Khanda.svg
– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਮੀਡੀਆ ਦੇ ਇਕ ਹਿੱਸੇ ਵਿਚ ਲੱਗੀ ਤੇ ਚੱਲ ਰਹੀ ਉੇਸ ਖ਼ਬਰ ਨੂੰ ਗੰਭੀਰਤਾ ਨਾਲ ਲਿਆ ਹੈ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਕੁਝ ਲੋਕ ਚੀਫ਼ ਖਾਲਸਾ ਦੀਵਾਨ ਦੀ ਉਪ-ਚੋਣ ਵਿਚ ਹਿੱਸਾ ਲੈਣ ਲਈ ਪਾਹੁਲਧਾਰੀ ਹੋਣ ਦਾ ਜ਼ਾਅਲੀ ਸਰਟੀਫਿਕੇਟ ਲੈਣ ਲਈ ਤਰਲੋਮੱਛੀ ਹੋ ਰਹੇ ਹਨ। ਪਰ ਸ੍ਰੀ ਅਕਾਲ ਤਖਤ ਸਾਹਿਬ’ਤੇ ਖੰਡੇ ਬਾਟੇ ਦੀ ਪਾਹੁਲ ਛਕਾਉੇਣ ਵਾਲੇ ਪੰਜ ਪਿਆਰਿਆਂ ਤੋਂ ਕੋਈ ਹੁੰਗਾਰਾ ਨਾ ਮਿਲਣ ਉਪਰੰਤ ਤਖਤ ਸਾਹਿਬ ਦੇ ਹੈਡ ਗ੍ਰੰਥੀ ਵਲੋਂ ਵੀ ਕੋਰਾ ਜਵਾਬ ਮਿਲਣ ਕਾਰਣ ਇਹ ਲੋਕ ਤੜਫ਼ ਰਹੇ ਹਨ। ਕਿਉਂਕਿ ਕੌਮ ਦਾ ਦੁਖਾਂਤ ਹੈ ਕਿ ਸਿਆਸੀ ਤੇ ਧਨਾਢ ਲੋਕਾਂ ਦੁਆਰਾ ਸਿੱਖ ਕੌਮ ਦੀਆਂ ਪਵਿੱਤਰ ਸੰਸਥਾਵਾਂ ਨੂੰ ਹਥਿਆ ਲੈਣ ਦੀ ਪਿਰਤ ਪੈ ਚੁੱਕੀ ਹੋਈ ਹੈ।
ਸ਼: ਭੌਰ ਨੇ ਪੰਜ ਪਿਆਰਿਆਂ ਅਤੇ ਹੈਡ ਗ੍ਰੰਥੀ ਜੀ ਨੂੰ ਅਪੀਲ ਕੀਤੀ ਹੈ ਕਿ ਐਸੀ ਘਿਨੌਣੀ ਹਰਕਤ ਕਰਨ ਵਾਲੇ ਵਿਅਕਤੀ ਦਾ ਨਾਮ ਜਨਤਕ ਕੀਤਾ ਜਾਵੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਸਾਰੇ ਮਾਮਲੇ ਦੀ ਉੱਚ-ਪੱਧਰੀ ਜਾਂਚ ਕਰਾਉਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਵਿੱਖ ਵਿਚ ਸੱਤਾ ਦੇ ਲਾਲਸੀ ਲੋਕ ਵਾਰ ਵਾਰ ਐਸਾ ਹੀਆ ਕਰ ਸਕਦੇ ਹਨ। ਉਹਨਾਂ ਚੀਫ ਖਾਲਸਾ ਦੀਵਾਨ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਅਜਿਹੇ ਲੋਕ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਕੀ ਮਾਰਗ-ਦਰਸ਼ਨ ਕਰਨਗੇ, ਜਿਨ੍ਹਾਂ ਲੋਕਾਂ ਨੂੰ ਖੰਡੇ ਬਾਟੇ ਦੀ ਪਾਹੁਲ ਦੀ ਨਾ ਅਹਿਮੀਅਤ ਦਾ ਪਤਾ ਹੈ ਅਤੇ ਨਾ ਹੀ ਪੰਥ’ਤੇ ਨਿਸ਼ਚਾ ਹੈ।