panthak-talmel-committee
ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ਵਲੋਂ ਸਾਈਕਲ ਐਸੋਸੀਏਸ਼ਨ ਦੀ ਹੈਲਮਟ ਪਹਿਨਣ ਦੀ ਸ਼ਰਤ ਵਿਰੁੱਧ ਪਾਏ ਕੇਸ ਸਬੰਧੀ ਸੁਪਰੀਮ ਕੋਰਟ ਵਲੋਂ ਕੀਤੀ ਟਿੱਪਣੀ’ਤੇ ਪੰਥਕ ਤਾਲਮੇਲ ਸੰਗਠਨ ਨੇ ਤਿੱਖਾ ਪ੍ਰਤੀਕਰਮ ਕੀਤਾ ਹੈ। ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਇਸ ਵਿਚੋਂ ਫ਼ਿਰਕਾਪ੍ਰਸਤੀ ਅਤੇ ਸੌੜੀ ਮਾਨਸਿਕਤਾ ਦੀ ਝਲਕ ਪੈਂਦੀ ਹੈ। ਜੱਜ ਦਸਤਾਰ ਦੀ ਅਹਿਮੀਅਤ ਤੋਂ ਜੇ ਐਨੇ ਅਨਜਾਣ ਹਨ ਤਾਂ ਇਹ ਉਹਨਾਂ ਦੀ ਬੜੀ ਵੱਡੀ ਅਯੋਗਤਾ ਹੈ। ਸੰਸਾਰ ਜਾਣਦਾ ਹੈ ਕਿ ਸਿੱਖਾਂ ਨੇ ਦਸਤਾਰਾਂ ਸਮੇਤ ਵਿਸ਼ਵ ਯੁੱਧ ਲੜੇ। ਮੁਗਲਾਂ ਵਿਰੁੱਧ ਲੜਦਿਆਂ ਭਾਰਤੀ ਬਹੁਗਿਣਤੀ ਦਾ ਧਰਮ ਬਚਾਇਆ ਅਤੇ ਅੰਗਰੇਜ਼ਾਂ ਤੋਂ ਅਜ਼ਾਦੀ ਲੈਣ ਲਈ 90 ਪ੍ਰਤੀਸ਼ਤ ਯੋਗਦਾਨ ਪਾਇਆ। ਦਸਤਾਰ ਦੀ ਸ਼ਾਨ ਰੱਖਦਿਆਂ ਜਾਨਾਂ ਨਿਛਾਵਰ ਕੀਤੀਆਂ। ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਫੌਜ ਮੁਖੀ ਦਸਤਾਧਾਰੀ ਰਹਿ ਚੁੱਕੇ ਹਨ।
ਦਸਤਾਰ ਕੇਵਲ ਆਮ ਪਹਿਰਾਵਾ ਮਾਤਰ ਨਹੀਂ ਹੈ, ਸਗੋਂ ਭਾਰਤੀ ਸੱਭਿਆਚਾਰ ਦਾ ਵਿਸ਼ੇਸ਼ ਚਿੰਨ੍ਹ ਹੈ। ਇਹ ਗੁਰੂਆਂ ਦੀ ਬਹੁਮੁਲੀ ਦੇਣ ਹੈ ਕਿ ਗੁਆਚੇ ਹੋਏ ਗੌਰਵ ਨੂੰ ਸਿੱਖਾਂ ਦੇ ਸੀਸ ਉੱਤੇ ਮੁੜ ਸਜਾ ਕੇ ਸੰਭਾਲ ਕੀਤੀ ਹੈ। ਸਿੱਖ ਪੰਥ ਕੋਲ ਕੇਸਾਧਾਰੀ ਤੇ ਦਸਤਾਰਧਾਰੀ ਹੋਣ ਦਾ ਦੂਹਰਾ ਗੁਣ ਹੈ। ਜੋ ਕਿ ਰੂਹਾਨੀਅਤ ਤੇ ਰੱਬੀ ਰਜ਼ਾ ਦੇ ਅਕੱਥ ਰਾਜ਼ ਨਾਲ ਸਬੰਧਤ ਹੈ।
ਜੱਜਾਂ ਤੇ ਵਕੀਲਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੰਬਈ ਦੇ ਅਜਾਇਬ ਘਰ ਵਿਚ ਰਾਜੇ ਰਾਣੀਆਂ ਤੇ ਦੇਵ ਮੂਰਤੀਆਂ ਦੇ ਲੱਗੇ ਬੁੱਤਾਂ’ਤੇ ਦਸਤਾਰਾਂ ਨਜ਼ਰ ਆਉਂਦੀਆਂ ਹਨ। ਬ੍ਰਿਟਿਸ਼ ਮਿਊਜ਼ੀਅਮ ਲੰਡਨ ਵਿਚ ਮਿਸਰੀ ਸੱਭਿਅਤਾ ਤੇ ਬੈਬੋਲਿਨੀਆ ਸੱਭਿਅਤਾ ਦੇ ਕਈ ਬੁੱਤ ਦਸਤਾਰਾਂ ਸਮੇਤ ਹਨ। ਪਾਰਸੀਆਂ ਦੇ ਮਹਾਂਪੁਰਸ਼ ਜਰਦੁਸ਼ਤਰ ਸ਼ਟਰ ਦਾ ਪ੍ਰਾਚੀਨ ਚਿੱਤਰ ਦਸਤਾਰ ਵਾਲਾ ਹੈ। ਮੁਸਲਮਾਨ ਸੂਫ਼ੀ ਸਾਰੇ ਹੀ ਪਗੜੀ ਬੰਨ੍ਹ ਕੇ ਰੱਖਦੇ ਸਨ। ਈਰਾਨੀ ਤੇ ਅਰਬੀ ਲਿਬਾਸ ਵਿਚ ਦਸਤਾਰ ਨੂੰ ਵਿਸ਼ੇਸ਼ ਸਤਿਕਾਰ ਹਾਂਸਲ ਹੈ। ਦਸਤਾਰ ਸਿੱਖ ਸੱਭਿਆਚਾਰ ਦਾ ਉੱਚਾ ਮੀਨਾਰ ਹੈ।
ਜੱਜਾਂ ਵਲੋਂ ਦਸਤਾਰ ਸਬੰਧੀ ਕੀਤੀ ਟਿੱਪਣੀ ਨੇ ਜਿੱਥੇ ਸਿੱਖ ਧਰਮ ਦੀਆਂ ਮਾਨਤਾਵਾਂ ਤੇ ਭਾਵਨਾਵਾਂ ਨੂੰ ਸੱਟ ਮਾਰੀ ਹੈ, ਉੱਥੇ ਵਿਸ਼ਵ ਭਰ ਵਿਚ ਦਸਤਾਰ ਸੱਭਿਆਚਾਰ ਨਾਲ ਰੂਹ ਦਾ ਰਿਸ਼ਤਾ ਰੱਖਦੇ ਧਰਮਾਂ ਤੇ ਹੋਰ ਭਾਈਚਾਰਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ। ਸੁਪਰੀਮ ਕੋਰਟ ਦਾ ਨੈਤਿਕ ਫਰਜ਼ ਬਣਦਾ ਹੈ ਕਿ ਇਸ ਟਿੱਪਣੀ ਨੂੰ ਵਾਪਸ ਲਵੇ ਅਤੇ ਭਾਰਤ ਸਰਕਾਰ ਐਸੀ ਫ਼ਿਰਕਾਪ੍ਰਸਤੀ ਦੀ ਸ਼ਤਰੰਜ ਖੇਡ ਨੂੰ ਤੁਰੰਤ ਨੱਥ ਪਾਉਣ ਦਾ ਦੇਸ਼ ਨੂੰ ਵਿਸ਼ਵਾਸ਼ ਦਿਵਾਵੇ।