• ਬਰਗਾੜੀ ਮੋਰਚਾ ਬਨਾਮ ਸ਼ਰੋਮਣੀ ਕਮੇਟੀ ਅਤੇ ਸਰਕਾਰੀ ਸਮਾਗਮ

bagel singh dhaliwal 181126 ਕੌਮੀ ਦਰਦ

ਯੁੱਗ ਪੁਰਸ਼ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 549 ਵਾਂ ਜਨਮ ਦਿਹਾੜਾ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈ,ਕਿਉਂਕਿ ਜਿੱਥੇ ਇਸ ਦਿਹਾੜੇ ਤੋ ਸਿੱਖ ਕੌਮ 550 ਸਾਲਾ ਸਮਾਗਮਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ,ਓਥੇ ਇਹਨਾਂ ਸਮਾਗਮਾਂ ਨੂੰ ਮਨਾਉਣ ਲਈ ਤਿੰਨ ਧਿਰਾਂ ਆਪਣੇ ਆਪਣੇ ਢੰਗ ਨਾਲ ਅਤੇ ਆਪਣੀ ਆਪਣੀ ਨੀਤੀ ਅਨੁਸਾਰ ਮਨਾਉਣ ਲਈ ਯਤਨਸ਼ੀਲ ਹੋਈਆਂ ਹਨ। ਪਹਿਲੀ ਧਿਰ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਜਿਸ ਦੀ ਮੂਲ ਰੂਪ ਵਿੱਚ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਜ਼ੁੰਮੇਵਾਰੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਸਾਂਭਣ,ਜਿਉਂਦਾ ਰੱਖਣ ਲਈ ਸ਼ਾਨਾਂਮੱਤੇ ਇਤਿਹਾਸਿਕ ਦਿਹਾੜੇ ਮਨਾਉਣ ਲਈ ਵੀ ਸੁਹਿਰਦਤਾ,ਗੰਭੀਰਤਾ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਹੁੰਦਾ ਹੈ,ਪਰ ਇੱਥੇ ਇਹ ਬਹੁਤ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰਦੁਆਰਾ ਪ੍ਰਬੰਧ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਤੋ ਫ਼ੇਲ੍ਹ ਸਾਬਤ ਹੋਈ ਹੈ,ਓਥੇ ਸਿੱਖ ਇਤਿਹਾਸ ਨੂੰ ਸਾਂਭਣ ਵਿੱਚ ਵੀ ਬੁਰੀ ਤਰਾਂ ਫ਼ੇਲ੍ਹ ਸਾਬਤ ਹੋਈ ਹੈ।ਇੱਥੇ ਇਹ ਕਹਿਣਾ ਵੀ ਕੋਈ ਗ਼ਲਤ ਨਹੀਂ ਹੋਵੇਗਾ ਕਿ ਸ਼ਰੋਮਣੀ ਕਮੇਟੀ ਤੇ ਲੰਮੇ ਸਮੇਂ ਤੋ ਕਾਬਜ਼ ਲੋਕਾਂ ਨੇ ਗੁਰਦੁਆਰਾ ਪ੍ਰਬੰਧ ਅਤੇ ਸਿੱਖ ਸਿਧਾਂਤਾਂ ਨੂੰ ਵੀ ਬਹੁਤ ਬੁਰੀ ਤਰਾਂ ਢਾਹ ਲਾਈ ਹੈ ਸਿੱਖ ਇਤਿਹਾਸ ਨੂੰ ਤੋੜਨ ਮਰੋੜਨ ਦੇ ਅੱਜ ਵੀ ਯਤਨ ਹੋ ਰਹੇ ਹਨ।ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਪ੍ਰਧਾਨ ਅਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਆਪ ਫ਼ੈਸਲੇ ਲੈਣ ਦੇ ਸਮਰੱਥ ਨਹੀਂ ਹਨ।

ਪਿਛਲੇ ਲੰਮੇ ਸਮੇਂ ਤੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਾਉਣ ਵਾਲੇ ਲਏ ਗਏ ਗ਼ਲਤ ਫ਼ੈਸਲਿਆਂ ਨੇ ਜਿੱਥੇ ਕੌਮ ਵਿੱਚ ਦੁਬਿਧਾ ਵਾਲਾ ਮਾਹੌਲ ਸਿਰਜ ਦਿੱਤਾ ਹੈ,ਓਥੇ ਜਥੇਦਾਰ ਦੇ ਰੁਤਬੇ ਨੂੰ ਵੀ ਵੱਡੀ ਢਾਹ ਲੱਗੀ ਹੈ।ਇਹ ਸਾਰਾ ਕੁੱਝ ਜਾਣਬੁੱਝ ਕੇ ਗਿਣੀ ਮਿਥੀ ਸਾਜ਼ਿਸ਼ ਤਹਿਤ ਹੁੰਦਾ ਰਿਹਾ ਹੈ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ,ਨਾਨਕ ਸ਼ਾਹ ਫ਼ਕੀਰ ਵਰਗੀਆਂ ਫ਼ਿਲਮਾਂ ਨੂੰ ਹਰੀ ਝੰਡੀ ਦੇਣਾ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਪੁਸਤਕਾਂ ਵਿੱਚ ਹੀ ਗੁਰੂ ਸਹਿਬਾਨਾਂ ਦਾ ਅਪਮਾਨ ਇਹਨਾਂ ਸਾਜ਼ਿਸ਼ਾਂ ਦੀ ਮੂੰਹ ਬੋਲਦੀ ਤਸਵੀਰ ਹਨ।ਜਦੋਂ ਵੀ ਸਿੱਖ ਗੁਰੂ ਸਹਿਬਾਨਾਂ ਦੇ ਜਨਮ ਦਿਹਾੜੇ ਜਾਂ ਸ਼ਹੀਦੀ ਦਿਹਾੜੇ ਆਉਂਦੇ ਹਨ,ਸ਼ਰੋਮਣੀ ਕਮੇਟੀ ਜ਼ਰੂਰ ਕੁੱਝ ਅਜਿਹਾ ਕਰ ਜਾਂਦੀ ਹੈ,ਜਿਸ ਨਾਲ ਉਨ੍ਹਾਂ ਦਿਹਾੜਿਆਂ ਦੀ ਮਹੱਤਤਾ ਨੂੰ ਠੇਸ ਪਹੁੰਚਦੀ ਹੋਵੇ।ਜਿਸ ਤਰਾਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਰਲਗੱਡ ਕਰ ਦੇਣ ਵਰਗੀਆਂ ਗੁੱਝੀਆਂ ਚਾਲਾਂ ਦਾ ਆਮ ਵਾਪਰਦੇ ਰਹਿਣਾ।

ਹੁਣ ਦੂਜੀ ਧਿਰ ਦੀ ਗੱਲ ਕਰੀਏ ਤਾਂ ਉਹ ਹੈ ਸਰਕਾਰੀ ਧਿਰ,ਜਿਸ ਨੇ ਗੁਰੂ ਨਾਨਕ ਸਾਹਿਬ ਦੇ ਆਗਮਨ ਪਰਵ ਅਤੇ 550 ਸਾਲਾ ਸਮਾਗਮਾਂ ਨੂੰ ਸਰਕਾਰੀ ਪੱਧਰ ਤੇ ਮਨਾਉਣ ਦਾ ਫ਼ੈਸਲਾ ਕੀਤਾ ਹੈ।

ਸਰਕਾਰੀ ਧਿਰ ਦਾ ਕੇਂਦਰ ਬਿੰਦੂ ਹੈ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਪਰਿਵਾਰ ਤੇ ਗੁਰੂ ਸਾਹਿਬਾਂ ਦੀਆਂ ਅਨੇਕਾਂ ਬਖ਼ਸ਼ੀਸ਼ਾਂ ਹਨ।ਕਿਹਾ ਇਹ ਵੀ ਜਾਂਦਾ ਹੈ ਕਿ ਪਟਿਆਲਾ ਘਰਾਣੇ ਦਾ ਰਾਜ ਪ੍ਰਬੰਧ ਹੀ ਗੁਰੂ ਸਾਹਿਬਾਂ ਦੀ ਬਖ਼ਸ਼ੀਸ਼ ਨਾਲ ਹੈ,ਉਨ੍ਹਾਂ ਵੱਲੋਂ ਵੀ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਉਣ ਦੇ ਹੁਕਮ ਦਿੱਤੇ ਗਏ ਹਨ।ਜੇ ਇਸ ਗੱਲ ਤੇ ਵਿਚਾਰ ਕਰੀਏ ਕਿ ਇੱਕ ਪਾਸੇ ਕੈਪਟਨ ਸਾਹਿਬ ਉਹ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਅਤੇ 550 ਸਾਲਾ ਸਮਾਗਮਾਂ ਨੂੰ ਬਹੁਤ ਵੱਡੀ ਪੱਧਰ ਤੇ ਮਨਾ ਕੇ ਯਾਦਗਾਰੀ ਬਣਾਉਣਾ ਚਾਹੁੰਦੇ ਹਨ,ਜਿਨ੍ਹਾਂ ਦੀ ਰਚੀ ਹੋਈ ਬਾਣੀ ਦੀ ਪਿਛਲੇ ਤਿੰਨ ਸਾਲਾਂ ਤੋ ਬੇਅਦਬੀ ਹੁੰਦੀ ਆ ਰਹੀ ਹੈ ਪਰ ਇਨਸਾਫ਼ ਨਹੀਂ ਮਿਲ ਸਕਿਆ।ਬੇਅਦਬੀ ਦਾ ਇਨਸਾਫ਼ ਲੈਣ ਲਈ ਖ਼ਾਲਸਾ ਪੰਥ ਨੂੰ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ।ਉਨ੍ਹਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਇਨਸਾਫ਼ ਸਮੇਤ ਦੋ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਪਿਛਲੇ ਪੱਚੀ ਪੱਚੀ,ਤੀਹ ਤੀਹ ਸਾਲਾਂ ਤੋ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਲੱਗੇ ਮੋਰਚੇ ਦਾ ਇਨਸਾਫ਼ ਦੇਣ ਅਤੇ ਦਿਵਾਉਣ ਦੀ ਬਜਾਏ ਕੇਂਦਰ ਦੇ ਇਸ਼ਾਰਿਆਂ ਤੇ ਚੱਲ ਕੇ ਗੁਰੂ ਤੋ ਬੇ-ਮੁੱਖ ਹੋਣ ਦਾ ਬੱਜਰ ਗੁਨਾਹ ਕੀਤਾ ਜਾ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ਼ ਦੇਣ ਵਿੱਚ ਕੀਤੀ ਜਾ ਰਹੀ ਬੇਵਜਾਹ ਦੇਰੀ ਉਨ੍ਹਾਂ ਦੀ ਸਿੱਖੀ ਸੇਵਕੀ ਤੇ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ,ਸੋ ਉਨ੍ਹਾਂ ਵੱਲੋਂ ਮਨਾਏ ਜਾ ਰਹੇ ਗੁਰਪੁਰਬ ਅਤੇ ઠਸਾਢੇ ਪੰਜ ਸੌ ਸਾਲਾ ਸਮਾਗਮਾਂ ਦਾ ਓਨੀ ਦੇਰ ਕੋਈ ਮਹੱਤਵ ਨਹੀਂ ਜਿੰਨੀ ਦੇਰ ਉਹ ਗੁਰੂ ਦਾ ਇਨਸਾਫ਼ ਦੇਣ ਪ੍ਰਤੀ ਸੁਹਿਰਦ ਨਹੀਂ ਹੁੰਦੇ।ਹੁਣ ਗੱਲ ਕਰਦੇ ਹਾਂ ਤੀਸਰੀ ਧਿਰ ਦੀ।ਇਹ ਉਹ ਧਿਰ ਹੈ,ਜਿਨ੍ਹਾਂ ਨੇ ਇੱਕ ਜੂਨ 2018 ਤੋਂ ਬੇਅਦਬੀਆਂ ਦਾ ਇਨਸਾਫ਼ ਲੈਣ ਲਈ ਬਰਗਾੜੀ ਦੀ ਦਾਣਾ ਮੰਡੀ ਵਿੱਚ ਮੋਰਚਾ ਲਾਇਆ ਹੈ।ਮੋਰਚੇ ਵਿੱਚ ਸ਼ਾਮਿਲ ਸਾਰੀਆਂ ਧਿਰਾਂ ਵੱਲੋਂ ਵੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਢੇ ਪੰਜ ਸੌ ਸਾਲਾ ਸਮਾਗਮਾਂ ਦੀ ਸ਼ੁਰੂਆਤ ਬਰਗਾੜੀ ਤੋ ਹੀ ਕਰਨ ਦਾ ਫ਼ੈਸਲਾ ਕੀਤਾ ਹੈ।ਮੋਰਚਾ ਸੰਚਾਲਕ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਇਹਨਾਂ ਸਮਾਗਮਾਂ ਦੀ ਸਾਰਥਿਕਤਾ ਇਹ ਹੈ ਕਿ ਇਹਨਾਂ ਸਮਾਗਮਾਂ ਵਿੱਚ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਬਾਕੀ ਪੰਥ ਦੀਆਂ ਸਾਰੀਆਂ ਧਿਰਾਂ ਸ਼ਾਮਿਲ ਹਨ।ਮੋਰਚਾ ਪ੍ਰਬੰਧਕਾਂ ਦਾ ਤਰਕ ਹੈ ਕਿ ਭਾਵੇਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਸੁਲਤਾਨਪੁਰ ਲੋਧੀ ਵਿੱਚ ਹੀ ਮਨਾਇਆ ਜਾਣਾ ਚਾਹੀਦਾ ਹੈ,ਪ੍ਰੰਤੂ ਸਿੱਖ ਕੌਮ ਦੇ ਜਾਗਤ ਜੋਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਲੈਣ ਲਈ ਜੋ ਮੋਰਚਾ ਬਰਗਾੜੀ ਵਿੱਚ ਲੱਗਾ ਹੈ,ਉਹ ਗੁਰੂ ਦਾ ਹੀ ਮੋਰਚਾ ਹੈ,ਤਾਂ ਕਰਕੇ ਇਸ ਵਾਰ ਮੋਰਚਾ ਛੱਡ ਕੇ ਸੁਲਤਾਨਪੁਰ ਜਾਣਾ ਸੰਭਵ ਨਹੀਂ ਹੈ,ਇਸ ਲਈ ਇਸ ਵਾਰ ਖ਼ਾਲਸਾ ਪੰਥ ਵੱਲੋਂ ਗੁਰਪੁਰਬ ਬਰਗਾੜੀ ਵਿੱਚ ਹੀ ਮਨਾਇਆ ਜਾ ਰਿਹਾ ਹੈ ਅਤੇ ਪੱਚੀ ਨਵੰਬਰ ਤੋ ਹੀ ਸਾਢੇ ਪੰਜ ਸੌ ਸਾਲਾ ਸਮਾਗਮਾਂ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ।

ਇਹਨਾਂ ਸਮਾਗਮਾਂ ਦੀ ਸ਼ੁਰੂਆਤ ਮੌਕੇ ਬਰਗਾੜੀ ਵਿੱਚ ਬਹੁਤ ਵੱਡਾ ਇਕੱਠ ਹੋਣਾ ਸਾਬਤ ਕਰੇਗਾ ਕਿ ਇਨਸਾਫ਼ ਮੋਰਚਾ ਲਾਕੇ ਬੈਠੀਆਂ ਪੰਥਕ ਧਿਰਾਂ ਨੂੰ ਖ਼ਾਲਸਾ ਪੰਥ ਦੀ ਹਮਾਇਤ ਹਾਸਿਲ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਕੀ ਮੋਰਚਾ ਸੰਚਾਲਕ ਭਾਈ ਧਿਆਨ ਸਿੰਘ ਮੰਡ ਸਮਾਗਮਾਂ ਦੀ ਸ਼ੁਰੂਆਤ ਮੌਕੇ ਕੌਮ ਨੂੰ ਆਪਣੀ ਦ੍ਰਿੜ੍ਹਤਾ ਦਾ ਕੀ ਸੁਨੇਹਾ ਦਿੰਦੇ ਹਨ।ਮੋਰਚਾ ਖ਼ਤਮ ਕਰਨ ਲਈ ਪਾਏ ਜਾ ਰਹੇ ਸਰਕਾਰੀ ਦਬਾਅ ਦੀ ਪ੍ਰਵਾਹ ਨਾ ਕਰਦੇ ਹੋਏ ਕੌਮ ਦੀ ਹੋਣੀ ਦਾ ਫ਼ੈਸਲਾ ਕਿੰਨੀ ਕੁ ਸਫਲਤਾ ਅਤੇ ਸਾਰਥਿਕਤਾ ਨਾਲ ਕਰ ਪਾਉਂਦੇ ਹਨ। ਕੀ ਮੋਰਚਾ ਇਤਿਹਾਸ ਦਾ ਰੁੱਖ ਬਦਲਣ ਵਿੱਚ ਕਾਮਯਾਬ ਹੋ ਸਕੇਗਾ ? ਕੀ ਇਹ ਇਨਸਾਫ਼ ਮੋਰਚਾ ਅਜਿਹਾ ਇਤਿਹਾਸ ਸਿਰਜਣ ਵਿੱਚ ਕਾਮਯਾਬ ਹੋ ਸਕੇਗਾ ਜਿਹੜਾ ਦੇਸ਼ ਦੀ ਵੰਡ ਤੋ ਬਾਅਦ ਸਿੱਖਾਂ ਵੱਲੋਂ ਲਾਏ ਗਏ ਕਿਸੇ ਵੀ ਮੋਰਚੇ ਦੇ ਹਿੱਸੇ ਨਹੀਂ ਆਇਆ।ਅਜਿਹੇ ਬਹੁਤ ਸਾਰੇ ਸੁਆਲਾਂ ਦੇ ਜਵਾਬ ਆਉਣੇ ਅਜੇ ਬਾਕੀ ਹਨ।