• ਬੰਦੀ ਛੋੜ ਦਿਵਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਸੰਗਤਾਂ ਦਾ ਭਾਰੀ ਇਕੱਠ
(ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਕੀਰਤਨ ਕਰਦਾ ਰਾਗੀ ਜੱਥਾ)
(ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਕੀਰਤਨ ਕਰਦਾ ਰਾਗੀ ਜੱਥਾ)

ਆਕਲੈਂਡ 8 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਬੰਦੀ ਛੋੜ ਦਿਵਸ ਮੌਕੇ ਗੁਰ ਅਸਥਾਨ ਜਗਮਗਾ ਉਠਿਆ। ਸੰਗਤਾ ਦਾ ਭਾਰੀ ਉਤਸ਼ਾਹ ਅਤੇ ਇਕੱਠ ਵੇਖਣ ਨੂੰ ਮਿਲਿਆ। ਦੇਸੀ ਤੇਲ ਅਤੇ ਦੇਸੀ ਘਿਉ ਦੇ ਰੰਗ-ਬਿਰੰਗੇ ਦੀਵੇ ਜਗਾਏ ਗਏ। ਦੀਪ ਮਾਲਾ ਵੀ ਕੀਤੀ ਗਈ ਸੀ। ਰਹਿਰਾਸ ਸਾਹਿਬ ਦੇ ਪਾਠ ਉਪਰੰਤ ਵਿਸ਼ੇਸ਼ ਦੀਵਾਨ ਸਜਿਆ ਜਿਸ ਦੇਵਿਚ ਭਾਈ ਬਚਿਤਰ ਸਿੰਘ ਅਨਮੋਲ ਦੇ ਰਾਗੀ ਜੱਥੇ ਨੇ ਅਤੇ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ ਆਗਰਾ ਵਾਲੇ ਦੇ ਜੱਥੇ ਨੇ ਗੁਰਬਾਣੀ ਗਾਇਨ ਕੀਤੀ। ਸ. ਹਰਪ੍ਰੀਤ ਸਿੰਘ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਗਈ ਸੀ। ਪ੍ਰਬੰਧਕਾਂ ਵੱਲੋਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਗਿਆ, ਖਾਸ ਕਰਕੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਸੇਵਾ ਕੀਤੀ।

ਗੁਰਦੁਆਰਾ ਦਸਮੇਸ਼ ਦਰਬਾਰ ਪਾਪਾਟੋਏਟੋਏ ਵੀ ਵੱਡੀਆਂ ਰੌਣਕਾਂ – ਗੁਰਦੁਆਰਾ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਅੱਜ ਸ਼ਾਮ ਦੇ ਦੀਵਾਨ ਦੇ ਵਿਚ ਕਾਫੀ ਰੌਣਕ ਰਹੀ। ਸ੍ਰੀ ਅੰਖਠ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ ਸ੍ਰੀ ਗੰਗਾਨਗਰ ਵਾਲਿਆਂ ਦੇ ਜੱਥੇ ਸ਼ਬਦ ਕੀਰਤਨ ਕੀਤਾ। ਇਸ ਦੇ ਨਾਲ ਹੀ ਭਾਈ ਯਾਦਵਿੰਦਰ ਸਿੰਘ ਹੋਰਾਂ ਵੀ ਗੁਰਬਾਣੀ ਗਾਇਨ ਕਰਕੇ ਹਾਜ਼ਰੀ ਲਗਵਾਈ। ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਸੰਗਤ ਨੇ ਦੇਸੀ ਅਤੇ ਘਿਉ ਦੇ ਦੀਵੇ ਬਾਲ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਤੋਂ ਰਿਹਾਅ ਹੋਣ ਵਾਲੇ ਪਲਾਂ ਨੂੰ ਯਾਦ ਕੀਤਾ ਅਤੇ ਖੁਸ਼ੀ ਜ਼ਾਹਿਰ ਕੀਤੀ। ਸੰਗਤ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਆਤਿਸ਼ਬਾਜੀ ਅਤੇ ਪਟਾਖੇ ਚਲਾਏ। ਬਹੁਤ ਸਾਰੇ ਪਰਿਵਾਰ ਬੱਚਿਆਂ ਸਮੇਤ ਪਹੁੰਚੇ ਹੋਏ ਸਨ। ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।