giani ji and old friend gary ji

ਪਿਛਲੇ ਦਿਨੀਂ ‘ਮਿਨੀ ਪੰਜਾਬ’ ਕਰਕੇ ਜਾਣੇ ਜਾਂਦੇ ਵੂਲਗੂਲਗੇ ਦੀ ਯਾਤਰਾ ਸਮੇ, ਮੈਂ ਆਪਣੇ ਪੁਰਾਣੇ ਮਿੱਤਰ, ਸ. ਗੁਰਚਰਨ ਸਿੰਘ ਗੈਰੀ ਜੀ ਨੂੰ ਮਿਲਣ ਉਹਨਾਂ ਦੇ ਘਰ ਅਤੇ ਫਾਰਮ ਉਪਰ ਗਿਆ। ਵੂਲਗੂਲਗੇ ਤੋਂ ਗਿਆਨੀ ਹਰਜਿੰਦਰ ਸਿੰਘ ਜੀ ਹੰਬੜਾਂ ਵਾਲ਼ੇ ਮੈਨੂੰ ਆਪਣੀ ਕਾਰ ਤੇ ਲੈ ਗਏ। ਗੈਰੀ ਜੀ ਉਹਨਾਂ ਦੇ ਵੀ ਖਾਸ ਮਿੱਤਰ ਹਨ। ਇਹ ਬਹੁਤ ਸਮਾ ਪਹਿਲਾਂ ਏਥੇ, ਪੰਜ ਪੀਹੜੀਆਂ ਤੋਂ ਵੱਸ ਰਹੇ ਆਂਸਟ੍ਰੇਲੀਆ ਦੇ ਪ੍ਰਸਿਧ ਪਰਵਾਰ ਦੇ ਮੈਂਬਰ ਬਣ ਕੇ ਆਏ ਸਨ। ਇਹ ਆਪਣੇ ਪਰਵਾਰ ਸਮੇਤ, ਕਫ਼ਸ ਹਾਰਬਰ ਟਾਊਨ ਦੇ ਸੈਮੀ ਪਹਾੜੀ ਏਰੀਏ ਅੰਦਰ ਆਪਣੇ ਫ਼ਾਰਮ+ਘਰ ਵਿਚ ਰਹਿੰਦੇ ਹਨ। ਬਾਕੀ ਦੇ ਸਿੱਖ ਫਾਰਮਰ ਤਾਂ ਤਕਰੀਬਨ ਸਾਰੇ ਹੀ ਕੇਲੇ ਦੀ ਖੇਤੀ ਛੱਡ ਕੇ ਬਲਿਊ ਬੇਰੀ ਵੱਲ ਤੁਰ ਪਏ ਹਨ ਪਰ ਇਹਨਾਂ ਨੇ ਅਜੇ ਆਪਣਾ ਕੇਲੇ ਦਾ ਫਾਰਮ ਰੱਖਿਆ ਹੋਇਆ ਹੈ। ਹਰ ਸਾਲ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿਚ ਹੋਣ ਵਾਲ਼ੀਅਆਂ ਸਿੱਖ ਖੇਡਾਂ ਸਮੇ, ਗੈਰੀ ਜੀ ਆਪਣੇ ਫਾਰਮ ਦਾ ਕੇਲਾ ਸੋਹਣੇ ਬਕਸਿਆਂ ਵਿਚ ਬੰਦ ਕਰਕੇ, ਮੁਫ਼ਤ ਭੇਜਦੇ ਹਨ। ਜੇਕਰ ਆਪਣੇ ਫਾਰਮ ਦਾ ਕੇਲਾ ਘੱਟ ਵੀ ਜਾਵੇ ਤਾਂ ਕਿਸੇ ਹੋਰ ਤੋਂ ਮੁੱਲ ਲੈ ਕੇ ਵੀ ਭੇਜਦੇ ਹਨ।
ਕਈ ਸਾਲਾਂ ਤੋਂ ਇਹ ਅਜਿਹਾ ਪਰਉਪਕਾਰ ਵਾਲ਼ਾ ਕਾਰਜ ਕਰਦੇ ਆ ਰਹੇ ਹਨ। ਸ. ਗੁਰਚਰਨ ਸਿੰਘ ਜੀ ਆਪਣੀ ਖੇਤੀ ਦੇ ਨਾਲ਼ ਨਾਲ਼ ਸਰਕਾਰੀ ਤੌਰ ਤੇ ਟਰਾਂਸਲੇਟਰ ਤੇ ਇੰਟਰਪ੍ਰੈਟਰ ਦੀ ਸੇਵਾ ਵੀ ਨਿਭਾ ਰਹੇ ਹਨ।
ਚਾਹ ਪਾਣੀ ਛਕਦਿਆਂ ਪੁਰਾਣੀਆਂ ਯਾਦਾਂ ਸਾਂਝੀਆਂ ਹੋਈਆਂ। ਆਉਣ ਸਮੇ ਮੈਂ ਉਹਨਾਂ ਨੂੰ ਦੋ ਨਵੀਆਂ ਕਿਤਾਬਾਂ, ਇਕ ਆਪਣੀ ਲਿਖੀ ‘ਜਿੰਨੇ ਮੂੰਹ ਓਨੀਆਂ ਗੱਲਾਂ’ ਅਤੇ ਦੂਜੀ ਪ੍ਰੋ. ਮੋਹਨ ਸਿੰਘ ਦੁਆਰਾ ਸੰਪਾਦਤ, ‘ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ’ ਭੇਟਾ ਕੀਤੀਆਂ।
ਇਹ ਫ਼ੋਟੋ ਗਿਆਨੀ ਹਰਜਿੰਦਰ ਸਿੰਘ ਹੰਬਵਾਂ ਵਾਲ਼ਿਆਂ ਨੇ ਖਿੱਚ ਕੇ ਮੈਨੂੰ ਭੇਜੀ।