ਅੰਮ੍ਰਿਤਸਰ ਤੋਂ ਆਕਲੈਂਡ ਦਾ ਹਵਾਈ ਸਫ਼ਰ ਦਾ ਸਮਾਂ ਲੱਗੇਗਾ ਘੱਟ

news lasara 181104 air asia x flight

(ਬ੍ਰਿਸਬੇਨ 3 ਅਕਤੂਬਰ) ਪੰਜਾਬ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ, ਫਿਲਪੀਨਜ਼ ਦੇ ਸ਼ਹਿਰਾਂ ਵਿਚਾਲੇ ਸਰਦ ਰੁੱਤ ਵਿਚ ਹੁਣ ਪਿਛਲੇ ਸਾਲ ਦੇ ਮੁਕਾਬਲੇ ਸਫ਼ਰ ਕਰਨਾ ਬਹੁਤ ਸੌਖਾ ਹੋ ਗਿਆ ਹੈ। ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ ਹਵਾਈ ਕੰਪਨੀ ਏਅਰ ਏਸ਼ੀਆ ਐਕਸ, ਜਿਸ ਨੇ ਅਗਸਤ 2018 ਵਿੱਚ ਅੰਮ੍ਰਿਤਸਰ ਤੋਂ ਆਪਣੀਆਂ ਉਡਾਨਾਂ ਸ਼ੁਰੂ ਕੀਤੀਆਂ ਸਨ, ਨੇ ਆਪਣੀ ਕੁਆਲਾਲੰਪੁਰ-ਅੰਮ੍ਰਿਤਸਰ ਉਡਾਨ ਦਾ ਸਰਦ ਰੁੱਤ ਦੇ ਸਮੇਂ ਵਿਚ 28 ਅਕਤੂਬਰ ਤੋਂ 31 ਜਨਵਰੀ 2019 ਤੱਕ ਤਬਦੀਲੀ ਕੀਤੀ ਹੈ।

ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਸਕੱਤਰ ਸ. ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਏਅਰ ਏਸ਼ੀਆ ਦੀ ਵੈੱਬਸਾਈਟ ਅਨੁਸਾਰ ਉਡਾਣ ਦੀ ਆਗਮਨ ਅਤੇ ਰਵਾਨਗੀ ਰਾਤ ਤੋਂ ਬਦਲ ਕੇ ਦੁਪਹਿਰ ਦੀ ਕਰ ਦਿੱਤੀ ਗਈ ਹੈ। ਇਹ ਉਡਾਣਾਂ ਮੰਗਲਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਹਫ਼ਤੇ ਵਿਚ 4 ਦਿਨ ਚਲਦੀਆ ਰਹਿਣਗੀਆਂ। ਏਅਰ ਏਸ਼ੀਆ ਦੀ ਉਡਾਣ ਡੀ 7 188 ਸਵੇਰੇ 7:20 ਵਜੇ ਕੁਆਲਾਲੰਪੁਰ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 10:25 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹਦੀ ਵਾਪਸੀ ਦੀ ਯਾਤਰਾ ਵਿਚ ਫਲਾਈਟ ਡੀ 7187 ਅੰਮ੍ਰਿਤਸਰ ਤੋਂ 11:40 ਵਜੇ ਚਲ ਕੇ ਸ਼ਾਮ ਨੂੰ 8 ਵਜੇ ਕੁਆਲਾਲੰਪੁਰ ਪਹੁੰਚੇਗੀ

ਗੁਮਟਾਲਾ ਨੇ ਕਿਹਾ ਕਿ ਸਰਦੀਆਂ ਵਿਚ ਸਮੇਂ ਦੀ ਤਬਦੀਲੀ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਕਈ ਥਾਵਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਲਾਭ ਪਹੁੰਚੇਗਾ। ਫਲਾਈ ਅੰਮ੍ਰਿਤਸਰ ਮੁਹਿੰਮ ਦੀ ਇਸ ਫਲਾਇਟ ਨੂੰ ਸ਼ੁਰੂ ਕਰਵਾਉਣ ਵਿਚ ਬਹੁਤ ਵੱਡੀ ਭੂਮਿਕਾ ਸੀ ਅਤੇ ਸ਼ੁਰੂਆਤ ਤੋਂ ਹੀ ਸਾਡੀ ਟੀਮ ਨੂੰ ਸੋਸ਼ਲ ਮੀਡੀਆ ‘ਤੇ ਆਕਲੈਂਡ, ਪਰਥ ਅਤੇ ਹੋਰਨਾਂ ਥਾਵਾਂ ਲਈ ਕੁਲ ਸਮਾਂ ਘਟਾਉਂਣ ਲਈ ਬੇਨਤੀਆਂ ਆ ਰਹੀਆਂ ਸਨ।ਇਹ ਨਵਾਂ ਸਮਾਂ ਹੁਣ ਉਹਨਾਂ ਦੀ ਮੰਗ ਨੂੰ ਪੂਰਾ ਕਰੇਗਾ, ਅਤੇ ਹੁਣ ਦਿੱਲੀ ਰਾਹੀ ਲੰਮਾਂ ਸਫ਼ਰ ਕਰਨ ਦੀ ਬਜਾਏ ਪੰਜਾਬ ਤੋਂ ਇਸ ਰਸਤੇ ‘ਤੇ ਅਸਾਨੀ ਨਾਲ ਯਾਤਰਾ ਕੀਤੀ ਜਾ ਸਕਦੀ ਹੈ। ਜੇਕਰ ਸਵਾਰੀਆਂ ਵਲੋਂ ਚੰਗਾ ਹੁੰਗਾਰਾ ਮਿਲਦਾ ਹੈ, ਤਾਂ ਇਸ ਸਮੇਂ ਨੂੰ ਹੀ ਅਗਾਂਹ ਰੱਖਿਆ ਜਾ ਸਕਦਾ ਹੈ।

ਏਅਰ ਏਸ਼ੀਆਂ ਕੁਆਲਾਲੰਪੁਰ ਤੋਂ ਆਕਲੈਂਡ ਲਈ ਆਪਣੀਆਂ ਉਡਾਨਾਂ ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਰਾਹੀਂ ਚਲਾਉਂਦੀ ਹੈ। ਇੱਥੇ ਇਹ ਉਡਾਣ 1 ਘੰਟੇ 15 ਮਿੰਟ ਲਈ ਖਲੋਂਦੀ ਹੈ। ਭਾਰਤੀ ਪਾਸਪੋਰਟ ਵਾਲੇ ਯਾਤਰੀਆਂ ਨੂੰ ਇਸ ਲਈ ਆਸਟ੍ਰੇਲੀਆ ਦਾ ਟਰਾਂਜ਼ਿਟ ਈ-ਵੀਜ਼ਾ ਲੈਣਾ ਪਵੇਗਾ ਜੋ ਕਿ ਆਸਾਨੀ ਨਾਲ ਆਨਲਾਈਨ ਹੀ ਲਿਆ ਜਾ ਸਕਦਾ ਹੈ। ਆਕਲੈਂਡ ਨੂੰ ਜਾਣ ਦਾ ਕੁੱਲ ਸਮਾਂ 34 ਘੰਟਿਆਂ ਤੋਂ ਘਟ ਕੇ ਸਿਰਫ 22 ਘੰਟੇ ਅਤੇ ਵਾਪਸੀ ਵੇਲੇ 23 ਘੰਟੇ ਲੱਗਣਗੇ। ਯਾਤਰੀਆਂ ਲਈ 4 ਹਫ਼ਤਾਵਾਰੀ ਉਡਾਨਾਂ ਮੈਲਬੋਰਨ, ਸਿਡਨੀ, ਪਰਥ ਅਤੇ ਗੋਲਡ ਕੋਸਟ ਲਈ ਹਨ। ਮੈਲਬਰਨ ਨੂੰ ਜਾਣ ਦਾ ਕੁੱਲ ਸਮਾਂ 18 ਘੰਟੇ, ਸਿਡਨੀ 16, ਪਰਥ 16 ਅਤੇ ਗੋਲਡ ਕੋਸਟ 18 ਘੰਟਿਆ ਵਿਚ ਪੂਰਾ ਕੀਤਾ ਜਾ ਸਕਦਾ ਹੈ। ਏਅਰ ਏਸ਼ੀਆ ਨੇ ਅੰਮ੍ਰਿਤਸਰ ਨੂੰ 40 ਤੋਂ ਵੱਧ ਹੋਰ ਥਾਵਾਂ ਦੇ ਨਾਲ ਵੀ ਜੋੜਿਆ ਹੈ, ਜਿਨ੍ਹਾਂ ਵਿੱਚ ਹਾਂਗਕਾਂਗ, ਬੈਂਕਾਕ, ਮਨੀਲਾ ਸ਼ਾਮਲ ਹਨ।ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕੋ-ਕਨਵੀਨਰ ਤੇ ਮੰਚ ਦੇ ਵਧੀਕ ਸਕੱਤਰ ਯੋਗੇਸ਼ ਕਾਮਰਾ ਨੇ ਵੀ ਦੱਸਿਆ ਕਿ ਪੰਜਾਬੀਆਂ ਕੋਲ ਆਸਟ੍ਰੇਲੀਆ ਅਤੇ ਹੋਰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦੀ ਯਾਤਰਾ ਲਈ ਹੁਣ ਪਹਿਲਾਂ ਨਾਲੋ ਬਹੁਤ ਜਿਆਦਾ ਵਿਕਲਪ ਹਨ। ਸਿੰਗਾਪੁਰ ਏਅਰਲਾਈਨ ਦੀ ਘੱਟ ਕਿਰਾਏ ਦੀ ਫਲਾਈ ਸਕੂਟ ਅਤੇ ਮਲੇਸ਼ੀਆ ਦੀ ਮਲਿੰਡੋ ਏਅਰ ਵੀ ਪੰਜਾਬ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟਰੇਲੀਆ ਅਤੇ ਹੋਰ ਦੱਖਣੀ ਏਸ਼ੀਆਈ ਮੁਲਕਾਂ ਨੂੰ ਜੋੜਦੀਆਂ ਹਨ। ਮਲਿੰਡੋ ਮੈਲਬੋਰਨ, ਪਰਥ ਅਤੇ ਬ੍ਰਿਸਬੇਨ ਜਾਂਦੀ ਹੈ ਅਤੇ ਸਕੂਟ ਵੀ ਮੈਲਬੋਰਨ, ਸਿਡਨੀ, ਬ੍ਰਿਸਬੇਨ ਆਪਣੀਆਂ ਅਤੇ ਸਿੰਗਾਪੁਰ ਏਅਰ ਦੀਆਂ ਉਡਾਨਾਂ ਉਪਲੱਪਧ ਹਨ। ਸਕੂਟ ਵੀ ਸਿੰਗਾਪੁਰ ਰਾਹੀਂ ਆਪਣੀ ਭਾਈਵਾਲ ਸਿੰਗਾਪੁਰ ਏਅਰਲਾਈਨਜ਼ ਨਾਲ ਆਕਲੈਂਡ ਨਾਲ ਜੋੜਦੀ ਹੈ।ਕਾਮਰਾ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਅਤੇ ਪੰਜਾਬ ਸਰਕਾਰ  ਤੋਂ ਮੰਗ ਕਰ ਰਹੇ ਹਾਂ ਕਿ ਇਨ੍ਹਾਂ ਉਡਾਣਾਂ ‘ਤੇ ਖੁਸ਼ਕ ਅਤੇ ਨਾਸ਼ਵਾਨ ਕਾਰਗੋ ਦੀ ਸ਼ੁਰੂਆਤ ਕਰਨ ਵਿਚ ਸਹੂਲਤ ਕਰਨ ਤਾਂ ਜੋ ਥੋੜੇ ਸਮੇਂ ਵਿਚ ਇਹ ਕਾਰਗੋ ਬਾਹਰਲੇ ਮੁਲਕਾਂ ਨੂੰ ਪਹੁੰਚ ਸਕੇ ਤਾਂ ਜੋ  ਇਸ ਨਾਲ ਕਿਸਾਨਾਂ ਨੂੰ ਆਪਣੀ ਸਬਜੀਆਂ ਅਤੇ ਫਲਾਂ ਦੀ ਫ਼ਸਲ ਦੀ ਚੰਗੀ ਕੀਮਤ ਮਿਲ ਸਕੇ।

(ਹਰਜੀਤ ਲਸਾੜਾ)

harjit_las@yahoo.com