Ujagar Singh 171227 Mata_Gujri_and_Y_Sahibzade
ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦਾ ਜਗਤ ਪ੍ਰਸਿੱਧ ਚਿੱਤਰ ਬਣਾਉਣ ਵਾਲਾ ਕਲਾਕਾਰ ਗੋਬਿੰਦਰ ਸੋਹਲ ਸਿੱਖ ਵਿਰਾਸਤ ਨੂੰ ਪੇਂਟ ਕਰਕੇ ਰਹਿੰਦੀ ਦੁਨੀਆ ਤੱਕ ਸਿੱਖ ਜਗਤ ਦੇ ਦਿਲਾਂ ਤੇ ਰਾਜ ਕਰਨ ਦੇ ਯੋਗ ਬਣਾ ਰਿਹਾ ਹੈ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਨਵਾਂ ਧਰਮ ਹੈ, ਇਸਦੀ ਉਮਰ ਸਿਰਫ਼ 500 ਸਾਲ ਹੈ। ਇਸ ਲਈ ਆਧੁਨਿਕ ਸੰਸਾਰ ਦੇ ਲੋਕਾਂ ਦੇ ਹਿਤਾਂ ਉਪਰ ਪਹਿਰਾ ਦੇਣ ਵਾਲਾ ਧਰਮ ਕਿਹਾ ਜਾ ਸਕਦਾ ਹੈ। ਸਰਬਤ ਦੇ ਭਲੇ ਤੇ ਆਧਾਰਤ ਹੈ। ਇੱਕ ਕਿਸਮ ਨਾਲ ਕਲਿਆਣਕਾਰੀ ਰਾਜ ਦੀ ਪ੍ਰੋੜ੍ਹਤਾ ਕਰਦਾ ਹੈ। ਸਿੱਖ ਧਰਮ ਦੀ ਬੁਨਿਆਦ ਹੀ ਕੁਰਬਾਨੀਆਂ ਅਤੇ ਜੱਦੋ-ਜਹਿਦ ਤੇ ਆਧਾਰਤ ਹੈ। ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮਾਂ ਦੇ ਖ਼ਿਲਾਫ਼ ਆਵਾਜ਼ ਉਠਾਈ ਸੀ । ਉਨ੍ਹਾਂ ਨੇ ਬਾਬਰ ਬਾਣੀ ਲਿਖੀ। ਉਸਤੋਂ ਬਾਅਦ ਤਾਂ ਸਾਰਾ ਸਿੱਖ ਇਤਿਹਾਸ ਹੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਜਾ ਕੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਅਨਿਆਏ ਦੇ ਵਿਰੁੱਧ ਮਨੁੱਖਤਾ ਦੇ ਹਿਤਾਂ ਦੀ ਰਾਖੀ ਲਈ ਅਨੇਕਾਂ ਲੜਾਈਆਂ ਲੜੀਆਂ। ਪਹਿਲਾਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਏ, ਫਿਰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਸਰਹਿੰਦ ਵਿਚ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ। ਇਸ ਤੋਂ ਬਾਅਦ ਬਾਬਾ ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਮੁਗ਼ਲਾਂ ਨਾਲ ਲੜਾਈਆਂ ਲੜਦੇ ਰਹੇ। ਅਨੇਕਾਂ ਸਿੰਘ ਸ਼ਹੀਦ ਹੋਏ। ਦਸਮ ਪਾਤਸ਼ਾਹ ਵੀ ਸ਼ਹੀਦੀ ਪਾ ਗਏ। ਛੋਟਾ ਤੇ ਵੱਡਾ ਘੱਲੂਘਾਰਾ ਹੋਏ।
ਸਾਰਾ ਸਿੱਖ ਇਤਿਹਾਸ ਹੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਸ ਸਮੇਂ ਫ਼ੋਟੋਗਰਾਫੀ ਨਹੀਂ ਹੁੰਦੀ ਸੀ। ਇਸ ਕਰਕੇ ਕਲਾਕਾਰਾਂ ਨੇ ਸਿੱਖ ਧਰਮ ਦੀਆਂ ਸ਼ਹੀਦੀਆਂ, ਲੜਾਈਆਂ ਅਤੇ ਜੱਦੋ-ਜਹਿਦ ਨੂੰ ਆਪਣੀ ਅਕੀਦਤ ਅਤੇ ਸ਼ਰਧਾ ਅਨੁਸਾਰ ਸੁਣੀਆਂ ਸੁਣਾਈਆਂ ਗਾਥਾਵਾਂ ਤੇ ਆਧਾਰਤ ਪੇਂਟ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਕਲਾਕਾਰਾਂ ਨੇ ਸਿੱਖ ਧਰਮ ਦੀਆਂ ਘਟਨਾਵਾਂ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਆਪੋ ਆਪਣੀ ਲਿਆਕਤ, ਸੋਚ ਅਤੇ ਕਲਪਨਾ ਅਨੁਸਾਰ ਪੇਂਟ ਕੀਤੀਆਂ। ਜਿਨ੍ਹਾਂ ਵਿਚ ਸ਼ੋਭਾ ਸਿੰਘ, ਦਵਿੰਦਰ ਸਿੰਘ, ਜਰਨੈਲ ਸਿੰਘ, ਤ੍ਰਿਲੋਕ ਸਿੰਘ, ਕ੍ਰਿਪਾਲ ਸਿੰਘ, ਅਮਰਜੀਤ ਸਿੰਘ ਅਤੇ ਸੁਖਵੰਤ ਸਿੰਘ ਵਰਨਣਯੋਗ ਹਨ, ਭਾਵੇਂ ਇਨ੍ਹਾਂ ਕਲਾਕਾਰਾਂ ਵਿਚੋਂ ਕਿਸੇ ਨੇ ਵੀ ਗੁਰੂ ਸਾਹਿਬਾਨ ਨੂੰ ਨਹੀਂ ਵੇਖਿਆ ਪ੍ਰੰਤੂ ਹਰ ਇੱਕ ਨੇ ਆਪੋ ਆਪਣੀ ਕਲਪਨਾ ਦਾ ਸਹਾਰਾ ਲਿਆ। ਜਿਸ ਕਲਾਕਾਰ ਦੀ ਜਿਹੜੀ ਕਲਾਕ੍ਰਿਤ ਲੋਕਾਂ ਦੇ ਮਨਾਂ ਤੇ ਰਾਜ ਕਰਨ ਲਗ ਪਈ, ਉਹੀ ਕਲਾਕ੍ਰਿਤੀ ਸਮੁੱਚੇ ਸਮਾਜ ਵਿਚ ਹਰਮਨ ਪਿਆਰੀ ਹੋ ਗਈ। ਜਿਵੇਂ ਸ਼ੋਭਾ ਸਿੰਘ ਦੀਆਂ ਗੁਰੂ ਸਾਹਿਬਾਨ ਦੀਆਂ ਦੋ ਪੇਂਟਿੰਗਜ਼ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੋਕਾਂ ਨੇ ਸਭ ਤੋਂ ਵੱਧ ਪਸੰਦ ਕੀਤਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦਰਵੇਸ਼ ਅਤੇ ਭਗਤੀ ਵਿਚ ਲੀਨ ਵਿਖਾਇਆ ਗਿਆ ਹੈ ਜਿਸਤੋਂ ਅਧਿਆਤਮਕ ਰੌਸ਼ਨੀ ਆਉਂਦੀ ਵਿਖਾਈ ਦਿੰਦੀ ਹੈ ਜੋ ਉਨ੍ਹਾਂ ਦੀ ਮਹਾਨਤਾ ਦਾ ਪ੍ਰਗਟਾਵਾ ਕਰਦੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪੇਂਟਿੰਗ ਇੱਕ ਯੋਧੇ, ਬਹਾਦਰ, ਸ਼ਹਿਨਸ਼ਾਹ ਅਤੇ ਲੜਾਈ ਦੇ ਮੈਦਾਨ ਵਿਚ ਤੀਰ ਕਮਾਨ ਸਮੇਤ ਵਿਖਾਈ ਦਿੰਦੀ ਹੈ। ਇਸੇ ਤਰ੍ਹਾਂ ਗੋਬਿੰਦਰ ਸੋਹਲ ਦੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਬਣਾਈ ਤਸਵੀਰ ਲੋਕਾਂ ਦੇ ਮਨਾ ਉਪਰ ਰਾਜ ਕਰਨ ਲੱਗ ਗਈ ਕਿਉਂਕਿ ਤਸਵੀਰ ਵਿਚ ਦੋਵੇਂ ਸਾਹਿਬਜ਼ਾਦੇ ਅਣਭੋਲ, ਸ਼ਹਿਨਸ਼ਾਹ ਪ੍ਰੰਤੂ ਹੌਸਲੇ ਵਿਚ ਆਪਣੀ ਦਾਦੀ ਦੀ ਬੁੱਕਲ਼ ਵਿਚ ਸ਼ਾਂਤਚਿਤ ਸਬਰ ਸੰਤੋਖ ਨਾਲ ਖਲੋਤੇ ਵਿਖਾਏ ਗਏ ਹਨ। ਇਹ ਇੱਕ ਸਿੰਬਾਲਿਕ ਚਿੱਤਰ ਹੈ, ਜਿਹੜਾ ਬਿਨ ਬੋਲਿਆਂ ਹੀ ਬਹੁਤ ਕੁਝ ਕਹਿ ਦਿੰਦਾ ਹੈ। ਇਹੋ ਗੋਬਿੰਦਰ ਸੋਹਲ ਦੀ ਕਮਾਲ ਹੈ। ਭਾਵੇਂ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਚਿੱਤਰ ਬਣਾਏ ਹਨ ਪ੍ਰੰਤੂ ਗੋਬਿੰਦਰ ਸੋਹਲ ਅਤੇ ਸ਼ੋਭਾ ਸਿੰਘ ਵੱਲੋਂ ਬਣਾਏ ਗਏ ਚਿੱਤਰ ਸਰਬ ਪ੍ਰਵਾਨ ਹੋਏ ਹਨ, ਜਿਹੜੇ ਆਮ ਲੋਕਾਂ ਦੇ ਦਿਲਾਂ ਨੂੰ ਟੁੰਬਦੇ ਹਨ। ਪੰਜਾਬੀ ਵਿਰਾਸਤ ਅਤੇ ਇਸਦੇ ਇਤਿਹਾਸ ਨੂੰ ਚਿਤਰਣ ਵਾਲਾ ਸ਼ੋਖ਼ ਰੰਗਾਂ ਦਾ ਚਿਤੇਰਾ ਗੋਬਿੰਦਰ ਸੋਹਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ।

Ujagar Singh 171227 IMG_4263ਧਾਰਮਿਕ, ਇਤਿਹਾਸਕ, ਦੇਸ਼ ਭਗਤਾਂ, ਸੰਸਾਰ ਦੀਆਂ ਮਹੱਤਵਪੂਰਨ ਸ਼ਖ਼ਸੀਅਤਾਂ, ਧਾਰਮਿਕ ਅਤੇ ਇਤਿਹਾਸਕ ਘਟਨਾਵਾਂ ਅਤੇ ਖ਼ਾਸ ਤੌਰ ਤੇ ਸਿੱਖ ਸਭਿਆਚਾਰ ਨੂੰ ਆਪਣੇ ਬੁਰਛ ਦੀ ਛੁਹ ਨਾਲ ਜੀਵਤ ਰੂਪ ਵਿਚ ਪੇਂਟ ਕਰਕੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਗੋਬਿੰਦਰ ਸੋਹਲ ਕੋਮਲ ਕਲਾ ਦੇ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਿਚ ਸਫਲ ਹੋਏ ਹਨ। ਉਨ੍ਹਾਂ ਵੱਲੋਂ ਬਣਾਇਆ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਚਿੱਤਰ ਉਸਦੀ ਕਲਾ ਦੀ ਪਛਾਣ ਬਣ ਚੁਕਿਆ ਹੈ, ਹਰ ਅਖ਼ਬਾਰ ਅਤੇ ਰਸਾਲਾ ਉਹੀ ਤਸਵੀਰ ਲਗਾਉਂਦਾ ਹੈ। ਗੋਬਿੰਦਰ ਸੋਹਲ ਦੀ ਕਲਾਤਮਿਕ ਪ੍ਰਵੀਨਤਾ ਇਸ ਵਿਚ ਹੈ ਕਿ ਉਹ ਪੋਰਟਰੇਟ ਵਿਚ ਜਾਨ ਪਾ ਦਿੰਦਾ ਹੈ ਕਿਉਂਕਿ ਉਹ ਹਮੇਸ਼ਾ ਉਚ ਕੁਆਲਿਟੀ ਦੇ ਅੰਗਰੇਜ਼ੀ ਕਲਰ ਹੀ ਵਰਤਦਾ ਹੈ। ਉਸਦੇ ਬਣਾਏ ਕੁਝ ਚਿੱਤਰ ਸੰਸਾਰ ਵਿਚ ਪ੍ਰਸਿੱਧ ਹੋਏ ਜਿਨ੍ਹਾਂ ਵਿਚ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨਾਲ, ਭਗਤ ਸਿੰਘ, ਊਧਮ ਸਿੰਘ, ਭਾਈ ਕਨ੍ਹਈਆ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਊਧਮ ਸਿੰਘ ਦੀ ਪਗੜੀ ਵਾਲੀ ਫ਼ੋਟੋ ਜਿਹੜੀ ਕੈਕਸਟਨ ਹਾਲ ਵਿਚ ਲੱਗੀ ਹੋਈ ਹੈ, ਉਸ ਤੇ ਆਧਾਰਤ ਉਸ ਦੁਆਰਾ ਬਣਾਇਆ ਗਿਆ ਚਿੱਤਰ ਕਾਬਲੇ ਤਾਰੀਫ਼ ਹੈ। ਸ਼ੁਰੂ ਵਿਚ ਉਹ ਗੁਰੂਆਂ ਦੀਆਂ ਤਸਵੀਰਾਂ ਦੀ ਨਕਲ ਕਰਕੇ ਪੇਂਟ ਕਰਦਾ ਰਿਹਾ। ਫਿਰ ਉਸਨੂੰ 1976 ਵਿਚ ਸ੍ਰ. ਸੋਭਾ ਸਿੰਘ ਨੂੰ ਮਿਲਣ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਉਸਨੂੰ ਆਪਣੀਆਂ ਉਰਿਜਨਲ ਪੇਂਟਿੰਗ ਕਰਨ ਲਈ ਪ੍ਰੇਰਿਆ। ਫਿਰ ਉਸਨੇ ਸੋਭਾ ਸਿੰਘ ਨੂੰ ਆਪਣਾ ਰੋਲ ਮਾਡਲ ਬਣਾ ਲਿਆ। ਸਭ ਤੋਂ ਪਹਿਲਾ ਚਿੱਤਰ ਸੋਹਲ ਨੇ ਸ੍ਰ.ਸੋਭਾ ਸਿੰਘ ਦਾ ਹੀ ਬਣਾਇਆ। ਉਨ੍ਹਾਂ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੋਹਲ ਨੇ ਮਹੱਤਵਪੂਰਨ ਅਤੇ ਮਹਾਨ ਵਿਅਕਤੀਆਂ ਦੇ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ।
ਉਸਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਉਸਨੇ ਨਾਰਵੇ ਦੇ ਗੁਰੂ ਨਾਨਕ ਦਰਬਾਰ, ਕੈਨੇਡਾ ਓਨਟਾਰੀਓ ਦੇ ਖਾਲਸਾ ਦਰਬਾਰ ਅਤੇ ਭਾਰਤ ਵਿਚ ਖਡੂਰ ਸਾਹਿਬ, ਸਭਰਾਵਾਂ ਅਤੇ ਗਵਾਲੀਅਰ ਵਿਖੇ ਕਈ ਗੁਰੂ ਘਰਾਂ ਵਿਚ ਉਥੇ ਜਾ ਕੇ ਚਿੱਤਰ ਪੇਂਟ ਕਰਕੇ ਅਜਾਇਬ ਘਰ ਬਣਾਏ ਹਨ। ਉਸਦਾ ਚਿੱਤਰ ਬਣਾਉਣ ਦਾ ਖੇਤਰ ਵੱਖਰਾ ਹੀ ਹੈ,। ਉਸ ਦੇ ਬਣਾਏ ਚਿੱਤਰ ਜਿਨ੍ਹਾਂ ਨੇ ਸੋਹਲ ਦੀ ਪ੍ਰਸਿੱਧੀ ਨੂੰ ਚਾਰ ਚੰਨ ਲਾਏ। ਉਸਨੇ ਦੇਸ਼ ਦੇ ਸ਼ਹੀਦਾਂ, ਉਲੰਪੀਅਨ ਖਿਡਾਰੀਆਂ, ਲਿਖਾਰੀਆਂ, ਕਵੀਆਂ, ਗਾਇਕਾਂ ਅਤੇ ਸਿੱਖ ਇਤਿਹਾਸ ਵਿਚੋਂ ਬਹੁਤ ਸਾਰੇ ਚਿੱਤਰ ਬਣਾਏ। ਵਿਦਿਆਰਥੀਆਂ ਵਿਚ ਆਪਣੇ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਉਸ ਵੱਲੋਂ ਬਣਾਏ ਗਏ ਚਿੱਤਰ ਵੱਖ-ਵੱਖ ਵਿਦਿਅਕ ਅਦਾਰਿਆਂ ਵਿਚ ਲਗਾਏ ਗਏ ਹਨ ਤਾਂ ਜੋ ਬੱਚੇ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਉਸਦਾ ਬਣਾਇਆ ਪੋਰਟਰੇਟ ਜਿਉਂਦਾ ਜਾਗਦਾ ਲੱਗਦਾ ਹੈ। ਉਸਨੂੰ ਸਕੂਲ ਸਮੇਂ ਵਿਚ ਹੀ ਪੇਂਟਿੰਗ ਕਰਨ ਦੀ ਰੁਚੀ ਪੈਦਾ ਹੋ ਗਈ ਸੀ। ਪੜ੍ਹਾਈ ਦੇ ਬਾਕੀ ਵਿਸ਼ਿਆਂ ਵਿਚ ਉਸਨੂੰ ਬਿਲਕੁਲ ਹੀ ਲਗਾਓ ਨਹੀਂ ਸੀ।
ਉਸਦੀ ਜ਼ਿੰਦਗੀ ਵਿਚ ਇੱਕ ਘਟਨਾ ਨੇ ਅਜੀਬ ਮੋੜ ਲੈ ਆਉਂਦਾ, ਜਦੋਂ ਉਹ ਚੌਥੀ ਜਮਾਤ ਵਿਚ ਪੜ੍ਹ ਰਿਹਾ ਸੀ ਤਾਂ ਹਿਸਾਬ ਦੇ ਪੀਰੀਅਡ ਵਿਚ ਉਹ ਬੈਠਾ ਚਿੱਤਰ ਬਣਾ ਰਿਹਾ ਸੀ। ਅਧਿਆਪਕ ਨੇ ਉਸਨੂੰ ਮੁੱਖ ਅਧਿਆਪਕ ਕੋਲ ਲਿਜਾ ਕੇ ਸ਼ਿਕਾਇਤ ਲਗਾਈ ਕਿ ਉਹ ਪੜ੍ਹਨ ਵਿਚ ਦਿਲਚਸਪੀ ਨਹੀਂ ਲੈਂਦਾ ਸਗੋਂ ਤਸਵੀਰਾਂ ਬਣਾਉਂਦਾ ਰਹਿੰਦਾ ਹੈ। ਪ੍ਰੰਤੂ ਜਦੋਂ ਮੁੱਖ ਅਧਿਆਪਕ ਨੇ ਉਸਦਾ ਬਣਾਇਆ ਚਿੱਤਰ ਵੇਖਿਆ ਤਾਂ ਉਸਨੂੰ ਸਜਾ ਦੇਣ ਦੀ ਥਾਂ ਸ਼ਾਬਾਸ਼ ਦਿੰਦਿਆਂ ਉਸਨੂੰ ਇਨਾਮ ਵੀ ਦਿੱਤਾ, ਜਿਸ ਤੋਂ ਬਾਅਦ ਉਸਨੂੰ ਚਿੱਤਰ ਕਲਾ ਲਈ ਉਤਸ਼ਾਹ ਮਿਲਿਆ। ਛੇਵੀਂ ਕਲਾਸ ਵਿਚ ਡਰਾਇੰਗ ਦਾ ਵਿਸ਼ਾ ਲੈ ਕੇ ਉਸਨੇ ਪੇਂਟਿੰਗ ਨੂੰ ਆਪਣਾ ਚਹੇਤਾ ਵਿਸ਼ਾ ਬਣਾ ਲਿਆ। ਹੁਣ ਉਸਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਮਿਲ ਗਿਆ ਅਤੇ ਉਹ ਰੰਗਾਂ ਨਾਲ ਖੇਡਣ ਲੱਗ ਗਿਆ।
ਉਸਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਚ ਮਾਤਾ ਦਲੀਪ ਕੌਰ ਅਤੇ ਪਿਤਾ ਬਾਬੂ ਸਿੰਘ ਸੋਹਲ ਦੇ ਘਰ ਹੋਇਆ। ਕੋਮਲ ਕਲਾ ਅਤੇ ਚਿੱਤਰਕਲਾ ਦਾ ਸ਼ੌਕ ਗੋਬਿੰਦਰ ਸੋਹਲ ਨੂੰ ਆਪਣੇ ਪਰਿਵਾਰ ਦੀ ਵਿਰਾਸਤ ਵਿਚੋਂ ਹੀ ਗੁੜ੍ਹਤੀ ਦੇ ਨਾਲ ਹੀ ਮਿਲ ਗਿਆ ਸੀ ਕਿਉਂਕਿ ਪਰਿਵਾਰ ਦੀਆਂ ਇਸਤਰੀਆਂ ਘਰ ਵਿਚ ਹੀ ਦਰੀਆਂ ਅਤੇ ਖੇਸ ਬੁਣਦੀਆਂ ਅਤੇ ਫੁਲਕਾਰੀਆਂ ਅਤੇ ਬਾਗ਼ ਦੀ ਕਢਾਈ ਕਰਦੀਆਂ, ਮੰਜੇ ਬੁਣਦੀਆਂ ਰਹਿੰਦੀਆਂ ਸਨ, ਜਿਨ੍ਹਾਂ ਵਿਚ ਮੋਰ, ਮੁਰਗ਼ੀਆਂ ਅਤੇ ਹਿਰਨ ਬਣਾਉਂਦੀਆਂ ਰਹਿੰਦੀਆਂ ਸਨ। ਉਸਦਾ ਦਾਦਾ ਲੱਕੜ ਦਾ ਕੰਮ ਕਰਦਾ ਸੀ ਅਤੇ ਖ਼ੂਬਸੂਰਤ ਚਰਖੇ ਪਿੱਤਲ ਦੇ ਕੋਕਿਆਂ ਵਾਲੇ ਗੱਡੇ ਵੀ ਬਣਾਉਂਦਾ ਸੀ। ਘਰ ਦਾ ਮਾਹੌਲ ਹੀ ਕਲਾਕਾਰੀ ਦਾ ਸੀ ਜਿਸਨੇ ਗੋਬਿੰਦਰ ਸੋਹਲ ਦੇ ਅੱਲ੍ਹੜ ਮਨ ਤੇ ਚਿੱਤਰਕਾਰੀ ਕਰਨ ਦਾ ਪ੍ਰਭਾਵ ਪਾਇਆ। ਸਕੂਲ ਵਿਚ ਬੈਠਾ ਵੀ ਉਹ ਚਿੱਤਰ ਬਣਾਉਂਦਾ ਰਹਿੰਦਾ ਸੀ। ਉਸਦੀ ਚਿੱਤਰਕਲਾ ਵਿਚ ਨਿਖਾਰ ਦਾ ਕਾਰਨ ਉਸਦਾ ਕਈ ਖੇਤਰਾਂ ਵਿਚ ਪੜ੍ਹਾਈ ਕਰਨਾ ਵੀ ਹੈ। ਗੋਬਿੰਦਰ ਸੋਹਲ ਨੇ ਫਾਈਨ ਆਰਟਸ ਵਿਚ ਡਿਪਲੋਮਾ ਨਾਰਵੇ ਤੋਂ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਪਰਸਨਲ ਮੈਨੇਜਮੈਂਟ ਅਤੇ ਇੰਡਸਟ੍ਰੀਅਲ ਟਰੇਨਿੰਗ ਦਾ ਡਿਪਲੋਮਾ ਪਾਸ ਕੀਤਾ ਹੈ। ਉਹ ਫੁੱਟਬਾਲ ਅਤੇ ਅਥਲੈਟਿਕਸ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਰਿਹਾ ਹੈ।
ਹਰ ਕਲਾਕਾਰ ਆਪਣੀ ਮਾਨਸਿਕ ਤ੍ਰਿਪਤੀ ਅਤੇ ਆਪਣੀ ਰੋਜ਼ੀ ਰੋਟੀ ਦੇ ਮਕਸਦ ਨਾਲ ਚਿੱਤਰ ਬਣਾਉਂਦਾ ਹੈ ਪ੍ਰੰਤੂ ਕੁਝ ਕਲਾਕਾਰ ਅਜਿਹੇ ਹੁੰਦੇ ਹਨ ਜਿਹੜੇ ਆਪਣੀ ਵਿਰਾਸਤ ਨੂੰ ਚਿਤਰਕੇ ਸਦਾ ਲਈ ਲੋਕਾਂ ਦੇ ਮਨਾਂ ਤੇ ਰਾਜ ਕਰਨ ਲਗਦੇ ਹਨ। ਗੋਬਿੰਦਰ ਸੋਹਲ ਵੀ ਉਨ੍ਹਾਂ ਕਲਾਕਾਰਾਂ ਵਿਚੋਂ ਹੈ ਪ੍ਰੰਤੂ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਉਸਦੇ ਸਿੱਖ ਧਰਮ ਬਾਰੇ ਬਣਾਏ ਗਏ ਚਿਤਰਾਂ ਦੀ ਨਾਂ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾ ਹੀ ਪੰਜਾਬ ਸਰਕਾਰ ਨੇ ਕਦਰ ਪਾਈ ਹੈ ਪ੍ਰੰਤੂ ਕੁਝ ਹੋਰ ਕਲਾ ਦੇ ਖੇਤਰ ਦੀਆਂ 20 ਸੰਸਥਾਵਾਂ ਨੇ ਮਾਣ ਸਨਮਾਨ ਦੇ ਕੇ ਸਤਿਕਾਰਿਆ ਹੈ।

ਉਜਾਗਰ ਸਿੰਘ

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
+91 94178 13072