14 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
16 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
18 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
2 days ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
2 days ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ
  • ਦੇਖਣਾ ਹੋਵੇਗਾ ਕਿ ਭਾਈ ਹਰਪ੍ਰੀਤ ਸਿੰਘ ਪੰਥਕ ਭਾਵਨਾਵਾਂ ਦੀ ਕਿੰਨੀ ਕੁ ਕਦਰ ਕਰਦੇ ਹਨ

bagel singh dhaliwal 181030 badalssss

2015 ਵਿਚ ਚੱਬੇ ਦੀ ਧਰਤੀ ਤੇ ਹੋਇਆ ਸਰਬੱਤ ਖ਼ਾਲਸਾ ਦਾ ਬਹੁਤ ਵੱਡਾ ਇਕੱਠ ਇਤਿਹਾਸ ਦੇ ਉਨ੍ਹਾਂ ਪੰਨਿਆਂ ਵਿਚ ਆਪਣੀ ਥਾਂ ਬਣਾ ਗਿਆ ਜਿੱਥੇ ਅਠਾਰ੍ਹਵੀਂ ਸਦੀ ਦੇ ਸਿੰਘਾਂ ਵੱਲੋਂ ਦੁਸ਼ਮਣ ਨਾਲ ਨਜਿੱਠਣ ਲਈ ਸਰਬੱਤ ਖ਼ਾਲਸਾ ਬੁਲਾ ਕੇ ਫ਼ੈਸਲੇ ਲਏ ਜਾਂਦੇ ਸਨ। 2015 ਦੇ ਸਰਬੱਤ ਖ਼ਾਲਸਾ ਨੂੰ ਰੱਦ ਕਰਨਾ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਵੱਡੀ ਇਤਿਹਾਸਿਕ ਗ਼ਲਤੀ ਹੈ, ਜਿਸ ਦਾ ਖ਼ਮਿਆਜ਼ਾ ਉਹਨੂੰ ਤੇ ਉਹਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ ਤੇ ਭਵਿੱਖ ਵਿਚ ਭੁਗਤਣਾ ਪੈਂਦਾ ਰਹੇਗਾ। ਜੇਕਰ ਪ੍ਰਕਾਸ਼ ਸਿੰਘ ਬਾਦਲ 2015 ਦੇ ਸਰਬੱਤ ਖ਼ਾਲਸੇ ਨੂੰ ਮਨਜ਼ੂਰ ਕਰ ਲੈਂਦੇ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਐਨੀ ਦੁਰਗਤੀ ਨਾ ਹੁੰਦੀ ਜਿੰਨੀ ਹੁਣ ਹੋ ਰਹੀ ਹੈ।

ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਸ੍ਰ ਬਾਦਲ ਬੜੇ ਲੰਮੇ ਸਮੇਂ ਤੋ ਸਿੱਖੀ ਦੀਆਂ ਜੜਾਂ ਨੂੰ ਤੇਲ ਦਿੰਦਾ ਆ ਰਿਹਾ ਹੈ ਅਤੇ ਇਹਦੇ ਵਿਚ ਵੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਬਾਦਲ ਪਰਿਵਾਰ ਨੇ ਸੱਤਾ ਦੇ ਲਾਲਚ ਵਿਚ ਆਰ ਐਸ ਐਸ ਕੋਲ ਆਪਣੀ ਵਫ਼ਾਦਾਰੀ ਦੀ ਸਹੁੰ ਖਾਧੀ ਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਦਾ ਪ੍ਰਣ ਲਿਆ। ਆਰ ਐਸ ਐਸ ਦਾ ਥਾਪੜਾ ਹੀ ਹੈ ਜੋ ਬਾਦਲ ਪਰਿਵਾਰ ਦੀ ਸੱਤਾ ਨੂੰ ਬਰਕਰਾਰ ਰੱਖਦਾ ਹੈ ਤੇ ਉਸੇ ਸੱਤਾ ਅਤੇ ਦਿੱਲੀ ਨਾਗਪੁਰ ਦੇ ਥਾਪੜੇ ਦੇ ਨਸ਼ੇ ਕਰਕੇ ਬਾਦਲ ਪਿਉ ਪੁੱਤਰ ਨੇ 2015 ਦੇ ਬਹੁਤ ਵੱਡੇ ਲੋਕ ਫ਼ਤਵੇ ਨੂੰ ਹੀ ਨਹੀਂ ਨਕਾਰਿਆ ਬਲਕਿ ਉਨ੍ਹਾਂ ਨੇ ਇੱਕ ਵਾਰ ਫਿਰ ਪੁਰਾਤਨ ਸਿੱਖ ਪਰੰਪਰਾ ਨੂੰ ਤੋੜਨ ਦਾ ਵੱਡਾ ਗੁਨਾਹ ਕੀਤਾ ਹੈ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਬਾਦਲ ਸਰਕਾਰ ਨੇ ਆਪਣੀ ਕੌਮ ਨਾਲ ਸਿੱਧੀ ਟੱਕਰ ਲੈਣੀ ਸ਼ੁਰੂ ਕਰ ਦਿੱਤੀ ਤੇ ਸਰਬਤ ਖ਼ਾਲਸਾ ਬੁਲਾਉਣ ਵਾਲੀਆਂ ਧਿਰਾਂ ਅਤੇ ਥਾਪੇ ਗਏ ਜਥੇਦਾਰਾਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿਚ ਤੁੰਨ ਦਿੱਤਾ। ਪੰਥਕ ਮਖੌਟੇ ਵਾਲੀ ਸਰਕਾਰ ਦੇ ਸਿੱਖ ਚਿਹਰੇ ਮੂਹਰੇ ਵਾਲੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਜੋ ਸਲੂਕ ਆਪਣੀ ਕੌਮ ਦੇ ਸਰਬ ਪ੍ਰਮਾਣਿਤ ਜਥੇਦਾਰਾਂ ਅਤੇ ਪੰਥਕ ਧਿਰਾਂ ਨਾਲ ਕੀਤਾ ਗਿਆ, ਉਹ ਦੁਸ਼ਮਣ ਦੇ ਜਬਰ ਤੋ ਜ਼ਿਆਦਾ ਕਹਿਰ ਭਰਿਆ ਅਤੇ ਅਸਹਿ ਸੀ।

ਭਾਰਤ ਸਰਕਾਰ ਜਿਹੜੀ ਦੇਸ਼ ਦੀ ਆਜ਼ਾਦੀ ਵੇਲੇ ਤੋ ਹੀ ਸਿੱਖ ਕੌਮ ਦੀ ਦੁਸ਼ਮਣ ਬਣ ਕੇ ਵਿਚਰ ਰਹੀ ਹੈ ਤੇ ਜਿਸਨੇ ਸਿੱਖਾਂ ਨਾਲ ਵਿਸ਼ਵਾਸਘਾਤ ਕਰਕੇ ਉਨ੍ਹਾਂ ਨੂੰ ਆਜ਼ਾਦ ਭਾਰਤ ਵਿਚ ਮੁੜ ਤੋ ਗ਼ੁਲਾਮ ਬਣਾ ਲਿਆ ਹੋਇਆ ਹੈ, ਉਨ੍ਹਾਂ ਵੱਲੋਂ ਸਿੱਖਾਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਕਰਨ ਦੀ ਸਮਝ ਤਾਂ ਪੈਂਦੀ ਹੈ ਤੇ ਸਿੱਖ ਉਨ੍ਹਾਂ ਦੇ ਜ਼ੁਲਮਾਂ ਨੂੰ ਇਸ ਕਰਕੇ ਅਸਹਿ ਨਹੀਂ ਮੰਨਦੇ, ਕਿਉਂਕਿ ਉਹ ਤਾਂ ਸਿੱਖ ਦੁਸ਼ਮਣ ਜਮਾਤ ਹੈ, ਫਿਰ ਦੁਸ਼ਮਣ ਤੋ ਚੰਗੇ ਸਲੂਕ ਦੀ ਆਸ ਕਰਨੀ ਸਮਝਦਾਰੀ ਨਹੀਂ ਅਤੇ ਨਾ ਹੀ ਸਿੱਖ ਕੌਮ ਇਹ ਆਸ ਕੇਂਦਰ ਤੋ ਕਰਦੀ ਹੈ, ਪਰ ਇੱਕ ਸਿੱਖ ਸ਼ਾਸਕ ਜਿਹੜਾ ਸਾਰੀ ਜ਼ਿੰਦਗੀ ਪੰਥ ਦੇ ਨਾਮ ਤੇ ਰਾਜਨੀਤੀ ਕਰਦਾ ਰਿਹਾ ਹੋਵੇ, ਉਹਦੇ ਤੋ ਅਜਿਹੇ ਜ਼ਖਮ ਮਿਲਣੇ ਅਣਖ ਗ਼ੈਰਤ ਵਾਲੀਆਂ ਕੌਮਾਂ ਲਈ ਅਸਹਿ ਹੀ ਹੁੰਦੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਜਿੰਨਾ ਕੌਮ ਦਾ ਰਾਜਨੀਤਕ, ਧਾਰਮਿਕ ਅਤੇ ਸਿਧਾਂਤਕ ਨੁਕਸਾਨ ਕੀਤਾ ਹੈ, ਉਹਦੇ ਲਈ ਇਸ ਪਰਿਵਾਰ ਦੀ ਸਜ਼ਾ ਕਈ ਪੁਸ਼ਤਾਂ ਤੱਕ ਚੱਲਣ ਵਾਲੀ ਹੈ ਤੇ ਚੱਲਦੀ ਰਹੇਗੀ।

ਜਦੋਂ ਵੀ ਸਿੱਖੀ ਸਿਧਾਂਤਾਂ ਨੂੰ ਲੱਗੀ ਢਾਹ ਦੀ ਗੱਲ ਚੱਲੇਗੀ ਤਾਂ ਬਾਦਲ ਪਰਿਵਾਰ ਦਾ ਨਾਮ ਬੋਲੇਗਾ, ਜਦੋਂ ਵੀ ਸਿੱਖ ਇਤਿਹਾਸ ਨਾਲ ਹੋਏ ਖਿਲਵਾੜ ਦੀ ਗੱਲ ਚੱਲੇਗੀ ਤਾਂ ਬਾਦਲ ਪਰਿਵਾਰ ਦਾ ਨਾਮ ਸਭ ਤੋ ਪਹਿਲਾਂ ਬੋਲੇਗਾ, ਜਦੋਂ ਵੀ ਸਾਡੇ ਸ਼ਾਨਾਮੱਤੇ ਇਤਿਹਾਸਿਕ ਦਿਹਾੜਿਆਂ, ਸ਼ਹੀਦੀ ਦਿਹਾੜਿਆਂ ਅਤੇ ਗੁਰੂ ਸਹਿਬਾਨਾਂ ਦੇ ਜਨਮ ਦਿਹਾੜਿਆਂ ਦੇ ਆਪਸ ਵਿਚ ਰਲਗੱਡ ਹੋਣ ਦੀ ਗੱਲ ਚੱਲੇਗੀ ਤਾਂ ਬਾਦਲ ਪਰਿਵਾਰ ਵੱਲ ਨਫ਼ਰਤ ਭਰੀਆਂ ਨਜ਼ਰਾਂ ਅਤੇ ਉਂਗਲਾਂ ਉੱਠਣਗੀਆਂ। ਸ਼ਾਇਦ ਇਸ ਪਰਿਵਾਰ ਨੂੰ ਲੰਮੇ ਸੱਤਾ ਸੁੱਖ ਅਤੇ ਇਨਾਮੀ ਜਾਇਦਾਦ ਦੇ ਨਸ਼ੇ ਨੇ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਮਾਣ ਸਨਮਾਨ ਦੀ ਯਾਦ ਹੀ ਨਹੀਂ ਆਉਣ ਦਿੱਤੀ। ਸ੍ਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਐਨਾ ਵੱਡਾ ਘਾਗ ਸਿਆਸਤਦਾਨ ਦੇ ਤੌਰ ਤੇ ਜਾਣਿਆ ਜਾਂਦਾ ਹੋਵੇ ਜਿਹੜਾ ਆਪਣੇ ਨਿਕਟਵਰਤੀ ਸਿਆਸੀ ਵਿਰੋਧੀਆਂ ਦਾ ਸਿਆਸੀ ਕਾਤਲ ਹੋਣ ਦੇ ਬਾਵਜੂਦ ਵੀ ਭੋਲਾ ਭਾਲਾ ਤੇ ਸ਼ਰੀਫ਼ ਸਿਆਸਤਦਾਨ ਹੋਣ ਦੀ ਤਖ਼ਤੀ ਲਾ ਕੇ ਜ਼ਿੰਦਗੀ ਭਰ ਪੰਥਕ ਰਾਜਨੀਤੀ ਤੇ ਛਾਇਆ ਰਿਹਾ ਹੋਵੇ, ਉਹ ਆਪਣੇ ਜ਼ਿੰਦਗੀ ਦੇ ਅੰਤਲੇ ਸਮੇਂ ਵਿਚ ਆ ਕੇ ਮਾਰ ਇਸ ਲਈ ਖਾ ਗਿਆ, ਕਿਉਂਕਿ ਉਹਨੇ ਆਪਣੀ ਕੌਮ ਨੂੰ ਖ਼ਤਮ ਕਰਨ ਵਾਲੀਆਂ ਕਿੰਨੀਆਂ ਹੀ ਸਾਜ਼ਿਸ਼ਾਂ ਵਿਚ ਭਾਗੀਦਾਰ ਰਹਿਣ, ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਅਤੇ ਇਤਿਹਾਸ ਦਾ ਮਲੀਆਮੇਟ ਕਰਨ ਦੇ ਬੱਜਰ ਗੁਨਾਹਾਂ ਤੋਂ ਬਾਅਦ ਜਿਹੜਾ ਆਪਣੇ ਕੱਫਣ ਵਿਚ ਕਿੱਲ ਗੱਡਣ ਦੀ ਗ਼ਲਤੀ ਕਰ ਬੈਠਾ, ਉਹ ਇਹ ਹੈ ਕਿ ਉਹਨੇ ਆਪਣੇ ਦੁਨਿਆਵੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਆਪਣੇ ਗੁਰੂ ਨਾਲ ਹੀ ਵੈਰ ਬੰਨ੍ਹ ਲਿਆ।

ਜਾਗਤ ਜੋਤ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਵੀ ਆਪਣੀ ਸਿਆਸੀ ਚਾਲ ਵਿਚ ਸ਼ਾਮਲ ਕਰ ਬੈਠਾ। ਉਹ ਸਮਰੱਥ ਗੁਰੂ ਜਿਹੜਾ ਪੂਰੀ ਦੁਨੀਆ ਦਾ ਰਾਹ ਦਸੇਰਾ ਹੈ, ਤੇ ਜਿਸ ਦੇ ਦਰ ਤੋ ਖ਼ਾਲੀ ਝੋਲੀਆਂ ਭਰ ਕੇ ਜਾਂਦੀਆਂ ਹਨ ਤੇ ਮਲੰਗ ਸ਼ਾਹ ਬਣ ਜਾਂਦੇ ਹਨ, ਉਸ ਗੁਰੂ ਦੀ ਬੇਅਦਬੀ ਚੋ ਭਵਿੱਖ ਲਈ ਰਾਜ ਸੱਤਾ ਲੱਭਣੀ ਭਲਾ ਕਿਵੇਂ ਵਾਜਵ ਹੋ ਸਕਦੀ ਹੈ। ਮੇਰੀ ਇਹ ਗੱਲ ਨੂੰ ਨਾਸਤਿਕ ਲੋਕ ਮੰਨਣ ਜਾਂ ਨਾ ਮੰਨਣ, ਪਰ ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੀ ਜੋ ਦੁਰਗਤੀ ਹੋ ਰਹੀ ਹੈ, ਇਹ ਸਭ ਗੁਰੂ ਦੇ ਭਾਣੇ ਅਨੁਸਾਰ ਹੀ ਹੋ ਰਿਹਾ ਹੈ। ਸਰਬਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਨਜ਼ਰ-ਅੰਦਾਜ਼ ਕਰਕੇ ਤਖ਼ਤਾਂ ਤੇ ਕਾਬਜ਼ ਜਥੇਦਾਰਾਂ ਨੇ ਪੰਥ ਨਾਲੋਂ ਬਾਦਲ ਪਰਿਵਾਰ ਨੂੰ ਵੱਡਾ ਸਮਝਿਆ ਤੇ ਜਥੇਦਾਰੀਆਂ ਨਾਲ ਚਿੰਬੜੇ ਰਹੇ, ਲਿਹਾਜ਼ਾ ਜਥੇਦਾਰ ਅਤੇ ਬਾਦਲਕੇ ਲੋਕ ਮਨਾਂ ਚੋ ਲਹਿ ਗਏ ਤੇ ਚੋਣਾਂ ਮੌਕੇ ਰਾਜ ਸੱਤਾ ਤੋ ਵੀ ਲਹਿ ਗਏ।

ਹੁਣ ਇੱਕ ਪਾਸੇ ਜੂਨ 2018 ਤੋ ਬੇਅਦਬੀਆਂ ਦੇ ਇਨਸਾਫ਼ ਦਾ ਮੋਰਚਾ ਲੱਗਾ ਹੋਇਆ ਹੈ, ਜਿਸ ਨੂੰ ਪੰਥ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਇਸ ਦੌਰਾਨ ਹੀ ਬਾਦਲ ਕਿਆਂ ਨੇ ਇੱਕ ਨਵਾਂ ਪੱਤਾ ਖੇਡਿਆ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹਟਾ ਕੇ ਨਵਾਂ ਜਥੇਦਾਰ ਨਿਯੁਕਤ ਕਰਨ ਦਾ। ਜੱਦੋ ਇੱਕ ਪਾਸੇ ਕੌਮ ਪੂਰਨ ਰੂਪ ਵਿਚ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਜਥੇਦਾਰ ਸਵੀਕਾਰ ਚੁੱਕੀ ਹੈ, ਜਿਹੜੇ ਮੋਰਚੇ ਦੀ ਅਗਵਾਈ ਵੀ ਕਰ ਰਹੇ ਹਨ, ਅਜਿਹੇ ਸਮੇਂ ਤੇ ਬਾਦਲਕਿਆਂ ਦੀ ਜਥੇਦਾਰੀ ਸਵੀਕਾਰ ਕਰਨਾ ਸਿਆਣਪ ਨਹੀਂ ਹੈ। ਬੇਸ਼ੱਕ ਪਹਿਲਾਂ ਵੀ ਬਾਦਲਕਿਆਂ ਵੱਲੋਂ ਭਾਈ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਥਾਪਿਆ ਹੋਇਆ ਹੈ, ਪੰਥ ਨੇ ਕੋਈ ਬਹੁਤਾ ਨੋਟਿਸ ਵੀ ਨਹੀਂ ਸੀ ਲਿਆ ਪਰੰਤੂ ਹੁਣ ਜਦੋਂ ਸਮੁੱਚਾ ਖ਼ਾਲਸਾ ਪੰਥ ਇੱਕ ਵਾਰ ਫਿਰ ਇੱਕ ਕੇਸਰੀ ਝੰਡੇ ਹੇਠ ਇਕੱਠਾ ਹੋ ਰਿਹਾ ਹੈ ਤੇ ਜਥੇਦਾਰ ਭਾਈ ਹਵਾਰਾ ਨੂੰ ਹੀ ਮੰਨਦਾ ਹੈ, ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਜਥੇਦਾਰ ਦੀਆਂ ਸੇਵਾਵਾਂ ਨਿਭਾ ਰਹੇ ਭਾਈ ਧਿਆਨ ਸਿੰਘ ਮੰਡ ਨੂੰ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪੂਰਨ ਸਹਿਯੋਗ ਵੀ ਦੇ ਰਿਹਾ ਹੈ ਤਾਂ ਬਾਦਲਕਿਆਂ ਵੱਲੋਂ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰਕੇ ਭਾਈ ਹਰਪ੍ਰੀਤ ਸਿੰਘ ਨੇ ਇਤਿਹਾਸਿਕ ਗ਼ਲਤੀ ਕੀਤੀ ਹੈ ਜਿਹੜੀ ਉਨ੍ਹਾਂ ਨੂੰ ਪੰਥ ਤੋ ਅਲੱਗ-ਥਲੱਗ ਕਰ ਦੇਵੇਗੀ। ਇਹ ਸੱਚ ਹੈ ਕਿ ਬਹੁ ਗਿਣਤੀ ਲੋਕ ਕੋਈ ਰੁਤਬਾ ਮਿਲਦੇ ਹੀ ਸਾਰਾ ਕੁੱਝ ਭੁੱਲ ਜਾਂਦੇ ਹਨ। ਸੋ ਦੇਖਣਾ ਹੋਵੇਗਾ ਕਿ ਭਾਈ ਹਰਪ੍ਰੀਤ ਸਿੰਘ ਪੰਥਕ ਭਾਵਨਾਵਾਂ ਦੀ ਕਿੰਨੀ ਕੁ ਕਦਰ ਕਰਦੇ ਹਨ।