ਭਾਂਵੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਗਾਤਾਰ ਤਿੰਨ ਸਾਲਾਂ ਤੋਂ ਹੁੰਦੀਆਂ ਆ ਰਹੀਆਂ ਹਨ, ਬੇਅਦਬੀ ਦਾ ਇਨਸਾਫ ਮੰਗਦੇ ਸਿੱਖਾਂ ਤੇ ਪੰਥਕ ਸਰਕਾਰ ਦੀ ਪੁਲਿਸ ਨੇ ਗੋਲੀਆਂ ਚਲਾਈਆਂ,ਜੁਲਮ ਢਾਹੇ ਤੇ ਦੋ ਸਿੱਖ ਸ਼ਹੀਦ ਵੀ ਕੀਤੇ,ਪਰ ਹੁਣ ਜਦੋ ਕਾਂਗਰਸ ਸਰਕਾਰ ਨੇ ਸਰਕਾਰ ਦੇ ਅੰਦਰੋਂ ਅਤੇ ਬਾਹਰੋਂ, ਵਿਰੋਧੀ ਧਿਰ ਅਤੇ ਲੋਕਾਂ ਦੇ ਭਾਰੀ ਦਬਾਅ ਕਾਰਨ ਇਨਸਾਫ ਕਰਨ ਦਾ ਮਨ ਬਣਾ ਲਿਆ ਹੈ ਤਾਂ ਅਕਾਲੀ ਦਲ ਨੂੰ ਸਭ ਤੋਂ ਵੱਧ ਦੁੱਖ ਹੋਇਆ ਹੈ। ਪੰਥਕ ਚੇਹਰਾ ਮੋਹਰਾ ਗੁਆ ਚੱੁਕੀ ਅਕਾਲੀ ਪਾਰਟੀ ਆਏ ਦਿਨ ਆਪਣੀ ਅਸਲੀਅਤ ਆਪਣੇ ਆਪ ਨੰਗੀ ਕਰਦੀ ਆ ਰਹੀ ਹੈ। ਜੂਨ 2015 ਤੋ ਨਿਰੰਤਰ ਚਲਦੀਆਂ ਬੇਅਦਬੀਆਂ ਦਾ ਨਾ ਰੁਕਣਾ ਜਿੱਥੇ ਤਤਕਾਲੀ ਪੰਥਕ ਸਰਕਾਰ ਲਈ ਬੇਹੱਦ ਸ਼ਰਮਨਾਕ ਸੀ, ਓਥੇ ਹੁਣ ਜਿਸ ਤਰਾਂ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਇਕਾਂ, ਮੰਤਰੀਆਂ ਅਤੇ ਵਿਰੋਧੀ ਧਿਰ ਨੇ ਇੱਕ ਮੱਤ ਹੋਕੇ ਮੁੱਖ ਮੰਤਰੀ ਤੇ ਇਨਸਾਫ ਦੇਣ ਲਈ ਜੋਰ ਪਾਇਆ, ਉਹ ਲਮੇਹ ਸੱਚਮੁੱਚ ਹੀ ਸਿੱਖੀ ਜਜ਼ਬੇ ਵਾਲੇ ਸਨ, ਜਦੋਂ ਹਰ ਇੱਕ ਕਾਂਗਰਸੀ ਵਿਧਾਇਕ ਨੇ ਮੁੱਖ ਮੰਤਰੀ ਨੂੰ ਅਪਣੇ ਗੁਰੂ ਦਾ ਵਾਸਤਾ ਪਾਕੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਜੋਰ ਪਾਇਆ।ਵਿਧਾਨ ਸਭਾ ਵਿੱਚ ਗੂੰਜਦੇ ਜੈਕਾਰੇ ਕਿਸੇ ਅਸਲ ਪੰਥਕ ਸਰਕਾਰ ਦਾ ਭੁਲੇਖਾ ਪਾ ਰਹੇ ਸਨ, ਪਰ ਦੂਜੇ ਪਾਸੇ ਕਿਸੇ ਸਮੇ ਪੰਥ ਦੀ ਰਾਜਸੀ ਨੁਮਾਇੰਦਗੀ ਲਈ ਹੋਦ ਵਿੱਚ ਆਈ ਪਾਰਟੀ ਅਕਾਲੀ ਦਲ ਦੇ ਮੌਜੂਦਾ ਆਗੂਆਂ ਨੇ ਅਕਾਲੀ ਦਲ ਦਾ ਇਤਿਹਾਸ ਕਲੰਕਤ ਕਰਕੇ ਆਪਣੇ ਅਤੇ ਅਪਣੀ ਸਹਿਜੋਗੀ ਭਾਜਪਾ ਦੇ ਵਿਧਾਇਕਾਂ ਨੂੰ ਲੈਕੇ ਵਾਕ ਆਊਟ ਕਰ ਦਿੱਤਾ।

ਇਹ ਬਾਦਲਾਂ ਦੀ ਇੱਕ ਗਿਣੀ ਮਿਥੀ ਸਾਜਿਸ ਸੀ, ਕਿਉਂਕਿ ਉਹ ਜਾਣਦੇ ਸਨ ਕਿ ਉਹਨਾਂ ਵਿੱਚ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਨਹੀ ਹੈ, ਸੋ ਉਹਨਾਂ ਨੇ ਮੈਦਾਨ ਛੱਡਕੇ ਭੱਜ ਜਾਣਾ ਹੀ ਮੁਨਾਸਿਬ ਸਮਝਿਆ। ਵਿਧਾਨ ਸਭਾ ਵਿੱਚ ਜਨਤਕ ਹੋਈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਪੂਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਸਮੇਤ ਸਮੂਹ ਪੰਜਾਬੀਆਂ ਨੂੰ ਅਸਲੀਅਤ ਦਾ ਚਾਨਣ ਹੋ ਗਿਆ।ਜੇਕਰ ਗੱਲ ਤਾਜਾ ਹਾਲਾਤਾਂ ਦੇ ਸੰਦਰਭ ਵਿੱਚ ਕੀਤੀ ਜਾਵੇ ਤਾਂ ਹੁਣ ਇਹ ਪੁਤਲੇ ਫੂਕਣ ਦਾ ਰੁਝਾਨ ਬੇਹੱਦ ਮਾੜਾ ਹੈ ਤੇ ਸਿੱਖੀ ਸਿਧਾਤਾਂ ਦੇ ਅਨਕੂਲ ਨਹੀ ਹੈ।ਦੋਨੋ ਧਿਰਾਂ ਨੇ ਇੱਕ ਦੂਜੇ ਦੇ ਪੁਤਲੇ ਸਾੜੇ ਹਨ, ਕਈ ਥਾਈਂ ਆਮ ਸਿੱਖਾਂ ਦੇ ਆਪਸ ਵਿੱਚ ਉਲਝਣ ਅਤੇ ਝੜਪਾਂ ਹੋਣ ਦੇ ਸਮਾਚਾਰ ਵੀ ਮਿਲੇ ਹਨ। ਸਰਕਾਰ ਨੇ ਅਜਿਹਾ ਕਰਨ ਦੀ ਖਾਸ ਕਰਕੇ ਅਕਾਲੀ ਦਲ ਬਾਦਲ ਨੂੰ ਢਿੱਲ ਦੇਕੇ ਬਹੁਤ ਵੱਡੀ ਗਲਤੀ ਕੀਤੀ ਹੈ।

ਸਿੱਖਾਂ ਵਿੱਚ ਅਕਾਲੀਆਂ ਪ੍ਰਤੀ ਭਾਰੀ ਗੁੱਸਾ ਹੈ,ਇਸ ਲਈ ਭਾਵਕ ਸਿੱਖਾਂ ਦਾ ਇੱਕ ਦੂਜੇ ਨਾਲ ਟਕਰਾ ਹੋ ਜਾਣਾ ਸੁਭਾਵਕ ਸੀ, ਇੱਥੇ ਸਿੱਖਾਂ ਵਿੱਚ ਖਾਨਾਜੰਗੀ ਵਾਲੇ ਹਾਲਾਤ ਵੀ ਪੈਦਾ ਹੋ ਸਕਦੇ ਸਨ, ਜਿਸ ਲਈ ਏਜੰਸੀਆਂ ਪਹਿਲਾਂ ਹੀ ਯਤਨਸ਼ੀਲ ਹਨ। ਬਾਦਲਾਂ ਸਮੇਤ ਸਾਰੇ ਦੋਸੀਆਂ ਦਾ ਵਿਰੋਧ ਕਾਲੀਆ ਝੰਡੀਆਂ ਲੈਕੇ ਕੀਤਾ ਜਾਣਾ ਚਾਹੀਦਾ ਹੈ। ਉਹ ਜਿੱਥੇ ਵੀ ਜਾਣ ਓਥੇ ਹੱਥ ਵਿੱਚ ਗੁਰੂ ਦੀਆਂ ਬੇਅਦਬੀਆਂ ਦੇ ਦੋਸੀਓ ਵਾਪਸ ਜਾਓ ਵਾਲੀਆਂ ਤਖਤੀਆਂ ਫੜਕੇ ਇਹਨਾਂ ਨੂੰ ਕਿਸੇ ਜਨਤਕ ਪਰੋਗਰਾਮ ਵਿੱਚ ਜਾਣ ਤੋਂ ਪੁਰਅਮਨ ਢੰਗ ਨਾਲ ਰੋਕਿਆ ਜਾਣਾ ਚਾਹੀਦਾ ਹੈ। ਹੋਰ ਵੀ ਬਹਤ ਢੰਗ ਤਰੀਕੇ ਹਨ ਇਹਨਾਂ ਦਾ ਵਿਰੋਧ ਜਤਾਉਣ ਦੇ, ਜਿਸਤਰਾਂ ਯੂਰਪ ਵਿੱਚ ਗਿਆਨੀ ਗੁਰਬਚਨ ਸਿੰਘ ਨਾਲ ਹੋਈ ਸੀ, ਓਥੇ ਦੇ ਸਿੰਘਾਂ ਨੇ ਗੁਰਬਚਨ ਸਿੰਘ ਨੂੰ ਬੋਲਣ ਹੀ ਨਹੀ ਸੀ ਦਿੱਤਾ।

ਇਹ ਜਦੋ ਵੀ ਬੋਲਣ ਲਈ ਮਾਇਕ ਤੇ ਆਉਦਾ ਤਾਂ ਸੰਗਤਾਂ ਉੱਚੀ ਅਵਾਜ ਵਿੱਚ ਸੱਤਨਾਮ ਵਾਹਿਗੁਰੂ ਦਾ ਜਾਪ ਕਰਨਾ ਸੁਰੂ ਕਰ ਦਿੰਦੀਆਂ, ਸੋ ਕਹਿਣ ਦਾ ਮਤਲਬ ਹੈ ਪੁਤਲੇ ਫੂਕਣ ਵਾਲੇ ਰੁਝਾਨ ਨੂੰ ਬੰਦ ਕਰਨਾ ਚਾਹੀਦਾ ਹੈ। ਇਹ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦਾ ਮੁੱਢ ਬੰਨਣ ਵਾਲੀ ਕਾਰਵਾਈ ਹੈ। ਕਿਉਕਿ ਦੋਸ਼ੀ ਥੋੜੇ ਲੋਕ ਹਨ ਪਰ ਉਹਨਾਂ ਦਾ ਸਾਥ ਦੇਣ ਵਾਲੇ ਸਾਡੇ ਹੀ ਭੈਣ ਭਰਾ ਹਨ ਜਿੰਨਾਂ ਨੂੰ ਸਮਝਾ ਕੇ ਆਪਣੇ ਨਾਲ ਲੈਣ ਦੀ ਜਰੂਰਤ ਹੈ, ਨਾ ਕਿ ਆਪਸੀ ਖਾਨਾਜੰਗੀ ਦੇ ਰਾਹ ਪੈਣ ਵਾਲੀ ਖਤਰਨਾਕ ਖੇਡ ਖੇਡ ਕੇ ਭਰਾ ਮਾਰੂ ਜੰਗ ਦਾ ਮੁੱਢ ਬੰਨਣ ਦੀ। ਸੋ ਆਸ ਕਰਦੇ ਹਾਂ ਜਿਹੜੇ ਸਾਡੇ ਸਿੱਖ ਭੈਣ ਭਰਾ ਅੱਜ ਵੀ ਬਾਦਲ ਲਾਣੇ ਨੂੰ ਅਪਣੇ ਗੁਰੂ ਤੋਂ ਵੱਡਾ ਸਮਝਣ ਦੀ ਭੁੱਲ ਕਰੀ ਬੈਠੇ ਹਨ, ਉਹ ਜਰੂਰ ਆਪਣੇ ਨਿੱਜੀ ਸੁਆਰਥਾਂ ਨੂੰ ਤਿਆਗ ਕੇ ਗੁਰੂ ਤੋਂ ਭੁੱਲ ਬਖਸਾਉਣਗੇ। ਗੁਰੂ ਸਮਰੱਥ ਹੈ ਤੇ ਬਖਸ਼ਣਹਾਰ ਵੀ,ਉਹ ਸਭ ਦੇ ਗੁਨਾਹ ਬਖਸ਼ ਦੇਵੇਗਾ। ਜਿਸ ਗੁਰੂ ਤੋ ਅਸੀ ਦੋਨੋ ਵਖਤ ਆਪਣੇ ਪਰਿਵਾਰ ਦੀ ਸੁਖ ਸਾਂਤੀ ਅਤੇ ਖਜਾਨੇ ਭਰਪੂਰ ਕਰਨ ਦੀਆਂ ਦਾਤਾਂ ਮੰਗਦੇ ਹਾਂ ਅੱਜ ਉਹਦੀ ਬੇਅਦਬੀ ਕਰਵਾਉਣ ਵਾਲਿਆਂ ਦਾ ਸਾਥ ਦੇਕੇ ਵੱਡੀ ਭੁੱਲ ਕਰ ਰਹੇ ਹਾਂ।

ਸੋ ਫਿਰ ਇਹੋ ਆਸ ਕਰਦੇ ਹਾਂ ਕਿ ਸਾਡੇ ਗੁਮਰਾਹ ਹੋਏ ਵੀਰ ਇਹਨਾਂ ਦੀ ਅਸਲੀਅਤ ਸਮਝਣ ਦਾ ਯਤਨ ਕਰਨਗੇ, ਅਤੇ ਆਪਣੇ ਗੁਰੂ ਦਾ ਇਨਸਾਫ ਲੈਣ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣਗੇ। ਇਨਸਾਫ ਲਈ ਸੰਘਰਸ਼ ਕਰਦੀਆਂ ਧਿਰਾਂ ਨੂੰ ਵੀ ਇਹ ਹੀ ਅਪੀਲ ਕਰਾਂਗੇ ਕਿ ਉਹ ਆਪਸੀ ਟਕਰਾ ਤੋਂ ਪਾਸਾ ਵੱਟ ਕੇ ਸਿਆਣਪ ਨਾਲ ਸੰਘਰਸ਼ ਨੂੰ ਕਾਮਯਾਬ ਬਨਾਉਣ ਅਤੇ ਗੁਮਰਾਹ ਹੋਏ ਆਪਣੇ ਭਰਾਵਾਂ ਨੂੰ ਦਲੀਲ ਨਾਲ ਸਮਝਾ ਕੇ ਨਾਲ ਲੈਣ ਦਾ ਯਤਨ ਕਰਨ।