IMG_0328
ਫਰਿਜ਼ਨੋ (ਕੈਲੇਫੋਰਨੀਆਂ) —ਜੂਨ ਦਾ ਮਹੀਨਾ ਸਿੱਖ ਕੌਮ ਲਈ 84 ਦੇ ਜ਼ਖ਼ਮ ਹਰ ਸਾਲ ਤਾਜ਼ੇ ਕਰ ਜਾਂਦਾ ਹੈ । ਇਹ ਮਹੀਨਾ ਦੋ ਵੱਡੇ ਘੱਲੂ ਘਾਰਿਆ ਦੀ ਯਾਦ ਵੀ ਸਾਨੂੰ ਦਿਵਾਉਦਾ ਹੈ। ਪਹਿਲਾ ਘੱਲੂਘਾਰਾ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀ ਸਿੰਘਾਂ ਦੀ ਸ਼ਹਾਦਤ ਦੀ ਦਾਸਤਾਨ..! ਦੂਸਰਾ 84 ਦੇ ਘੱਲੂਘਾਰੇ ਵਿੱਚ ਮਾਰੇ ਗਏ ਹਜ਼ਾਰਾਂ ਬੇਕਸੂਰੇ ਸਿੱਖਾਂ ਦੇ ਕਤਲ ਦੀ। ਇਸੇ ਸੰਬੰਧ ਵਿੱਚ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ। ਜਿੱਥੇ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਨੇ ਏਟੀ ਫੋਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸੰਬੰਧੀ ਰੌਗਟੇ ਖੜੇ ਕਰਦੀ ਦਾਸਤਾਨ ਸੰਗਤਾਂ ਨਾਲ ਸਾਂਝੀ ਕੀਤੀ। ਇਸ ਪਿੱਛੋਂ ਗੁਰੂ ਘਰ ਦੇ ਸੈਕਟਰੀ ਗੁਰਪ੍ਰੀਤ ਸਿੰਘ ਮਾਨ ਨੇ ਹਰਵਿੰਦਰ ਸਿੰਘ ਫੂਲਕਾ ਨੂੰ ਨਿੱਘੀ ਜੀ ਆਇਆ ਕਹੀ ਤੇ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਫੂਲਕਾ ਸਾਬ੍ਹ ਨੇ ਦੱਸਿਆ ਕਿ ਏਟੀ ਫੋਰ ਮੌਕੇ ਕਿਵੇਂ ਭੀੜ ਨੇ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ ਕੱਢਕੇ ਮਾਰਿਆਂ ਤੇ ਕਿਵੇਂ ਪੁਲਿਸ ਨੇ ਮੂਕ ਦਰਸ਼ਕ ਬਣਕੇ ਇਹ ਮੌਤ ਦਾ ਨੰਗਾ ਨਾਚ ਹਿੰਦੁਸਤਾਨ ਦੀ ਧਰਤੀ ਤੇ ਕਰਵਾਇਆ। ਇਸ ਪਿੱਛੋਂ ਫੂਲਕਾ ਸਾਬ੍ਹ ਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੰਮੀਂ ਲੜਾਈ ਲੜੀ ਪਰ ਸਾਡੇ ਆਪਣੇ ਹੀ ਲੋਕਾਂ ਨੇ ਗਵਾਹਾਂ ਨੂੰ ਮੁਕਰਵਾਇਆ ਜਿਸ ਕਰਕੇ ਐਚ ਕੇ ਆਲ ਭਗਤ, ਟਾਇਟਲਰ ਅਤੇ ਸੱਜਣ ਕੁਮਾਰ ਵਰਗੇ ਸਜ਼ਾਵਾਂ ਤੋਂ ਬਚਦੇ ਰਹੇ। ਲੇਕਿਨ ਓਹਨਾਂ ਕਿਹਾ ਕਿ ਭਗਤ ਤਾਂ ਪਾਗਲ ਹੋਕੇ ਮਰਿਆ ਤੇ ਹਾਲ ਟਾਇਟਲਰ ਹੋਰਾਂ ਦਾ ਵੀ ਓਹਦੇ ਵਰਗਾ ਹੀ ਹੋਵੇਗਾ। ਇਸ ਮੌਕੇ ਓਹਨਾ ਲੋਕਾਂ ਨੂੰ ਆਪੋ ਆਪਣੇ ਪਿੰਡਾਂ ਦੇ ਸਕੂਲ ਗੋਦ ਲੈਣ ਲਈ ਵੀ ਅਪੀਲ ਕੀਤੀ ਤਾਂ ਕਿ ਪੰਜਾਬ ਦੇ ਵਿੱਚ ਨਿੱਘਰ ਰਹੇ ਐਜੂਕੇਸ਼ਨ ਦੇ ਪੱਧਰ ਨੂੰ ਉੱਪਰ ਚੱਕਿਆ ਜਾ ਸਕੇ। ਇਸ ਮੌਕੇ ਗੁਰੂ-ਘਰ ਵੱਲੋਂ ਉਹਨਾ ਨੂੰ ਸਿਰੋਪਾਓ ਵੀ ਬਖ਼ਸ਼ਿਆ ਗਿਆ। ਇਸ ਤੋਂ ਬਿਨਾਂ ਉਹਨਾ ਗੁਰਦਵਾਰਾ ਪੈਸੇਫਿਕ ਕੋਸਟ ਸਿਲਮਾ ਵਿਖੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਉਪਰੰਤ ਉਹਨਾ ਕੁਝ ਸੱਜਣਾਂ ਨਾਲ ਸਥਾਨਿਕ ਇੰਡੀਆ ਓਵਨ ਰੈਸਟੋਰੈਂਟ ਵਿੱਚ ਮੀਟਿੰਗ ਵੀ ਕੀਤੀ ਜਿੱਥੇ ਜਦੋਂ ਉਹਨਾਂ ਨੂੰ ਪੰਜਾਬ ਦੀ ਸਿਆਸਤ ਜਾ ਆਪ ਪਾਰਟੀ ਦੇ ਆਪਸੀ ਕਾਟੋ ਕਲੇਸ਼ ਸੰਬੰਧੀ ਸਵਾਲ ਕੀਤੇ ਗਏ ਤਾਂ ਉਹ ਇਹਨਾ ਸਵਾਲਾਂ ਤੋਂ ਥੋੜੇ ਤਹਿਸ਼ ਵਿੱਚ ਟਾਲ੍ਹਾ ਵੱਟਦੇ ਨਜ਼ਰੀਂ ਪਏ।