• ਆਪਣੇ ਸੂਬੇ ਵਿੱਚ ਹੀ ਪ੍ਰਵਾਸੀ ਹੋਏ ਪੰਜਾਬੀ ਮਜ਼ਦੂਰ
(ਦਲਿਤ ਪ੍ਰੀਵਾਰਾਂ ਦੇ ਨਰਮਾ ਚੁਗਣ ਲਈ ਜਾਣ ਕਾਰਨ ਉਨ੍ਹਾਂ ਦੀ ਘਰਾਂ ਦੀ ਰਾਖੀ ਕਰਦੇ ਹੋਏ ਜਿੰਦਰੇ)
(ਦਲਿਤ ਪ੍ਰੀਵਾਰਾਂ ਦੇ ਨਰਮਾ ਚੁਗਣ ਲਈ ਜਾਣ ਕਾਰਨ ਉਨ੍ਹਾਂ ਦੀ ਘਰਾਂ ਦੀ ਰਾਖੀ ਕਰਦੇ ਹੋਏ ਜਿੰਦਰੇ)

ਬੇਸ਼ੱਕ ਭਾਰਤ ਦੀ ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਆਪਣੇ ਪਿੰਡ ਵਿੱਚ ਹੀ ਰੁਜ਼ਗਾਰ ਮੁਹੱਈਆਂ ਕਰਵਾਉਣ ਲਈ ਮਨਰੇਗਾ ਸਕੀਮ ਸ਼ੁਰੂ ਕੀਤੀ ਸੀ । ਪਰ ਕੇਂਦਰ ਸਰਕਾਰ ਦੀ ਇਹ ਸਕੀਮ ਪ੍ਰਤੀ ਪੰਜਾਬ ਸਰਕਾਰ ਵੱਲੋਂ ਜ਼ਿਆਦਾ ਉਤਸ਼ਾਹ ਨਾਂ ਦਿਖਾਉਣਾ ਅਤੇ ਪੰਜਾਬ ਦੀਆਂ ਜ਼ਿਆਦਾਤਰ ਪੰਚਾਇਤਾਂ ਵੱਲੋਂ ਇਸ ਸਕੀਮ ਪ੍ਰਤੀ ਨਾਂਹ ਪੱਖੀ ਰਵੱਈਏ ਕਾਰਨ ਖੁਸ਼ਹਾਲ ਸਮਝੇ ਜਾਂਦੇ ਸੂਬੇ ”ਪੰਜਾਬ” ਦੇ ਮਜ਼ਦੂਰ ਬਿਹਾਰ, ਬੰਗਾਲ ਦੇ ਮਜ਼ਦੂਰਾਂ ਤੋਂ ਵੀ ਭੈੜੀ ਜਿੰਦਗੀ ਜੀਣ ਲਈ ਮਜਬੂਰ ਹਨ ਅਤੇ ਆਪਣੀ ਦੋ ਵੇਲੇ ਦੀ ਰੋਟੀ ਦੇ ਫ਼ਿਕਰ ਅੱਗੇ ਆਪਣੇ ਹੀ ਸੂਬੇ ਵਿੱਚ ਹਿਜਰਤ ਕਰਨ ਲਈ ਮਜ਼ਬੂਰ ਹਨ। ਸਰਕਾਰ ਵੱਲੋਂ ਹੁਣ ਤੱਕ ਚਲਾਈਆਂ ਲੱਖ ਸਕੀਮਾਂ ਇਨ੍ਹਾਂ ਮਜ਼ਦੂਰਾਂ ਲਈ ਕੋਈ ਮਾਅਣੇ ਨਹੀ ਰੱਖਦੀਆਂ। ਜਿਸ ਦੀ ਤਾਜਾ ਮਿਸਾਲ ਅੱਜ-ਕਲ ਮਜ਼ਦੂਰਾਂ ਦੇ ਵਿਹੜਿਆਂ ਦੇ ਦਰਸਨ ਕਰਨ ਤੇ ਆਮ ਹੀ ਦੇਖੀ ਜਾ ਸਕਦੀ ਹੈ । ਹਰਿਆਣਾ ਅਤੇ ਅਬੋਹਰ ਵੱਲ ਨਰਮਾ ਚੁਗਣ ਜਾਣ ਲਈ ਵੱਡੀ ਪੱਧਰ ਤੇ ਦਲਿਤ ਆਪਣੇ ਪ੍ਰੀਵਾਰਾਂ ਸਮੇਤ ਹਰ ਸਾਲ ਵਾਂਗ ਹਿਜਰਤ ਕਰ ਗਏ ਹਨ ਜਿਥੇ ਕਿ ਉਹ ਲਗਾਤਾਰ ਢਾਈ ਤੋਂ ਤਿੰਨ ਮਹੀਨੇ ਰਹਿਣਗੇ । ਉਨ੍ਹਾਂ ਦੇ ਬੱਚੇ ਵੀ ਨਾਲ ਗਏ ਹੋਣ ਕਾਰਨ ਸਰਕਾਰੀ ਪ੍ਰਾਇਮਰੀ ਸਕੂਲ ਭਾਂਅ-ਭਾਂਅ ਕਰ ਰਹੇ ਹਨ। ਜਿਥੇ ਨਵੰਬਰ ਮਹੀਨੇ ‘ਚ ਦੀਵਾਲੀ ਦਾ ਪਵਿੱਤਰ ਤਿਉਹਾਰ ਆ ਰਿਹਾ ਹੈ ਅਤੇ ਇਸ ਦਿਨ ਦੇਸ਼ ਦੇ ਹਰ ਸਰਕਾਰੀ-ਪ੍ਰਾਈਵੇਟ ਦਫਤਰਾਂ ਅਤੇ ਹੋਰ ਅਦਾਰਿਆਂ ਵਿੱਚ ਛੁੱਟੀ ਕਰਕੇ ਲੋਕ ਆਪਣੇ ਘਰਾਂ ਵਿੱਚ ਦਿਵਾਲੀ ਮਨਾਉਂਦੇ ਹਨ ਪਰ ਪੰਜਾਬ ਦੇ 60 ਹਜ਼ਾਰ ਤੋਂ ਵੱਧ ਮਜ਼ਦੂਰ ਜਿਨ੍ਹਾਂ ਲਈ ਪੇਟ ਦੀ ਭੁੱਖ ਕਾਰਨ ਇਹ ਤਿਉਹਾਰ ਕੋਈ ਮਾਅਣੇ ਨਹੀ ਰੱਖਦਾ, ਉਹ ਦਿਵਾਲੀ ਆਪਣੇ ਘਰਾਂ ਤੋਂ ਬਾਹਰ ਹੀ ਮਨਾਉਣਗੇ । ਬੇਸੱਕ ਸਰਕਾਰੀ ਸਕੂਲਾਂ ਵਿਚ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਤਹਿਤ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਅਨੇਕਾ ਸਕੀਮਾ ਸੁਰੂ ਕੀਤੀਆਂ ਜਿਸ ਤਹਿਤ ਮੁਫ਼ਤ ਕਿਤਾਬਾਂ, ਵਜ਼ੀਫ਼ੇ, ਦੁਪਿਹਰ ਦਾ ਖਾਣਾ ਦੇਣ ਤੋਂ ਬਾਅਦ ਪੜ੍ਹੋ ਪੰਜਾਬ ਸਕੀਮ ਤਹਿਤ ਕਰੋੜਾਂ ਰੁਪਏ ਖਰਚ ਕੀਤੇ ਗਏ ਪਰ ਇਹ ਲਾਲਚ ਵੀ ”ਮਜਬੂਰ” ਦਲਿਤ ਬੱਚਿਆਂ ਲਈ ਕੋਈ ਆਸ ਦੀ ਕਿਰਨ ਬਣਕੇ ਨਹੀ ਚਮਕੇ। ਇਥੋਂ ਤੱਕ ਕਿ ਕੇਂਦਰ ਵੱਲੋਂ ਸੁਰੂ ਕੀਤੀ ਮਨਰੇਗਾ ਸਕੀਮ ਵੀ ਮਜ਼ਦੂਰਾਂ ਨੂੰ ਹਿਜਰਤ ਕਰਨ ਤੋਂ ਨਹੀਂ ਰੋਕ ਸਕੀ ਅਤੇ ਮਜ਼ਦੂਰਾਂ ਪੱਲੇ ਨਿਰਾਸ਼ਤਾ ਹੀ ਪਈ ਹੈ ।

ਮਾਲਵਾ ਦੇ ਵੱਖ-ਵੱਖ ਜਿਲਿਆਂ ਦੇ 50 ਤੋਂ 75 ਫ਼ੀਸਦੀ ਦਲਿਤ ਪ੍ਰੀਵਾਰ ਹਰਿਆਣਾ, ਅਬੋਹਰ ਵੱਲ ਨਰਮਾ-ਕਪਾਹ ਚੁਗਣ ਲਈ ਹਰ ਸਾਲ ਦੀ ਤਰ੍ਹਾਂ ਹਿਜਰਤ ਕਰ ਗਏ ਹਨ । ਜਿਥੇ ਉਹ ਦਸੰਬਰ-ਜਨਵਰੀ ਤੱਕ ਰਹਿਣਗੇ ।ਇਹ ਰੁਝਾਨ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ ।

ਸਿੱਖਿਆ ਵਿਭਾਗ ਦੇ ਸੂਤਰਾ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਹਾਜ਼ਰੀ ਰਜਿਸਟਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਦਲਿਤ ਪਰਿਵਾਰਾਂ ਦੇ ਬੱਚੇ ਨਰਮੇ-ਕਪਾਹ ਦੀ ਰੁੱਤ ਸਮੇਂ ਹਰ ਸਾਲ ਦੋ ਤੋਂ ਢਾਈ ਮਹੀਨੇ ਸਕੂਲ ਵਿੱਚੋਂ ਗੈਰਹਾਜ਼ਰ ਰਹਿਦੇ ਹਨ ਅਤੇ ਇਨ੍ਹਾਂ ਢਾਈ ਮਹੀਨਿਆਂ ਦੌਰਾਨ ਸਕੂਲ ਵਿੱਚ ਬੱਚਿਆਂ ਦੀ ਹਾਜ਼ਰੀ ਸਿਰਫ 50 ਫ਼ੀਸਦੀ ਹੀ ਰਹਿ ਜਾਂਦੀ ਹੈ। ਹੁਣ ਹਲਾਤ ਇਹ ਹਨ ਕਿ ਪੜ੍ਹਾਈ ਵਿਚ ਚੰਗੀ ਰੁਚੀ ਰੱਖਣ ਵਾਲੇ ਬੱਚਿਆਂ ਨੂੰ ਵੀ ਮਜਬੂਰੀਵੱਸ ਦੋ ਤੋਂ ਢਾਈ ਮਹੀਨੇ ਨਰਮਾ ਚੁਗਣ ਦਾ ਕੰਮ ਕਰਨਾ ਪੈਂਦਾ ਹੈ।
ਵੱਖ-ਵੱਖ ਪਿੰਡਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪਿੰਡਾਂ ਦੀਆਂ ਦਲਿਤ ਬਸਤੀਆਂ ਵਿੱਚ ਟਾਵੇਂ-ਟਾਵੇਂ ਪਰਿਵਾਰ ਹੀ ਰਹਿ ਗਏ ਹਨ। ਜਿੰਦਰੇ ਹੀ ਇਨ੍ਹਾਂ ਦੇ ਘਰਾਂ ਦੀ ਰਾਖੀ ਕਰਦੇ ਹਨ, ਜਦੋਂ ਉਹ ਆਪਣੇ ਹੀ ਪੰਜਾਬ ਵਿਚ ਪਰਵਾਸੀ ਮਜਦੂਰਾਂ ਵਾਂਗ ਪੇਟ ਪਾਲਣ ਲਈ ਚੋਗਾ ਚੁਗਣ ਜਾਂਦੇ ਹਨ। ਬੇਸ਼ੱਕ ਸਰਕਾਰ ਨੇ ਬਾਲ ਮਜ਼ਦੂਰੀ ਤੇ ਵੀ ਪਾਬੰਦੀ ਲਾਈ ਹੋਈ ਹੈ ਪਰ ਠੰਡੇ ਹੁੰਦੇ ਚੁੱਲ੍ਹਿਆਂ ਨੂੰ ਮਗਦੇ ਰੱਖਣ ਲਈ ਇਨ੍ਹਾਂ ਦੇ ਬੱਚਿਆਂ ਨੂੰ ਵੱਡੀ ਪੱਧਰ ਤੇ ਬਾਲ ਮਜ਼ਦੂਰੀ ਦੇ ਰਾਹ ਤੁਰਨਾ ਪੈਦਾ ਹੈ। ਇਸ ਸਬੰਧੀ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਵਰਤਾਰਾਂ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਉਹ ਗੈਰਹਾਜਰ ਰਹਿਣ ਵਾਲੇ ਬੱਚੇ ਦਾ ਨਾਂ ਤਾਂ ਸਕੂਲ ਵਿੱਚੋਂ ਨਾਮ ਕੱਟ ਸਕਦੇ ਹਨ ਅਤੇ ਨਾਂ ਹੀ ਉਸ ਨੂੰ ਫੇਲ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਵਿਭਾਗ ਦੀ ਹਦਾਇਤ ਤੇ 45 ਦਿਨ ਤੋਂ ਵੱਧ ਗੈਰ ਹਾਜਰ ਰਹਿਣ ਵਾਲੇ ਬੱਚੇ ਦਾ ਅਸੀ ਗੈਰ ਹਾਜਰੀ ਵਜੋਂ ਵੱਖਰੇ ਰਜਿਸਟਰ ਤੇ ਨਾਮ ਦਰਜ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਢਾਈ ਤਿੰਨ ਮਹੀਨੇ ਸਕੂਲ ਵਿੱਚੋਂ ਗੈਰ ਹਾਜਰ ਰਹਿਣ ਕਾਰਨ ਸਕੂਲ ਦਾ ਰਿਜਲਟ ਖਰਾਬ ਹੁੰਦਾ ਹੈ ਜਿਸ ਕਾਰਨ ਵਿਭਾਗੀ ਕਾਰਵਾਈ ਦੀ ਤਲਵਾਰ ਉਨ੍ਹਾਂ ਤੇ ਲਟਕਦੀ ਰਹਿਦੀ ਹੈ।

(ਰਣਜੀਤ ਕੁਮਾਰ ਬਾਵਾ)

bawanihalsinghwala@gmail.com