1

ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਆਡੀਟੋਰੀਅਮ ਵਿੱਚ ਅਜੋਕੇ ਪ੍ਰਸੰਗ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਚਿੰਤਨ ਦੀ ਸਾਰਥਿਕਤਾ ਬਾਰੇ ਇੱਕ ਵਿਲੱਖਣ ਅਤੇ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸਰਬ-ਜਾਤੀ, ਸਰਬ-ਧਰਮ ਸਰਬ ਰਾਜਨੀਤੀਵੇਤਾ ਵੱਖੋ ਵੱਖਰੇ ਚਿੰਤਕਾਂ, ਬੁੱਧੀਜੀਵੀਆਂ, ਲੇਖਕਾਂ ਅਤੇ ਵਿਅਕਤੀਆਂ ਨੇ ਇੱਕਤਰ ਹੋ ਕੇ ਪਹਿਲੀ ਵਾਰ ਉਸਾਰੂ ਸੰਵਾਦ ਰਚਾਇਆ। ਜਿਸ ਵਿੱਚੋਂ ਇਹ ਉਭਰਕੇ ਆਇਆ ਕਿ ਡਾ. ਬੀ.ਆਰ. ਅੰਬੇਡਕਰ ਸਿਰਫ ਦਲਿਤਾਂ ਦੇ ਨੇਤਾ ਨਹੀਂ ਸਨ ਸਗੋਂ ਸਮੁੱਚੇ ਬ੍ਰਹਿਮੰਡ ਵਿੱਚ ਵਿਆਪਤ ਲੁੱਟ-ਖਸੁੱਟ, ਵਿਤਕਰੇਬਾਜ਼ੀ, ਆਰਥਿਕ ਸੋਸ਼ਣ, ਔਰਤ ਦਮਨ ਵਿਰੁੱਧ ਚਿੰਤਨ ਦੇ ਪੱਧਰ ਤੇ ਆਵਾਜ਼ ਬੁਲੰਦ ਕਰਨ ਵਾਲੇ ਦਰਸ਼ਨਵੇਤਾ ਸਨ। ਉਨ੍ਹਾਂ ਨੇ ਬਹੁਤ ਸਮਾਂ ਪਹਿਲਾਂ ਕੁਲੀਨ ਵਰਗ ਵੱਲੋਂ ਕੀਤੀ ਜਾ ਰਹੀ ਵਿਤਕਰੇਬਾਜੀ ਨੂੰ ਆਪ ਭੋਗਿਆ ਸੀ। ਕੁਲੀਨ ਵਰਗ ਵੱਲੋਂ ਦਲਿਤਾਂ ਪ੍ਰਤੀ ਗੈਰ ਮਨੁੱਖੀ ਵਿਵਹਾਰ ਅਤੇ ਉਨ੍ਹਾਂ ਨੂੰ ਬੁਨਿਆਦੀ ਹਕੂਕਾਂ ਤੋਂ ਵੰਚਿਤ ਕਰਨ ਦੇ ਵਰਤਾਰੇ ਨੂੰ ਸਮਝਕੇ ਆਪਣੀਆਂ ਧਾਰਨਾਵਾਂ ਪ੍ਰਸਤੁਤ ਕੀਤੀਆਂ ਸਨ। ਅਜੋਕੇ ਵਿਸ਼ਵੀਕਰਨ ਦੇ ਦੌਰ ਵਿਚ ਅੰਬੇਡਕਰ ਦੇ ਚਿੰਤਨ ਦੀ ਸਾਰਥਿਕਤਾ ਹੋਰ ਵੀ ਵਧ ਜਾਂਦੀ ਹੈ। ਇਹ ਪਹਿਲੀ ਵਾਰ ਸੀ ਕਿ ਚਿੰਤਕਾਂ ਵਿਦਵਾਨਾਂ, ਸਮਾਜ ਸ਼ਾਸਤ੍ਰੀਆਂ, ਵੱਖੋ ਵੱਖ ਰਾਜਸੀ ਤੇ ਸਮਾਜਿਕ ਤੇ ਟਰੇਡ ਯੂਨੀਅਨ ਜਥੇਬੰਦੀਆਂ ਦੇ ਪ੍ਰਤੀਨਿਧਾਂ, ਲੇਖਕਾਂ, ਬੁੱਧੀਜੀਵੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜਨ ਸਾਧਾਰਣ ਵੱਲੋਂ ਇੱਕ ਮੰਚ ਤੇ ਇੱਕਤਰ ਹੋ ਕੇ ਬਹੁਤ ਹੀ ਸ਼ਾਇਸਤਗੀ ਨਾਲ ਲੰਮਾ ਸਮਾਂ ਬੈਠਕੇ ਤਰਕ ਵਿਤਰਕ ਕੀਤਾ ਕਰਦੇ ਹੋਏ ਅਜੋਕੀਆਂ ਵਿਪਰੀਤ ਪ੍ਰਸਥਿਤੀਆਂ ਦਾ ਮੁਕਾਬਲਾ ਕਰਨ ਲਈ ਸਮਾਜਕ ਇੱਕਜੁਟਤਾ ਤੇ ਬਲ ਦਿੱਤਾ। ਇਸ ਸੈਮੀਨਾਰ ਦੀ ਪ੍ਰਧਾਨਗੀ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਕੀਤੀ । ਉਨ੍ਹਾਂ ਨਾਲ ਡਾ. ਕੁਲਬੀਰ ਕੌਰ, ਡਾ. ਹਰਵਿੰਦਰ ਸਿੰਘ ਭੱਟੀ, ਡਾ. ਹਰਕੇਸ਼ ਸਿੰਘ ਸਿੱਧੂ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਸ. ਬੀ ਐਸ. ਰਤਨ, ਡਾ. ਭਗਵੰਤ ਸਿੰਘ ਮੰਚ ਤੇ ਸਸ਼ੋਭਿਤ ਸਨ।

ਸੈਮੀਨਾਰ ਦਾ ਆਰੰਭ ਡਾ. ਕੁਲਬੀਰ ਕੌਰ ਦੇ ਭਾਸ਼ਣ ਨਾਲ ਹੋਇਆ, ਜਿਨ੍ਹਾਂ ਨੇ ਡਾ. ਅੰਬੇਡਕਰ ਦੀ ਸੋਚ ਨੂੰ ਰਾਹ ਦਸੇਰਾ ਦੱਸਦੇ ਹੋਏ ਇਨਸਾਨੀਅਤ ਪੈਦਾ ਕਰਨ ਦੀ ਲੋੜ ਤੇ ਜੋਰ ਦਿੱਤਾ। ਉੱਘੇ ਸਮਾਜ ਸ਼ਾਸਤ੍ਰੀ ਡਾ. ਹਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਡਾ. ਅੰਬੇਡਕਰ ਨੇ ਸਾਰੀ ਉਮਰ ਲੋਕਾਂ ਲਈ ਸੰਘਰਸ਼ ਕੀਤਾ ਅਤੇ ਸਾਡੇ ਲਈ ਸਭ ਤੋਂ ਵੱਡਾ ਸੰਵਿਧਾਨ ਦਿੱਤਾ, ਜਿਸਨੂੰ ਅਸੀਂ ਮੰਨਣ ਤੋਂ ਮੁਨਕਰ ਹਾਂ। ਉਨ੍ਹਾਂ ਹੋਰ ਕਿਹਾ ਕਿ ਡਾ. ਅੰਬੇਡਕਰ ਨੇ ਨਹਿਰੂ ਤੇ ਗਾਂਧੀ ਤੋਂ ਕੋਈ ਲਾਭ ਨਹੀਂ ਲਿਆ, ਸਗੋਂ ਉਨ੍ਹਾਂ ਨੇ ਦਬਿਆਂ ਕੁਚਲਿਆਂ ਦੇ ਹੱਕਾਂ ਲਈ ਸਵੈ-ਨਿਰਣੈ ਤੇ ਜੋਰ ਦਿੱਤਾ ਸੀ। ਉਨ੍ਹਾਂ ਨੇ ਡਾ. ਅੰਬੇਡਕਰ ਦੀ ਵਿਚਾਰਧਾਰਾ ਦਾ ਚੇਤਨਤਾ ਦੇ ਪੱਧਰ ਤੇ ਵਿਸ਼ਲੇਸ਼ਣ ਕਰਨ ਦੀ ਲੋੜ ਤੇ ਜੋਰ ਦਿੱਤਾ। ਗੁਰਬਚਨ ਸਿੰਘ ਦੇ ਸ. ਪੰਜਾਬ ਨੇ ਇਨ੍ਹਾਂ ਵਿਚਾਰਾਂ ਨੂੰ ਹੋਰ ਵਿਸਥਾਰ ਦਿੰਦੇ ਹੋਏ ਕਿਹਾ ਕਿ ਡਾ. ਅੰਬੇਡਕਰ ਨੇ ਪੌਣੀ ਸਦੀ ਪਹਿਲਾਂ ਬੁੱਧ ਤੇ ਕਾਰਲ ਮਾਰਕਸ ਦੀ ਫ਼ਿਲਾਸਫ਼ੀ ਨੂੰ ਵਿਚਾਰ ਕੇ ਨਿਰਣਾ ਕੀਤਾ ਕਿ ਅਧਿਆਤਮਵਾਦ ਇੱਕਲਾ ਗਰੀਬਾਂ ਨੂੰ ਹੱਕ ਨਹੀਂ ਦੇ ਸਕਦਾ। ਉਨ੍ਹਾਂ ਨੇ ਜਾਤਪਾਤ, ਬ੍ਰਹਮਵਾਦ ਤੇ ਬ੍ਰਾਹਮਣਵਾਦ ਦੇ ਹਵਾਲੇ ਨਾਲ ਗੱਲ ਕੀਤੀ। ਇੰਜੀਨੀਅਰ ਆਰ.ਐਸ. ਸਿਆਨੇ, ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਫਲਸਫੇ ਬਾਰੇ ਗੱਲ ਕਰਦੇ ਉਨ੍ਹਾਂ ਨੂੰ ਦਬੇ ਕੁਚਲਿਆਂ ਦਾ ਲੋਕ ਨਾਇਕ ਦੱਸਿਆ। ਡਾ. ਬੀ.ਐਸ.ਰਤਨ ਨੇ ਡਾ. ਅੰਬੇਡਕਰ ਦੀ ਪ੍ਰਤਿਬੱਧ ਸੋਚ ਅਤੇ ਦ੍ਰਿੜ੍ਹ ਨਿਸ਼ਚੈ ਬਾਰੇ ਜਾਰਜ ਵਾਸ਼ਿੰਗਟਨ ਦੇ ਹਵਾਲੇ ਨਾਲ ਤੱਥਾਂ ਸਹਿਤ ਆਪਣੇ ਵਿਚਾਰ ਪ੍ਰਗਟ ਕੀਤੇ । ਡਾ. ਹਰਕੇਸ਼ ਸਿੰਘ ਸਿੱਧੂ ਸਾਬਕਾ ਆਈ.ਏ.ਐਸ. ਨੇ ਇਸ ਸਰਬ ਸਾਂਝੀ ਵਿਚਾਰ ਚਰਚਾ ਤੇ ਪ੍ਰਸੰਨਤਾ ਜਾਹਰ ਕਰਦੇ ਹੋਏ ਕਿਹਾ ਕਿ ਮੰਨੂ ਇੱਕ ਆਦਮੀ ਨਹੀਂ ਸੋਚ ਸੀ, ਕਿਉਂਕਿ ਰਾਜ ਕਰਨ ਵਾਲੀਆਂ ਸ਼ਕਤੀਆਂ ਆਪਣੇ ਢੰਗ ਨਾਲ ਰਾਜ ਕਰਦੀਆਂ ਹਨ। ਉਹ ਰਾਜਸੀ ਤਾਕਤ ਹਾਸਲ ਕਰਨ ਲਈ ਸਮਾਜ ਨੂੰ ਧਰਮ, ਜਾਤ, ਖੇਤਰ ਦੇ ਆਧਾਰ ਤੇ ਵੰਡਦੇ ਹਨ। ਰਾਜ ਕਰਨ ਵਾਲਿਆਂ ਦੀ ਕੋਈ ਜਾਤ ਨਹੀਂ ਹੁੰਦੀ। ਇਸ ਲਈ ਸਮਾਜ ਨੂੰ ਜੋੜਨ ਵਾਲੀਆਂ ਸ਼ਕਤੀਆਂ ਨੂੰ ਮਜਬੂਤ ਕਰਨ ਦੀ ਲੋੜ ਹੈ।

ਇਸ ਵਿਚਾਰ ਚਰਚਾ ਵਿੱਚ ਭਾਗ ਲੈਂਦੇ ਹੋਏ ਪ੍ਰੋ. ਹਰਨੇਕ ਸਿੰਘ ਨੇ ਜਾਤੀ ਵਖਰੇਵਿਆਂ ਬਾਰੇ ਤੱਥ ਪੇਸ਼ ਕੀਤੇ ਅਤੇ ਇਸ ਸੈਮੀਨਾਰ ਦੇ ਉਦੇਸ਼ਾਂ ਨੂੰ ਸਾਰਥਿਕ ਦੱਸਿਆ। ਡਾ. ਲਕਸ਼ਮੀ ਨਰਾਇਣ ਭੀਖੀ ਨੇ ਪੂੰਜੀਵਾਦੀ ਵਿਵਸਥਾ ਦੀ ਗੱਲ ਕਰਦੇ ਹੋਏ ਕੱਟੜਵਾਦ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਅੰਬੇਡਕਰ ਚਿੰਤਨ ਨੂੰ ਸਿਰਫ ਰੀਜਰਵੇਸ਼ਨ ਤੱਕ ਸੀਮਤ ਨਾ ਰੱਖਿਆ ਜਾਵੇ। ਡਾ. ਗੁਰਮੀਤ ਸਿੰਘ ਕੈਲਰ ਮਾਜਰੀ ਨੇ ਕਿਹਾ ਕਿ ਅੱਜ ਪ੍ਰਭਾਵ ਦੇਣ ਵਾਲੇ ਅਤੇ ਪ੍ਰਭਾਵ ਝੱਲਣ ਵਾਲੇ ਇੱਕਠੇ ਸੈਮੀਨਾਰ ਕਰ ਰਹੇ ਹਨ, ਜੋ ਕਿ ਪ੍ਰਸ਼ੰਸਾਯੋਗ ਹੈ। ਡਾ. ਅੰਬੇਡਕਰ ਨੇ ਦਲਿਤਾਂ ਨੂੰ ਹੱਕ ਦਿਵਾਏ। ਸ਼੍ਰੀਮਤੀ ਪਲਵਿੰਦਰ ਕੌਰ ਸਰਪੰਚ ਨੇ ਆਪਣੇ ਭਾਵ ਪ੍ਰਗਟ ਕਰਦੇ ਹੋਏ ਅਜਿਹੇ ਸੈਮੀਨਾਰ ਪਿੰਡਾਂ ਤੇ ਕਸਬਿਆਂ ਵਿੱਚ ਕਰਾਉਣ ਤੇ ਜੋਰ ਦਿੱਤਾ। ਇਸ ਚਰਚਾ ਵਿੱਚ ਬਲਵਿੰਦਰ ਸਿੰਘ ਭੱਟੀ, ਪ੍ਰੋ. ਹਰਬੰਸ ਧੀਮਾਨ, ਜਗਦੀਪ ਸਿੰਘ, ਗੁਰਨਾਮ ਸਿੰਘ, ਕ੍ਰਿਸ਼ਨ ਬੇਤਾਬ ਆਦਿ ਨੇ ਭਾਗ ਲਿਆ। ਵਿਸ਼ਵ ਚਿੰਤਕ ਡਾ. ਸਵਰਾਜ ਸਿਘੰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਮੁੱਚੀ ਚਰਚਾ ਨੂੰ ਸਮੇਟਦੇ ਹੋਏ ਕਿਹਾ ਕਿ ਅੱਜ ਮਨੁੱਖ ਦੀ ਹੋਂਦ ਨੂੰ ਸਰਮਾਏਦਾਰੀ ਤੋਂ ਖਤਰਾ ਹੈ, ਇਸ ਲਈ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ਤੋਂ ਰੋਸ਼ਨੀ ਲੈ ਕੇ ਸੰਘਰਸ਼ ਕਰਨ ਦੀ ਜਰੂਰਤ ਹੈ। ਡਾ. ਅੰਬੇਡਕਰ ਬਹੁਤ ਸੰਵੇਦਸ਼ਨਸ਼ੀਲ ਸਨ, ਉਹ ਪੂਰੀ ਸ਼੍ਰਿਸ਼ਟੀ ਦੀ ਚਿੰਤਾ ਕਰਦੇ ਸਨ। ਇਸ ਲਈ ਉਨ੍ਹਾਂ ਦਾ ਚਿੰਤਨ ਬ੍ਰਹਿਮੰਡ ਲਈ ਸੀ, ਇਹੋ ਅੰਬੇਡਕਰ ਦੀ ਮਹਾਨਤਾ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਵਿਸ਼ਵੀਕਰਨ ਦੀ ਹਨੇਰੀ ਵਿੱਚ ਨਾ ਜੱਟ ਬਚੇਗਾ ਤੇ ਨਾ ਦਲਿਤ ਬਚੇਗਾ, ਇਸ ਬਾਰੇ ਪੁਨਰ ਵਿਚਾਰਣ ਦੀ ਲੋੜ ਹੈ, ਪੰਜਾਬ ਨੂੰ ਬਚਾਉਣ ਲਈ ਨੈਤਿਕਤਾ ਨੂੰ ਬਚਾਉਣਾ ਪਵੇਗਾ। ਪੰਜਾਬ ਦੀ ਨੈਤਿਕਤਾ ਸਿੱਖ ਨੈਤਿਕਤਾ ਤੇ ਸਿੱਖ ਸੱਭਿਆਚਾਰ ਹੈ। ਸਿਖਇਜ਼ਮ ਸਿੱਖਾਂ ਦਾ ਧਰਮ ਨਹੀਂ, ਇਹ ਸਮੁੱਚੇ ਪੰਜਾਬੀਆਂ ਦਾ ਨੈਤਿਕ ਤੇ ਸੱਭਿਆਚਾਰਕ ਆਧਾਰ ਹੈ, ਬਾਬਾ ਅੰਬੇਡਕਰ ਦੇ ਚਿੰਤਨ ਵਿੱਚ ਮਨੁੱਖੀ ਨੈਤਿਕਤਾ ਉਭਰਦੀ ਹੈ। ਇਸ ਲਈ ਅੰਬੇਡਕਰ ਦਰਸ਼ਨ ਮਾਨਵੀ ਮੁੱਲਾਂ ਦੇ ਸੰਦਰਭ ਵਿੱਚ ਅਪਣਾਉਣ ਦੀ ਲੋੜ ਹੈ।

ਇਹ ਵਿਸ਼ਾਲ ਸੈਮੀਨਾਰ ਬਹੁਤ ਹੀ ਰੋਚਿਕ ਅਤੇ ਗੰਭੀਰਤਾ ਭਰਪੂਰ ਸੀ, ਡਾ. ਭਗਵੰਤ ਸਿੰਘ ਨੇ ਸੁਚੱਜੇ ਢੰਗ ਨਾਲ ਮੰਚ ਸੰਚਾਲਨਾ ਕਰਦੇ ਹੋਏ ਬਾਬਾ ਸਾਹਿਬ ਦੇ ਆਦਰਸ਼ਾਂ ਬਾਰੇ ਵੀ ਦੱਸਿਆ ਅਤੇ ਸਮੁੱਚੀ ਬਹਿਸ ਨੂੰ ਕੇਂਦਰ ਬਿੰਦੂ ਤੋਂ ਭਟਕਣ ਨਹੀਂ ਦਿੱਤਾ। ਇਸ ਸੈਮੀਨਾਰ ਵਿੱਚ ਡਾ. ਹਰਜਿੰਦਰ ਸਿੰਘ ਰੋਜ਼ ਅਤੇ ਡਾ. ਭੋਜ ਰਾਜ ਦੀ ਪੁਸਤਕ ‘ਪੰਜਾਬੀ ਦੇ ਵਿਕਾਸ ਦੀ ਅੱਧੀ ਸਦੀ ਦਾ ਸੱਚ’ ਲੋਕ ਅਰਪਣ ਕੀਤੀ ਗਈ। ਇਸ ਸਮਾਰੋਹ ਵਿੱਚ ਵਿਦਿਆਰਥੀ ਨੇਤਾ ਪ੍ਰਗਟ ਸਿੰਘ, ਨਰੰਗ ਸਿੰਘ, ਦਰਬਾਰਾ ਸਿੰਘ ਢੀਂਡਸਾ ਐਡਵੋਕੇਟ, ਹਰਜੀਤ ਸਿੰਘ ਲੋਹਟਬੱਦੀ ਐਡਵੋਕੇਟ, ਚਰਨ ਬੰਬੀਹਾ, ਸਰਦੂਲ ਸਿੰਘ ਭੱਲਾ, ਸੋਨੀ ਗਿੱਲ, ਪ੍ਰਿੰ. ਦਰਸ਼ਨ ਸਿੰਘ, ਐਮ.ਐਸ. ਜੱਸੀ, ਭੁਪਿੰਦਰ ਉਪਰਾਮ, ਵੈਦ ਬੰਤ ਸਿੰਘ ਸਾਰੋਂ, ਡਾ. ਜੇਪੀਐਸ ਭੁਪਾਲ, ਅਵਤਾਰ ਧਮੋਟ, ਮਨਪ੍ਰੀਤ ਸਿੰਘ, ਗੋਪਾਲ ਸ਼ਰਮਾ, ਪੂਰਨਚੰਦ ਜੋਸ਼ੀ, ਦੀਦਾਰ ਖਾਨ, ਅਮਰ ਗਰਗ ਕਲਮਦਾਨ, ਪ੍ਰੋ. ਮੇਵਾ ਸਿੰਘ ਤੁੰਗ, ਸੰਤੋਖ ਸਿੰਘ ਸੁੱਖੀ, ਗੁਰਬਚਨ ਸਿੰਘ ਵਿਰਦੀ, ਪ੍ਰਕਾਸ਼ ਕੌਰ, ਐਮ.ਐਲ.ਸ਼ਰਮਾ, ਪ੍ਰੋ. ਜੇ ਕੇ ਮਿਗਲਾਨੀ, ਹਰਵਿਨ ਸਿੰਘ, ਬਚਨ ਸਿੰਘ ਗੁਰਮ ਆਦਿ ਅਨੇਕਾਂ ਵਿਦਵਾਨ ਉਪਸਥਿਤ ਸਨ। ਸਮਾਗਮ ਦੇ ਆਰੰਭ ਵਿੱਚ ਗੁਰਮੁਖ ਸਿੰਘ ਜਾਗੀ, ਹਰਵਿਨ ਸਿੰਘ ਨੇ ਆਪਣੀ ਮਧੁਰ ਆਵਾਜ ਵਿੱਚ ਗੀਤ ਪੇਸ਼ ਕੀਤੇ । ਇਹ ਸੈਮੀਨਾਰ ਨਵੀਆਂ ਪੈੜਾਂ ਪਾ ਕੇ ਚਿੰਤਕਾਂ ਨੂੰ ਸੋਚ ਦਾ ਵਿਸ਼ਾ ਦੇ ਗਿਆ। ਇਸ ਸਮੇਂ ਪੁਸਤਕ ਪ੍ਰਦਸ਼ਨੀ ਵੀ ਲਾਈ ਗਈ, ਜਿਸ ਵਿੱਚ ਅੰਬੇਡਕਰ ਦੀਆਂ ਪੁਸਤਕਾਂ ਪ੍ਰਮੁੱਖ ਰੂਪ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ। ਸ਼੍ਰੀ ਕ੍ਰਿਸ਼ਨ ਬੇਤਾਬ ਨੇ ਸਮਾਗਮ ਦੇ ਆਰੰਭ ਵਿੱਚ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ. ਜਗਦੀਪ ਸਿੰਘ ਨੇ ਸਮਾਗਮ ਦੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ।