11 May 2018 KhurmiUK 01

ਲੰਡਨ — ਸਕਾਟਲੈਂਡ ਵਿੱਚ ਮੋਹਰੀ ਸੰਸਥਾ ਵਜੋਂ ਜਾਣੀ ਜਾਂਦੀ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਜ ਸਾਲ ਤੋਂ ਲੈ ਕੇ ਸੱਠ ਸਾਲ ਦੀ ਉਮਰ ਤੱਕ ਦੇ 70 ਤੋਂ ਵੱਧ ਸਥਾਨਕ ਕਲਾਕਾਰਾਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਬੱਚਿਆਂ ਨੇ ਸ਼ਬਦ ਗਾਇਨ ਨਾਲ ਕੀਤੀ। ਇਸ ਤੋਂ ਇਲਾਵਾ ਇਆਮੀ ਡਾਂਸ ਗਰੁੱਪ (ਐਡਨਬਰਾ), ਲਿਟਲ ਸਟਾਰ ਗਰੁੱਪ, ਬੌਲੀਫੀਟ ਡਾਂਸ ਗਰੁੱਪ ਅਤੇ ਸਕਾਟਲੈਂਡ ਦੇ ਮਸ਼ਹੂਰ ਯਾਦੂਗਰ ਅਫ਼ਜ਼ਲ ਅਜ਼ੀਜ਼ ਵਲੋਂ ਆਪਣੀ ਯਾਦੂ ਦੀ ਕਲਾ ਦੇ ਜੌਹਰ ਵਿਖਾਏ ਗਏ। ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਪੌਲਕਸ਼ੀਲਡ ਦੀਆਂ ਪੰਜਾਬੀ ਅਧਿਆਪਕਾਵਾਂ ਪ੍ਰਭਜੋਤ ਕੌਰ ਅਤੇ ਜਸਪ੍ਰੀਤ ਕੌਰ ਵੱਲੋਂ ਲਿਖਿਆ ਤੇ ਤਿਆਰ ਕਰਵਾਇਆ ਗਿਆ ਪੰਜਾਬੀ ਨਾਟਕ ”ਧੀ ਰਾਣੀ” ਇਸ ਸਮਾਗਮ ਦਾ ਸਿਖਰ ਹੋ ਨਿੱਬੜਿਆ। ਇਸ ਨਾਟਕ ਦੁਆਰਾ ਸਮਾਜ ਵਿਚ ਲੜਕੀਆਂ ਨਾਲ ਹੋ ਰਹੇ ਵਿਤਕਰੇ ਨੂੰ ਬਾਲ ਕਲਾਕਾਰਾਂ ਨੇ ਬਹੁਤ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤਾ। ਪਾਕਿਸਤਾਨੀ ਗਾਇਕਾ ਸ਼ਮਸ਼ਾਦ ਗਨੀ ਤੇ ਇੰਗਲੈਡ ਤੋਂ ਆਏ ਗਾਇਕ ਰਾਜ ਸੇਖੋਂ ਨੇ ਆਪਣੇ ਸਾਫ ਸੁਥਰੇ ਗੀਤਾਂ ਨਾਲ ਸਰੋਤਿਆਂ ਦੀ ਵਾਹ ਵਾਹ ਖੱਟੀ। ਅਖੀਰ ਵਿਚ ઠ”ਮਹਿਕ ਪੰਜਾਬ ਦੀ” ਗਿੱਧਾ ਗਰੁੱਪ ਦੀਆਂ ਮੁਟਿਆਰਾਂ ਵੱਲੋਂ ਗਿੱਧਾ ਪੇਸ਼ ਕਰਕੇ ਸਮਾਗਮ ਨੂੰ ਸਿਖ਼ਰ ‘ਤੇ ਪਹੁੰਚਾਇਆ। ਮੰਚ ਸੰਚਾਲਨ ਦੇ ਫ਼ਰਜ਼ ਦਿਲਬਾਗ ਸੰਧੂ ਤੇ ਰੂਪਾ ਦਿਲਬਰ ਨੇ ਬਾਖੂਬੀ ਨਿਭਾਇਆ। ਅੰਤ ਵਿੱਚ ਸਭਾ ਦੇ ਪ੍ਰਧਾਨ ਦਿਲਾਵਰ ਸਿੰਘ ਨੇ ਖਚਾ-ਖਚ ਭਰੇ ਹਾਲ ਵਿੱਚ ਕਲਾਕਾਰਾਂ, ਸਰੋਤਿਆਂ ਅਤੇ ਸਾਰੇ ਵਲੰਟੀਅਰਾਂ ਦਾ ਹੁਣ ਤੱਕ ਮਿਲਦੇ ਆ ਰਹੇ ਨਿਰੰਤਰ ਸਹਿਯੋਗ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਮਿਲਣ ਦਾ ਵਾਅਦਾ ਲਿਆ। ઠ