unnamedਕੁਝ ਦਿਨਾਂ ਤੋਂ ਇਕ ਗੋਰੇ ਟਰੱਕ ਡਰਾਈਵਰ ਦੀ ਪਰਵਾਸੀਆਂ ਤੇ ਖਾਸ ਕਰ ਏਸ਼ੀਅਨ ਪ੍ਰਤੀ ਮੰਦੀ ਭਾਸ਼ਾ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਸੀ। ਜਿਸ ਵਿਚ ਉਸ ਨੇ ਇਕ ਦਸਤਾਰ ਧਾਰੀ ਪੰਜਾਬੀ ਨੌਜਵਾਨ ਦੀ ਤਸਵੀਰ ਲਾ ਕੇ ਇਕ ਪੁਤਲਾ ਬਣਾ ਰੱਖਿਆ ਸੀ। ਇਹ ਤਸਵੀਰ ਸਨੀ ਸਿੰਘ ਦੀ ਹੈ। ਜੋ ਕਿ ਬਹੁਤ ਹੀ ਉੱਦਮੀ ਨੌਜਵਾਨ ਹਨ। ਜੋ ਕਾਫ਼ੀ ਲੰਮੇ ਸਮੇਂ ਤੋਂ ਪੋਰਟ ਔਗਸਤਾ ‘ਚ ਰਹਿ ਰਹੇ ਹਨ। ਅਤੇ ਅੱਜ ਕੱਲ੍ਹ ਉੱਥੋਂ ਹੀ ਕੌਂਸਲ ਦੇ ਇਲੈੱਕਸ਼ਨ ‘ਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਸਕੂਨ ਦੀ ਗੱਲ ਇਹ ਹੈ ਕਿ ਜਦੋਂ ਇਹ ਵੀਡੀਓ ਪੋਰਟ ਔਗਸਤਾ ਰਹਿੰਦੇ ਬਹੁ-ਸਭਿਅਕ ਭਾਈਚਾਰੇ ਦੇ ਨਜ਼ਰ ਚੜ੍ਹੀ ਤਾਂ ਸਾਰੇ ਇਕ ਜੁੱਟ ਹੋ ਕੇ ਸਨੀ ਦੇ ਨਾਲ ਆ ਖਲੋਤੇ। ਖ਼ਾਸ ਤੌਰ ਤੇ ਪੋਰਟ ਔਗਸਤਾ ਦੇ ਮੇਅਰ ਮਾਨਯੋਗ ਸੈਮ ਜਾਨਸਨ ਨੇ ਖ਼ੁਦ ਜਾ ਕੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ। ਸਾਰੇ ਭਾਈਚਾਰਿਆਂ ਨੇ ਇਕ ਜੁੱਟ ਹੋ ਕੇ ਬਿਆਨ ਦਿੱਤਾ ਕਿ ਇਹੋ ਜਿਹੇ ਨਫ਼ਰਤੀ ਲੋਕਾਂ ਪ੍ਰਤੀ ਕੋਈ ਹਮਦਰਦੀ ਨਹੀਂ ਦਿਖਾਉਣੀ ਚਾਹੀਦੀ।
ਪਤਾ ਲੱਗਿਆ ਹੈ ਕਿ ਇਸ ਗੋਰੇ ਨੇ ਸਨੀ ਦੀ ਫ਼ੋਟੋ ਇਲੈੱਕਸ਼ਨ ਲਈ ਬੇਨਤੀ ਕਰਨ ਵਾਸਤੇ ਲੱਗੇ ਬੋਰਡ ਤੋਂ ਲੈ ਕੇ ਇਹ ਕਰਤੂਤ ਕੀਤੀ। ਇਹ ਗੋਰਾ ਪੋਰਟ ਔਗਸਤਾ ਤੋਂ ਚਾਲੀ ਕੁ ਕਿੱਲੋਮੀਟਰ ਦੂਰ ਕਸਬੇ ‘ਕੋਈਨ’ ਦਾ ਰਹਿਣ ਵਾਲਾ ਹੈ ਤੇ ਇਸ ਦਾ ਖ਼ੁਦ ਦਾ ਟਰੱਕ ਹੈ ਤੇ ਇਹ ਇੱਥੋਂ ਦੀਆਂ ਦੋ ਵੱਡੀਆਂ ਕੰਪਨੀਆਂ ‘ਓ.ਟੀ.ਆਰ’. ਅਤੇ ‘ਮੋਗੈਸ’ ਲਈ ਕੰਮ ਕਰਦਾ ਸੀ। ਪਰ ਹੁਣ ਖ਼ਾਸ ਗੱਲ ਇਹ ਹੋਈ ਕਿ ਇਹਨਾਂ ਕੰਪਨੀਆਂ ਦੇ ਮੁਖੀਆਂ ਨੇ ਖ਼ੁਦ ਸੰਨੀ ਸਿੰਘ ਨੂੰ ਕਾਲ ਕਰ ਕੇ ਜਿੱਥੇ ਮਾਫ਼ੀ ਮੰਗੀ ਹੈ, ਉੱਥੇ ਇਸ ਗੋਰੇ ਨਾਲੋਂ ਸਾਰੇ ਨਾਤੇ ਤੋੜਨ ਦਾ ਐਲਾਨ ਕਰਦਿਆਂ ਕਿਹਾ ਕਿ ਸਾਡੀਆਂ ਕੰਪਨੀਆਂ ‘ਚ ਇਹੋ ਜਿਹੇ ਨਫ਼ਰਤੀ ਲੋਕਾਂ ਲਈ ਕੋਈ ਥਾਂ ਨਹੀਂ ਹੈ।
ਇੱਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਐਨਰਜੀ ਅਤੇ ਮਿਨਿੰਗ ਮੰਤਰੀ ਮਾਨਯੋਗ ਡਾਨ ਵੈਨ ਜੋ ਕਿ ਪੋਰਟ ਔਗਸਤਾ ਸ਼ਹਿਰ ਨਾਲ ਸੰਬੰਧਿਤ ਹਨ ਨੇ ਵੀ ਇਸ ਮੁੱਦੇ ਤੇ ਪਾਰਲੀਮੈਂਟ ‘ਚ ਬਿਆਨ ਦਿੱਤਾ ਅਤੇ ਕਿਹਾ ਕਿ ਆਸਟ੍ਰੇਲੀਆ ਨੂੰ ਮਾਣ ਹੈ ਸੁਨੀ ਸਿੰਘ ਵਰਗੇ ਉੱਦਮੀ ਨੌਜਵਾਨਾਂ ਤੇ ਜਿਨ੍ਹਾਂ ਆਸਟ੍ਰੇਲੀਆ ਆ ਕੇ ਆਪਣੀ, ਆਪਣੇ ਪਰਵਾਰ ਦੀ ਅਤੇ ਆਸਟ੍ਰੇਲੀਆ ਦੀ ਤਰੱਕੀ ‘ਚ ਹਿੱਸਾ ਪਾਇਆ। ਉਨ੍ਹਾਂ ਪਰਵਾਸੀਆਂ ਪ੍ਰਤੀ ਆਪਣਾ ਸਤਿਕਾਰ ਜ਼ਹਿਰ ਕੀਤਾ ਅਤੇ ਨਾਲ ਖੜੇ ਰਹਿਣ ਦਾ ਵਾਅਦਾ ਕੀਤਾ। ਸਨੀ ਸਿੰਘ ਨੇ ਪੰਜਾਬੀ ਅਖ਼ਬਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ ਕਿ ਸਾਰੇ ਭਾਈਚਾਰੇ ਇਸ ਵਕਤ ਉਨ੍ਹਾਂ ਦੇ ਨਾਲ ਆ ਕੇ ਖੜ੍ਹੇ ਹੋਏ ਹਨ, ਜਿਸ ਨਾਲ ਸਾਡਾ ਆਸਟ੍ਰੇਲੀਆ ਪ੍ਰਤੀ ਸਤਿਕਾਰ ਚ ਵਾਧਾ ਹੋਇਆ ਹੈ।