bagel singh dhaliwal 180909 shri guru granth sahib ji

ਸਿੱਖਾਂ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਆਨ ਸ਼ਾਨ ਸਭ ਤੋਂ ਉੱਪਰ ਹੈ,ਉਸ ਤੋਂ ਬਾਅਦ ਬਾਕੀ ਦੁਨੀਆਦਾਰੀ ਸ਼ੁਰੂ ਹੁੰਦੀ ਹੈ। ਜਦੋਂ ਤੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਦੇਕੇ ਸਭ ਸਿੱਖਾਂ ਨੂੰ ਇਹ ਤਾਕੀਦ ਕੀਤੀ ਕਿ ਅੱਜ ਤੋਂ ਬਾਂਅਦ ਸਿੱਖਾਂ ਦਾ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤਾਂ ਉਦੋਂ ਤੋ ਲੈ ਕੇ ਸਿੱਖ ਪੂਰੀ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਣਾ ਜਾਗਤ ਜੋਤ, ਭਾਵ ਜਿਉਂਦਾ ਜਾਗਦਾ ਗੁਰੂ ਮੰਨਕੇ, ਗੁਰੂ ਦੇ ਓਟ ਆਸਰੇ ਚੱਲਦੇ ਆਪਣਾ ਜੀਵਨ ਬਸਰ ਕਰਦੇ ਆ ਰਹੇ ਹਨ।ਗੁਰੂ ਤੇ ਰੱਖੀ ਅਤੁੱਟ ਸ਼ਰਧਾ ਨੇ ਹੀ ਸਿੱਖਾਂ ਨੂੰ ਮਰ ਮਿਟਣ ਦਾ ਜਜ਼ਬਾ ਬਖਸ਼ਿਆ ਹੈ। ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿੱਖਾਂ ਤੇ ਕੋਈ ਭੀੜ ਪਈ ਤਾਂ ਸਿੱਖਾਂ ਨੇ ਗੁਰੂ ਦੇ ਓਟ ਆਸਰੇ ਅਤੇ ਗੁਰੂ ਦੀ ਮੱਤ ਅਨੁਸਾਰ ਹੀ ਉਸ ਮੁਸ਼ਕਲ ਘੜੀ ਚੋ ਨਿਕਲਣ ਦਾ ਰਾਹ ਲੱਭਿਆ। ਅਠਾਰਵੀਂ ਸਦੀ ਵਿੱਚ ਜਦੋਂ ਸਿੱਖਾਂ ਨੂੰ ਘਰ ਘਾਟ ਛੱਡ ਕੇ ਜੰਗਲਾਂ ਬੇਲਿਆਂ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ,ਤਾਂ ਵੀ ਸਿੱਖ ਨੇ ਅਪਣੇ ਗੁ੍ਰੂ ਨੂੰ ਕੋਈ ਉਲਾਂਹਵਾ ਨਹੀ ਦਿੱਤਾ ਬਲਕਿ, ਹਰ ਦੁੱਖ ਸੁੱਖ ਨੂੰ ਤੇਰਾ ਭਾਣਾ ਕਰਕੇ ਮੰਨਿਆ।ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਮਹਿਜ ਇਤਫਾਕੀਆ ਨਹੀ ਹਨ, ਇਹ ਸਿੱਖਾਂ ਨੂੰ ਅਪਣੇ ਸਮਰੱਥ ਗੁਰੂ ਤੋ ਮਿਲਦੀ ਆਤਮਿਕ ਤਾਕਤ ਕਰਕੇ ਹੀ ਸੰਭਵ ਹੈ।  ਭਾਂਵੇਂ ਸਾਰੇ ਹੀ ਧਰਮ ਸਤਿਕਾਰਯੋਗ ਹਨ ਅਤੇ ਹਰ ਧਰਮ ਦਾ ਅਪਣਾ ਧਰਮ ਗ੍ਰੰਥ ਵੀ ਹੈ, ਪ੍ਰੰਤੂ ਇਹ ਵੀ ਸਚਾਈ ਹੈ ਕਿ ਦੁਨੀਆ ਦੇ ਹੋਰ ਕਿਸੇ ਵੀ ਧਰਮ ਗ੍ਰੰਥ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਦੀਵੀ ਗੁਰੂ ਦਾ ਦਰਜਾ ਪਰਾਪਤ ਨਹੀ ਹੈ।

ਸਿੱਖ ਦਾ ਇਹ ਪਰਮ ਧਰਮ ਹੀ ਹੈ ਕਿ ਹਰ ਸਿੱਖ ਨੇ ਅਪਣੇ ਜਾਗਤ ਜੋਤ ਗੁਰੂ ਤੋ ਜੀਵਨ ਜਾਚ ਸਿੱਖ ਕੇ ਜੀਵਨ ਨਿਰਬਾਹ ਕਰਨਾ ਹੈ। ਇਹੋ ਕਾਰਨ ਸੀ ਕਿ ਅਠਾਰਵੀ ਸਦੀ ਵਿੱਚ ਆਈਆਂ ਬਹੁਤ ਵੱਡੀਆਂ ਤਕਲੀਫਾਂ, ਮੁਸ਼ਕਲਾਂ ਨੂੰ ਵੀ ਸਿੱਖ ਨੇ ਗੁਰੂ ਦੇ ਭਾਣੇ ਚ ਰਹਿ ਕੇ ਝੱਲਿਆ ਤੇ ਹਰ ਮੁਸ਼ਕਲ ਦਾ ਟਾਕਰਾ ਸਿਦਕਦਿਲੀ ਨਾਲ ਕੀਤਾ ਹੈ।ਖਾਲਸਾ ਰਾਜ ਦੀ ਮੁਅਤਲੀ ਤੋਂ ਬਾਅਦ ਵੀ ਅਤੇ ਅੰਗਰੇਜ ਹਕੂਮਤ ਦੇ ਭਾਰਤ ਛੱਡ ਜਾਣ ਤੋਂ ਬਾਅਦ ਵੀ ਲਗਾਤਾਰ ਇਹ ਕੋਸ਼ਿਸ਼ਾਂ ਹੁੰਦੀਆਂ ਆਈਆਂ ਹਨ ਕਿ ਸਿੱਖਾਂ ਨੂੰ ਮਾਨਸਿਕ, ਸਰੀਰਕ, ਸਮਾਜਿਕ ਅਤੇ ਰਾਜਨੀਤਕ ਤੌਰ ਤੇ ਕਮਜੋਰ ਕਰਨ ਲਈ ਸਿੱਖੀ ਨਾਲੋਂ ਤੋੜਿਆ ਜਾਵੇ। ਅੰਗਰੇਜ ਹਕੂਮਤ ਵੱਲੋਂ ਗੁਰਦੁਆਰਾ ਪ੍ਰਬੰਧ ਤੇ ਕਰਵਾਇਆ ਗਿਆ ਮਹੰਤਾਂ ਦਾ ਕਬਜਾ, ਅਤੇ ਮਹੰਤਾਂ ਵਲੋਂ ਗੁਰੂ ਘਰਾਂ ਵਿੱਚ ਬਣਾਏ ਅਜਾਸ਼ੀ ਦੇ ਅੱਡੇ ਸਿੱਖ ਦੀ ਸ਼ਰਧਾ ਭਾਵਨਾ ਖਤਮ ਕਰਨ ਦਾ ਪਰਤੀਕ ਸਨ। ਖਾਲਸਾ ਪੰਥ ਨੇ ਬੇਮਿਸ਼ਾਲ ਕੁਰਬਾਨੀਆਂ ਨਾਲ ਭਾਂਵੇ ਗੁਰਦੁਆਰੇ ਤਾਂ ਅੰਗਰੇਜ ਹਕੂਮਤ ਤੋ ਅਜਾਦ ਕਰਵਾ ਲਏ, ਅਤੇ ਗੁਰਦੁਆਰਾ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣਾ ਲਈ,ਪਰ ਖਾਲਸਾ ਪੰਥ ਅਜਾਦੀ ਤੋਂ ਬਾਅਦ ਗੁਰਦੁਆਰਾ ਪ੍ਰਬੰਧ ਨੂੰ ਸਿੱਖ ਆਸ਼ੇ ਅਨੁਸਾਰ ਚਲਾਉਣ ਤੋ ਪਛੜ ਗਿਆ। ਇਹਦਾ ਮੁੱਖ ਕਾਰਨ ਸੀ ਸਿੱਖ ਆਗੂਆਂ ਦਾ ਨਿੱਜੀ ਲੋਭ ਲਾਲਸਾ ਅਤੇ ਕੁਰਸੀ ਮੋਹ ਚ ਗਰਕ ਜਾਣਾ।

ਸਿੱਖ ਆਗੂ ਅਪਣਾ ਅਸਲੀ ਰਾਜ ਭਾਗ ਭਾਵ 1849 ਵਿੱਚ ਖੁੱਸਿਆ ਖਾਲਸਾ ਰਾਜ ਲੈਣ ਲਈ ਤਾਂ ਮੁੜ ਕਦੇ ਸੁਹਿਰਦ ਨਹੀ ਹੋਏ, ਪਰ ਦਿੱਲੀ ਦਰਵਾਰ ਦੀ ਚਾਕਰੀ ਵਾਲੀ ਕੁਰਸੀ ਦੀ ਪਰਾਪਤੀ ਲਈ ਐਨੇਂ ਕਾਹਲੇ ਤੇ ਅੰਨ੍ਹੇ ਹੋ ਗਏ ਕਿ ਇਹਨਾਂ ਨੇ ਪੰਜਾਬ ਦੇ ਦੋ ਬਾਰ ਟੁਕੜੇ ਹੋਣ ਤੇ ਵੀ ਬਹੁਤਾ ਬੁਰਾ ਨਹੀ ਮਨਾਇਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਗੁਰੂਆਂ ਪੀਰਾਂ ਫਕੀਰਾਂ ਦਾ ਪੰਜਾਬ ਅੱਜ ਭਾਰਤ ਦੀ ਨਿੱਕੀ ਜਿਹੀ ਬੇਬੱਸ ਸੂਬੀ ਬਣਕੇ ਰਹਿ ਗਿਆ ਹੈ, ਜਿਸ ਦੇ ਮੁਢਲੇ ਸਾਰੇ ਹੀ ਅਧਿਕਾਰ ਕੇਂਦਰ ਨੇ ਖੋਹ ਕੇ ਤਖਤਾਂ ਦੀ ਵਾਰਸ ਸਿੱਖ ਕੌਮ ਨੂੰ ਮੁੜ ਗੁਲਾਮ  ਬਣਾ ਲਿਆ ਹੈ। ਸੂਬੇ ਦੇ ਚੌਧਰੀ ਰਾਜਭਾਗ ਖਾਤਰ ਅਪਣੇ ਲੋਕਾਂ ਦੇ ਦੁਸ਼ਮਣ ਤੇ ਕੇਂਦਰ ਦੇ ਭਗਤ ਬਣਕੇ ਜੁਲਮੀ ਬਣ ਗਏ।ਸਿੱਖਾਂ ਆਗੂਆਂ ਦੀ ਮਾਨਸਿਕਤਾ ਨੂੰ ਸਮਝਦਿਆਂ ਚਲਾਕ ਦਿੱਲੀ ਨੇ ਸਿੱਖਾਂ ਨੂੰ ਵੱਖੋ ਵੱਖਰੀਆਂ ਪਾਰਟੀਆਂ ਵਿੱਚ ਵੰਡ ਦਿੱਤਾ। ਲੰਮਾ ਸਮਾ ਕੇਂਦਰ ਦੀ ਕਾਂਗਰਸ ਪਾਰਟੀ ਪੰਜਾਬ ਤੇ ਰਾਜ ਕਰਦੀ ਰਹੀ, ਜਿਸਨੇ ਸੂਬੇ ਦੇ ਮੁਢਲੇ ਸਾਰੇ ਹੀ ਅਧਿਕਾਰ ਅਪਣੇ ਸੂਬੇਦਾਰਾਂ ਦੇ ਰਾਹੀ ਅਪਣੇ ਕੋਲ ਰਾਖਵੇਂ ਕਰ ਲਏ।

ਅੱਜ ਪੰਜਾਬ ਦੀ ਹਾਲਤ ਇਹ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਤੇ ਆਉਣ ਵਾਲੇ ਕੁੱਝ ਸਾਲਾਂ ਵਿੱਚ ਪਾਣੀ ਦੀ ਕਿੱਲਤ ਦਾ ਖਤਰਾ ਮਹਿਸੂਸ ਕੀਤਾ ਜਾ ਰਿਹਾ ਹੈ।ਪੰਜਾਬ ਦੇ ਪਾਣੀਆਂ ਤੋਂ ਮੁਫਤ ਵਿੱਚ ਤਿਆਰ ਹੁੰਦੀ ਬਿਜਲੀ ਤੇ ਕੇਂਦਰ ਦੇ ਪਏ ਡਾਕੇ ਕਾਰਨ ਪੰਜਾਬ ਨੂੰ ਬਾਹਰਲੇ ਸੂਬਿਆਂ ਤੋਂ ਮਹਿੰਗੇ ਭਾਅ ਕੋਇਲਾ ਮੁੱਲ ਖਰੀਦ ਕੇ ਕੋਇਲੇ ਵਾਲੇ ਥਰਮਲਾਂ ਤੋਂ ਬਹੁਤ ਮਹਿੰਗੀ ਬਿਜਲੀ ਤਿਆਰ ਕਰਨੀ ਪੈ ਰਹੀ ਹੈ।ਪੰਜਾਬ ਦੇ ਹੱਕਾਂ ਹਿਤਾਂ ਦੀ ਗੱਲ ਕਰਨ ਲਈ ਬਚਨਵੱਧ ਸ੍ਰੋਮਣੀ ਅਕਾਲੀ ਦਲ ਨੇ ਅਪਣੇ ਲੋਕਾਂ ਪ੍ਰਤੀ, ਅਪਣੇ ਧਰਮ ਪ੍ਰਤੀ ਬਚਨਵੱਧਤਾ ਤੋਂ ਮੁੱਖ ਮੋੜ ਕੇ ਕੇਂਦਰ ਨਾਲ ਵਫਾਦਾਰੀਆਂ ਪਾਲ ਲਈਆਂ ਹਨ, ਜਿਸ ਕਰਕੇ  ਆਏ ਦਿਨ ਸਿੱਖੀ ਨੂੰ ਖੋਰਾ ਲੱਗਦਾ ਜਾਂਦਾ ਹੈ। ਜੋ ਕੰਮ ਕੇਂਦਰੀ ਤਾਕਤਾਂ ਨੂੰ ਕਰਨ ਵਿੱਚ ਮੁਸ਼ਕਲ ਆ ਰਹੀ ਸੀ ਉਹਦੇ ਲਈ ਅਕਾਲੀ ਆਗੂ ਸਿੱਖ ਦੁਸ਼ਮਣ ਤਾਕਤਾਂ ਦੇ ਕੁਹਾੜੇ ਦਾ ਦਸਤਾ ਬਣ ਗਏ ਹਨ,ਇਹੋ ਕਾਰਨ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਨੇ ਸਿੱਖੀ ਦਾ ਜੋ ਨੁਕਸਾਨ ਕੀਤਾ ਹੈ ਉਹਦੀ ਭਰਪਾਈ ਬਹੁਤ ਮੁਸ਼ਕਲ ਹੈ।ਪਿਛਲੀ ਅਕਾਲੀ ਸਰਕਾਰ ਦੇ ਕਾਰਜਕਾਲ ਵਿੱਚ ਸ਼ੁਰੂ ਹੋਈਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬਹੁਤ ਗਹਿਰੀ ਸਾਜਿਸ਼ ਦਾ ਨਤੀਜਾ ਹੈ। ਜਿਸਤਰਾਂ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਹਿਬ ਤੋ ਓਟ ਆਸਰਾ ਲੈਕੇ ਹਰ ਮੁਸ਼ਕਲ ਦਾ ਟਾਕਰਾ ਕਰਨ ਦੇ ਸਮਰੱਥ ਜਿੱਥੇ ਸਿੱਖ ਕੌਂਮ ਨੂੰ ਗੁਰੂ ਤੋਂ ਬੇਮੁੱਖ ਕਰਨ ਲਈ ਪੰਜਾਬ ਵਿੱਚ ਡੇਰਾਵਾਦ ਨੂੰ ਪ੍ਰਫੁੱਲਤ ਕੀਤਾ ਗਿਆ ਹੈ, ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਾਂ ਦੀ ਸ਼ਰਧਾ ਖਤਮ ਕਰਨ ਲਈ ਵੀ ਲੰਮੇ ਸਮੇ ਤੋਂ ਸਜਿਸ਼ਾਂ ਘੜੀਆਂ ਜਾ ਰਹੀਆਂ ਹਨ। ਜੂਨ 2015 ਤੋਂ ਸ਼ੁਰੂ ਹੋਈਆਂ ਬੇਅਦਬੀਆਂ ਵੀ ਇਹਨਾਂ ਚਿਰੋਕਣੀਆਂ ਸਾਜਿਸ਼ਾਂ ਦਾ ਹੀ ਹਿੱਸਾ ਹਨ।

ਸੋਚਣ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਹੁਣ ਜਦੋਂ ਇਹਨਾਂ ਬੇਅਦਬੀਆਂ ਦੀ ਜਾਂਚ ਕਰ ਚੁੱਕੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ ਤੇ ਪੰਜਾਬ ਵਿਧਾਨ ਸਭਾ ਵਿੱਚ ਬਹਿਸ ਹੋ ਚੁੱਕੀ ਹੈ, ਤਤਕਾਲੀ ਅਕਾਲੀ ਸਰਕਾਰ ਨੂੰ ਲੋਕ ਪਾਣੀ ਪੀ ਪੀ ਕੋਸ ਰਹੇ ਹਨ,ਅਕਾਲੀ ਆਗੂਆਂ ਦਾ ਜਨਤਕ ਥਾਵਾਂ ਤੇ ਵਿਰੋਧ ਹੋ ਰਿਹਾ ਹੈ,ਤਾਂ ਹੁਣ ਬਹੁਤ ਸਾਰੇ ਗੂੰਗਿਆਂ ਦੀ ਜੁਬਾਨ ਵੀ ਚੱਲਣ ਲੱਗ ਪਈ ਹੈ।ਜਿਹੜੇ ਪਿਛਲੇ ਤਿੰਨ ਸਾਲਾਂ ਤੋ ਗੂੜੀ ਨੀਦ ਸੁੱਤੇ ਹੋਏ ਸਨ ਹੁਣ ਉਹ ਵੀ ਉੱਠ ਖੜੇ ਹੋਏ ਹਨ। ਇਹ ਉਹਨਾਂ ਲੋਕਾਂ ਦੀ ਗੁਰੂ ਪ੍ਰਤੀ ਸ਼ਰਧਾ ਨਹੀ ਬਲਕਿ ਇਹ ਸਭ ਕੁੱਝ ਬਾਦਲ ਪਰਿਵਾਰ ਦੇ ਸਿਆਸੀ ਪਤਨ ਵੱਲ ਤੇਜੀ ਨਾਲ ਵਧ ਰਹੇ ਕਦਮਾਂ ਕਾਰਨ ਹੈ, ਪ੍ਰੰਤੂ ਸੂਬਾ ਸਰਕਾਰ ਦੇ ਅਜੇ ਵੀ ਦੋਚਿਤੀ ਵਿੱਚ ਪਏ ਰਹਿਣਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ। ਪਿਛਲੇ ਦਿਨਾਂ ਵਿੱਚ ਕੈਪਟਨ ਦੀ ਦਿੱਲੀ ਫੇਰੀ ਤੋਂ ਬਾਅਦ ਆਏ ਬਿਆਨਾਂ ਨੇ ਇਹ ਖਦਸ਼ੇ ਨੂੰ ਯਕੀਨ ਵਿੱਚ ਬਦਲ ਦਿੱਤਾ, ਕਿ ਸਿੱਖ ਕੌਂਮ ਨੂੰ ਇਨਸਾਫ ਦੇਣ ਵਿੱਚ ਕੈਪਟਨ ਅਮਰਿੰਦਰ ਸਿੰਘ ਸਫਲ ਨਹੀ ਹੋ ਸਕਣਗੇ। ਦਿੱਲੀ ਦਰਵਾਰ ਜਿਹੜਾ ਮੁੱਢੋ ਹੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦਾ ਦੋਖੀ ਰਿਹਾ ਹੈ, ਉਹ ਕਦੇ ਵੀ ਨਹੀ ਚਾਹੇਗਾ ਕਿ ਸਿੱਖ ਕੌਂਮ ਨੂੰ ਇਨਸਾਫ ਮਿਲੇ।ਕੈਪਟਨ ਅਮਰਿੰਦਰ ਸਿੰਘ ਨੂੰ ਇਹ ਜਰੂਰ ਸੋਚਣਾ ਪਵੇਗਾ ਕਿ ਜਿਸ ਗੁਰੂ ਦੀਆਂ ਬੇਮਿਸ਼ਾਲ ਬਖਸ਼ਿਸ਼ਾਂ ਸਦਕਾ ਪਟਿਆਲਾ ਖਾਨਦਾਨ ਇਸ ਮੁਕਾਮ ਤੇ ਪੁੱਜਾ ਹੈ, ਜਦੋਂ ਉਸ ਗੁਰੂ ਦੀ ਆਨ ਸ਼ਾਨ ਨੂੰ ਢਾਹ ਲਾਉਣ ਵਾਲੇ ਦਨਦਨਾਉਂਦੇ ਖਾਲਸਾ ਪੰਥ ਦੀ ਹਿੱਕ ਤੇ ਮੂੰਗ ਦਲਦੇ ਫਿਰ ਰਹੇ ਹੋਣ, ਫਿਰ ਇਸ ਤੋਂ ਵੱਡੀ ਅਕ੍ਰਿਤਘਿਣਤਾ ਉਹਨਾਂ ਦੇ ਪਰਿਬਾਰ ਦੀ ਹੋਰ ਕੀ ਹੋ ਸਕਦੀ ਹੈ। ਸੋ ਚੰਗਾ ਹੋਵੇ ਜੇ ਕੈਪਟਨ ਸਰਕਾਰ,ਖਾਲਸਾ ਪੰਥ ਨੂੰ ਇਨਸਾਫ ਦੇਕੇ ਝੂਠੇ ਦਿੱਲੀ ਦਰਵਾਰ ਦੀ ਵਜਾਏ ਅਪਣੇ ਜੁੱਗੋ ਜੁੱਗ ਅਟੱਲ ਗੁਰੂ ਪ੍ਰਤੀ ਵਫਾਦਾਰੀ ਦਿਖਾਵੇ ਅਤੇ ਇਤਿਹਾਸ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਣ ਦਾ ਮਾਣ ਖੱਟ ਜਾਵੇ।