Screenshot_20180627-215022

ਸੁਣਿਆਂ ਸੀ ਕਿ ਅਫਗਾਨਿਸਤਾਨ ਦੇ ਤਾਲਿਬਾਨ ਲੜਾਕੂ ਹੈਰੋਇਨ , ਅਫੀਮ ਵਰਗੇ ਮਹਿੰਗੇ ਨਸ਼ੇ ਵੇਚਕੇ ਸਰਕਾਰ ਵਿਰੁੱਧ ਲੜਨ ਲਈ ਵਰਤੇ ਜਾਣ ਵਾਲੇ ਹਥਿਆਰ ਖਰੀਦਦੇ ਹਨ ਅਤੇ ਆਪਣੀ ਜੰਗ ਜਾਰੀ ਰੱਖਦੇ ਹਨ। ਪਰ ਪੰਜਾਬ ਦੇ ਰਾਜਨੀਤਕ ਆਗੂਆਂ ਨੇ ਲੋਕਾਂ ਦੀ ਵੋਟ ਨੂੰ ਖਰੀਦਣ ਲਈ ਅਤੇ ਰਾਜਨੀਤੀ ਨੂੰ ਮਹਿੰਗਾ ਕਰਨ ਲਈ ਮਹਿੰਗੇ ਨਸ਼ਿਆਂ ਵਾਲਾ ਹਥਿਆਰ ਵਰਤਣਾ ਸ਼ੁਰੂ ਕੀਤਾ ਅਤੇ ਇਸਤੋਂ ਮੋਟੀ ਕਮਾਈ ਕਰਨ ਲਈ ਪੰਜਾਬ ਵਿਚ ਵੱਡੀ ਪੱਧਰ ਤੇ ਵੇਚਣਾ ਸ਼ੁਰੂ ਕੀਤਾ। ਪਿਛਲੇ 11 ਸਾਲਾਂ ਤੋਂ ਸ਼ੁਰੂ ਹੋਏ ਇਹ ਨਸ਼ੇ ਅੱਜ ਘਰ ਘਰ ਪਹੁੰਚ ਗਏ ਹਨ ਜਿਸ ਪ੍ਰਤੀ ਕਈ ਵੱਡੇ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਤੇ ਉਂਗਲ ਉਠਾਈ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਨੈਟਵਰਕ ਦੋਹਾਂ ਧਿਰਾਂ ਦੇ ਮੇਲ ਮਿਲਾਪ ਨਾਲ ਚੱਲਦਾ ਆ ਰਿਹਾ ਹੈ। ਜਿਸਦਾ ਖੁਲਾਸਾ ਸੇਵਾ ਮੁਕਤ ਜੇਲ੍ਹ ਅਧਿਕਾਰੀ ਸ਼੍ਰੀ ਸ਼ਸ਼ੀਕਾਂਤ ਪਿਛਲੇ ਸਮੇਂ ਦੌਰਾਨ ਕਰ ਚੁੱਕੇ ਹਨ ਅਤੇ ਹਾਲ ਹੀ ਵਿਚ ਕੁੱਝ ਪੁਲਿਸ ਅਧਿਕਾਰੀਆਂ ਦੇ ਇਸ ਧੰਦੇ ਵਿਚ ਸ਼ਾਮਲ ਹੋਣ ਦੀ ਜਾਂਚ ਕਰ ਰਹੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣੀ ਰੀਪੋਰਟ ਮਾਨਯੋਗ ਹਾਈਕੋਰਟ ਨੂੰ ਸੌਂਪ ਦਿੱਤੀ ਹੈ ਜਿਸਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਲੋਕਾਂ ਨੂੰ ਵੱਡੀ ਆਸ ਸੀ ਕਿ ਕੈਪਟਨ ਸਰਕਾਰ ਦੇ ਆਉਣ ਤੇ ਇਹ ਮਾੜਾ ਧੰਦਾ ਬੰਦ ਹੋ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਹੱਥ ਵਿਚ ਫੜ੍ਹਕੇ ਚੋਣਾਂ ਦੌਰਾਨ ਇਹ ਸਹੁੰ ਚੁੱਕੀ ਸੀ ਕਿ ਉਹ ਚਾਰ ਹਫਤਿਆਂ ਵਿਚ ਇਹ ਨਸ਼ਾ ਪੰਜਾਬ ਤੋਂ ਖਤਮ ਕਰ ਦੇਣਗੇ। ਇਸ ਕੰਮ ਲਈ ਕੈਪਟਨ ਸਾਹਬ ਨੇ ਇਕ ਐਸ ਟੀ ਐਫ ਨਾ ਦਾ ਪੁਲਿਸ ਵਿੰਗ ਵੀ ਖੜ੍ਹਾ ਕੀਤਾ ਜਿਸਦਾ ਕੰਮ ਨਸ਼ੇ ਰੋਕਣਾ ਸੀ, ਪਰ ਇਹ ਬੰਦ ਹੋਣ ਦੀ ਬਜਾਏ ਅੰਬਰਵੇਲ ਵਾਂਗ ਵਧਦਾ ਹੀ ਗਿਆ ਅਤੇ ਅੱਜ ਇਹ ਸਥਿੱਤੀ ਬਣ ਗਈ ਹੈ ਕਿ ਇਕ ਇਕ ਦਿਨ ਵਿਚ 10-11 ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰਨ ਲੱਗੇ ਹਨ। ਮਾਪੇ ਭੁੱਖਾਂ ਤੇਹਾਂ ਕੱਟਕੇ ਆਪਣੇ ਬੱਚਿਆਂ ਨੂੰ ਇਸ ਲਈ ਪਾਲਦੇ ਹਨ ਕਿ ਉਹ ਬੁਢਾਪੇ ਵਿਚ ਉਨ੍ਹਾਂ ਦੀ ਡੰਗੋਰੀ ਬਣਨਗੇ ਅਤੇ ਆਖਰੀ ਸਮੇਂ ਅਰਥੀ ਨੂੰ ਮੋਢਾ ਦੇਣਗੇ ਪਰ ਮਾਪਿਆਂ ਨੂੰ ਉਲਟਾ ਪੁੱਤਰਾਂ ਦੀ ਅਰਥੀ ਚੁੱਕਣੀ ਪੈ ਰਹੀ ਹੈ ਅਤੇ ਯਤੀਮ ਹੋਏ ਨਿੱਕੇ ਨਿੱਕੇ ਬੱਚੇ ਉਨ੍ਹਾਂ ਨੂੰ ਪਾਲਣੇ ਪੈ ਰਹੇ ਹਨ। ਪੁੱਤਰਾਂ ਦੀ ਲਾਸ਼ਾਂ ਤੇ ਮਾਵਾਂ ਦੇ ਪਾਏ ਜਾ ਰਹੇ ਕੀਰਨੇ ਕੰਨਾਂ ਤੋਂ ਸੁਣੇ ਨਹੀਂ ਜਾਂਦੇ। ਇਹ ਕੀ ਕਹਿਰ ਵਰਤ ਗਿਆ ਗੁਰੂਆਂ ਪੀਰਾਂ ਦੀ ਧਰਤੀ ਤੇ। ਜਦੋਂ ਇਹ ਸੋਚ ਦਿਮਾਗ ਵਿਚ ਘੁੰਮਦੀ ਹੈ ਕਿ ਕਿਤੇ ਇਹ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੀ ਸਾਜਿਸ਼ ਤਾਂ ਨਹੀਂ ਤਾਂ ਇਹ ਗੱਲ ਸੱਚ ਜਾਪਦੀ ਹੈ। ਇਕੱਲੀ ਜਵਾਨੀ ਨੂੰ ਹੀ ਨਹੀਂ , ਇਹ ਤਾਂ ਪੰਜਾਬ ਨੂੰ ਹੀ ਖਤਮ ਕਰਨ ਦੀ ਸਾਜਿਸ਼ ਜਾਪ ਰਹੀ ਹੈ। ਪੰਜਾਬ ਦਾ ਕਿਸਾਨ ਖੁਦਕਸ਼ੀਆਂ ਕਰ ਰਿਹਾ, ਪਾਣੀ ਗੰਧਲੇ ਕੀਤੇ ਜਾ ਰਹੇ ਹਨ, ਜਵਾਨੀ ਨਸ਼ਿਆਂ ਵਿਚ ਡੁੱਬਕੇ ਮਰ ਰਹੀ ਹੈ, ਜਿਹੜੇ ਬਚੇ ਹਨ ਉਹ ਵਿਦੇਸ਼ ਜਾ ਰਹੇ ਹਨ, ਧਰਮ ਤੇ ਹਮਲੇ ਹੋ ਰਹੇ ਹਨ। ਦਿਨੇ ਡਾਕੇ ਪੈ ਰਹੇ ਹਨ। ਲੋਕਾਂ ਦੀਆਂ ਧੀਆਂ ਦੀਆਂ ਇੱਜਤਾਂ ਬਚਾਉਣ ਵਾਲਿਆਂ ਦੀਆਂ ਹੁਣ ਆਪਣੀਆਂ ਧੀਆਂ ਮਹਿਫੂਜ਼ ਨਹੀਂ। ਜਾਗੋ ਮੇਰਿਓ ਵੀਰੋ ਜਿਹੜੇ ਰਾਹ ਤੁਸੀਂ ਪੈ ਗਏ ਹੋ ਇਹ ਰਾਹ ਸਿਵਿਆਂ ਨੂੰ ਜਾਂਦਾ ਹੈ। ਤੁਸੀਂ ਅਣਆਈ ਮੌਤ ਮਰਨ ਵਾਲੀ ਕੌਮ ਦੇ ਵਾਰਸ ਨਹੀਂ। ਇਹ ਕੌਮ ਇਉਂ ਮਰਨ ਵਾਲੀ ਨਹੀਂ, ਇਹ ਤਾਂ ਸੀਸ ਤਲੀ ਤੇ ਰੱਖਕੇ ਵੀ ਦੁਸ਼ਮਣਾ ਨੂੰ ਭਾਜੜਾਂ ਪਾਉਣ ਵਾਲੀ ਕੌਮ ਹੈ। ਨਲੂੲ ਸ਼ੇਰੇ, ਸ਼ਾਮ ਸਿੰਘ ਅਟਾਰੀ, ਭਗਤ ਸਿੰਘ, ਊਧਮ ਸਿੰਘ , ਕਰਤਾਰ ਸਿੰਘ ਸਰਾਭੇ ਦੇ ਵਾਰਸੋ ਸੁਰਤ ਸੰਭਾਲੋ ਤੇ ਪਛਾਣੋ ਕਿ ਤੁਹਾਨੂੰ ਇਸ ਰਾਹ ਪਾਉਣ ਵਾਲਾ ਕੌਣ ਹੈ। ਆਉ ਰਲ ਮਿਲ ਉਸਦਾ ਮੂੰਹ ਤੋੜ ਜਵਾਬ ਦੇਈਏ. ਕੁੱਝ ਕੁ ਕੌਮ ਦੇ ਹਮਦਰਦਾਂ ਨੇ ਇਸ ਕਾਲੇ ਧੰਦੇ ਖਿਲਾਫ ਆਵਾਜ਼ ਉਠਾਉਂਦਿਆਂ ਅੱਜ ਤੋਂ ਕਾਲਾ ਹਫਤਾ ਮਨਾਉਣ ਦਾ ਪ੍ਰਣ ਕੀਤਾ ਹੈ। ਆਓ ਰਲਕੇ ਇਸਨੂੰ ਕਾਫਲਾ ਬਣਾਈਏ ਅਤੇ ਪੰਜਾਬ ਵਿਰੋਧੀ ਤਾਕਤਾਂ ਦਾ ਮੂੰਹ ਤੋੜ ਜਵਾਬ ਦੇਈਏ।

(ਗੁਰਭੇਜ ਸਿੰਘ ਚੌਹਾਨ)
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545