bibi johri

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ 2018’ ਸਭਾ ਦੀ ਸਭ ਤੋਂ ਵਡੇਰੀ ਉਮਰ ਦੀ ਸੀਨੀਅਰ ਕਵਿੱਤਰੀ ਬੀਬੀ ਜੌਹਰੀ (76 ਸਾਲ) ਨੂੰ ਦੇਣ ਦਾ ਨਿਰਣਾ ਲਿਆ ਗਿਆ ਹੈ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਦੱਸਿਆ ਕਿ ਬੀਬੀ ਜੌਹਰੀ ਨੂੰ ਇਸ ਪੁਰਸਕਾਰ ਵਿਚ ਨਗਦ ਰਾਸ਼ੀ, ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਜਾਣਗੇ। ਬੀਬੀ ਸੱਧਰ ਨੂੰ ਇਹ ਪੁਰਸਕਾਰ ਉਹਨਾਂ ਦੀ ਸਾਹਿਤਕ ਘਾਲਣਾ ਅਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਵਿਕਾਸ ਹਿਤ ਪਾਏ ਮਹੱਤਵਪੂਰਨ ਯੋਗਦਾਨ ਲਈ ਪ੍ਰਦਾਨ ਕੀਤਾ ਜਾ ਰਿਹਾ ਹੈ। ਬੀਬੀ ਜੌਹਰੀ ਪੰਜਾਬੀ ਕਾਵਿ ਜਗਤ ਵਿਚ ‘ਭੁੱਲੀ ਵਿਸਰੀ ਯਾਦ’,’ਮੇਰੇ ਦੁੱਖਾਂ ਦੀ ਕਹਾਣੀ’,’ਬੀਬਾ ਜੀ’ ਅਤੇ ‘ਮੈਂ ਸੋਹਣੀ ਕੁੜੀ ਪੰਜਾਬ ਦੀ’ ਆਦਿ ਕਾਵਿ ਸੰਗ੍ਰਹਿਆਂ ਤੋਂ ਇਲਾਵਾ ਪੰਜਾਬੀ ਵਾਰਤਕ ਖੇਤਰ ਵੀ ਯੋਗਦਾਨ ਪਾ ਚੁੱਕੇ ਹਨ। ਉਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਬਿਲਕੁਲ ਅਨਪੜ੍ਹ ਹਨ ਪਰੰਤੂ ਆਪਣੇ ਜੀਵਨ ਅਨੁਭਵ ਸਦਕਾ ਉਹਨਾਂ ਨੇ ਕਾਵਿ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ।

ਡਾ. ‘ਆਸ਼ਟ’ ਨੇ ਇਹ ਵੀ ਦੱਸਿਆ ਕਿ ਉਘੇ ਪੰਜਾਬੀ ਸਟੇਜੀ ਕਵੀ ਜਸਵੰਤ ਸਿੰਘ ਵੰਤਾ ਦੇ ਸਪੁੱਤਰ ਸ. ਇਕਬਾਲ ਸਿੰਘ ਵੰਤਾ (ਸਾਬਕਾ ਡਿਪਟੀ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ) ਵੱਲੋਂ ਇਹ ਪੁਰਸਕਾਰ ਆਪਣੀ ਸਵਰਗੀ ਸੁਪਤਨੀ ਅਤੇ ਉਘੀ ਮਿੰਨੀ ਕਹਾਣੀ ਲੇਖਿਕਾ ਅਤੇ ਕਵਿੱਤਰੀ ਸ੍ਰੀਮਤੀ ਰਾਜਿੰਦਰ ਕੌਰ ਵੰਤਾ ਦੀ ਯਾਦ ਵਿਚ ਕੇਵਲ ਸਭਾ ਨਾਲ ਸੰਬੰਧਤ ਲਿਖਾਰੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਤੱਕ ਇਹ ਪੁਰਸਕਾਰ ਸਤਵੰਤ ਕੈਂਥ, ਬਾਬੂ ਸਿੰਘ ਰਹਿਲ, ਕੁਲਵੰਤ ਸਿੰਘ ਆਨੰਦ, ਪ੍ਰੋ. ਨਰਿੰਦਰ ਸਿੰਘ ਕਪੂਰ, ਅਨੋਖ ਸਿੰਘ ਜ਼ਖ਼ਮੀ, ਡਾ. ਰਾਜਵੰਤ ਕੌਰ ਪੰਜਾਬੀ, ਡਾ. ਗੁਰਬਚਨ ਸਿੰਘ ਰਾਹੀ, ਹਰਪ੍ਰੀਤ ਸਿੰਘ ਰਾਣਾ, ਸੁਖਦੇਵ ਸਿੰਘ ਸ਼ਾਂਤ, ਕੁਲਵੰਤ ਸਿੰਘ, ਡਾ. ਹਰਜੀਤ ਸਿੰਘ ਸੱਧਰ, ਰਘਬੀਰ ਸਿੰਘ ਮਹਿਮੀ ਆਦਿ ਨੂੰ ਪ੍ਰਦਾਨ ਕੀਤਾ ਜਾ ਚੁੱਕਾ ਹੈ।

ਸਭਾ ਵੱਲੋਂ ਬੀਬੀ ਜੌਹਰੀ ਨੂੰ ਇਹ ਪੁਰਸਕਾਰ 11 ਨਵੰਬਰ, 2018 ਨੂੰ ਪੰਜਾਬ ਦਿਵਸ ਦੇ ਸੰਬੰਧ ਵਿਚ ਕਰਵਾਏ ਜਾਣ ਵਾਲੇ ਵਿਸ਼ੇਸ਼ ਸਾਹਿਤਕ ਸਮਾਗਮ ਦੌਰਾਨ ਭਾਸ਼ਾ ਵਿਭਾਗ, ਪਟਿਆਲਾ ਵਿਖੇ ਪ੍ਰਦਾਨ ਕੀਤਾ ਜਾ ਰਿਹਾ ਹੈ। ਅੱਜ ਸਭਾ ਦੀ ਹੋਈ ਵਿਸ਼ੇਸ਼ ਇਕੱਤਰਤਾ ਵਿਚ ਜਨਰਲ ਸਕੱਤਰ ਬਾਬੂ ਸਿੰਘ ਰੈਹਲ, ਹਰਪ੍ਰੀਤ ਸਿੰਘ ਰਾਣਾ, ਦਵਿੰਦਰ ਪਟਿਆਲਵੀ, ਨਵਦੀਪ ਸਿੰਘ ਮੁੰਡੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।