pb uni

ਹਾਲ ਹੀ ਵਿਚ ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਵਾਪਰ ਰਹੀਆਂ ਘਟਨਾਵਾਂ ਨੇ ਬੌਧਿਕ ਕੰਗਾਲੀ ਦਾ ਮੁਜਾਹਰਾ ਕਰਦਿਆਂ ਕੁੱਝ ਅਜਿਹੀਆਂ ਨਿੰਦਣਯੋਗ ਕਾਰਵਾਈਆਂ ਕੀਤੀਆਂ ਹਨ, ਜਿਨ੍ਹਾਂ ਨੇ ਅਕਾਦਮਿਕ ਮਿਆਰ ਨੂੰ ਨੀਵਾਂ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਨੇ ਅੱਜ ਏਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾ. ਮਾਨ ਨੇ ਕਿਹਾ ਕਿ ਕਿੰਨੀ ਨਿੰਦਣਯੋਗ ਅਤੇ ਨੈਤਿਕਤਾ ਤੋਂ ਗਿਰੀ ਘਟਨਾ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਆਏ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਲਈ ਬਣੀ ਕੋਠੀ ਵਿੱਚ ਤ੍ਰਿਸ਼ੂਲ ਗਡਵਾਕੇ ਪੂਜਾ ਸਥਲ ਬਣਾ ਦਿੱਤਾ ਹੈ। ਰਾਸ਼ਟਰ ਸੇਵਕ ਸੰਘ ਦੇ ਸਮਰਥਕ ਇਸ ਵਿਅਕਤੀ ਨੇ ਯੂਨੀਵਰਸਿਟੀ ਦਾ ਪੂਰਨ ਭਗਵਾਕਰਨ ਕਰਨ ਦਾ ਆਪਣਾ ਏਜੰਡਾ ਲਾਗੂ ਕਰ ਦਿੱਤਾ ਹੈ। ਡਾ. ਮਾਨ ਨੇ ਕਿਹਾ ਕਿ ਯੂਨੀਵਰਸਿਟੀਆਂ ਸੰਸਾਰ ਸਿੱਖਿਆ ਦਾ ਕੇਂਦਰ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚ ਵਿਦਿਆਰਥੀ ਉੱਚਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ ਨਾ ਕਿ ਹਿੰਦੂ ਰਾਸ਼ਟਰ ਦਾ ਪਾਠ ਪੜ੍ਹਨ ।

ਡਾ. ਤੇਜਵੰਤ ਮਾਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੁਤੰਤਰਤਾ ਦੇ ਨਾਂ ਉਤੇ ਕੁੜੀਆਂ ਦੇ ਹੋਸਟਲ ਚੌਵੀ ਘੰਟੇ ਖੁੱਲ੍ਹੇ ਰੱਖਣ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਸੁਤੰਤਰਤਾ ਦਾ ਅਰਥ ਇਸਤ੍ਰੀਵਾਦ ਨਹੀਂ ਸਗੋਂ ਨਾਰੀ ਚੇਤਨਾ ਹੈ। ਨਾਰੀ ਚੇਤਨਾ ਦਾ ਅਰਥ ਮੁੰਡੇਕੁੜੀਆਂ ਨੂੰ ਵਿੱਦਿਆ ਦੇ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ। ਮੰਗ ਇਹ ਨਹੀਂ ਉਠਾਈ ਗਈ ਕਿ ਯੂਨੀਵਰਸਿਟੀ ਦੀ ਲਾਇਬਰੇਰੀ ਚੌਵੀ ਘੰਟੇ ਖੁੱਲ੍ਹੀ ਰਹੇ। ਕੁੜੀਆਂ ਦੇ ਹੋਸਟਲਾਂ ਵਿਚ ਸਟੱਡੀ ਰੂਮ ਦੀ ਵਿਵਸਥਾ ਕੀਤੀ ਜਾਵੇ। ਸਗੋਂ ਉਲਟ ਅੰਦੋਲਨ ਏਸ ਲਈ ਕੀਤਾ ਜਾ ਰਿਹਾ ਹੈ ਕਿ ਕੁੜੀਆਂ ਦੇ ਹੋਸਟਲ ਚੌਵੀ ਘੰਟੇ ਖੁੱਲ੍ਹੇ ਰਹਿਣ ਤਾਂ ਕਿ ਕੁੜੀਆਂ ਕਿਤੇ ਵੀ ਜਦੋਂ ਮਰਜੀ ਜਾਣ ਕਿਤੋਂ ਵੀ ਜਦੋਂ ਮਰਜੀ ਆਉਣ। ਇਹ ਸੁਤੰਤਰਤਾ ਕੁੜੀਆਂ ਲਈ ਤਾਂ ਬੌਧਿਕ ਕੰਗਾਲੀ ਹੈ ਹੀ ਪਰ ਡਾ. ਮਾਨ ਨੇ ਅਫਸੋਸ ਅਤੇ ਦੁੱਖ ਜਾਹਿਰ ਕੀਤਾ ਕਿ ਕੁੱਝ ਅਧਿਆਪਕ ਵੀ ਇਸ ਅੰਦੋਲਨ ਨੂੰ ਹਵਾ ਦੇ ਰਹੇ ਹਨ।

ਡਾ. ਤੇਜਵੰਤ ਮਾਨ ਨੇ ਅਪੀਲ ਕੀਤੀ ਕਿ ਪੰਜਾਬ ਲੇਖਕ, ਵਿਦਵਾਨ ਅਜਿਹੀ ਨੈਤਿਕਤਾ ਤੋਂ ਗਿਰੀ ਹੋਈ ਬੌਧਿਕ ਕੰਗਾਲੀ ਨੂੰ ਰੋਕਣ ਲਈ ਅਵਾਜ਼ ਬੁਲੰਦ ਕਰਨ ।