library donated
(ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਡਾ. ਰਾਜਵੰਤ ਕੌਰ ‘ਪੰਜਾਬੀ’ ਵੱਲੋਂ ਸਾਂਝੇ ਤੌਰ ਤੇ ਭੇਂਟ ਕੀਤੀਆਂ ਪੁਸਤਕਾਂ ਦੇ ਵਿਸ਼ੇਸ਼ ਕਾਰਨਰ ਦਾ ਉਦਘਾਟਨ ਕਰਦੇ ਹੋਏ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ, ਪ੍ਰੋਫੈਸਰ ਇੰਚਾਰਜ ਡਾ. ਜਗਤਾਰ ਸਿੰਘ ਆਦਿ)

ਪਟਿਆਲਾ (21.9.2018) ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ‘ਪੰਜਾਬੀ’ ਵੱਲੋਂ ਸਾਂਝੇ ਤੌਰ ਤੇ ਆਪਣੀ ਨਿੱਜੀ ਲਾਇਬ੍ਰੇਰੀ ਵਿਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਨੂੰ ਇਕ ਹਜ਼ਾਰ ਪੁਸਤਕਾਂ ਦਾਨ ਕੀਤੀਆਂ ਗਈਆਂ। ਇਹਨਾਂ ਦੋਵੇਂ ਸਟੇਟ ਐਵਾਰਡੀ ਵਿਦਵਾਨ ਲੇਖਕਾਂ ਵੱਲੋਂ ਦਾਨ ਦਿੱਤੀਆਂ ਗਈਆਂ ਪੁਸਤਕਾਂ ਦੇ ‘ਵਿਸ਼ੇਸ਼ ਕਾਰਨਰ’ ਦਾ ਉਦਘਾਟਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਜਿਹੇ ਵਿਦਵਾਨਾਂ-ਲੇਖਕਾਂ ਦੀ ਧੰਨਵਾਦੀ ਹੈ ਜਿਨ੍ਹਾਂ ਨੇ ਆਪਣੀਆਂ ਨਿੱਜੀ ਲਾਇਬ੍ਰੇਰੀਆਂ ਵਿਚੋਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਆਪਣੇ ਸਾਹਿਤਕ ਖ਼ਜ਼ਾਨੇ ਯੂਨੀਵਰਸਿਟੀ ਨੂੰ ਭੇਂਟ ਕੀਤੇ ਹਨ। ਇਸ ਉਦਮ ਅਤੇ ਉਪਕਾਰੀ ਕਾਰਜ ਨਾਲ ਨਵੀਂ ਪੀੜ੍ਹੀ ਨੂੰ ਗਿਆਨ-ਵਿਗਿਆਨ ਅਤੇ ਤਕਨੀਕ ਨਾਲ ਜੁੜਨ ਦੇ ਨਾਲ ਨਾਲ ਸਾਹਿਤ, ਸਭਿਆਚਾਰ ਅਤੇ ਕਲਾਵਾਂ ਨਾਲ ਜੁੜਨ ਦੇ ਅਵਸਰ ਪ੍ਰਾਪਤ ਹੋਣਗੇ। ਡਾ. ਘੁੰਮਣ ਨੇ ਕਿਹਾ ਕਿ ਅਜਿਹਾ ਸਾਹਿਤਕ ਸਰਮਾਇਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਗੌਰਵ ਵਿਚ ਵਾਧਾ ਕਰਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਦੇ ਪ੍ਰੋਫੈਸਰ ਇੰਚਾਰਜ ਡਾ. ਜਗਤਾਰ ਸਿੰਘ ਨੇ ਕਿਹਾ ਕਿ ਉਤਰੀ ਭਾਰਤ ਦੇ ਖਿੱਤੇ ਵਿਚ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਪੰਜਾਬੀ ਭਾਸ਼ਾ, ਸਾਹਿਤ, ਇਤਿਹਾਸ, ਕਲਾ, ਸਿੱਖਿਆ ਆਦਿ ਖੇਤਰਾਂ ਦਾ ਸਭ ਤੋਂ ਅਹਿਮ ਕੇਂਦਰ ਹੈ ਜਿਸ ਨਾਲ ਵੱਡੀ ਗਿਣਤੀ ਵਿਚ ਪਾਠਕ ਵਰਗ ਜੁੜਿਆ ਹੋਇਆ ਹੈ। ਇਸ ਅਵਸਰ ਤੇ ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਡਾ. ਰਾਜਵੰਤ ਕੌਰ ‘ਪੰਜਾਬੀ’ ਨੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਆਪਣੀ ਕਰਮ ਭੂਮੀ ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਹੋਈ ਲਾਇਬ੍ਰੇਰੀ ਨੂੰ ਨਿਰੰਤਰ ਪੁਸਤਕਾਂ ਭੇਂਟ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਇਹਨਾਂ ਪੁਸਤਕਾਂ ਵਿਚ ਡਾ. ਆਸ਼ਟ ਅਤੇ ਡਾ. ਪੰਜਾਬੀ ਵੱਲੋਂ ਲਿਖੀਆਂ ਗਈਆਂ ਸਾਹਿਤਕ ਪੁਸਤਕਾਂ ਤੋਂ ਇਲਾਵਾ ਪੰਜਾਬੀ, ਹਿੰਦੀ, ਉਰਦੂ, ਫ਼ਾਰਸੀ, ਅੰਗਰੇਜ਼ੀ ਆਦਿ ਜ਼ੁਬਾਨਾਂ ਦੀਆਂ ਪੁਸਤਕਾਂ,ਵਿਸ਼ਵ ਕਲਾਸਿਕ ਸਾਹਿਤ, ਹਵਾਲਾ ਗ੍ਰੰਥ, ਅਨੁਵਾਦਿਤ ਤੇ ਖੋਜ ਸਮੱਗਰੀ ਤੋਂ ਇਲਾਵਾ ਸ਼ਾਹਮੁਖੀ ਲਿਪੀ ਵਿਚ ਲਿਖਿਆ ਗਿਆ ਪਾਕਿਸਤਾਨੀ ਪੰਜਾਬੀ ਸਾਹਿਤ ਅਤੇ ਬਾਲ ਸਾਹਿਤ ਪੁਸਤਕਾਂ ਵੀ ਮੌਜੂਦ ਹਨ।

ਇਸ ਸਮਾਗਮ ਵਿਚ ਉਘੇ ਚਿੰਤਕ ਸ੍ਰੀ ਨਰੇਸ਼ ਸਕਸੈਨਾ, ਡਾ. ਮੋਹਿੰਦਰਜੀਤ ਕੌਰ ਰਵੀ, ਪੰਜਾਬੀ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਡਾ. ਗਿਆਨ ਸਿੰਘ, ਡਾ. ਸੁਰਜੀਤ ਸਿੰਘ, ਰੋਹਿਤਾਸ਼, ਡਾ. ਕੁਲਬੀਰ ਕੌਰ, ਡਾ. ਯੋਗਰਾਜ, ਰਵੀਦਰਸ਼ਦੀਪ ਆਦਿ ਤੋਂ ਇਲਾਵਾ ਵਿਦਵਾਨ, ਕਰਮਚਾਰੀ, ਖੋਜਾਰਥੀ ਅਤੇ ਪਾਠਕ ਵੀ ਹਾਜ਼ਰ ਸਨ।