14 hours ago
ਡਾ. ਰਾਜਵੰਤ ਕੌਰ ਅਧਿਆਪਕ ਵਜ਼ੀਫਾ’ ਖਾਲਸਾ ਪੰਜਾਬੀ ਸਕੂਲ ਮੈਰੀਲੈਂਡ ਵਿੱਚ ਸ਼ੁਰੂ —  ਡਾ. ਅਜੈਪਾਲ ਗਿੱਲ
15 hours ago
ਸਿੱਖੀ ਸੇਵਾ ਸੋਸਾਇਟੀ ਵੱਲੋਂ ਸਰਬ ਧਰਮ ਸੰਮੇਲਨ ਦੌਰਾਨ ਕੀਤੀ ਗਈ ਪੋਪ ਫਰਾਂਸਿਸ ਨਾਲ ਮੁਲਾਕਾਤ
19 hours ago
ਪਿੰਡ ਕੁਰੜ ਵਿਖੇ ਭਾਈ ਪੰਥਪ੍ਰੀਤ ਸਿੰਘ ਖਾਲਸਾ ਦੇ ਧਾਰਮਿਕ ਦੀਵਾਨ 23 ਮਈ ਤੋਂ ਸੁਰੂ
20 hours ago
29 ਮਈ ਤੱਕ ਪਿੰਡਾਂ ਨਰੇਗਾ ਦਾ ਕੰਮ ਨਾ ਚਲਾਇਆ ਤਾਂ ਬੀ ਡੀ ਪੀ ਓ ਦਫ਼ਤਰ ਮਹਿਲ ਕਲਾਂ ਦਾ ਘਿਰਾਓ ਕੀਤਾ ਜਾਵੇਗਾ-ਮਜਦੂਰ ਆਗੂ
21 hours ago
ਵਜੀਦਕੇ ਖੁਰਦ ਵਿਖੇ ਡਾ ਅੰਬੇਡਕਰ ਕਲੱਬ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ
22 hours ago
ਸਿੱਖਸ ਆਫ ਅਮਰੀਕਾ ਦਾ ਵਿਸਾਖੀ ਸਮਾਗਮ ਸ਼ਾਨੌ ਸ਼ੌਕਤ ਨਾਲ ਸੰਪੰਨ
2 days ago
ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਮਹਿਲਾ, ਸ਼ਾਮਿਲ ਹੋੲੀ, ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ
2 days ago
ਸਿੱਖੀ ਪ੍ਰਚਾਰ – ਅੰਮ੍ਰਿਤ ਸੰਚਾਰ
2 days ago
ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ
3 days ago
ਇੰਗਲੈਂਡ ਵਿੱਚ ਪਿੰਕ ਸਿਟੀ ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ

Ujagar Singh 180515 IMG_E2267
ਵਰਤਮਾਨ ਸਮਾਜ ਵਿਚ ਬੇਰੁਜ਼ਗਾਰੀ, ਨਸ਼ੇ ਅਤੇ ਇਸ਼ਕ ਮੁਸ਼ਕ ਦੇ ਝਮੇਲਿਆਂ ਵਿਚ ਨੌਜਵਾਨੀ ਹਾਲਾਤ ਦਾ ਮੁਕਾਬਲਾ ਕਰਨ ਦੀ ਥਾਂ ਨਿਰਾਸ਼ਾ ਦੇ ਆਲਮ ਵਿਚ ਗ੍ਰਸਤ ਹੋ ਰਹੀ ਹੈ। ਸਾਹ ਲੈਂਦੀ ਕਬਰਗਾਹ ਕਾਵਿ ਸੰਗ੍ਰਹਿ ਵੀ ਇਕ ਨੌਜਵਾਨ ਦੀਆਂ ਇੱਛਾਵਾਂ ਦੀ ਪੂਰਤੀ ਨਾ ਹੋਣ ਕਰਕੇ ਅਤੇ ਬੇਰੁਜ਼ਗਾਰੀ ਅਤੇ ਇਸ਼ਕ ਦੇ ਅੱਧ ਵਿਚਕਾਰ ਟੁੱਟਣ ਦੇ ਦਰਦ ਨੂੰ ਨਾ ਬਰਦਾਸ਼ਤ ਕਰਨ ਦੀ ਦਾਸਤਾਨ ਕਵਿਤਾਵਾਂ ਦੇ ਰੂਪ ਵਿਚ ਪ੍ਰਗਟ ਕੀਤੀ ਗਈ ਹੈ। ਕਵੀ ਦੀਆਂ ਖੁੱਲ੍ਹੀਆਂ ਕਵਿਤਾਵਾਂ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਦੀਆਂ ਸੱਧਰਾਂ ਅਤੇ ਖ਼ੁਆਬਾਂ ਦੇ ਪੂਰੇ ਨਾ ਹੋਣ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਖ਼ਤਮ ਹੋ ਜਾਂਦਾ ਹੈ, ਭਾਵੇਂ ਸਰੀਰਕ ਤੌਰ ਤੇ ਇਨਸਾਨ ਸਮਾਜ ਵਿਚ ਵਿਚਰਦਾ ਰਹੇ। ਉਸਦੀਆਂ ਕਵਿਤਾਵਾਂ ਇਸ਼ਕ ਮੁਸ਼ਕ ਦੇ ਅਸਫਲ ਹੋਣ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਹੈ। ਕਵੀ ਅਨੁਸਾਰ ਇਨਸਾਨ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿਉਂਕਿ ਅੰਤਰ ਆਤਮਾ ਦੀ ਆਵਾਜ਼ ਸੁਣਨ ਨਾਲ ਉਸ ਨੂੰ ਸੰਤੁਸ਼ਟੀ ਪ੍ਰਾਪਤ ਹੋ ਸਕਦੀ ਹੈ। ਪਿਆਰ ਦਾ ਜ਼ਿਕਰ ਕਰਦਿਆਂ ਉਹ ਲਿਖਦਾ ਹੈ ਇਸ ਤੋਂ ਸਿਰਫ਼ ਹਉਕੇ, ਦਰਦ, ਵਿਛੋੜਾ ਅਤੇ ਭਟਕਣਾ ਹੀ ਪੱਲੇ ਪੈਂਦੀ ਹੈ। ਇੱਕਤਰਫ਼ਾ ਪਿਆਰ ਹੋਰ ਵੀ ਖ਼ਤਰਨਾਕ ਹੁੰਦਾ ਹੈ। ਉਸ ਅਨੁਸਾਰ ਅੱਜ ਕੱਲ੍ਹ ਪਿਆਰ ਵਿਚ ਧੋਖਾ, ਫ਼ਰੇਬ, ਦਗ਼ਾ ਅਤੇ ਨਫ਼ਰਤ ਭਾਰੂ ਹੋ ਗਈ ਹੈ। ਲੋਕ ਸੱਚੇ ਸੁੱਚੇ ਪਿਆਰ ਦਾ ਢੌਂਗ ਰਚਦੇ ਹਨ, ਉਨ੍ਹਾਂ ਦਾ ਮੰਤਵ ਹਵਸ ਦੀ ਪੂਰਤੀ ਹੁੰਦਾ ਹੈ। ਧੋਖੇਬਾਜ਼ ਇਸ਼ਕ ਦੀ ਪ੍ਰਾਪਤੀ ਲਈ ਫ਼ਕੀਰੀ ਦੇ ਢੰਗ ਤਰੀਕੇ ਅਪਣਾਉਂਦੇ ਹਨ। ਸੱਚੇ ਆਸ਼ਕ ਭਟਕਦੇ ਰਹਿ ਜਾਂਦੇ ਹਨ। ਕਵੀ ਨੇ ਆਪਣੀਆਂ ਭਾਵਨਾਵਾਂ ਨੂੰ ਬਿੰਬਾਂ ਰਾਹੀਂ ਪ੍ਰਗਟ ਕੀਤਾ ਹੈ। ਲੋਕ ਮੁਹੱਬਤਾਂ ਦੇ ਨਾਂ ਤੇ ਧੋਖੇ ਕਰ ਰਹੇ ਹਨ। ਇਉਂ ਲੱਗਦਾ ਹੈ ਕਿ ਕਵੀ ਇਸ਼ਕ ਵਿਚ ਅਸਫਲ ਰਿਹਾ ਹੋਵੇਗਾ। ਧੋਖੇਬਾਜ਼ ਆਸ਼ਕਾਂ ਦੀ ਆਦਤ ਬਣ ਗਈ ਹੈ ਕਿ ਆਪਣੇ ਪ੍ਰੇਮੀਆਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾਵੇ। ਜਦੋਂ ਇਨਸਾਨ ਪਿਆਰ ਦੇ ਵਣਜ ਵਿਚ ਅਸਫਲ ਹੋ ਜਾਂਦਾ ਹੈ ਤਾਂ ਉਹ ਸੁਪਨੇ ਸਿਰਜਦਾ ਰਹਿੰਦਾ ਹੈ। ਪ੍ਰੇਮੀਆਂ ਨੂੰ ਕਵੀ ਸਲਾਹ ਦਿੰਦਾ ਹੈ ਐਵੇਂ ਰੋਮਾਂਸ ਦੇ ਚੱਕਰ ਵਿਚ ਸਮਾਂ ਨਾ ਗੁਆਇਆ ਜਾਵੇ ਕਿਉਂਕਿ ਪੱਥਰ ਉਪਰ ਪਾਣੀ ਦਾ ਅਸਰ ਨਹੀਂ ਹੁੰਦਾ ਸਗੋਂ ਉਹੀ ਪਾਣੀ ਪੰਛੀਆਂ ਨੂੰ ਪਿਆਇਆ ਜਾਵੇ। ਜਿਸਤੋਂ ਉਸ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਸੰਦੀਪ ਆਲਮ ਲਿਖਦਾ ਹੈ-

ਪੱਥਰ ਹੋਏ ਜਜ਼ਬਿਆਂ ਨੂੰ
ਕਿਸੇ ਦੀ ਪਿਆਸ ‘ਚ ਭਿਉਂ ਛੱਡੋ.. .. ..।
ਦੋ ਘੁੱਟ ਨੀਰ ਆਪਣੇ ਹਿੱਸੇ ਦਾ
ਪਰਿੰਦਿਆਂ ਨੂੰ ਦੇ ਛੱਡੋ.. .. ..।

ਸੰਦੀਪ ਆਲਮ ਇਕ ਕਵਿਤਾ ਵਿਚ ਲਿਖਦਾ ਹੈ ਕਿ ਅਤਰਿਪਤ ਮਨ ਕਦੀ ਤ੍ਰਿਪਤ ਨਹੀਂ ਹੋ ਸਕਦਾ। ਇਸ ਕਰਕੇ ਪਿਆਰ ਵਿਹੂਣੇ ਇਨਸਾਨ ਦੇ ਸਾਰੇ ਰੰਗ ਖ਼ਤਮ ਹੋ ਜਾਂਦੇ ਹਨ। ਵਕਤ, ਤਸੀਹੇ, ਦੁੱਖ-ਸੁੱਖ ਇੱਕੋ ਵਸਤੂ ਹਨ, ਇਨ੍ਹਾਂ ਦੇ ਨਾਮ ਹੀ ਵੱਖਰੇ ਹਨ। ਇਨ੍ਹਾਂ ਉਪਰ ਕਾਬੂ ਆਦਮੀ ਤੇ ਤੀਵੀਂ ਇਕੱਠਿਆਂ ਪਾ ਸਕਦੇ ਹਨ। ਤਾੜੀ ਹਮੇਸ਼ਾ ਦੋ ਹੱਥਾਂ ਨਾਲ ਵੱਜਦੀ ਹੈ। ਅਜਿਹੇ ਮਾਹੌਲ ਵਿਚ ਸਾਥੀ ਦੀ ਮਿਹਰ ਦੀ ਨਿਗਾਹ ਬੇੜੀ ਪਾਰ ਲਾ ਸਕਦੀ ਹੈ। ਇਨਸਾਨ ਨੂੰ ਨਿਮਰਤਾ ਦਾ ਪੱਲਾ ਫੜਕੇ ਹੰਕਾਰ ਤੋਂ ਤਿਲਾਂਜਲੀ ਲੈਣੀ ਚਾਹੀਦੀ ਹੈ। ਜ਼ਿੰਦਗੀ ਜੱਦੋ-ਜਹਿਦ ਦਾ ਦੂਜਾ ਨਾਮ ਹੈ। ਚੁੱਪ ਹਮੇਸ਼ਾ ਰੜਕਦੀ ਹੈ। ਪਿਆਰਿਆਂ ਦਾ ਲੜਨਾ ਵੀ ਸ਼ੁੱਭ ਸ਼ਗਨ ਹੈ ਪ੍ਰੰਤੂ ਚੁੱਪ ਨਹੀਂ ਰਹਿਣਾ ਚਾਹੀਦਾ। ਇਸ ਦੇ ਨਾਲ ਹੀ ਉਹ ਆਸ਼ਾਵਾਦੀ ਵੀ ਹੈ। ਉਹ ਲਿਖਦਾ ਹੈ ਕਿ ਪੀੜਾਂ ਦੇ ਰੁੱਖ ਛਾਂ ਵੀ ਨਸਰ ਕਰਦੇ ਹਨ, ਜਿਹੜੀ ਸੁਖਦਾਈ ਹੁੰਦੀ ਹੈ। ਕਈ ਵਾਰੀ ਕਵੀ ਸਵੈ ਵਿਰੋਧੀ ਕਵਿਤਾਵਾਂ ਵੀ ਲਿਖਦਾ ਹੈ। ਇਕ ਪਾਸੇ ਕਹਿੰਦਾ ਹੈ ਕਿ ਕੁੜੀਆਂ ਇਸ਼ਕ ਵਿਚ ਗੁਮਰਾਹ ਹੁੰਦੀਆਂ ਹਨ ਅਤੇ ਨਾਲ ਹੀ ਇਹ ਵੀ ਲਿਖਦਾ ਹੈ ਕਿ ਹੌਸਲਾ ਨਹੀਂ ਛੱਡਣਾ ਚਾਹੀਦਾ ਕਦੀ ਤਾਂ ਮੁਹੱਬਤ ਸਫਲ ਹੋਵੇਗੀ ਹੀ। ਉਸ ਅਨੁਸਾਰ ਅੱਜ ਦੀ ਇਸਤਰੀ ਦੁਬਿਧਾ ਵਿਚ ਹੈ। ਜੇ ਉਸ ਦੀ ਭਰੂਣ ਹੱਤਿਆ ਹੁੰਦੀ ਹੈ ਤਾਂ ਵੀ ਉਹੀ ਕਤਲ ਹੁੰਦੀ ਹੈ ਪ੍ਰੰਤੂ ਜੇਕਰ ਜਨਮ ਲੈਂਦੀ ਹੈ ਤਾਂ ਵੀ ਸਮਾਜ ਵਿਚ ਵਿਚਰਦੀ ਹਰ ਰੋਜ਼ ਕਤਲ ਹੁੰਦੀ ਰਹਿੰਦੀ ਹੈ। ਉਸ ਨਾਲ ਬਲਾਤਕਾਰ ਹੁੰਦੇ ਹਨ। ਬਲਾਤਕਾਰ ਤੋਂ ਬਾਅਦ ਪੁਲਿਸ ਦੇ ਦੋਹਾਂ ਹੱਥਾਂ ਵਿਚ ਲੱਡੂ ਹੁੰਦੇ ਹਨ। ਭ੍ਰਿਸ਼ਟਾਚਾਰ ਭਾਰੂ ਹੋ ਜਾਂਦਾ ਹੈ। ਸਮਾਜ ਦਾ ਮੁੱਦਾ ਬਣਦੀ ਹੈ। ਸਮਾਜ ਸੇਵਕ ਅਤੇ ਪੁਲਿਸ ਵਿਕ ਜਾਂਦੀ ਹੈ। ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ ਤੇ ਉਨ੍ਹਾਂ ਤੋਂ ਆਮਦਨ ਹੁੰਦੀ ਹੈ। ਅੱਜ ਦੀ ਲੂਣਾ ਸਲਵਾਨ ਨੂੰ ਛੱਡ ਨਹੀਂ ਸਕਦੀ ਕਿਉਂਕਿ ਪੈਸੇ ਬਿਨਾ ਗੁਜ਼ਾਰਾ ਨਹੀਂ। ਪੂਰਨ ਨੂੰ ਵੀ ਨਹੀਂ ਛੱਡ ਸਕਦੀ ਕਿਉਂਕਿ ਸਲਵਾਨ ਨਾਲ ਠਰ ਚੁੱਕੇ ਰਿਸ਼ਤੇ ਦੇ ਨਿੱਘ ਦੀ ਪੂਰਤੀ ਹੋਰ ਕਿਧਰੋਂ ਹੋਵੇਗੀ? ਇਸ਼ਕ ਨੂੰ ਉਹ ਜਿਸਮਾਨੀ ਬਿਮਾਰੀ ਗਿਣਦਾ ਹੈ। ਜਿਸਮ ਭੋਗੇ ਨਹੀਂ ਮਾਣੇ ਜਾਂਦੇ ਹਨ। ਅੱਜ ਦੀ ਲੂਣਾ ਦੋ ਬੇੜੀਆਂ ਵਿਚ ਸਵਾਰ ਹੈ। ਕਵੀ ਲਿਖਦਾ ਹੈ-

ਨਹੀਂ ਮੈਨੂੰ ਕੋਈ ਸ਼ਿਕਵਾ ਨਹੀਂ
ਤੇਰੇ ਨਾਲ ਅਣਜੰਮੀਏ ਧੀਏ.. ..
ਨਹੀਂ ਤੇ ਕਹਿਣ ਵਾਲੇ ਕਹਿਣਗੇ,
ਕਿ ਜੋ ਜਨਮੀਆਂ, ਉਨ੍ਹਾਂ ਨਾਲ ਵੀ ਗਿਲੇ।
ਤੇ ਜੋ ਨਹੀਂ ਜਨਮੀਆਂ ਉਨ੍ਹਾਂ ਨਾਲ ਵੀ ਗਿਲੇ।

Ujagar Singh 180515 IMG_E2268

ਸਮਾਜਕ ਦਾ ਵਰਤਾਰਾ ਵੀ ਘੁਟਨ ਮਹਿਸੂਸ ਕਰਦਾ ਹੈ। ਦਹਿਸ਼ਤ ਅਤੇ ਵਹਿਸ਼ਤ ਭਰਿਆ ਮਾਹੌਲ ਹੈ। ਇਸਤਰੀ ਬਾਰੇ ਉਹ ਲਿਖਦਾ ਹੈ ਕਿ ਜੇਕਰ ਆਦਮੀ ਤੇ ਔਰਤ ਦਾ ਪਿਆਰ ਸਦਭਾਵਨਾ ਵਾਲਾ ਹੋਵੇਗਾ ਤਾਂ ਘਰ ਸਵਰਗ ਅਰਥਾਤ ਘਰ ਹੋਵੇਗਾ ਪ੍ਰੰਤੂ ਜਿੱਥੇ ਸਦਭਾਵਨਾ ਨਹੀਂ ਉਹ ਤਾਂ ਵੇਸਵਾ ਦੇ ਕੋਠੇ ਵਰਗਾ ਮਕਾਨ ਹੋਵੇਗਾ, ਜਿੱਥੇ ਵਾਸ਼ਨਾ ਦੀ ਪੂਰਤੀ ਲਈ ਲੋਕ ਆਉਂਦੇ ਜਾਂਦੇ ਰਹਿਣਗੇ। ਉਹ ਵੇਸਵਾ ਨੂੰ ਵਿਆਹੁਤਾ ਜ਼ਿੰਦਗੀ ਜਿਓਣ ਲਈ ਪ੍ਰੇਰ ਕੇ ਵਾਪਸ ਮੋੜਨ ਦੀ ਤਾਕੀਦ ਵੀ ਕਰਦਾ ਹੈ। ਸਮੁੱਚੇ ਤੌਰ ਤੇ ਸੰਦੀਪ ਆਲਮ ਦੀਆਂ ਬਹੁਤੀਆਂ ਕਵਿਤਾਵਾਂ ਇਸ਼ਕ ਮੁਸ਼ਕ ਦੇ ਰੋਣੇ ਧੋਣੇ ਰੋਂਦੀਆਂ ਹਨ। ਬਿਰਹਾ, ਅਸੰਜਮ ਅਤੇ ਭਟਕਣਾ ਭਾਰੂ ਹੈ ਪ੍ਰੰਤੂ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਵੀ ਹਨ। ਉਸਦੀਆਂ ਕਈ ਕਵਿਤਾਵਾਂ ਨਿਰਾਸਤਾ ਦੇ ਆਲਮ ਵਿਚ ਜਕੜੀਆਂ ਹੋਈਆਂ ਹਨ। ਇਕ ਕਵਿਤਾ ਵਿਚ ਲਿਖਦਾ ਹੈ-

ਜਿਉਂ ਆਪਣੇ ਕੀਤਿਆਂ ਕਿਧਰੇ ਕਦ ਇਸ਼ਕ ਹੋ ਜਾਏ,
ਕਿਸੇ ਇਛਿਆ ਦਾ ਮੁਹਤਾਜ ਹੋ ਜਾਏ, ਨਿਰਛਲ ਨਿਰਮਲ।
ਕੋਮਲ ਅਹਿਸਾਸ ਹੈ ਜਿਸਮਾਂ ਦੀ ਭੁੱਖ ਨਹੀਂ, ਰੂਹਾਂ ਦੀ ਪਿਆਸ ਹੈ.. ..।
ਜੁੜਦੀਆਂ ਭਾਵੇਂ ਰੂਹਾਂ ਨਾਲ ਰੂਹਾਂ ਹੀ ਨੇ ਐਪਰ.. ..
ਰੂਹ ਨੂੰ ਰੂਹ ਤੀਕਰ ਜਿਸਮ ਹੀ ਪਹੁੰਚਾਉਂਦੇ ਨੇ।
ਫੇਰ ਦੱਸ ਜਿਸਮਾਂ ਨੂੰ ਕਿੰਝ ਨਜ਼ਰਅੰਦਾਜ਼ ਕਰੀਏ।
ਹੋਰਾਂ ਲਈ ਤੇ ਜਿਸਮ ਤੇਰਾ ਤੇ ਰਾਤ ਦੀ ਰੋਟੀ,
ਇੱਕੋ ਜਿਹੇ ਰਹਿਣੇ ਮੇਰੇ ਜਿਹੇ ਕਮਲੇ ਨੂੰ ਕਾਇਨਾਤ ਨਜ਼ਰ ਆਉਣੀ।

ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸੰਦੀਪ ਆਲਮ ਨਿਰਾਸਤਾ ਦੇ ਆਲਮ ਵਿਚ ਹੁੰਦਿਆਂ ਪਿਆ, ਬਿਰਹਾ, ਸਮਾਜਿਕ ਤਾਣੇ ਬਾਣੇ ਦੀਆਂ ਤਰੁੱਟੀਆਂ, ਬੇਰੁਜ਼ਗਾਰੀ, ਭਰੂਣ ਹੱਤਿਆ, ਬਾਲ ਮਜ਼ਦੂਰੀ ਅਤੇ ਦਾਜ ਵਰਗੀ ਸਮਾਜਿਕ ਲਾਹਨਤ ਕਰਕੇ ਕਰੂਰਤਾ ਜਨਮ ਲੈਂਦੀ ਹੈ। ਅਜਿਹੇ ਹਾਲਾਤ ਵਿਚ ਇਨਸਾਨ ਗ਼ਲਤ ਰਸਤੇ ਚੱਲਦਿਆਂ ਆਪਣੀ ਜ਼ਿੰਦਗੀ ਦਾ ਲੁਤਫ਼ ਨਹੀਂ ਲੈ ਸਕਦਾ। ਉਸ ਦੀ ਕਵਿਤਾ ਪਿਆਰ ਵਰਗੇ ਬਿਹਤਰੀਨ ਅਹਿਸਾਸ ਦੀ ਗਾਥਾ ਹੈ ਪ੍ਰੰਤੂ ਇਸ ਚੱਕਰ ਵਿਚ ਪੈਣ ਤੋਂ ਪਹਿਲਾਂ ਇਨਸਾਨ ਨੂੰ ਆਪਣੇ ਅੰਤਹਿਕਰਨ ਦੀ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਨਸਾਨ ਆਪਣਾ ਸਾਰਾ ਜੀਵਨ ਕਸ਼ਮਕਸ਼ ਵਿਚ ਹੀ ਗੁਜ਼ਾਰ ਦਿੰਦਾ ਹੈ। ਇੱਛਾਵਾਂ ਦੀ ਪੂਰਤੀ ਅਸੰਭਵ ਹੁੰਦੀ ਹੈ, ਸਗੋਂ ਇਹ ਮੁਸੀਬਤਾਂ ਖੜ੍ਹੀਆਂ ਕਰਦੀਆਂ ਹਨ। ਇਨ੍ਹਾਂ ਤੇ ਕਾਬੂ ਪਾ ਕੇ ਰੱਖਣਾ ਹੀ ਬਿਹਤਰ ਹੋਵੇਗਾ।

(ਉਜਾਗਰ ਸਿੰਘ)

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com