Balraj Sidhu 171231 modern langerrrr

ਲੰਗਰ ਛਕਾਉਣਾ ਸਿੱਖ ਧਰਮ ਦੀ ਇੱਕ ਬਹੁਤ ਹੀ ਨਿਆਰੀ ਪ੍ਰਥਾ ਹੈ। ਸੰਸਾਰ ਦੇ ਕਿਸੇ ਵੀ ਧਰਮ ਵਿੱਚ ਲੋੜਵੰਦਾਂ ਨੂੰ ਖਾਣਾ ਖਵਾਉਣ ‘ਤੇ ਐਨਾ ਜ਼ੋਰ ਨਹੀਂ ਦਿੱਤਾ ਜਾਂਦਾ ਜਿੰਨਾ ਸਿੱਖ ਧਰਮ ਵਿੱਚ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰ ਦਾਸ ਜੀ ਦੁਆਰਾ ਸ਼ੁਰੂ ਕੀਤੀ ਗਈ ਇਸ ਪ੍ਰਥਾ ਕਾਰਨ ਹੁਣ ਤੱਕ ਕਰੋੜਾਂ ਇਨਸਾਨਾਂ ਦੀ ਭੁੱਖ ਮਿਟ ਚੁੱਕੀ ਹਨ। ਇਹ ਸਿੱਖ ਧਰਮ ਹੀ ਹੈ ਕਿ ਤੁਸੀਂ ਚਾਹੇ ਕਿਸੇ ਦੂਰ ਦੁਰਾਡੇ ਛੋਟੇ ਜਿਹੇ ਪਿੰਡ ਦੇ ਗੁਰੂਘਰ ਵੀ ਚਲੇ ਜਾਉ, ਗ੍ਰੰਥੀ ਸਿੰਘ ਲੰਗਰ ਛਕਾਉਣਾ ਆਪਣਾ ਪਰਮ ਧਰਮ ਸਮਝਦਾ ਹੈ। ਭਾਰਤ ਵਿੱਚ ਕਈ ਧਰਮਾਂ ਦੀਆਂ ਤੀਰਥ ਯਾਤਰਾਵਾਂ ਚੱਲਦੀਆਂ ਰਹਿੰਦੀਆਂ ਹਨ, ਪਰ ਇਹ ਪੰਜਾਬ ਹੀ ਹੈ ਜਿੱਥੇ ਯਾਤਰੀਆਂ ਨੂੰ ਜਗ੍ਹਾ ਜਗ੍ਹਾ ਰੋਕ ਕੇ ਪਰਸ਼ਾਦਾ ਛਕਾਇਆ ਜਾਂਦਾ ਹੈ।
ਇਸ ਸਾਲ ਹੁਣੇ ਮਨਾਏ ਗਏ ਫ਼ਤਿਹਗੜ੍ਹ ਸਾਹਿਬ ਦੇ ਮੇਲੇ ਮੌਕੇ ਬਠਿੰਡੇ ਤੋਂ ਮੋਹਾਲੀ ਤੱਕ ਸਫ਼ਰ ਕਰਨ ਦਾ ਮੌਕਾ ਮਿਲਿਆ। ਸੜਕਾਂ ਉੱਪਰ ਸੈਂਕੜਿਆਂ ਦੀ ਗਿਣਤੀ ਵਿੱਚ ਲੰਗਰ ਲੱਗੇ ਹੋਏ ਸਨ। ਲੋਕਾਂ ਨੂੰ ਜ਼ਬਰਦਸਤੀ ਘੇਰ ਘੇਰ ਕੇ ਪਰਸ਼ਾਦਾ ਪਾਣੀ ਛਕਾਇਆ ਜਾ ਰਿਹਾ ਸੀ। ਕਈ ਨੌਜਵਾਨਾਂ ਵੱਲੋਂ ਜੋ ਗ਼ਲਤ ਹਰਕਤਾਂ ਲੰਗਰ ਦੀ ਆੜ ਵਿੱਚ ਕੀਤੀਆਂ ਜਾ ਰਹੀਆਂ ਸਨ, ਉਹ ਕਿਸੇ ਤਰਾਂ ਵੀ ਮਰਿਆਦਾ ਦੇ ਅਨੁਸਾਰ ਨਹੀਂ ਕਹੀਆਂ ਜਾ ਸਕਦੀਆਂ। ਮੇਲਿਆਂ ਸਬੰਧੀ ਸਾਰੇ ਲੰਗਰ ਸੜਕਾਂ ‘ਤੇ ਲਾਉਣੇ ਜ਼ਰੂਰੀ ਹਨ? ਕੀ ਸਾਰੇ ਭੁੱਖੇ ਸੜਕਾਂ ‘ਤੇ ਹੀ ਤੁਰੇ ਫਿਰਦੇ ਹਨ? ਜਿਹੜਾ ਵਿਅਕਤੀ 10-15 ਲੱਖ ਦੀ ਗੱਡੀ ਵਿੱਚ ਸਫ਼ਰ ਕਰ ਰਿਹਾ ਹੈ ਤੇ ਦੋ ਢਾਈ ਹਜ਼ਾਰ ਦਾ ਤੇਲ ਫ਼ੂਕ ਕੇ ਕਿਤੇ ਚਲਿਆ ਹੈ, ਉਹ ਲੋੜਵੰਦ ਤੇ ਗ਼ਰੀਬ ਕਿਵੇਂ ਹੋ ਸਕਦਾ ਹੈ? 200-300 ਗਜ਼ ਦੀ ਦੂਰੀ ਤੇ ਲਗਾਏ ਲੰਗਰਾਂ ਦੇ ਪ੍ਰਬੰਧਕਾਂ ਨੂੰ ਪਤਾ ਨਹੀਂ ਸਮਝ ਕਿਉਂ ਨਹੀਂ ਆਉਂਦੀ ਕਿ ਏਨੀ ਜਲਦੀ ਬੰਦੇ ਨੂੰ ਭੁੱਖ ਨਹੀਂ ਲੱਗ ਸਕਦੀ। ਪਾਰਟੀਬਾਜ਼ੀ ਐਨੀ ਹੈ ਕਿ ਕਈ ਥਾਈਂ ਇੱਕ ਪਿੰਡ ਵਿੱਚ ਦੋ-ਦੋ ਲੰਗਰ ਲਗਾਏ ਜਾਂਦੇ ਹਨ। ਜੇ ਬੰਦਾ ਹਰ ਲੰਗਰ ਤੋਂ ਪਰਸ਼ਾਦਾ ਛਕੀ ਜਾਵੇ ਤਾਂ ਜਿਊਂਦਾ ਜਾਗਦਾ ਘਰ ਨਹੀਂ ਪਹੁੰਚ ਸਕਦਾ। ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੇ ਮਰਨ ਦੀ ਗਰੰਟੀ 100% ਹੈ। ਪੁਰਾਣੇ ਸਮੇਂ ਵਿੱਚ ਰਾਹਾਂ-ਸੜਕਾਂ ਤੇ ਲੰਗਰ ਲਾਉਣ ਦਾ ਰਿਵਾਜ਼ ਇਸ ਲਈ ਸ਼ੁਰੂ ਹੋਇਆ ਸੀ ਕਿਉਂਕਿ ਲੋਕ ਪੈਦਲ ਅਤੇ ਗੱਡਿਆਂ ਆਦਿ ‘ਤੇ ਮੇਲੇ ਪਹੁੰਚਦੇ ਹੁੰਦੇ ਸਨ। ਆਉਣ ਜਾਣ ਵਿੱਚ ਕਈ ਦਿਨ ਲੱਗ ਜਾਂਦੇ ਸਨ ਤੇ ਰਸਤੇ ਵਿੱਚ ਹੋਟਲ ਢਾਬੇ ਆਦਿ ਨਹੀਂ ਹੁੰਦੇ ਸਨ। ਪਰ ਹੁਣ ਤਾਂ 6-7 ਘੰਟੇ ਵਿੱਚ ਪੰਜਾਬ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਪਹੁੰਚਿਆ ਜਾ ਸਕਦਾ ਹੈ।
ਟਰੈਫ਼ਿਕ ਪਹਿਲਾਂ ਨਾਲੋਂ ਸੈਂਕੜੇ ਗੁਣਾ ਵਧ ਚੁੱਕੀ ਹੈ। ਹੁਣ ਸੜਕਾਂ ‘ਤੇ ਲਗਾਏ ਲੰਗਰਾਂ ਕਾਰਨ ਲੋਕਾਂ ਨੂੰ ਸਹੂਲਤ ਦੀ ਬਜਾਏ ਤਕਲੀਫ਼ ਜ਼ਿਆਦਾ ਹੁੰਦੀ ਹੈ। ਜੇ ਸੜਕ ਕਿਨਾਰੇ ਲੰਗਰ ਲਾਉਣਾ ਵੀ ਹੈ ਤਾਂ ਲੋਕਾਂ ਨੂੰ ਮਰਜ਼ੀ ਨਾਲ ਛਕਣ ਦਿਉ, ਧੱਕੇ ਨਾਲ ਕਿਉਂ ਲੋਕਾਂ ਦੇ ਢਿੱਡ ਵਿੱਚ ਤੁੰਨ ਕੇ ਅੰਨ ਦੀ ਬਰਬਾਦੀ ਕਰਦੇ ਹੋ। ਸੜਕ ਦੇ ਵਿਚਕਾਰ ਡਰੰਮ ਰੱਖ ਕੇ ਤੇ ਮਿੱਟੀ ਦੇ ਸਪੀਡ ਬਰੇਕਰ ਬਣਾ ਕੇ ਟਰੈਫ਼ਿਕ ਜਾਮ ਕਰ ਕੇ ਲੰਬੀਆਂ ਲੰਬੀਆਂ ਲਾਈਨਾਂ ਲਗਾ ਦਿੱਤੀਆਂ ਜਾਂਦੀਆਂ ਹਨ। ਸਿਆਣੀ ਉਮਰ ਦੇ ਬੰਦੇ ਆਪ ਮਾਇਆ ਵਾਲੇ ਟੋਕਰੇ ਕੋਲ ਬੈਠੇ ਰਹਿੰਦੇ ਹਨ ਤੇ ਮੁੰਡੀਹਰ ਨੂੰ ਲੰਗਰ ਵਰਤਾਉਣ ‘ਤੇ ਲਗਾ ਛੱਡਦੇ ਹਨ। ਜੇ ਕਿਸੇ ਗੱਡੀ ਵਿੱਚ ਜਵਾਨ ਔਰਤਾਂ ਬੈਠੀਆਂ ਹੋਣ ਤਾਂ ਬਹੁਤੇ ਸੇਵਾਦਾਰ ਉਸ ਪਾਸੇ ਭੱਜ ਉੱਠਦੇ ਹਨ। ਰਸਤੇ ਵਿੱਚ ਇੱਕ ਲੰਗਰ ‘ਤੇ ਲੜਕੀਆਂ ਦੇ ਕਾਲਜ ਦੀ ਬੱਸ ਜਾਮ ਵਿੱਚ ਫਸ ਗਈ ਤਾਂ ਪੰਗਤ ਵਿੱਚ ਬੈਠੇ ਲੰਗਰ ਛਕ ਰਹੇ ਸ਼ਰਧਾਲੂ ਵੇਖਦੇ ਹੀ ਰਹਿ ਗਏ, ਸਾਰੇ ਵਰਤਾਵੇ ਭੱਜ ਕੇ ਉਸ ਬੱਸ ਵਿੱਚ ਜਾ ਵੜੇ। ਇੱਕ ਲੰਗਰ ਵੱਲੋਂ ਜਾਮ ਕੀਤੇ ਟਰੈਫ਼ਿਕ ਵਿੱਚ ਇੱਕ ਐਂਬੂਲੈਂਸ ਕਾਫ਼ੀ ਦੇਰ ਤੱਕ ਹੂਟਰ ਮਾਰਦੀ ਰਹੀ, ਪਰ ਆਲਮ ਲੁਹਾਰ ਦੇ ਗਾਣੇ ‘ਕਿਸੇ ਨੇ ਮੇਰੀ ਗੱਲ ਨਾ ਸੁਣੀ’ ਵਾਂਗ ਕਿਸੇ ਨੇ ਉਸ ਦੀ ਵਾਤ ਨਾ ਪੁੱਛੀ। ਕਈ ਵਾਰ ਤਾਂ ਇੱਕ ਲੰਗਰ ਤੋਂ ਦੂਸਰਾ ਲੰਗਰ ਦਿਖਾਈ ਦੇ ਰਿਹਾ ਹੁੰਦਾ ਹੈ, ਪਰ ਉਥੋਂ ਲੰਗਰ ਛਕ ਕੇ ਆਏ ਵਿਅਕਤੀ ਨੂੰ ਦੁਬਾਰਾ ਘੇਰ ਲਿਆ ਜਾਂਦਾ ਹੈ।
‘ਸੇਵਾਦਾਰ’ ਸੜਕ ਦੇ ਵਿਚਕਾਰ ਖੜੇ ਹੋ ਕੇ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਂਦੇ ਹਨ। ਅਸੀਂ ਜਦੋਂ ਤੜ੍ਹਕੇ ਮੋਹਾਲੀ ਤੋਂ ਵਾਪਸ ਜਾ ਰਹੇ ਸੀ ਤਾਂ ਸਵੇਰੇ 5-6 ਵਜੇ ਦਸ ਬਾਰਾਂ ਮੁੰਡੇ ਸੰਘਣੀ ਧੁੰਦ ਵਿੱਚ ਖੜ੍ਹ ਕੇ ਯਾਤਰੀਆਂ ਨੂੰ ਘੇਰ ਕੇ ਚਾਹ ਦਾ ਲੰਗਰ ਵਰਤਾ ਰਹੇ ਸਨ। ਮੈ ਬਹੁਤ ਮੁਸ਼ਕਲ ਨਾਲ ਬਰੇਕ ਮਾਰ ਕੇ ਉਨ੍ਹਾਂ ਨੂੰ ਬਚਾਇਆ। ਬਜਾਏ ਆਪਣੀ ਗ਼ਲਤੀ ਮੰਨਣ ਦੇ, ਉਨ੍ਹਾਂ ਨੇ ਸਾਡੀ ਗੱਡੀ ਘੇਰ ਲਈ। ਜੇ ਅਸੀਂ ਪੁਲਿਸ ਵਾਲੇ ਨਾ ਹੁੰਦੇ ਤਾਂ ਜ਼ਰੂਰ ਹੀ ਚਾਹ ਦੀ ਜਗ੍ਹਾ ਸਾਨੂੰ ਚਾਹਟਾ ਸਾਹਿਬ ਛਕਾ ਕੇ ਭੇਜਦੇ। ਉਸ ਦਿਨ ਮੇਲਾ ਖ਼ਤਮ ਹੋ ਜਾਣ ਕਾਰਨ ਲੰਗਰਾਂ ਵਾਲੇ ਆਪਣਾ ਜੁੱਲੀ ਬਿਸਤਰਾ ਲਪੇਟ ਕੇ ਜਾ ਚੁੱਕੇ ਸਨ। ਵੇਖ ਕੇ ਬਹੁਤ ਦੁੱਖ ਹੋਇਆ ਕਿ ਫ਼ਤਿਹਗੜ੍ਹ ਸਾਹਿਬ ਤੋਂ ਲੈ ਕੇ ਦੂਰ ਦੂਰ ਤਕ ਸੜਕਾਂ ਦੇ ਦੋਹੀਂ ਪਾਸੀ ਲੱਖਾਂ ਦੀ ਤਾਦਾਦ ਵਿੱਚ ਲਿੱਬੜੀਆਂ ਹੋਈਆਂ ਪਲਾਸਟਿਕ ਦੀਆਂ ਡਿਸਪੋਜ਼ੇਬਲ ਪਲੇਟਾਂ ਅਤੇ ਗਲਾਸ ਰੁਲ ਰਹੇ ਸਨ। ਇਹਨਾਂ ਨੂੰ ਸਾਫ਼ ਕਰਨਾ ਸਰਕਾਰ ਦੀ ਨਹੀਂ, ਲੰਗਰ ਲਾਉਣ ਵਾਲਿਆਂ ਦੀ ਜ਼ਿੰਮੇਵਾਰੀ ਹੈ। ਇਹ ਪਲਾਸਟਿਕ ਅਗਲੇ ਮੇਲੇ ਤੱਕ ਇਸੇ ਤਰਾਂ ਰੁਲਦੀ ਰਹੇਗੀ। ਜੋ ਮਿੱਟੀ ਦੇ ਸਪੀਡ ਬਰੇਕਰ ਲੋਕਾਂ ਨੂੰ ਘੇਰਨ ਲਈ ਲੰਗਰਾਂ ਵਾਲਿਆਂ ਨੇ ਬਣਾਏ ਸਨ, ਉਹ ਵੀ ਉਸੇ ਤਰਾਂ ਛੱਡ ਕੇ ਤੁਰਦੇ ਬਣੇ। ਉਨ੍ਹਾਂ ਤੋਂ ਬੁੜ੍ਹਕ ਬੁੜ੍ਹਕ ਕੇ ਬੇਕਸੂਰ ਲੋਕ ਲੱਤਾਂ ਬਾਹਵਾਂ ਤੁੜਵਾਉਣਗੇ ਤੇ ਇਹਨਾਂ ਨੂੰ ਕੋਸਣਗੇ। ਮੈਂ ਕੈਨੇਡਾ-ਅਮਰੀਕਾ ਵਿੱਚ ਲੰਗਰ ਲੱਗਦੇ ਵੇਖੇ ਹਨ। ਪ੍ਰਬੰਧਕ ਲੰਗਰ ਖ਼ਤਮ ਹੋਣ ‘ਤੇ ਸੜਕਾਂ ਸਾਫ਼ ਕਰ ਕੇ ਤੇ ਪਹਿਲਾਂ ਵਰਗੀ ਚਮਕਾ ਕੇ ਫਿਰ ਘਰ ਜਾਂਦੇ ਹਨ।
ਜੋੜ ਮੇਲਿਆਂ, ਗੁਰਪੁਰਬਾਂ ਅਤੇ ਹੋਰ ਤਿੱਥ ਤਿਉਹਾਰਾਂ ‘ਤੇ ਲੰਗਰ ਲਗਾਉਣ ਲੱਗਿਆਂ ਕੁੱਝ ਨਿਯਮਾਂ ਦੀ ਪਾਲਣਾ ਵੀ ਕੀਤੀ ਜਾਣੀ ਲਾਜ਼ਮੀ ਹੈ। ਜਿੱਥੇ ਸਫ਼ਾਈ ਉੱਥੇ ਖ਼ੁਦਾਈ ਦੇ ਅਨੁਸਾਰ ਜ਼ਿੰਮੇਵਾਰੀ ਸਮਝ ਕੇ ਲੰਗਰ ਵਾਲੀ ਜਗ੍ਹਾ ਦੀ ਸਫ਼ਾਈ ਕਰ ਕੇ ਜਾਣਾ ਚਾਹੀਦਾ ਹੈ। ਗੰਦਗੀ ਫੈਲਾਉਣ ਨਾਲ ਲੰਗਰ ਲਾਉਣ ਦਾ ਪੁੰਨ ਤਾਂ ਕੀ ਮਿਲਣਾ, ਸਗੋਂ ਪਾਪ ਹੀ ਲੱਗਦਾ ਹੈ। ਸੜਕਾਂ ਦੀ ਬਜਾਏ ਗ਼ਰੀਬਾਂ ਦੀਆਂ ਬਸਤੀਆਂ ਵਿੱਚ ਜਾ ਕੇ ਲੰਗਰ ਲਗਾਏ ਜਾਣ ਤਾਂ ਜੋ ਉਹ ਲੋਕ ਵੀ ਪੌਸ਼ਟਿਕ ਭੋਜਨ ਦਾ ਅਨੰਦ ਮਾਣ ਸਕਣ। ਹੋ ਸਕੇ ਤਾਂ ਲੰਗਰਾਂ ਦੀ ਗਿਣਤੀ ਘੱਟ ਕਰ ਕੇ ਮਾਇਆ ਯਤੀਮਖ਼ਾਨਿਆਂ ਜਾਂ ਭਗਤ ਪੂਰਨ ਸਿੰਘ ਪਿੰਗਲਵਾੜਾ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਭੇਟ ਕਰ ਦਿੱਤੀ ਜਾਵੇ। ਲੋਕਾਂ ਨੂੰ ਘੇਰ ਕੇ ਧੱਕੇ ਨਾਲ ਲੰਗਰ ਨਾ ਛਕਾਇਆ ਜਾਵੇ। ਕੋਈ ਇਨਸਾਨ ਇੱਕ ਦਿਨ ‘ਚ ਵੀਹ ਵਾਰ ਖਾਣਾ ਨਹੀਂ ਖਾ ਸਕਦਾ। ਅੱਜ ਕੱਲ੍ਹ ਹਰ ਤੀਸਰਾ ਬੰਦਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ। ਅਜਿਹੇ ਲੋਕ ਧੱਕੇ ਨਾਲ ਦਿੱਤਾ ਹਲਵਾ-ਜਲੇਬੀਆਂ ਅੱਗੇ ਜਾ ਕੇ ਸੁੱਟ ਦਿੰਦੇ ਹਨ। ਇਹ ਸਿਰਫ਼ ਤੇ ਸਿਰਫ਼ ਭੋਜਨ ਦੀ ਬਰਬਾਦੀ ਹੈ। ਅੱਜ ਕੱਲ੍ਹ ਮੇਲਿਆਂ ਦੌਰਾਨ ਸੜਕ ‘ਤੇ ਲੱਗਾ ਲੰਗਰ ਵੇਖ ਕੇ ਖ਼ੁਸ਼ ਹੋਣ ਦੀ ਬਜਾਏ ਲੋਕ ਡਰ ਜਾਂਦੇ ਹਨ ਕਿ ਹੁਣ ਇਹ ਘੇਰਨਗੇ। ਹੋ ਸਕਦਾ ਕਈਆਂ ਨੂੰ ਇਹ ਗੱਲਾਂ ਪਸੰਦ ਨਾ ਆਉਣ, ਪਰ ਸੱਚਾਈ ਇਹੀ ਹੈ।