image1 (1)

ਨਿਊਯਾਰਕ /ਐਡਮਿੰਟਨ  3 ਅਕਤੂਬਰ —ਬੀਤੇ ਦਿਨ ਕੈਨੇਡਾ ਦੇ ਸਹਾਰਾ ਕਮਿਊਨਿਟੀ ਸਰਵਿਸ ਆਰਗੇਨਾਈਜੇਸ਼ਨ ਦੇ ਖੂਬਸੂਰਤ ਹਾਲ ਵਿਖੇ ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ ਐਡਮਿੰਟਨ (ਪੀ. ਪੀ. ਐੱਫ. ਈ.) ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਇੱਕ ਯਾਦਗਾਰੀ ਚਾਰ ਭਾਸ਼ਾਈ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਏਸ਼ੀਅਨ ਟਾਈਮਜ਼ ਅਖਬਾਰ ਦੇ ਮੁੱਖ ਸੰਪਾਦਨ ਡਾ. ਪ੍ਰਿਥਵੀ ਰਾਜ ਕਾਲੀਆ ਨੇ ਕੀਤੀ। ਮੁੱਖ ਮਹਿਮਾਨ ਵਜੋਂ ਪ੍ਰਸਿੱਧ ਕ੍ਰਾਂਤੀਕਾਰੀ ਸ਼ਾਇਰ-ਲੇਖਕ ਮੱਖਣ ਕੁਹਾੜ ਨੇ ਸ਼ਿਰਕਤ ਕੀਤੀ। ਪੰਜਾਬ ਤੋਂ ਪੱਤਰਕਾਰ ਲੇਖਕ (ਸਾਹਿਤਕਾਰ) ਬਲਵਿੰਦਰ ਬਾਲਮ ਤੇ ਅੰਗਰੇਜ਼ੀ ਦੇ ਵਿਦਵਾਨ ਚਿੰਤਕ ਲੇਖਕ ਬਲਦੇਵ ਰਾਜ (ਚੰਡੀਗੜ੍ਹ) ਤੋਂ ਤਸ਼ਰੀਫ ਲਿਆਏ।

ਵੱਖ-ਵੱਖ ਬੁਲਾਰਿਆਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜੀਵਨੀ ਅਤੇ ਦੇਸ਼ ਪ੍ਰਤੀ ਦਿੱਤੀ ਕੁਰਬਾਨੀ ਦੇ ਅਨੇਕ ਪ੍ਰਸੰਗ ਵਿਚਾਰੇ। ਡਾ. ਪ੍ਰਿਥਵੀਰਾਜ ਕਾਲੀਆ ਨੇ ਪੀ. ਪੀ. ਐੱਫ. ਈ. ਸੰਸਥਾ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਸਭਾ 1999 ਵਿੱਚ ਹੋਂਦ ਵਿੱਚ ਆਈ।

ਮੰਚ ਸੰਚਾਲਨ ਕਰਦੇ ਦਲਬੀਰ ਸਾਂਗਿਆਣ ਨੇ ਕਿਹਾ ਕਿ ਐਡਮਿੰਟਨ ਵਿੱਚ ਇਹ ਪਹਿਲੀ ਸਾਹਿਤ ਸਭਾ ਹੈ। ਇਹ ਸਭਾ ਜਦ ਤੋਂ ਹੋਂਦ ਵਿੱਚ ਆਈ ਹੈ ।ਇਸ ਨੇ ਅਨੇਕਾਂ ਲੇਖਕਾਂ ਦੀਆਂ ਪੁਸਤਕਾਂ ਸਾਹਿਤ ਦੀ ਝੋਲੀ ਵਿੱਚ ਪਾਈਆਂ ਹਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀਆਂ ਕੁਰਬਾਨੀਆਂ ਸਮਾਜ ਲਈ ਪੱਥ ਪ੍ਰਦਰਸ਼ਕ ਦਾ ਕੰਮ ਕਰਦੀਆਂ ਹਨ।

ਜਸਵੀਰ ਦਿਉਲ ਨੇ ਕਿਹਾ ਕਿ ਇਸ ਸਭਾ ਦਾ ਨਾਤਾ ਸੁਪ੍ਰਸਿੱਧ ਨਾਵਲਕਾਰ ‘ਸ਼ਿਰੋਮਣੀ ਸਾਹਿਤਕਾਰ ਐਵਾਰਡੀ’ ਅਤੇ ਲਗਭਗ 70 ਪੁਸਤਕਾਂ ਦੇ ਲੇਖਕ ਸ. ਕੇਸਰ ਸਿੰਘ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਵਰਤਮਾਨ ਦੇਸ਼-ਵਿਦੇਸ਼ ਦੇ ਹਲਾਤਾਂ ਅਤੇ ਭਵਿੱਖ ਦੇ ਸਮਾਗਮਾਂ ਦੀ ਰੂਪ ਰੇਖਾ ਤੋਂ ਜਾਣੂ ਕਰਵਾਇਆ। ਲੇਖਕ ਮੱਖਣ ਕੁਹਾੜ ਨੇ ਆਪਣੀ ਕ੍ਰਿਤੀਤਵ ਅਤੇ ਵਿਅਕਤੀਤਵ ਜੀਵਨ ਸ਼ੈਲੀ ਉੱਪਰ ਵਿਸਥਾਰ ਪੂਰਨ ਚਾਨਣਾ ਪਾਇਆ ਅਤੇ ਸਮਾਜ ਦੇ ਸੁਧਾਰਵਾਦੀ ਹੋਣ ਦੀ ਚਿੰਤਾ ਜਿਤਲਾਈ।

ਲੇਖਕ ਬਲਵਿੰਦਰ ਬਾਲਮ ਨੇ ਲੇਖਣ ਪ੍ਰਤੀ ਪ੍ਰਤੀਕਾਤਮਿਕ ਤੇ ਬਿੰਬਾਤਮਿਕ ਸ਼ੇਅਰਾਂ ਨਾਲ ਆਪਣੀ ਗੱਲ ਆਖੀ।

ਇਸ ਮੌਕੇ ਤੇ ਅੰਗਰੇਜ਼ੀ ਦੇ ਵਿਦਵਾਨ ਲੇਖਕ ਜਨਾਬ ਬਲਦੇਵ ਰਾਜ ਦੀ ਪੁਸਤਕ ‘ਦੀ ਪਾਵਰ ਆਫ ਪੋਜ਼ੇਟਿਵ ਥਿੰਕਿੰਗ ਐਂਡ ਐਟੀਚਿਉਟ’ ਦਾ ਵਿਮੋਚਨ ਵੀ ਕੀਤਾ ਗਿਆ।

ਕਵੀ ਦਰਬਾਰ ਵਿੱਚ ਬਲਵਿੰਦਰ ਬਾਲਮ, ਮੱਖਣ ਕੁਹਾੜ, ਡਾ. ਸੱਈਅਦ ਤੌਫੀਕ ਹੈਦਰ, ਜਾਮੀਲ ਚੌਧਰੀ, ਡਾ. ਪ੍ਰਿਥਵੀ ਰਾਜ ਕਾਲੀਆ, ਕਿਰਤਮੀਤ ਕੁਹਾੜ, ਬਕਸ਼ ਸੰਘਾ, ਸੁਧਾ ਤਿਵਾਰੀ, ਪ੍ਰਮਿੰਦਰ ਧਾਰੀਵਾਲ, ਰਵਿੰਦਰ, ਪਵਿੱਤਰ ਧਾਰੀਵਾਲ, ਨਵਤੇਜ ਬੈਂਸ, ਕਰਨਪ੍ਰਤਾਪ, ਬਲਦੇਵ ਰਾਜ, ਰਵਿੰਦਰ ਸਰਨਾ, ਦਲਬੀਰ ਸਾਂਗਿਆਦ, ਜਸਵੀਰ ਦਿਉਲ ਆਦਿ ਨੇ ਭਾਗ ਲਿਆ। ਇਹ ਇੱਕ ਯਾਦਗਾਰੀ ਕਵੀ ਦਰਬਾਰ ਹੋ ਨਿਬੜਿਆ ਸੀ।