• ਕੈਪਟਨ ਸਰਕਾਰ ਪੰਜਾਬ ਦੀ ਇਸ ਬਰਬਾਦੀ ਵਾਲੀ ਖੇਡ ਨੂੰ ਗੰਭੀਰਤਾ ਨਾਲ ਲਵੇ

bagel singh dhaliwal 181120 ਅਮ੍ਰਿਤਸਰ ਦਾ ਬੰਬ ਧਮਾਕਾ

ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਵਿਚ ਨਿਰੰਕਾਰੀ ਭਵਨ ਤੇ ਹੋਏ ਮਾਰੂ ਧਮਾਕੇ ਨੇ ਇੱਕ ਵਾਰ ਫਿਰ ਇਨਸਾਫ਼ ਅਤੇ ਅਮਨ ਪਸੰਦ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। 1971;78, 84 ਅਤੇ 92 ਦਾ ਦਰਦ ਹੱਡੀਂ ਹੰਢਾ ਚੁੱਕੇ ਪੰਜਾਬ ਦੇ ਲੋਕਾਂ ਲਈ ਇਹ ਬੇਹੱਦ ਹੀ ਸਦਮੇ ਵਾਲਾ ਵਰਤਾਰਾ ਹੈ। ਬੇਸ਼ੱਕ ਕੇਂਦਰ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਬਿਹਾਰ ਕੀਤਾ ਹੈ, ਪ੍ਰੰਤੂ ਇਸ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲੱਗਿਆ ਨਹੀਂ ਦੇਖਣਾ ਚਾਹੁੰਦੇ। ਉਨ੍ਹਾਂ ਦੇ ਮਨਾਂ ਅੰਦਰ ਜਿੱਥੇ ਆਪਣੇ ਹੱਕ ਹਕੂਕਾਂ ਦੀ ਪ੍ਰਾਪਤੀ ਦੀ ਤਾਂਘ ਹੈ, ਓਥੇ ਉਹ ਕੇਂਦਰ ਦੀਆਂ ਉਨ੍ਹਾਂ ਮਾੜੀਆਂ ਭਾਵਨਾਵਾਂ ਨੂੰ ਵੀ ਚੰਗੀ ਤਰਾਂ ਸਮਝਦੇ ਹਨ, ਕਿ ਕਿਵੇਂ ਕੇਂਦਰੀ ਏਜੰਸੀਆਂ ਪੰਜਾਬ ਦੀ ਜੁਆਨੀ ਨੂੰ ਮੁੜ 1984 ਦੇ ਦਹਾਕੇ ਦੀ ਤਰਜ ਤੇ ਚੁਣ ਚੁਣ ਕੇ ਖ਼ਤਮ ਕਰਨ ਦੇ ਬਹਾਨੇ ਲੱਭ ਰਹੀਆਂ ਹਨ, ਇਸ ਲਈ ਪੰਜਾਬ ਦੇ ਲੋਕ ਅਜਿਹਾ ਕੋਈ ਵੀ ਕਦਮ ਹਰਗਿਜ਼ ਵੀ ਨਹੀਂ ਪੁੱਟਣਗੇ, ਜਿਸ ਨਾਲ ਕੇਂਦਰੀ ਤਾਕਤਾਂ ਨੂੰ ਜ਼ੁਲਮ ਕਰਨ ਦਾ ਮੌਕਾ ਮਿਲ ਸਕੇ।

ਪੰਜਾਬ ਦੇ ਲੋਕ ਬਦਲੇ ਹਾਲਤਾਂ ਦੇ ਮੱਦੇਨਜ਼ਰ ਆਪਣੇ ਹੱਕਾਂ ਦੀ ਆਵਾਜ਼ ਨੂੰ ਸ਼ਾਂਤਮਈ ਤਰੀਕੇ ਨਾਲ ਉਠਾਉਂਦੇ ਹਨ। ਸ੍ਰੀ ਅੰਮ੍ਰਿਤਸਰ ਵਾਲਾ ਬੰਬ ਧਮਾਕਾ ਉਸ ਮੌਕੇ ਹੋਇਆ ਹੈ ਜਦੋਂ ਸਿੱਖ ਆਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ਼ ਲੈਣ ਲਈ ਲਾਏ ਮੋਰਚੇ ਦੀ ਸਫਲਤਾ ਦੇ ਦੁਆਰ ਤੇ ਖੜੇ ਮਹਿਸੂਸ ਕਰਦੇ ਹਨ। ਇਹ ਧਮਾਕਾ ਸਪਸ਼ਟ ਕਰਦਾ ਹੈ ਕਿ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਦੇ ਅਮਨ ਅਮਾਨ ਨੂੰ ਲਾਂਬੂ ਲਾਉਣ ਲਈ ਕਿੰਨੀਆਂ ਕਾਹਲ਼ੀਆਂ ਹਨ। ਉਨ੍ਹਾਂ ਨੇ ਇਹ ਕਦਮ ਪੁੱਟਦਿਆਂ ਐਨੀ ਕੁ ਸਿਆਣਪ ਤੋ ਵੀ ਕੰਮ ਨਹੀਂ ਲਿਆ ਕਿ ਹੁਣ ਜਦੋਂ ਕਿਸੇ ਵੀ ਤਰਾਂ ਦਾ ਪੰਜਾਬ ਅੰਦਰ ਕੋਈ ਮਜਹਬੀ ਤੇ ਧਾਰਮਿਕ ਤਣਾਅ ਹੀ ਨਹੀਂ, ਫਿਰ ਅਜਿਹੇ ਧਮਾਕਿਆਂ ਨੂੰ ਕੀਹਦੇ ਖਾਤੇ ਵਿਚ ਪਾਇਆ ਜਾਵੇਗਾ।

ਜੇਕਰ ਗੱਲ ਨਿਰੰਕਾਰੀਆਂ ਦੀ ਕੀਤੀ ਜਾਵੇ ਤਾਂ ਹੁਣ ਉਨ੍ਹਾਂ ਨਾਲ ਵੀ ਬੜੇ ਲੰਮੇ ਸਮੇਂ ਤੋਂ ਕਿਸੇ ਕਿਸਮ ਦਾ ਟਕਰਾਅ ਸਿੱਖਾਂ ਦਾ ਨਹੀਂ ਹੈ। ਕੇਂਦਰ ਦੀ ਮੋਦੀ ਸਰਕਾਰ ਦਾ ਸਮਾ ਬਹੁਤ ਥੋੜ੍ਹਾ ਰਹਿ ਗਿਆ ਹੈ। ਲੋਕ ਸਭਾ ਚੋਣਾਂ ਅਗਲੇ ਸਾਲ 2019 ਵਿਚ ਹੋਣ ਵਾਲੀਆਂ ਹਨ। ਸਿਆਸੀ ਸੂਝ ਰੱਖਣ ਵਾਲੇ ਫ਼ਿਕਰਮੰਦ ਲੋਕ ਇਸ ਧਮਾਕੇ ਨੂੰ ਆਉਣ ਵਾਲੀਆਂ ਚੋਣਾਂ ਲਈ ਖੇਡਿਆ ਗਿਆ ਮਾਰੂ ਪੱਤਾ ਹੋਣ ਦਾ ਖ਼ਦਸ਼ਾ ਵੀ ਜ਼ਾਹਿਰ ਕਰਦੇ ਹਨ, ਜਿਹੜਾ ਕਿਤੇ ਨਾ ਕਿਤੇ ਸੱਚ ਜਾਪਦਾ ਹੈ। ਬਿਨਾ ਸ਼ੱਕ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਬਹੁਤ ਹੀ ਮਾੜੀ ਰਹੀ ਹੈ। ਮੋਦੀ ਸਰਕਾਰ ਦਾ ਸਾਰਾ ਕਾਰਜਕਾਲ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਫ਼ਿਰਕੂ ਵਿਉਂਤਬੰਦੀ ਵਿਚ ਹੀ ਗੁਜ਼ਰਿਆ ਹੈ।

ਜੇਕਰ ਮੋਦੀ ਦੇ ਪਿਛੋਕੜ ਵੱਲ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਦੀ ਰਾਜਨੀਤੀ ਗੁਜਰਾਤ ਵਿਚ ਫ਼ਿਰਕਾਪ੍ਰਸਤੀ ਦੇ ਦੁਆਲੇ ਹੀ ਕੇਂਦਰਿਤ ਰਹੀ ਹੈ, ਜਿਸ ਵਿਚ ਉਹ ਸਫਲ ਵੀ ਰਿਹਾ ਹੈ। ਗੁਜਰਾਤ ਵਿਚ 60, 000 ਸਿੱਖ ਕਿਸਾਨਾਂ ਦਾ ਉਜਾੜਾ ਅਤੇ ਦੋ ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਉਨ੍ਹਾਂ ਦੇ ਰਾਜ ਵਿਚ ਫ਼ਿਰਕਾਪ੍ਰਸਤੀ ਦੀ ਇੰਤਾਹ ਦੀਆਂ ਮਿਸਾਲਾਂ ਹਨ। ਉਨ੍ਹਾਂ ਦੀ ਅੰਤਾਂ ਦੀ ਫ਼ਿਰਕੂ ਰਾਜਨੀਤੀ ਦਾ ਹੀ ਫਲ ਸੀ ਕਿ 2014 ਵਿਚ ਭਾਰਤੀ ਜਨਤਾ ਪਾਰਟੀ ਨੇ ਮੋਦੀ ਦੀ ਅਗਵਾਈ ਵਿਚ ਭਾਰੀ ਬਹੁਮਤ ਨਾਲ ਕੇਂਦਰ ਵਿਚ ਸਰਕਾਰ ਬਣਾ ਲਈ। ਸੋ ਆ ਰਹੀਆਂ ਚੋਣਾਂ ਵਿਚ ਬਹੁਗਿਣਤੀ ਦੀ ਵੋਟ ਹਾਸਲ ਕਰਨ ਲਈ ਇਹ ਬੇਹੱਦ ਮਾੜੀ ਸਾਜ਼ਿਸ਼ ਰਚੀ ਹੋ ਸਕਦੀ ਹੈ, ਪਰੰਤੂ ਦੇਖਣਾ ਇਹ ਹੋਵੇਗਾ ਕਿ ਇਹ ਧਮਾਕੇ ਨਾਲ ਮੁਸਲਮਾਨ ਭਾਈਚਾਰੇ ਦੀ ਹੋਣੀ ਜੁੜਦੀ ਹੈ ਜਾ ਸਿੱਖਾਂ ਨੂੰ ਫਿਰ ਇੱਕ ਵਾਰੀ ਬਲਦੀ ਦੇ ਬੁੱਥੇ ਦਿੱਤਾ ਜਾਵੇਗਾ।

ਜਿਹੜੇ ਵਰਗ ਤੇ ਜਬਰ ਢਾਹੁਣ ਨਾਲ ਵੋਟਾਂ ਵਿਚ ਭਾਰਤ ਪੱਧਰ ਤੇ ਜ਼ਿਆਦਾ ਲਾਭ ਮਿਲਣ ਦੀ ਸੰਭਾਵਨਾ ਹੋਵੇਗੀ, ਉਹਦੀ ਨਸਲਕੁਸ਼ੀ ਹੋਣ ਦੇ ਜ਼ਿਆਦਾ ਚਾਂਸ ਹੋਣਗੇ। ਕੁੱਝ ਵੀ ਹੋਵੇ ਇਹ ਸਾਰਾ ਵਰਤਾਰਾ ਪੰਜਾਬ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। ਜਿੱਥੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਪੰਜਾਬ ਦੀ ਬਰਬਾਦੀ ਵਾਲੀ ਇਸ ਗੰਦੀ ਰਾਜਨੀਤੀ ਵਾਲੀ ਖੇਡ ਦਾ ਇੱਕਜੁੱਟਤਾ ਨਾਲ ਵਿਰੋਧ ਕਰਨਾ ਚਾਹੀਦਾ ਹੈ, ਓਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਅਪੀਲ ਕਰਨੀ ਸਾਡਾ ਨੈਤਿਕ ਫ਼ਰਜ਼ ਬਣਦਾ ਹੈ, ਕਿ ਉਹ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਕੇਂਦਰ ਤੋਂ ਪਹਿਲਾਂ ਆਪਣੇ ਉਨ੍ਹਾਂ ਲੋਕਾਂ ਨਾਲ ਵਫ਼ਾਦਾਰੀ ਨਿਭਾਉਣ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਕਾਬਲ ਬਣਾਇਆ ਹੈ। ਉਨ੍ਹਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਕੇਂਦਰੀ ਤਾਕਤਾਂ ਦੀ ਪੰਜਾਬ ਦੇ ਉਜਾੜੇ ਲਈ ਰਚੀ ਗਈ ਇਸ ਸਾਜ਼ਿਸ਼ ਨੂੰ ਗੰਭੀਰਤਾ ਨਾਲ ਲੈਣ ਲਈ ਸੁਹਿਰਦ ਪਹੁੰਚ ਅਪਣਾਉਣ। ਪੁਲਿਸ ਅਤੇ ਆਪਣੇ ਖ਼ੁਫ਼ੀਆ ਤੰਤਰ ਨੂੰ ਇਸ ਸਾਜ਼ਿਸ਼ ਦੀ ਤਹਿ ਤੱਕ ਜਾਣ ਲਈ ਸਖ਼ਤੀ ਨਾਲ ਹਦਾਇਤਾਂ ਕਰਨ, ਤਾਂ ਕਿ ਪੰਜਾਬ ਵਿਰੋਧੀ ਤਾਕਤਾਂ ਆਪਣੇ ਮਾੜੇ ਮਨਸੂਬਿਆਂ ਵਿਚ ਸਫਲ ਨਾ ਹੋ ਸਕਣ।