• ਸ. ਬਲਬੀਰ ਸਿੰਘ ਬਸਰਾ ਨੇ ‘ਫੁੱਲ ਮੈਰਾਥਨ’ ਅਤੇ ਸੰਨੀ ਸਿੰਘ ਨੇ ‘ਹਾਫ ਮੈਰਾਥਨ’ ‘ਚ ਪੰਜਾਬੀ ਚਮਕਾਏ
  • ਕ੍ਰਮਵਾਰ ਦੌੜੇ 42.2 ਕਿਲੋਮੀਟਰ ਅਤੇ 21.1 ਕਿਲੋਮੀਟਰ ਨਾਲੇ ਕੀਤਾ ਹਾਰਬਰ ਬ੍ਰਿਜ ਪਾਰ
NZ PIC 30 OCt-1
(ਸ. ਬਲਬੀਰ ਸਿੰਘ ਬਸਰਾ ਅਤੇ ਸ. ਸੰਨੀ ਸਿੰਘ ਜਿਨ੍ਹਾਂ ਨੇ ਕ੍ਰਮਵਾਰ ਪੂਰੀ ਅਤੇ ਅੱਧੀ ਮੈਰਾਥਨ ਦੌੜ ਪੂਰੀ ਕੀਤੀ)

ਆਕਲੈਂਡ 30 ਅਕਤੂਬਰ -ਵਿਦੇਸ਼ਾਂ ਦੇ ਵਿਚ ਪੈਸੇ ਪਿੱਛੇ ਤਾਂ ਹਰ ਕੋਈ ਦੌੜਦਾ ਹੈ ਪਰ ਪਰਉਪਕਾਰੀ ਕਾਰਜਾਂ ਦੇ ਲਈ ਕੀਤੇ ਜਾਂਦੇ ਉਪਰਾਲੇ ਜਿਵੇਂ ਕਿ ਫੰਡ ਰੇਜਿੰਗ ਜਾਂ ਮੈਰਾਥਨ ਆਦਿ ਦੇ ਵਿਚ ਕੋਈ-ਕੋਈ ਦੌੜਦਾ ਹੈ। ਬਹੁ ਸਭਿਆਚਾਰਕ ਮੁਲਕ ਦੇ ਵਿਚ ਆਪਣੀ ਪਹਿਚਾਣ ਬਨਾਉਣ ਲਈ ਕਮਿਊਨਿਟੀ ਨੂੰ ਬਹੁਤਾਤ ਗਿਣਤੀ ਦੇ ਵਿਚ ਹੰਭਲਾ ਮਾਰਨ ਦੀ ਲੋੜ ਹੁੰਦੀ ਹੈ ਤਾਂ ਕਿ ਤੁਹਾਡੀ ਸ਼ਮੂਲੀਅਤ, ਸੁੰਦਰ ਤੇ ਸੋਹਣੀ ਸ਼ਖਸ਼ੀਅਤ ਦੇ ਵਿਚ ਪ੍ਰਗਟ ਹੋਵੇ। ਬੀਤੇ ਐਤਵਾਰ ਨੂੰ ਸਵੇਰੇ ਸਵਖਤੇ 6 ਵਜੇ ‘ਆਕਲੈਂਡ ਮੈਰਾਥਨ’ ਦਾ ਆਯੋਜਿਨ ਡੈਵਨਪੋਰਟ ਬੰਦਰਗਾਹ ਆਕਲੈਂਡ ਤੋਂ ਵਿਕਟੋਰੀਆ ਪਾਰਕ ਤੱਕ ਕੀਤਾ ਗਿਆ। ਇਸ ਮੈਰਾਥਨ ਦੌੜ ਦੇ ਵਿਚ 15000 ਤੋਂ ਜਿਆਦਾ ਲੋਕਾਂ ਨੇ ਭਾਗ ਲਿਆ। ਇਨ੍ਹਾਂ ਵਿਚੋਂ ਕੁਝ ਨੇ ਪੂਰੀ ਮੈਰਾਥਨ ਦੌੜ (42.19) ਕਿਲੋਮੀਟਰ) ਅਤੇ ਕੁਝ ਨੇ ਅੱਧੀ ਮੈਰਥਨ (21.1 ਕਿਲੋਮੀਟਰ), ਕੁਝ ਨੇ 12 ਕਿਲੋਮੀਟਰ ਅਤੇ ਕੁਝ ਨੇ 5 ਕਿਲੋਮੀਟਰ ਮੈਰਾਥਨ ਦੌੜ ਪੂਰੀ ਕੀਤੀ। ਨਿਊਜ਼ੀਲੈਂਡ ‘ਚ ਪੰਜਾਬੀਆਂ ਦੀ ਜਨਸੰਖਿਆ ਭਾਵੇਂ 30000 ਤੋਂ ਉਪਰ ਸਮਝੀ ਜਾਂਦੀ ਹੈ ਪਰ ਜਦੋਂ ਅਜਿਹੀਆਂ ਮੈਰਾਥਨ ਦੌੜਾਂ ਦੇ ਵਿਚ ਉਨ੍ਹਾਂ ਦੀ ਗਿਣਤੀ ਵੇਖੀ ਜਾਵੇ ਤਾਂ ਇਹ ਆਟੇ ਦੇ ਵਿਚ ਲੂਣ ਦੇ ਬਰਾਬਰ ਹੀ ਬਣਦੀ ਹੈ, ਜਿਸ ਨੂੰ ਵਧਾਉਣ ਦੀ ਲੋੜ ਹੈ। ਆਓ ਜਾਣੀਏ ਕਿਸਨੇ ਇਸ ਦੌੜ ਵਿਚ ਭਾਗ ਲਿਆ।

ਸ. ਬਲਬੀਰ ਸਿੰਘ ਬਸਰਾ (ਫੁੱਲ ਮੈਰਾਥਨ ਦੌੜਾਕ): ਸਦਕੇ ਜਾਈਏ ਉਨ੍ਹਾਂ ਪੰਜਾਬੀਆਂ ਦੇ ਜਿਨ੍ਹਾਂ ਨੇ ਇਸ ਮੈਰਾਥਨ ਦੌੜ ਦੇ ਵਿਚ ਭਾਗ ਲੈ ਕੇ ਪੰਜਾਬੀਆਂ ਦਾ ਮਾਣ ਵਧਾਇਆ। ਸ. ਬਲਬੀਰ ਸਿੰਘ ਬਸਰਾ ਖਲਵਾੜਾ ਗੇਟ ਫਗਵਾੜਾ ਜਿਨ੍ਹਾਂ ਨੇ 11ਵੀਂ ਵਾਰ ਫੁੱਲ ਮੈਰਾਥਨ ਦੌੜ ਪੂਰੀ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਜਿਸ ਗੇਮ ਨੂੰ ਗੋਰੇ ਲੋਕ ‘ਆਇਰਨ ਮੈਨ ਸਪੋਰਟਸ’ ਕਹਿੰਦੇ ਹਨ ਉਹੀ ਗੇਮ ਸਾਦੀ ਸਬਜ਼ੀ-ਰੋਟੀ ਖਾਕੇ ਅਤੇ ਗੁਰਸਿੱਖੀ ਵਾਲਾ ਜੀਵਨ ਜੀਅ ਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸ. ਬਲਬੀਰ ਸਿੰਘ ਬਸਰਾ ਦਾ ਜੀਵਨ ਸਫਰ ਇਸ ਵੇਲੇ 80ਵੇਂ ਸਾਲ ‘ਤੇ ਹੈ ਪਰ ਇਸ ਉਮਰ ਦੇ ਵਿਚ ਕੋਈ ਦੌੜਦਾ ਹੋਵੇ ਉਹ ਸ਼ਾਇਦ ਨਿਊਜ਼ੀਲੈਂਡਰਾਂ ਲਈ ਅਚੰਭੇ ਵਾਲੀ ਗੱਲ ਹੈ। ਇਸ ਵਾਰ ਫਿਰ ਉਨ੍ਹਾਂ ਨੇ 42 ਕਿਲੋਮੀਟਰ ਦਾ ਸਫਰ 6 ਘੰਟੇ 35 ਮਿੰਟ ਦੇ ਵਿਚ ਪੂਰਾ ਕਰਕੇ ‘ਮੈਰਾਥਨ ਫਿਨਿਸ਼ਰ’ ਵਾਲਾ ਮੈਡਲ ਆਪਣੇ ਗਲ ਦਾ ਸ਼ਿੰਗਾਰ ਬਣਾਇਆ। ਇਸ ਵਾਰ ਸ. ਬਸਰਾ ਦੇ ਪੈਰ ਦੇ ਵਿਚ ਭਾਵੇਂ ਕੁਝ ਪ੍ਰੇਸ਼ਾਨੀ ਸੀ, ਡਾਕਟਰਾਂ ਨੇ ਜਿਆਦਾ ਨਾ ਚੱਲਣ ਦੀ ਸਲਾਹ ਦਿੱਤੀ ਸੀ, ਇਸਦੇ ਬਾਵਜੂਦ ਵੀ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਦੀ ਸੁਪਰੋਟ ਦੇ ਨਾਲ ਇਸ ਫੁੱਲ ਮੈਰਾਥਨ ਦੌੜ ਦੇ ਵਿਚ ਹਿਸਾ ਲੈਣ ਦਾ ਫੈਸਲਾ ਲਿਆ। ਇਨ੍ਹਾਂ ਦਾ ਬੇਟਾ ਸ. ਗੁਰਦੀਪ ਸਿੰਘ ਬਸਰਾ ਅਤੇ ਪੋਤੀਆਂ ਨਾਲੋ-ਨਾਲ ਸਾਈਕਲਾਂ ਉਤੇ ਆਪਣੇ ਦਾਦਾ ਜੀ ਨੂੰ ਵਾਰ-ਵਾਰ ਪੁੱਛਦੀਆਂ ਰਹੀਆਂ ਕਿ ਠੀਕ ਹੋ? ਇਕ ਵਾਰ ਤਾਂ ਰਸਤੇ ਵਿਚ ਪੈਰ ਨੇ ਜਵਾਬ ਦੇ ਦਿੱਤਾ ਤਾਂ ਬੱਚਿਆਂ ਨੇ ਉਨ੍ਹਾਂ ਦੇ ਪੈਰ ਹੇਠਾਂ ਕੋਈ ਨਰਮ ਕੱਪੜਾ ਰੱਖ ਦਿੱਤਾ ਅਤੇ ਦੌੜ ਜਾਰੀ ਰੱਖਣ ਲਈ ਕਿਹਾ, ਤੇ ਇਹ ਹੱਲਾਸ਼ੇਰੀ ਹੀ ਉਨ੍ਹਾਂ ਨੂੰ ਮੰਜ਼ਿਲ ‘ਤੇ ਪਹੁੰਚਾ ਗਈ। ਇਸ ਦੌੜ ਦੇ ਵਿਚ ਹਾਰਬਰ ਬ੍ਰਿਜ ਦੌੜ ਕੇ ਪਾਰ ਕਰਨਾ ਵੀ ਸ਼ਾਮਿਲ ਸੀ ਜਿੱਥੇ ਕਿ ਵੱਡੇ-ਵੱਡੇ ਆਪਣੀ ਗਤੀ ਧੀਮੀ ਹੋਣ ਬਾਅਦ ਰੁਕ ਹੀ ਜਾਂਦੇ ਹਨ। ਸ. ਬਸਰਾ ਜੀ ਨੇ ਆਪਣੀ ਦਿਲੀ ਇੱਛਾ ਜ਼ਾਹਿਰ ਕੀਤੀ ਕਿ ਜਿਹੜੇ ਵੀ ਲੋਕ ਭਾਵੇਂ ਉਹ ਕਿਸੀ ਵੀ ਉਮਰ ਦੇ ਵਿਚ ਹੋਣ, ਇਕ ਵਾਰ ਹੌਂਸਲਾ ਕਰਕੇ ਦੌੜਨ ਦਾ ਉਦਮ ਜਰੂਰ ਕਰਨ, ਉਹ ਵਿਸ਼ਵਾਸ਼ ਦਿਵਾਉਂਦੇ ਹਨ ਅਗਲੀ ਵਾਰ ਕਿਸੀ ਨੂੰ ਕੁਝ ਨਹੀਂ ਕਹਿਣਾ ਪਵੇਗਾ।

ਆਪਣੇ ਪਿਤਾ ਜੀ ਦੇ ਨਾਂਅ ‘ਤੇ ਦੌੜਿਆ ਸੰਨੀ ਸਿੰਘ (ਹਾਫ ਮੈਰਾਥਨ ਦੌੜਾਕ):- ਪ੍ਰੋਫੈਸ਼ਨਲ ਕੰਮਾਂ ਦੇ ਨਾਲ-ਨਾਲ ਜੇਕਰ ਕੋਈ ਖੇਡਾਂ ਦੇ ਵਿਚ ਵੀ ਪੂਰਨ ਭਾਗ ਲੈਂਦਾ ਹੈ ਤਾਂ ਸਚਮੁੱਚ ‘ਟਾਈਮ ਮੈਨੇਜਮੈਂਟ’ ਦੀ ਮੁਹਾਰਿਤ ਕਿਹਾ ਜਾ ਸਕਦਾ ਹੈ। ਸੰਨੀ ਸਿੰਘ ਜੋ ਕਿ ਇਮੀਗ੍ਰੇਸ਼ਨ ਸਲਾਹਕਾਰ ਹਨ ਪਤਾ ਨਹੀਂ ਕਿਹੜੇ ਵੇਲੇ ਦੌੜਨ ਦੀ ਪ੍ਰੈਕਟਿਸ ਕਰਕੇ ਸ. ਬਲਬੀਰ ਸਿੰਘ ਬਸਰਾ ਦੇ ਨਾਲ ਕਦਮ ਮਿਲਾਉਣ ਦੀ ਤਾਕ ਵਿਚ ਸਨ, ਨੇ ਇਸ ਵਾਰ ਆਕਲੈਂਡ ਮੈਰਾਥਨ ਦੌੜ ਦੇ ਵਿਚ ਭਾਗ ਲੈ ਕੇ ਪਹਿਲੇ ਸਾਲ ਦਾ ਤਜ਼ਰਬਾ ਹਾਸਿਲ ਕਰ ਹੀ ਲਿਆ। ਉਹ ਕੁਝ ਦਿਨਾਂ ਤੋਂ ਫੀਜ਼ੀਓ ਕੋਲੋਂ ਭਾਵੇਂ ਆਪਣੀ ਇਕ ਲੱਤ ਦਾ ਕੁਝ ਇਲਾਜ ਕਰਵਾ ਰਹੇ ਸਨ ਪਰ ਇਸਦੇ ਬਾਵਜੂਦ ਵੀ ਉਨ੍ਹਾਂ ਕੁਝ ਦਿਨ ਅਭਿਆਸ ਕਰਕੇ 21 ਕਿਲੋਮੀਟਰ ਦਾ ਸਫਰ 2 ਘੰਟੇ 45 ਮਿੰਟ ਦੇ ਵਿਚ ਪੂਰਾ ਕੀਤਾ। ਇਹ ਸਾਰਾ ਕੁਝ ਕਰਨ ਬਾਅਦ ਜਿਹੜੀ ਪਹਿਲੀ ਗੱਲ ਉਨ੍ਹਾਂ ਕਹੀ ਉਹ ਇਹ ਸੀ ਕਿ ਦੌੜਦੇ ਵਕਤ ਉਹ ਇਹ ਹੀ ਲੱਭਦੇ ਰਹੇ ਕਿ ਹਜ਼ਾਰਾਂ ਦੀ ਗਿਣਤੀ ਵਿਚ ਉਨ੍ਹਾਂ ਨੂੰ ਕੁਝ ਤਾਂ ਪੰਜਾਬੀ ਦਿਸਣ। ਵੈਬਸਾਈਟ ਉਤੇ ਭਾਵੇਂ ਡੇਢ ਕੁ ਦਰਜਨ ਲੋਕਾਂ ਦੇ ਨਾਵਾਂ ਤੋਂ ਲਗਦਾ ਸੀ ਕਿ ਇਥੇ ਪੰਜਾਬੀ ਜਾਂ ਭਾਰਤੀ ਭਾਈਚਾਰੇ ਤੋਂ ਹਨ ਪਰ ਸਮੁੱਚੇ ਰੂਪ ਵਿਚ ਵੇਖਿਆ ਜਾਏ ਤਾਂ ਇਹ ਆਟੇ ਦੇ ਵਿਚ ਇਕ ਤਰ੍ਹਾਂ ਨਾਲ ਲੂਣ ਬਰਾਬਰ ਹੀ ਹੈ।  ਮੈਰਾਥਨ ਦੌੜ ਬਾਰੇ ਉਨ੍ਹਾਂ ਦੱਸਿਆ ਕਿ ਇਹ ਮਨੋਰੰਜਕ ਦੌੜ ਨਹੀਂ ਹੈ, ਇਸਦੇ ਵਾਸਤੇ ਵੱਡੀ ਸਰੀਰਕ ਕਮਾਈ ਦੀ ਲੋੜ ਹੈ, ਉਨ੍ਹਾਂ ਸ. ਬਲਬੀਰ ਸਿੰਘ ਬਸਰਾ ਤੋਂ ਪ੍ਰਭਾਵਿਤ ਹੁੰਦਿਆ ਦੱਸਿਆ ਕਿ ਕਮਾਲ ਦੀ ਗੱਲ ਹੈ ਕਿ 80ਵੇਂ ਸਾਲ ਦੇ ਵਿਚ ਜਵਾਨਾਂ ਵਾਂਗ ਵਿਚਰ ਰਹੇ ਸ. ਬਸਰਾ ਕਿਵੇਂ ਇਸ ਮੈਰਾਥਨ ਨੂੰ ਆਮ ਤੁਰਨ ਵਾਂਗ ਹੀ ਲੈ ਲੈਂਦੇ ਹਨ?।  ਉਨ੍ਹਾਂ ਕਿਹਾ ਕਿ ਉਹ ਇਸ ਮੈਰਾਥਨ ਦੌੜ ਦੇ ਵਿਚ ਭਾਗ ਲੈਣਾ ਜਾਰੀ ਰੱਖਣਗੇ ਅਤੇ ਉਨ੍ਹਾਂ ਨੂੰ ਖੁਸ਼ੀ ਹੋਏਗੀ ਕਿ ਜੇਕਰ ਕੋਈ ਉਨ੍ਹਾਂ ਦੇ ਨਾਲ ਅਗਲੀ ਵਾਰ ਭਾਗ ਲੈਣ ਲਈ ਆਉਂਦਾ ਹੈ। ਸੰਨੀ ਸਿੰਘ ਨੇ ਜਿੱਥੇ ਮੈਰਾਥਨ ਦੌੜ ਵਾਲਾ ਮੈਡਲ ਆਪਣੇ ਗਲ ਪਾਇਆ ਉਥੇ ਉਨ੍ਹਾਂ ਇਹ ਦੌੜ ਆਪਣੇ ਸਤਿਕਾਰਯੋਗ ਪਿਤਾ ਸ. ਸੇਵਾ ਸਿੰਘ ਦੇ ਨਾਂਅ ਉਤੇ ਦੌੜ ਕੇ ਉਨ੍ਹਾਂ ਦੇ ਅਸ਼ੀਰਵਾਦ ਵਾਲਾ ਹੱਥ ਆਪਣੇ ਸਿਰ ਉਤੇ ਰਖਵਾ ਲਿਆ, ਜੋ ਕਿ ਆਪਣੇ ਆਪ ਵਿਚ ਇਕ ਉਦਾਹਰਣ ਹੈ।

ਕਮਿਊਨਿਟੀ ਵੱਲੋਂ ਸ਼ਾਬਾਸ਼: ਕਮਿਊਨਿਟੀ ਵੱਲੋਂ ਇਨ੍ਹਾਂ ਦੋਹਾਂ ਦੌੜਾਕਾਂ ਨੂੰ ਬਹੁਤ-ਬਹੁਤ ਵਧਾਈ ਹੈ ਜਿਨ੍ਹਾਂ ਨੇ ਮੈਰਾਥਨ ਦੌੜ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਦੀ ਸਾਖ ਨੂੰ ਹੋਰ ਚਮਕਾਇਆ।