IMG_7417
ਅਜੋਕੇ ਪਦਾਰਥਵਾਦੀ ਅਤੇ ਆਧੁਨਿਕਤਾ ਦੇ ਯੁੱਗ ਦੇ ਅਸਰ ਨਾਲ ਮਨੁੱਖੀ ਕਦਰਾਂ ਕੀਮਤਾਂ ਵਿਚ ਗਿਰਾਵਟ ਆ ਗਈ ਹੈ। ਇਨਸਾਨ ਵਿਚੋਂ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ। ਭਾਵੇਂ ਇਨਸਾਨ ਕੋਈ ਵੀ ਕੰਮ ਕਰ ਰਿਹਾ ਹੈ, ਉਹ ਉਸ ਵਿਚੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਲਾਲਚ ਪ੍ਰਧਾਨ ਹੋ ਰਿਹਾ ਹੈ। ਹਰ ਕੰਮ ਨੂੰ ਵਪਾਰ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ। ਖ਼ਾਸ ਤੌਰ ਤੇ ਮੈਡੀਕਲ ਪ੍ਰੋਫ਼ੈਸ਼ਨ ਵਿਚ ਨਿਘਾਰ ਆ ਗਿਆ ਹੈ। ਇਸ ਪ੍ਰੋਫ਼ੈਸ਼ਨ ਨੂੰ ਵੱਡੇ ਵਪਾਰਕ ਅਦਾਰਿਆਂ ਨੇ ਆਪਣੇ ਹੱਥਾਂ ਵਿਚ ਲੈ ਕੇ ਵਪਾਰ ਬਣਾ ਲਿਆ ਹੈ। ਇਸ ਲਈ ਗ਼ਰੀਬ ਲੋਕਾਂ ਲਈ ਇਲਾਜ ਕਰਾਉਣਾ ਅਸੰਭਵ ਹੋ ਗਿਆ ਹੈ। ਇਸ ਸੰਸਾਰ ਵਿਚ ਅਨੇਕਾਂ ਪ੍ਰਾਣੀ ਆਉਂਦੇ ਹਨ ਅਤੇ ਆਪਣੀ ਜ਼ਿੰਦਗੀ ਬਸਰ ਕਰਕੇ ਚਲਦੇ ਬਣਦੇ ਹਨ ਪ੍ਰੰਤੂ ਕੁੱਝ ਇਨਸਾਨ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਜੀਵਨ ਰਹਿੰਦੀ ਦੁਨੀਆਂ ਤੱਕ ਚਾਨਣ ਮੁਨਾਰਾ ਬਣਿਆਂ ਰਹਿੰਦਾ ਹੈ। ਇਨ੍ਹਾਂ ਵਿਚੋਂ ਵਿਸ਼ਵ ਪ੍ਰਸਿੱਧ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ.ਦਲਜੀਤ ਸਿੰਘ ਇੱਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਇਨਸਾਨੀਅਤ ਦੀ ਭਲਾਈ ਦੇ ਲੇਖੇ ਲਾ ਦਿੱਤਾ। ਡਾ.ਦਲਜੀਤ ਸਿੰਘ ਇਨਸਾਨੀ ਰੂਪ ਵਿਚ ਅੱਜ ਕੱਲ੍ਹ ਦੇ ਪਦਾਰਥਵਾਦੀ ਯੁੱਗ ਵਿਚ ਫ਼ਰਿਸ਼ਤੇ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸਨ। ਇੱਕ ਧਾਰਮਿਕ ਪਰਿਵਾਰ ਵਿਚ ਜਨਮ ਲੈ ਕੇ ਸਿੱਖ ਧਰਮ ਦੀ ਵਿਚਾਰਧਾਰਾ ਸਰਬੱਤ ਦਾ ਭਲਾ ਤੇ ਪਹਿਰਾ ਦੇਣ ਦੀ ਪ੍ਰਵਿਰਤੀ ਉਨ੍ਹਾਂ ਨੂੰ ਵਿਰਸੇ ਵਿਚੋਂ ਹੀ ਮਿਲ ਗਈ ਸੀ, ਜਿਸ ਨੂੰ ਡਾ.ਦਲਜੀਤ ਸਿੰਘ ਨੇ ਸਹੀ ਅਰਥਾਂ ਵਿਚ ਪ੍ਰਵਾਨ ਕਰਦਿਆਂ ਅਮਲੀ ਰੂਪ ਦਿੱਤਾ। ਕਹਿਣੀ ਅਤੇ ਕਰਨੀ ਦੇ ਮਾਲਕ ਸਨ। ਸੱਚੇ-ਸੁੱਚੇ ਇਨਸਾਨ, ਪਵਿੱਤਰ ਵਿਚਾਰਾਂ ਵਾਲੇ, ਗ਼ਰੀਬਾਂ ਦੇ ਮੁੱਦਈ ਅਤੇ ਹਮਦਰਦ ਸਨ। ਇਨਸਾਨੀਅਤ ਉਨ੍ਹਾਂ ਵਿਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਡਾਕਟਰ ਦਲਜੀਤ ਸਿੰਘ ਸਪਸ਼ਟ ਮੂੰਹ ਤੇ ਕਹਿਣ ਵਾਲੇ ਅਪਰਾਈਟ ਵਿਅਕਤੀ ਸਨ।
ਕੋਈ ਗੱਲ ਦਿਲ ਵਿਚ ਨਹੀਂ ਰੱਖਦੇ ਸਨ ਸਗੋਂ ਸਾਫ਼ਗੋਈ ਨਾਲ ਕਹਿ ਦਿੰਦੇ ਸਨ, ਭਾਵੇਂ ਕੋਈ ਕਿਤਨਾ ਹੀ ਵੱਡਾ ਵਿਅਕਤੀ ਕਿਉਂ ਨਾ ਹੋਏ। ਉਨ੍ਹਾਂ ਲਈ ਗ਼ਰੀਬ ਅਤੇ ਅਮੀਰ ਬਰਾਬਰ ਹੀ ਸਨ, ਸਗੋਂ ਗ਼ਰੀਬ ਮਰੀਜ਼ਾਂ ਨੂੰ ਪ੍ਰਮੁੱਖਤਾ ਦਿੰਦੇ ਸਨ। ਨਿਮਰਤਾ ਐਨੀ ਸੀ ਕਿ ਕਿਸੇ ਮਰੀਜ਼ ਨੂੰ ਨਾਰਾਜ਼ ਨਹੀਂ ਹੋਣ ਦਿੰਦੇ ਸਨ। ਮਰੀਜ਼ਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਡਾਕਟਰ ਸਨ। ਉਹ ਇਲਾਜ ਭਾਵੇਂ ਅੱਖਾਂ ਦਾ ਕਰਦੇ ਸਨ ਪ੍ਰੰਤੂ ਮਰੀਜ਼ਾਂ ਦੇ ਦਿਲਾਂ ਤੇ ਰਾਜ ਕਰਦੇ ਸਨ। ਉਹ ਹਰ ਇਨਸਾਨ ਵਲ ਰਹਿਮ-ਦਿਲੀ ਅਤੇ ਨਿਮਰਤਾ ਨਾਲ ਵੇਖਦੇ ਹੀ ਨਹੀਂ ਸਨ ਸਗੋਂ ਲੋੜਵੰਦ ਗ਼ਰੀਬਾਂ ਦੀਆਂ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕਰਕੇ ਉਨ੍ਹਾਂ ਦੀਆਂ ਅੱਖਾਂ ਅਤੇ ਦਿਲਾਂ ਵਿਚ ਮਹਾਨਤਾ ਦੀ ਰੌਸ਼ਨੀ ਪ੍ਰਜਵਲਿਤ ਕਰ ਦਿੰਦੇ ਸਨ। ਮਾਨਵਤਾ ਦੀ ਸੇਵਾ ਕਰਕੇ ਉਨ੍ਹਾਂ ਨੂੰ ਸੰਤੁਸ਼ਟਤਾ ਮਿਲਦੀ ਸੀ, ਇਸ ਲਈ ਡਾਕਟਰੀ ਪ੍ਰੋਫੈਸ਼ਨ ਉਨ੍ਹਾਂ ਨੂੰ ਮਾਰਗ ਦਰਸ਼ਕ ਦੇ ਤੌਰ ਤੇ ਯਾਦ ਕਰਦਾ ਰਹੇਗਾ। ਉਨ੍ਹਾਂ ਡਾਕਟਰੀ ਇਲਾਜ ਨੂੰ ਵਪਾਰ ਨਹੀਂ ਬਣਨ ਦਿੱਤਾ।
ਉਨ੍ਹਾਂ ਦਾ ਜਨਮ ਸਿੱਖ ਧਰਮ ਦੇ ਵਿਆਖਿਆਕਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟੀਕਾਕਾਰ ਡਾ.ਸਾਹਿਬ ਸਿੰਘ ਦੇ ਘਰ 11 ਅਕਤੂਬਰ 1934 ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਦੇ 5 ਭਰਾ ਅਤੇ ਇੱਕ ਭੈਣ ਸੀ ਜੋ ਪ੍ਰੋਫੈਸਰ ਪ੍ਰੀਤਮ ਸਿੰਘ ਨੂੰ ਵਿਆਹੀ ਹੋਈ ਸੀ। ਆਪਦਾ ਭਾਣਜਾ ਜੈਰੂਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਉਪ ਕੁਲਪਤੀ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦਾ ਕੁਲਪਤੀ ਰਿਹਾ ਹੈ। ਭਾਣਜੀ ਡਾਕਟਰ ਹਰਸ਼ਿੰਦਰ ਕੌਰ ਪ੍ਰਸਿੱਧ ਸਮਾਜ ਸੇਵਕ ਅਤੇ ਭਰੂਣ ਹੱਤਿਆਵਾਂ ਦੇ ਵਿਰੁੱਧ ਲਹਿਰ ਪੈਦਾ ਕਰਨ ਵਾਲੀ ਸ਼ਖ਼ਸੀਅਤ ਹੈ। ਮੁੱਢਲੀ ਸਿੱਖਿਆ ਤੋਂ ਬਾਅਦ ਉਨ੍ਹਾਂ ਪ੍ਰੀ.ਮੈਡੀਕਲ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਪਾਸ ਕਰਕੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਐਮ.ਬੀ.ਬੀ.ਐਸ.ਦੀ ਡਿਗਰੀ ਲਈ ਦਾਖ਼ਲਾ ਲੈ ਲਿਆ। 1956 ਵਿਚ ਐਮ.ਐਮ.ਬੀ.ਬੀ.ਐਸ. ਕਰਨ ਤੋਂ ਬਾਅਦ ਦਿਹਾਤੀ ਖੇਤਰ ਵਿਚ ਨੌਕਰੀ ਸ਼ੁਰੂ ਕੀਤੀ ਅਤੇ ਪਿੰਡਾਂ ਦੇ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਰਹੇ। ਫਿਰ ਉਨ੍ਹਾਂ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਚੋਂ ਹੀ ਅਪਥਾਮੋਲੋਜੀ ਅਰਥਾਤ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਦੀ ਮਾਸਟਰ ਡਿਗਰੀ 1963 ਵਿਚ ਪਾਸ ਕੀਤੀ। ਮਈ 1964 ਵਿਚ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਅੱਖਾਂ ਦੇ ਵਿਭਾਗ ਵਿਚ ਸੀਨੀਅਰ ਲੈਕਚਰਾਰ ਦੀ ਨੌਕਰੀ ਜੁਆਇਨ ਕਰ ਲਈ।
ਉਨ੍ਹਾਂ 23 ਸਾਲ ਪਟਿਆਲਾ ਅਤੇ ਅੰਮ੍ਰਿਤਸਰ ਮੈਡੀਕਲ ਕਾਲਜਾਂ ਵਿਚ ਨੌਕਰੀ ਕਰਨ ਤੋਂ ਬਾਅਦ ਅੰਮ੍ਰਿਤਸਰ ਵਿਖੇ ਹੀ ਡਾਕਟਰ ਦਲਜੀਤ ਸਿੰਘ ਅੱਖਾਂ ਦਾ ਹਸਪਤਾਲ ਖੋਲ੍ਹ ਲਿਆ। ਡਾਕਟਰ ਦਲਜੀਤ ਸਿੰਘ ਪਟਿਆਲਾ ਅਤੇ ਅੰਮ੍ਰਿਤਸਰ ਮੈਡੀਕਲ ਕਾਲਜਾਂ ਦੇ ਪ੍ਰੋਫ਼ੈਸਰ ਆਫ਼ ਅਮੈਰਿਟਸ ਵੀ ਰਹੇ। ਡਾਕਟਰੀ ਕਿਤੇ ਨਾਲ ਸੰਬੰਧਿਤ ਉਨ੍ਹਾਂ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਵਿਚ ਹਿੱਸਾ ਲਿਆ ਅਤੇ ਆਪਣੀ ਧਾਕ ਜਮਾਈ। ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਸੰਬੰਧੀ ਉਨ੍ਹਾਂ ਦੀਆਂ ਖੋਜਾਂ ਸਰਬ ਪ੍ਰਮਾਣਿਤ ਹੋਈਆਂ ਹਨ। ਅਜੇ ਉਹ ਇਨ੍ਹਾਂ ਖੋਜਾਂ ਨੂੰ ਹੋਰ ਵਿਕਸਤ ਕਰਨ ਦੀ ਅਗੇਤਰੀ ਖੋਜ ਕਰ ਰਹੇ ਸਨ ਪ੍ਰੰਤੂ ਉਨ੍ਹਾਂ ਦਾ ਇਹ ਸਪਨਾ ਅਧੂਰਾ ਹੀ ਰਹਿ ਗਿਆ। ਲਗਭਗ 32 ਸਾਲ ਉਹ ਆਪਣੇ ਹਸਪਤਾਲ ਵਿਚ ਵੀਰਵਾਰ ਵਾਲੇ ਦਿਨ ਗ਼ਰੀਬ ਲੋਕਾਂ ਦੀਆਂ ਅੱਖਾਂ ਦਾ ਮੁਫ਼ਤ ਨਿਰੀਖਣ ਅਤੇ ਇਲਾਜ ਕਰਦੇ ਰਹੇ। ਭਾਰਤ ਵਿਚ ਪਹਿਲੀ ਵਾਰ ਅੱਖਾਂ ਦੇ ਲੈਨਜ਼ ਬਦਲਣ ਦੇ ਅਪ੍ਰੇਸ਼ਨ ਕਰਨ ਦਾ ਮਾਣ ਡਾਕਟਰ ਦਲਜੀਤ ਸਿੰਘ ਨੂੰ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਲੱਖਾਂ ਲੋਕਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕਰਕੇ ਅੱਖਾਂ ਦੀ ਰੌਸ਼ਨੀ ਦਿੱਤੀ। ਉਹ ਅਜਿਹੇ ਵੀ ਪਹਿਲੇ ਸਰਜਨ ਹਨ, ਜਿਨ੍ਹਾਂ ਭਾਰਤ ਵਿਚ ਲੈਨਜ਼ ਖ਼ੁਦ ਬਣਾਉਣੇ ਸ਼ੁਰੂ ਕੀਤੇ ਅਤੇ ਬਾਅਦ ਵਿਚ ਰੋਟਰੀ ਕਲੱਬ ਦੇ ਸਹਿਯੋਗ ਨਾਲ ਲੈਨਜ਼ ਬਣਾਉਣ ਵਾਲੀ ਮਸ਼ੀਨ ਅਮਰੀਕਾ ਤੋਂ ਖ਼ਰੀਦ ਕੇ ਲਿਆਂਦੀ ਕਿਉਂਕਿ ਬਾਹਰਲੇ ਦੇਸ਼ਾਂ ਵਿਚੋਂ ਲਿਆ ਕੇ ਲੈਨਜ਼ ਪਾਉਣੇ ਮਹਿੰਗੇ ਪੈਂਦੇ ਸਨ, ਜਿਨ੍ਹਾਂ ਦਾ ਖ਼ਰਚਾ ਗ਼ਰੀਬ ਲੋਕ ਕਰ ਨਹੀਂ ਸਕਦੇ ਸਨ।
ਕਹਿਣ ਤੋਂ ਭਾਵ ਅੱਖਾਂ ਦੀਆਂ ਬਿਮਾਰੀਆਂ ਦਾ ਸਭ ਤੋਂ ਸਸਤਾ ਇਲਾਜ ਭਾਰਤ ਵਿਚ ਦੇਣ ਦਾ ਮਾਣ ਵੀ ਡਾਕਟਰ ਦਲਜੀਤ ਸਿੰਘ ਨੂੰ ਹੀ ਜਾਂਦਾ ਹੈ। ਅੱਖਾਂ ਦੇ ਪਰਦੇ ਦਾ ਅਪ੍ਰੇਸ਼ਨ ਅਤੇ ਇਲਾਜ ਨਾਰਥ ਇੰਡੀਆ ਵਿਚ ਕਰਨ ਵਾਲੇ ਵੀ ਆਪ ਪਹਿਲੇ ਡਾਕਟਰ ਸਨ। ਭਾਰਤ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਨੂੰ ਆਪ ਨੇ ਲੈਨਜ਼ ਬਦਲਣ ਦੀ ਸਿੱਖਿਆ ਦਿੱਤੀ। ਇਸ ਕਰਕੇ ਆਪ ਨੂੰ ਮੈਡੀਕਲ ਜਗਤ ਦਾ ਭੀਸ਼ਮ ਪਿਤਾਮਾ ਕਿਹਾ ਜਾਂਦਾ ਹੈ। ਆਪ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ ਆਪ ਨੂੰ 1987 ਵਿਚ ਪਦਮ ਸ਼੍ਰੀ ਦਾ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ ਸੀ। ਮੈਡੀਕਲ ਕੌਂਸਲ ਆਫ਼ ਇੰਡੀਆ ਨੇ ਵੀ ਆਪ ਦੇ ਯੋਗਦਾਨ ਨੂੰ ਮੁੱਖ ਰੱਖਦਿਆਂ ਮੈਡੀਕਲ ਖੇਤਰ ਦਾ ਸਰਬ-ਉੱਚ ਡਾ.ਬੀ.ਸੀ.ਰਾਏ ਅਵਾਰਡ 1994 ਵਿਚ ਦੇ ਕੇ ਨਿਵਾਜਿਆ ਸੀ। ਸਮੁੱਚੇ ਭਾਰਤ ਵਿਚ ਅੱਖਾਂ ਦੇ ਸਫ਼ਲ ਸਰਜਨ ਗਿਣੇ ਜਾਂਦੇ ਹਨ। ਆਪ ਗਿਆਨੀ ਜ਼ੈਲ ਸਿੰਘ ਭਾਰਤ ਦੇ ਰਾਸ਼ਟਰਪਤੀ ਦੇ ਅੱਖਾਂ ਦੇ ਆਨਰੇਰੀ ਸਰਜਨ ਸਨ। ਇੱਕ ਨਿਰਵਿਵਾਦ ਸਮਾਜ ਸੇਵਕ ਅਤੇ ਮਾਨਵਤਾ ਦੇ ਪੁਜਾਰੀ ਦੇ ਤੌਰ ਤੇ ਜਾਣੇ ਜਾਂਦੇ ਹਨ।
ਡਾਕਟਰ ਦਲਜੀਤ ਸਿੰਘ ਸਰਬਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਸਾਹਿੱਤਿਕ ਅਤੇ ਮੈਡੀਕਲ ਖੇਤਰ ਵਿਚ ਵੀ ਆਪਦਾ ਯੋਗਦਾਨ ਮਹੱਤਵਪੂਰਨ ਹੈ। ਆਪ ਨੇ ਪੰਜਾਬੀ ਸਾਹਿੱਤ ਦੀ ਝੋਲੀ ਲਗਭਗ ਇੱਕ ਦਰਜਨ ਪੁਸਤਕਾਂ ਲਿਖ ਕੇ ਪਾਈਆਂ ਹਨ, ਜਿਨ੍ਹਾਂ ਵਿਚ ਦੋ ਕਾਵਿ ਸੰਗ੍ਰਹਿ ‘ਧਰਤੀ ਤਿਰਹਾਈ’ ਅਤੇ ‘ਸਿਧਰੇ ਬੋਲ ਤੇ ਬਾਵਰੇ ਬੋਲ’, ਵਾਰਤਕ ਦੀਆਂ 4 ਦੂਜਾ ਪਾਸਾ, ਸੱਚ ਦੀ ਭਾਲ ਵਿਚ, ਬਦੀ ਦੀ ਜੜ੍ਹ ਅਤੇ ਨਰੋਈ ਅੱਖ ਅਤੇ ੩ ਅਨੁਵਾਦ ਦੀਆਂ ਨਿੱਤ ਡੱਸੇ ਮਾਇਆ ਨਾਗਣ, ਧਰਤੀ ਦੀ ਹਿੱਕ ਵਿਚ ਖ਼ੂਨੀ ਪੰਜਾ ਅਤੇ ਸਦਾ ਮਹਾਨ ਨਪੋਲੀਅਨ ਬਿਮਾਰੀ ਦੀ ਹਾਲਤ ਵਿਚ ਅਨੁਵਾਦ ਕੀਤੀਆਂ ਹਨ। ਰੋਜ਼ਾਨਾ ਅਖ਼ਬਾਰਾਂ ਵਿਚ ਚਲੰਤ ਮਸਲਿਆਂ ਉਪਰ ਵੀ ਆਪਦੇ ਲੇਖ ਪ੍ਰਕਾਸ਼ਿਤ ਹੁੰਦੇ ਰਹਿੰਦੇ ਸਨ। 2014 ਵਿਚ ਆਪ ਆਮ ਆਦਮੀ ਪਾਰਟੀ ਦੇ ਟਿਕਟ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਲੜੇ ਸਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਕਾਈ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਵੀ ਰਹੇ ਹਨ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਗ਼ਲਤ ਫ਼ੈਸਲੇ ਕਰਨ ਕਰਕੇ ਪਾਰਟੀ ਤੋਂ ਵੱਖ ਹੋ ਗਏ ਸਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ 2016 ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਪ੍ਰੰਤੂ ਸਿਆਸਤ ਉਨ੍ਹਾਂ ਨੂੰ ਰਾਸ ਨਾ ਆਈ। ਭਾਵੇਂ ਇੱਕ ਸੁਲਝੇ ਹੋਏ ਵਿਦਵਾਨ ਸਿੱਖ ਸਨ ਪ੍ਰੰਤੂ ਆਪ ਕਮਿਊਨਿਸਟ ਵਿਚਾਰਧਾਰਾ ਦੇ ਵੀ ਸਮਰਥਕ ਸਨ।
ਆਪ ਥੋੜ੍ਹਾ ਸਮਾਂ ਬਿਮਾਰ ਰਹਿਣ ਉਪਰੰਤ 27 ਦਸੰਬਰ ਨੂੰ 83 ਸਾਲ ਦੀ ਉਮਰ ਵਿਚ ਅੰਮ੍ਰਿਤਸਰ ਵਿਖੇ ਸਵਰਗ ਸਿਧਾਰ ਗਏ। ਆਪ ਦੇ ਦੋਵੇਂ ਸਪੁੱਤਰ ਡਾ.ਰਵੀਜੀਤ ਸਿੰਘ ਅਤੇ ਡਾ.ਕਿਰਨਜੀਤ ਸਿੰਘ ਅਤੇ ਦੋਵੇਂ ਨੂੰਹਾਂ ਡਾ.ਬਿੰਦੂ ਬਾਲਾ ਅਤੇ ਡਾ.ਸੀਮਾ ਅੰਮ੍ਰਿਤਸਰ ਵਿਖੇ ਡਾ.ਦਲਜੀਤ ਸਿੰਘ ਅੱਖਾਂ ਦਾ ਹਸਪਤਾਲ ਚਲਾ ਰਹੇ ਹਨ। ਆਪ ਨੇ ਉਨ੍ਹਾਂ ਨੂੰ ਸਿੱਖਿਆ ਦਿੰਦਿਆਂ ਕਿਹਾ ਸੀ ਕਿ ਪੈਸਾ ਕਮਾਉਣ ਦੀ ਚਿੰਤਾ ਨਾ ਕਰਿਓ ਤਾਂ ਸਫਲਤਾ ਤੁਹਾਡੇ ਪੈਰ ਚੁੰਮੇਗੀ। ਉਹ ਦੋਸਤਾਂ ਦੇ ਦੋਸਤ ਅਤੇ ਯਾਰਾਂ ਦੇ ਯਾਰ ਸਨ। ਦੋਸਤਾਂ ਤੋਂ ਉਹ ਫ਼ੀਸ ਵੀ ਨਹੀਂ ਲੈਂਦੇ ਸਨ ਸਗੋਂ ਕੋਲੋਂ ਦਵਾਈ ਮੁਫ਼ਤ ਦਿੰਦੇ ਸਨ, ਜਦੋਂ ਕਿ ਅੱਜ ਕੱਲ੍ਹ ਡਾਕਟਰਾਂ ਨੂੰ ਮਿਲਣਾ ਹੀ ਮੁਸ਼ਕਲ ਹੈ, ਪਹਿਲਾਂ ਸਹਾਇਕਾਂ ਨੂੰ ਫ਼ੀਸ ਦੇ ਕੇ ਹੀ ਮਿਲਿਆ ਜਾ ਸਕਦਾ ਹੈ। ਇੱਕ ਵਾਰ ਮੇਰਾ ਐਕਸੀਡੈਂਟ ਹੋ ਗਿਆ, ਮੇਰੀ ਅੱਖ ਦਾ ਪਰਦਾ ਖ਼ਤਮ ਹੋ ਗਿਆ। ਮੈਂ ਸ਼ੰਕਰ ਨੇਤਰਾਲਯ ਮਦਰਾਸ ਤੋਂ ਇਲਾਜ ਕਰਵਾਇਆ ਪ੍ਰੰਤੂ ਮੇਰਾ ਕਾਮਰੇਡ ਦੋਸਤ ਡਾ.ਚਮਨ ਲਾਲ ਮੈਨੂੰ ਅੰਮ੍ਰਿਤਸਰ ਡਾਕਟਰ ਦਲਜੀਤ ਸਿੰਘ ਕੋਲ ਲੈ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਸਾਨੂੰ ਸੂਪ ਪਿਲਾਇਆ ਅਤੇ ਫਿਰ ਚੈਕ ਕੀਤਾ। ਅਜਿਹੇ ਮਾਨਵਤਾ ਦੇ ਪੁਜਾਰੀ ਸਨ ਡਾਕਟਰ ਦਲਜੀਤ ਸਿੰਘ।

ਉਜਾਗਰ ਸਿੰਘ
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
+91-94178 13072
ujagarsingh48@yahoo.com