੇ ਬਰਾਬਰ ਦੇ ਹੋਣ।

ਫੈਡਰਲ ਸਰਕਾਰ ਨੇ 2016 ਵਿੱਚ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੇ ਉਹ ਪੇਰੈਂਟਲ ਵੀਜ਼ਾ ਦੇ ਨਿਯਮਾਂ ਵਿੱਚ ਸੋਧ ਕਰ ਕੇ ਇਨਾਂ ਨੂੰ ਵਧੀਆ ਅਤੇ ਨਰਮ ਬਣਾਵੇਗੀ ਪਰੰਤੂ ਪਾਰਲੀਮੈਂਟ ਵਿਚਲੀਆਂ ਕਾਨੂੰਨੀ ਅੜਚਣਾਂ ਨੇ ਇਸ ਕਾਰਜ ਨੂੰ ਰੋਕ ਰੱਖਿਆ ਹੈ। ਐਡੀਲੇਡ ਦੇ ਅਰਵਿੰਦ ਦੁੱਗਲ -ਜਿਨਾਂ ਨੇ ਪੇਰੈਂਟਲ ਵੀਜ਼ਾ ਲਈ ਮੁਹਿੰਮ ਚਲਾਈ ਹੋਈ ਹੈ, ਨੇ ਵੀ ਕਿਹਾ ਕਿ ਸਰਕਾਰ ਨੂੰ ਆਪਣਾ ਪੱਖ ਪੂਰਨ ਅਤੇ ਸਾਫ ਰੂਪ ਵਿੱਚ ਲੋਕਾਂ ਅੱਗੇ ਰੱਖਣਾ ਚਾਹੀਦਾ ਹੈ। ਉਨਾਂ ਇਹ ਵੀ ਕਿਹਾ ਕਿ ਵਿਕਟੋਰੀਅਨ ਲਿਬਰਲ ਨੇਤਾ ਮੈਥੀਊ ਗੇਜ਼ ਕੋਈ ਮਾਮੂਲੀ ਹਸਤੀ ਨਹੀਂ ਹਨ ਅਤੇ ਜੇ ਉਨਾਂ ਦੀ ਪਾਰਟੀ ਜਿੱਤ ਜਾਂਦੀ ਹੈ ਤਾਂ ਉਹ ਵਿਕਟੋਰੀਆ ਸਟੇਟ ਦੇ ਪਰੀਮੀਅਰ ਹੋਣਗੇ ਅਤੇ ਅਜਿਹੇ ਹਾਲਤਾਂ ਵਿੱਚ ਉਨਾਂ ਦਾ ਇਹ ਬਿਆਨ ਯਕੀਨਨ ਚਿੰਤਾ ਦਾ ਵਿਸ਼ਾ ਹੈ।