IMG20180628105930
ਫਰੀਦਕੋਟ 28 ਜੂਨ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਪੰਜਾਬ ਵਿੱਚ ਨਸ਼ੇ ਦੇ ਪਸਰ ਰਹੇ ਕਹਿਰ ਦੇ ਵਿਰੋਧ ਵਿੱਚ ਜਾਗਰੂਕਤਾ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਭਾਈ ਘਨ੍ਹੱਈਆ ਚੌਂਕ ਵਿੱਚ ਸੁਭਾ 9 ਤੋਂ 11 ਵਜੇ ਤੱਕ ਹੋਏ ਇਸ ਸ਼ਾਂਤ ਪ੍ਰਦਰਸ਼ਨ ਵਿੱਚ ਨੌਜਵਾਨਾਂ ਵੱਲੋਂ ਸਮਾਜ ਨੂੰ ਜਾਗਰੂਕ ਕਰਦੇ ਅਤੇ ਸਰਕਾਰ ਤੋਂ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦੇ ਵੱਖ-ਵੱਖ ਬੈਨਰ ਫੜੇ ਹੋਏ ਸਨ। ਇਸ ਮੌਕੇ ‘ਤੇ ਰੋਸ ਵਜੋਂ ਨੌਜਵਾਨਾਂ ਨੇ ਕਾਲੀਆਂ ਪੱਟੀਆਂ ਵੀ ਬੰਨ੍ਹੀਆਂ ਹੋਈਆਂ ਸਨ। ਫਾਊਂਡੇਸ਼ਨ ਦੇ ਪ੍ਰਧਾਨ ਕੰਵਰਜੀਤ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਗੁਰਅੰਮ੍ਰਿਤਪਾਲ ਸਿੰਘ ਬਰਾੜ ਨੇ ਸਿੰਥੈਟਿਕ ਡਰੱਗ ਅਤੇ ਹੋਰ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਰੋਕਣ ਲਈ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਅੱਜ ਪੰਜਾਬੀ ਸਮਾਜ ਵੱਖ-ਵੱਖ ਕਾਰਨਾਂ ਕਰਕੇ ਟੁੱਟ ਫੁੱਟ ਦਾ ਸ਼ਿਕਾਰ ਹੋ ਚੁੱਕਿਆ ਹੈ ਅਤੇ ਇੱਥੋਂ ਦੇ ਨੌਜਵਾਨਾਂ ਵਿੱਚ ਸਮੂਹਿਕ ਨਿਰਾਸ਼ਤਾ ਭਰ ਚੁੱਕੀ ਹੈ। ਜਿਸ ਕਾਰਨ ਮਾਨਸਿਕ ਤੌਰ ‘ਤੇ ਟੁੱਟੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਹਨ। ਇਸ ਸਭ ਨੂੰ ਰੋਕਣ ਲਈ ਸਰਕਾਰਾਂ ਸਮੇਤ ਹਰ ਵਰਗ ਨੂੰ ਚੇਤੰਨ ਹੋਣ ਦੀ ਲੋੜ ਹੈ। ਨੌਜਵਾਨਾਂ ਵਿੱਚ ਚੜ੍ਹਦੀ ਕਲਾ ਦੀ ਭਾਵਨਾ ਪੈਦਾ ਕਰਨ ਲਈ ਸਮਾਜਿਕ ਅਤੇ ਅਧਿਆਤਮਿਕ ਆਗੂਆਂ ਨੂੰ ਯੋਗ ਅਗਵਾਈ ਕਰਨ ਦੀ ਲੋੜ ਹੈ। ਫਾਊਂਡੇਸ਼ਨ ਦੇ ਮੈਂਬਰ ਅਤੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰੋਜੈਕਟ ਕੋਆਰਡੀਨੇਟਰ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਰਾਜਪਾਲ ਸਿੰਘ ਹਰਦਿਆਲੇਆਣਾ ਨੇ ਕਿਹਾ ਕਿ ਸਿੰਥੈਟਿਕ ਡਰੱਗ ਅੱਜ ਵੱਡੀ ਸਮੱਸਿਆ ਬਣ ਚੁੱਕਾ ਹੈ। ਜਿੱਥੇ ਸਮਾਜ ਸੇਵੀ ਸੰਸਥਾਵਾਂ ਦਾ ਇਹ ਫਰਜ ਬਣਦਾ ਹੈ ਕਿ ਨੌਜਵਾਨਾਂ ਨੂੰ ਜਾਗਰੂਕ ਕਰਨ, ਨਸ਼ਾ ਪੀੜਤਾਂ ਦਾ ਯੋਗઠਇਲਾਜ ਕਰਾਉਣ ਵਿੱਚ ਮੱਦਦ ਕਰਨ ਉੱਥੇ ਸਰਕਾਰ ਦਾ ਵੀ ਫਰਜ ਹੈ ਕਿ ਉਹ ਨਸ਼ੇ ਦੇ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਨਸ਼ਿਆਂ ਦੀ ‘ਸਪਲਾਈ ਲਾਈਨ’ ਨੂੰ ਤੋੜਨ। ਇਸ ਮੌਕੇ ‘ਤੇ ਮਨਪ੍ਰੀਤ ਸਿੰਘ ਮਲੋਟ, ਮਨੀ ਧਾਲੀਵਾਲ, ਅਮਨ ਦਿਉਲ, ਦਿਲਪ੍ਰੀਤ ਸਿੰਘ ਧਾਲੀਵਾਲ, ਨਿਮਰਤ ਢਿੱਲੋਂ, ਕਾਰਜ ਸਿੰਘ ਅਰਾਈਆਂਵਾਲਾ, ਸੁਸਾਇਟੀ ਫਾਰ ਅਵੇਅਰਨੈੱਸ ਐਂਡ ਵੈੱਲਫੇਅਰ ਵੱਲੋਂ ਹਰਦੀਪ ਸਿੰਘ, ਮਨਦੀਪ ਮੌਂਗਾ, ਯਾਦਵਿੰਦਰ ਸਿੰਘ, ਸੀਰ ਸੰਸਥਾ ਤੋਂ ਸੰਦੀਪ ਅਰੋੜਾ, ਜਸਵੀਰ ਸਿੰਘ, ਸੁਰਿੰਦਰ ਮਚਾਕੀ ਕਾਲਮ ਨਵੀਸ ਅਤੇ ਕਾਮਰੇਡ ਪ੍ਰੇਮ ਸ਼ਰਮਾ ਹਾਜਰ ਸਨ।