gurmit palahi 180511 shahkot electionnnnn
ਦੁਆਬੇ ਦੇ ਦਿਲ, ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ‘ਚ, ਪੰਜਾਬ ਵਿਧਾਨ ਸਭਾ ਆਮ ਚੋਣਾਂ 2017 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਜੀਤ ਸਿੰਘ ਕੁਹਾੜ ਨੇ 46913 ਵੋਟਾਂ, ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ ਮਹਿਤਪੁਰ ਨੇ 41,010 ਵੋਟਾਂ ਅਤੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਨੇ 42,008 ਵੋਟਾਂ ਪ੍ਰਾਪਤ ਕੀਤੀਆਂ ਸਨ। ਇਸ ਆਮ ਚੋਣ ਵਿਚ ਬੀ ਐਸ ਪੀ, ਕਮਿਊਨਿਸਟ ਪਾਰਟੀ, ਮਾਰਕਸੀ ਉਮੀਦਵਾਰਾਂ ਸਹਿਤ ਕੁਲ ਦਸ ਉਮੀਦਵਾਰ ਮੁਕਾਬਲੇ ਵਿਚ ਸਨ। ਵਿਧਾਇਕ ਅਜੀਤ ਸਿੰਘ ਕੁਹਾੜ ਦੀ ਕੁੱਝ ਸਮਾਂ ਪਹਿਲਾ ਮੌਤ ਹੋ ਗਈ ਅਤੇ ਉਹਨਾ ਦੀ ਥਾਂ ਉਹਨਾ ਦੇ ਸਪੁੱਤਰ ਨੈਬ ਸਿੰਘ ਕੁਹਾੜ ਇਸ ਉਪ ਚੋਣ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ, ਜਦ ਕਿ ਕਾਂਗਰਸ ਪਾਰਟੀ ਨੇ ਹਰਦੇਵ ਸਿੰਘ ਲਾਡੀ ਨੂੰ ਹੀ ਉਮੀਦਵਾਰ ਐਲਾਨਿਆ ਹੈ, ਜਿਹੜਾ ਕਿ ਲਗਭਗ 5000 ਵੋਟਾਂ ਨਾਲ ਅਕਾਲੀ ਉਮੀਦਵਾਰ ਤੋਂ ਹਾਰਿਆ ਸੀ। ਆਮ ਆਦਮੀ ਪਾਰਟੀ ਦੇ ਆਮ ਚੋਣਾਂ ਵੇਲੇ ਦੇ ਉਮੀਦਵਾਰ ਅਮਰਜੀਤ ਸਿੰਘ ਮਹਿਤਪੁਰ ”ਅਕਾਲੀਆਂ” ਦੇ ਹੋ ਗਏ ਹਨ ਅਤੇ ਆਮ ਆਦਮੀ ਪਾਰਟੀ ਨੇ ਰਤਨ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਆਮ ਆਦਮੀ ਵਿਧਾਇਕ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਨਗੇ ਜਦਕਿ ਐਮ.ਪੀ. ਭਗਵੰਤ ਮਾਨ ਸੱਭੋ ਕੁੱਝ ਛੱਡ-ਛਡਾ ਕੇ ਵਿਦੇਸ਼ ਤੁਰ ਗਏ ਹਨ। ਅਮਰਿੰਦਰ ਸਿੰਘ ਮੁੱਖਮੰਤਰੀ ਕਾਂਗਰਸ ਦੇ ਉਮੀਦਵਾਰ ਦੇ ਕਾਗ਼ਜ਼ ਦਾਖਲ ਕਰਨ ਵੇਲੇ ਹਾਜ਼ਰ ਹੋਏ ਜਦਕਿ ਸੁਖਬੀਰ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੈਬ ਸਿੰਘ ਕੁਹਾੜ ਅਕਾਲੀ ਉਮੀਦਵਾਰ ਦੇ ਕਾਗ਼ਜ਼ ਦਾਖਲ ਕਰਵਾ ਕੇ ਗਏ ਹਨ।
ਵਿਧਾਨ ਸਭਾ ਹਲਕਾ ਸ਼ਾਹਕੋਟ, ਮੁੱਖ ਤੌਰ ‘ਤੇ ਪੇਂਡੂ ਅਤੇ ਪਛੜਿਆ ਇਲਾਕਾ ਖੇਤਰ ਹੈ ਜਿੱਥੇ ਆਮ ਤੌਰ ‘ਤੇ ਅਕਾਲੀਆਂ ਦੀ ਤੂਤੀ ਬੋਲਦੀ ਰਹੀ ਹੈ ਪਰ ਸ਼ਾਹਕੋਟ ਦੇ ਖੇਤਰ ਦੇ ਬਹੁਤੇ ਲੋਕ ਵਿਦੇਸ਼ ਗਏ ਹੋਣ ਕਾਰਨ, ਪਿਛਲੀਆਂ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੂੰ ਵੀ ਵੱਡੀ ਗਿਣਤੀ ‘ਚ ਪ੍ਰਵਾਸੀ ਪੰਜਾਬੀਆਂ ਦੇ ਪ੍ਰਭਾਵ ਕਾਰਨ ਵੋਟਾਂ ਵੀ ਮਿਲੀਆਂ ਅਤੇ ਧੰਨ ਵੀ। ਪਰ ਇਹ ਪ੍ਰਭਾਵ ਇਸ ਉਪ ਚੋਣ ਵਿਚ ਵੇਖਣ ਨੂੰ ਨਹੀਂ ਮਿਲ ਰਿਹਾ।
ਜਲੰਧਰ-ਮੋਗਾ ਨੈਸ਼ਨਲ ਹਾਈਵੇ 703 ਉੱਤੇ ਸਥਿਤ ਸ਼ਹਿਰ ਸ਼ਾਹਕੋਟ ਦੀ ਆਪਣੀ ਮਿਊਂਸੀਪਲ ਕਮੇਟੀ ਹੈ। ਸ਼ਾਹਕੋਟ ਤਹਿਸੀਲ ਹੈ, ਸਬ-ਡਿਵੀਜ਼ਨ ਹੈ, ਜਿਸ ਵਿਚ 250 ਪਿੰਡ ਵਸੇ ਹੋਏ ਹਨ। ਸ਼ਾਹਕੋਟ ਸਤਲੁਜ ਦਰਿਆ ਦੇ ਨਜ਼ਦੀਕ ਪੈਂਦਾ ਹੈ ਅਤੇ ਮਾਲਵੇ ਨੂੰ ਦੁਆਬਾ ਖ਼ਿੱਤੇ ਨਾਲ ਜੋੜਨ ਵਾਲਾ ਖ਼ਿੱਤਾ ਹੈ।ਕੁਲ ਆਬਾਦੀ ਦਾ 60 ਪ੍ਰਤੀਸ਼ਤ ਹਿੰਦੂ ਆਬਾਦੀ ਅਤੇ 39 ਪ੍ਰਤੀਸ਼ਤ ਸਿੱਖ ਆਬਾਦੀ ਅਤੇ ਇੱਕ ਪ੍ਰਤੀਸ਼ਤ ਹੋਰ ਧਰਮਾਂ ਦੇ ਲੋਕ ਹਨ। ਰਾਜਸੀ ਤੌਰ ਤੇ ਇੱਥੋਂ ਦੇ ਲੋਕ ਜਾਗਰੂਕ ਹਨ। ਪਰ ਇਸ ਸਬ ਡਿਵੀਜ਼ਨ ਨੇ ਕੋਈ ਸ਼ਹਿਰੀ, ਪੇਡੂ ਖ਼ਿੱਤੇ ‘ਚ ਵਰਣਨ ਯੋਗ ਤਰੱਕੀ ਨਹੀਂ ਕੀਤੀ। ਇੱਥੇ ਬਹੁਤ ਸਾਰੇ ਪ੍ਰਾਈਵੇਟ ਸਕੂਲ ਹਨ, ਕਾਲਜ ਕੋਈ ਨਹੀਂ, 50 ਸਾਲਾ ਪੁਰਾਣਾ ਲੜਕਿਆਂ ਦਾ ਅੱਠਵੀਂ ਤੱਕ ਦਾ ਸਰਕਾਰੀ ਸਕੂਲ, ਨਾ ਸੀਨੀਅਰ ਸੈਕੰਡਰੀ ਬਣ ਸਕਿਆ ਹੈ ਅਤੇ ਨਾ ਹੀ ਹਾਈ। ਭਾਵੇਂ ਕਿ ਅਕਾਲੀ ਦਲ ਦੀਆਂ ਇਸ ਅੱਧੀ ਸਦੀ ‘ਚ ਕਈ ਵੇਰ ਸਰਕਾਰਾਂ ਬਣੀਆਂ ਅਤੇ ਲੋਕਾਂ ‘ਚ ਬਹੁਤ ਹੀ ਹਰਮਨ ਪਿਆਰੇ ਰਹੇ ਅਕਾਲੀ ਅਜੀਤ ਸਿੰਘ ਕੁਹਾੜ 21 ਸਾਲ ਇੱਥੋਂ ਵਿਧਾਇਕ ਚੁਣੇ ਗਏ। ਪ੍ਰਸਿੱਧ ਸਿਆਸੀ ਨੇਤਾ ਬਲਵੰਤ ਸਿੰਘ, ਜੋ ਕਦੇ ਅਕਾਲੀ ਦਲ ਦਾ ਦਿਮਾਗ਼ ਸਮਝੇ ਜਾਂਦੇ ਸਨ, ਇਸ ਹਲਕੇ ਤੋਂ ਜਿੱਤ ਕੇ ਪੰਜਾਬ ਦੇ ਵਿੱਤ ਮੰਤਰੀ ਵੀ ਬਣਦੇ ਰਹੇ। ਦਰਿਆ ਕੰਢੇ ਵਸਿਆ ਹੋਣ ਕਾਰਨ ਰੇਤ-ਖੱਡਾਂ ‘ਚੋਂ ਰੇਤਾ ਦੀ ਢੋਅ-ਢੁਆਈ ਦਾ ਕਾਰੋਬਾਰ ਇੱਥੇ ਆਮ ਹੈ ਅਤੇ ਸਿਆਸੀ ਲੋਕ ਇਸ ਕਾਰੋਬਾਰ ‘ਚ ਸਿੱਧੇ ਅਸਿੱਧੇ ਢੰਗ ਨਾਲ ਜੁੜੇ ਹੋਣ ਕਾਰਨ ਚਰਚਾ ‘ਚ ਰਹਿੰਦੇ ਹਨ। ਰੇਤ ਮਾਫ਼ੀਆ ਇੱਥੇ ਸਿਆਸਤ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਿਆਸਤ ਰੇਤ ਖਨਣ ਮਾਫ਼ੀਏ ਦਾ ਭਰਪੂਰ ਫ਼ਾਇਦਾ ਲੈਂਦਾ ਹੈ।
ਦੁਆਬਾ ਖ਼ਿੱਤਾ, ਪੰਜਾਬ ਵਿਚ ਸਿਆਸੀ ਪਾਰਟੀਆਂ ਦੀ ਜਿੱਤ ਹਾਰ ਲਈ ਰਾਹ ਪੱਧਰਾ ਕਰਦਾ ਹੈ। ਇਸ ਵੇਰ ਪੰਜਾਬ ‘ਚ ਜਿੱਤੀ ਕਾਂਗਰਸ ਦੇ ਕੁਲ 77 ਵਿਧਾਇਕਾਂ ਵਿਚੋਂ ਦੁਆਬਾ ਦੀਆਂ 23 ਸੀਟਾਂ ਵਿਚੋਂ 16 ਕਾਂਗਰਸ ਪੱਲੇ ਪਈਆਂ ਸਨ। ਐਤਕੀਂ ਸ਼ਾਹਕੋਟ ਦੀ ਉਪ ਚੋਣ ਕੈਪਟਨ ਵੱਲੋਂ ਜਿੱਥੇ ਪਟਕੇ ਦੀ ਚੋਣ ਵਜੋਂ ਲੜੀ ਜਾ ਰਹੀ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ (ਬ) ਵੀ ਸਭ ਕੁੱਝ ਦਾਅ ‘ਤੇ ਲਗਾ ਕੇ ਇਸ ਸੀਟ ਉੱਤੇ ਆਪਣਾ ਕਬਜ਼ਾ ਬਰਕਰਾਰ ਰੱਖਣਾ ਚਾਹੁੰਦਾ ਹੈ ਤਾਂ ਕਿ 2019 ਦੀਆਂ ਲੋਕ ਸਭਾ ਚੋਣਾਂ ‘ਚ ਉਹ ਵਿਧਾਨ ਸਭਾ ਚੋਣਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਸਕੇ ਅਤੇ ਇਸ ਅਕਸ ਨੂੰ ਵੀ ਧੋ ਸਕੇ ਕਿ ਵਿਧਾਨ ਸਭਾ ਚੋਣਾਂ ‘ਚ ਕੁੱਝ ਥਾਵਾਂ ਉੱਤੇ ਅਕਾਲੀਆਂ-ਭਾਜਪਾ ਵਾਲਿਆਂ ਕਾਂਗਰਸ ਨੂੰ ਅਤੇ ਕਾਂਗਰਸ ਨੇ ਅਕਾਲੀਆਂ-ਭਾਜਪਾ ਵਾਲਿਆਂ ਨੂੰ ਇਸ ਕਰ ਕੇ ਜਿਤਾਇਆ ਕਿ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਨੂੰ ਨੁੱਕਰੇ ਲਾਇਆ ਜਾ ਸਕੇ। ਅਕਾਲੀ ਦਲ ਦੀਆਂ ਪੋਲ-ਖੋਲ੍ਹ ਰੈਲੀਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਵੱਧ ਘੇਰਨਾ,ਅਤੇ ਬਾਹਰਵੀਂ ਕਲਾਸ ਦੀ ਪੁਸਤਕ ਵਿਚ ਸਿੱਖ ਇਤਿਹਾਸ ਤੇ ਪੰਜਾਬ ਇਤਿਹਾਸ ਦੇ ਚੈਪਟਰਾਂ ਨੂੰ ਖ਼ਾਰਜ ਕਰਨ ਸਬੰਧੀ ਜਿਸ ਢੰਗ ਨਾਲ ਕੈਪਟਨ ਸਰਕਾਰ ਉੱਤੇ ਹਮਲੇ ਕੀਤੇ ਹਨ, ਉਹ ਆਪਣੀ ਹੋਂਦ ਬਰਕਰਾਰ ਰੱਖਣ ਅਤੇ ਆਪਣੇ ਆਪ ਨੂੰ ਪੰਜਾਬ ਅਤੇ ਸਿੱਖ ਹਿਤੈਸ਼ੀ ਸਿੱਧ ਕਰਨ ਦਾ ਵਡੇਰਾ ਯਤਨ ਹਨ। ਪਰ ਇਸ ਸਭ ਕੁੱਝ ਦੇ ਬਾਵਜੂਦ ਕੀ ਅਕਾਲੀ ਦਲ (ਬ) ਦੁਆਬੇ ਦੀ ਇਸ ਵਕਾਰੀ ਸੀਟ ਨੂੰ ਕਾਇਮ ਰੱਖ ਸਕੇਗਾ?
ਪੰਜਾਬ ਦੀਆਂ ਬਹੁਤੀਆਂ ਰਾਜਨੀਤਕ ਪਾਰਟੀਆਂ ਅਤੇ ਨੇਤਾ ਸਾਰੇ ਅਸੂਲ ਛਿੱਕੇ ਟੰਗ ਕੇ ਜਿਸ ਢੰਗ ਨਾਲ ਸ਼ਾਹਕੋਟ ਦੀ ਉਪ ਚੋਣ ਲੜ ਰਹੇ ਹਨ,ਉਸ ਨਾਲ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉਪਚੋਣ ਬਹੁਤ ਹੀ ਦਿਲਚਸਪ ਮੋੜ ‘ਚ ਆ ਕੇ ਖੜ ਗਈ ਹੈ।ਆਮ ਤੌਰ ‘ਤੇ ਚੋਣਾਂ ਵਿਚ ਰਾਜ ਭਰ ਦੇ ਮੁੱਦੇ, ਮਸਲੇ, ਸਮੱਸਿਆਵਾਂ ਦੇ ਨਾਲ-ਨਾਲ ਹੋਰ ਰਾਜਸੀ ਵਿਚਾਰਾਂ ਹੁੰਦੀਆਂ ਸਨ। ਲੋਕਾਂ ਨੂੰ ਘਰੋ-ਘਰੀ ਜਾ ਕੇ ਪਾਰਟੀ ਵਰਕਰ ਸੰਵਾਦ ਰਚਾਉਂਦੇ ਸਨ। ਆਪਣੀਆਂ ਪ੍ਰਾਪਤੀਆਂ ਬਾਰੇ ਹਾਕਮ ਜਮਾਤ ਆਪਣਾ ਪੱਖ ਪੇਸ਼ ਕਰਦੀ ਸੀ ਅਤੇ ਵਿਰੋਧੀ ਧਿਰ ਸਰਕਾਰ ਦੀਆਂ ਨਾਕਾਮੀਆਂ ਗਿਣਦੀ ਸੀ।
ਪਰ ਸ਼ਾਹਕੋਟ ਵਿਧਾਨ ਸਭਾ ਚੋਣ ਵਿਚ ਪੰਜਾਬ ਦੇ ਮੁੱਦੇ, ਲੋਕਾਂ ਦੀਆਂ ਸਮੱਸਿਆਵਾਂ ਗ਼ਾਇਬ ਹਨ। ਉਮੀਦਵਾਰਾਂ ਦਾ ਕਿਰਦਾਰ ਪੁਣਿਆ ਜਾ ਰਿਹਾ ਹੈ। ਸਰਕਾਰ ਨੂੰ ਉਹਦੇ ਆਪਣੇ ਪੁਲਿਸ ਅਫ਼ਸਰ ਥਾਂ ਸਿਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਪੰਜਾਬ ਦਾ ਮੁੱਖ ਮੰਤਰੀ ”ਇੱਕ ਥਾਣੇਦਾਰ” ਹੱਥੋਂ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਹੈ। ਇੱਕੋ ਸਾਲ ਦੇ ਸਮੇਂ ‘ਚ ਸਰਕਾਰ ਦਾ ਅਕਸ ਬਾਵਜੂਦ ਚੰਗਾ ਕੰਮ ਕਰਨ ਦੇ ਧੁੰਦਲਾ ਧੁੰਦਲਾ ਕਿਉਂ ਹੁੰਦਾ ਜਾ ਰਿਹਾ ਹੈ? ਅਫ਼ਸਰਸ਼ਾਹੀ, ਪੁਲਿਸ ਪ੍ਰਾਸ਼ਾਸ਼ਨ ਕੀ ਸਰਕਾਰ ਤੋਂ ਬਾਗ਼ੀ ਤਾਂ ਨਹੀਂ ਹੋ ਰਿਹਾ? ਕੀ ਕੇਂਦਰ ਦੀ ਸਰਕਾਰ ”ਪੰਜਾਬ ਦੀ ਸ਼ਾਹੀ ਸਰਕਾਰ” ਦੇ ਕੰਮ ‘ਚ ਰੋੜੇ ਤਾਂ ਨਹੀਂ ਅਟਕਾ ਰਹੀ?
ਪੰਜਾਬ ਦੇ ਮੌਜੂਦਾ ਸਰਕਾਰੀ ਮੁਲਾਜ਼ਮ ਪ੍ਰੇਸ਼ਾਨ ਹਨ! ਸਰਕਾਰ ਦੇ ਪੈਨਸ਼ਨਰਾਂ ਨੂੰ ਪੈਨਸ਼ਨਾਂ ਤਾਂ ਮਿਲ ਰਹੀਆਂ ਹਨ, ਪਰ ਉਹਨਾ ਨੂੰ ਮਿਲਣ ਵਾਲੇ ਮੈਡੀਕਲ ਭੱਤੇ, ਮਹਿੰਗਾਈ ਕਿਸ਼ਤਾਂ ਮਿਲ ਨਹੀਂ ਰਹੀਆਂ। ਮੁਲਾਜ਼ਮ ਵਰਗ ਸਰਕਾਰ ਤੋਂ ਬੁਰੀ ਤਰ੍ਹਾਂ ਮਾਯੂਸ ਹੈ। ਕਿਸਾਨ, ਮਜ਼ਦੂਰ, ਆਮ ਲੋਕ ਸਰਕਾਰ ਦੀਆਂ ਨਾਕਾਮੀਆਂ ਗਿਣਨ ਲੱਗ ਪਏ ਹਨ।
ਸ਼ਾਹਕੋਟ ਦੀ ਚੋਣ ਕਾਂਗਰਸ ਜਿੱਤੇ ਜਾਂ ਅਕਾਲੀ ਦਲ ਜਾਂ ਜਿੱਤੇ ਆਮ ਆਦਮੀ ਪਾਰਟੀ ”ਜਿਸ ਦੀ ਸੰਭਾਵਨਾ ਨਹੀਂ ਹੈ” ਪਰ ਪੰਜਾਬ ‘ਚ ਚੋਣਾਂ ਦੌਰਾਨ ਜਿਸ ਢੰਗ ਦੀ ਨਿੱਜੀ ਦੂਸ਼ਣਬਾਜ਼ੀ, ਤੋਹਮਤਾਂ ਦਾ ਬਾਜ਼ਾਰ ਗਰਮ ਹੈ ਉਹ ਸਿਆਸੀ ਪਾਰਟੀਆਂ ਦੇ ਕਿਰਦਾਰ ‘ਤੇ ਵੱਡੇ ਪ੍ਰਸ਼ਨ ਲਗਾ ਰਿਹਾ ਹੈ।
ਅਣਖੀ ਪੰਜਾਬ, ਦੇਸ਼ ਨੂੰ ਸਦਾ ਸੇਧ ਦਿੰਦਾ ਰਿਹਾ ਹੈ, ਚੋਣਾਂ ਦੌਰਾਨ ਵੀ ਅਤੇ ਸਮਾਜਿਕ ਅੰਦੋਲਨਾਂ ਦੌਰਾਨ ਵੀ! ਅਤੇ ਜੋ ਹਾਲਾਤ ਅੱਜ ਪੰਜਾਬ ‘ਚ ਬਣ ਰਹੇ ਹਨ, ਪੰਜਾਬ ਦੇਸ਼ ਦੇ ਹੋਰ ਬਹੁਤ ਸਾਰੇ ਸੂਬਿਆਂ ਦੀ ਕਤਾਰ ਵਿਚ ਖੜਦਾ ਨਜ਼ਰ ਆ ਰਿਹਾ ਹੈ, ਜਿੱਥੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਨੇਤਾ ਲੋਕ, ਜਿੱਥੇ ਲੋਕ ਹਿਤਾਂ ਨੂੰ ਛਿੱਕੇ ਟੰਗ ਕੇ ਕੁਰਸੀ ਯੁੱਧ ‘ਚ ਆਪਣੀ ਜਿੱਤ ਪ੍ਰਾਪਤ ਕਰਨ ਲਈ ਹਰ ਹੀਲਾ ਵਸੀਲਾ ਵਰਤਦੇ ਹਨ।

ਗੁਰਮੀਤ ਪਲਾਹੀ
+91 9815802070