(ਦਸਤਾਰ ਸਿਖਲਾਈ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚੇ ਦਸਤਾਰਾਂ ਅਤੇ ਸਟੇਸ਼ਨਰੀ ਪ੍ਰਾਪਤ ਕਰਨ ਮਗਰੋਂ ਪ੍ਰਬੰਧਕਾਂ ਨਾਲ)
(ਦਸਤਾਰ ਸਿਖਲਾਈ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚੇ ਦਸਤਾਰਾਂ ਅਤੇ ਸਟੇਸ਼ਨਰੀ ਪ੍ਰਾਪਤ ਕਰਨ ਮਗਰੋਂ ਪ੍ਰਬੰਧਕਾਂ ਨਾਲ)

ਫਰੀਦਕੋਟ — ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਵਾਲੇ ਹਫਤੇ ਨੂੰ ਸਮਰਪਿਤ ਹੁੰਦਿਆਂ ਨਜ਼ਦੀਕੀ ਪਿੰਡ ਗੋਲੇਵਾਲਾ ਵਿਖੇ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਦਸਤਾਰ ਸਿੱਖਣ ਵਾਲੇ ਬੱਚਿਆਂ ਨੂੰ ਦਸਤਾਰਾਂ ਭੇਂਟ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਸੇਵਾਦਾਰਾਂ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਗੋਲੇਵਾਲਾ ਵੱਲੋਂ ਦਸਤਾਰ ਕੋਚ ਅਰਸ਼ਦੀਪ ਸਿੰਘ ਦੇ ਉੱਦਮ ਸਦਕਾ ਬੱਚਿਆਂ ਦਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਸੀ। ਜਿਸ ਦੌਰਾਨ ਬੱਚਿਆਂ ਨੂੰ ਦਸਤਾਰ ਸਿਖਲਾਈ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ, ਸਾਹਿਬਜ਼ਾਦਿਆਂ ਅਤੇ ਹੋਰ ਗੁਰਸਿੱਖਾਂ ਦੀ ਸ਼ਹਾਦਤ ਤੋਂ ਵੀ ਜਾਣੂ ਕਰਵਾਇਆ ਗਿਆ। ਕੈਂਪ ਦੇ ਅਖੀਰਲੇ ਦਿਨ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਹਰਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਸ਼ਿਵਜੀਤ ਸਿੰਘ ਦੁਆਰਾ ਕੈਂਪ ਵਿੱਚ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਮੂਹ ਬੱਚਿਆਂ ਨੂੰ ਦਸਤਾਰਾਂ ਭੇਂਟ ਕੀਤੀਆਂ ਗਈਆਂ। ਦਸਤਾਰਾਂ ਭੇਂਟ ਕਰਨ ਵੇਲੇ ਸ਼ਿਵਜੀਤ ਸਿੰਘ ਨੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ‘ਤੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਇਹਨਾਂ ਬੱਚਿਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ ਅਤੇ ਪਹਿਲੇ ਸਥਾਨ ‘ਤੇ ਆਉਣ ਵਾਲੇ ਬੱਚੇ ਨੂੰ ਸਕੂਲ ਕਿੱਟ ਇਨਾਮ ਵਜੋਂ ਦਿੱਤਾ ਗਿਆ। ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਗੋਲੇਵਾਲਾ ਦੇ ਸਮੂਹ ਅਹੁਦੇਦਾਰਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ‘ਤੇ ਅੱਛਰ ਸਿੰਘ ਗੱਤਕਾ ਕੋਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਕਰਨੈਲ ਸਿੰਘ ਗੋਲੇਵਾਲਾ ਅਤੇ ਅਸ਼ਮਨ ਸਿੰਘ ਸੰਘਾ ਵਿਸ਼ੇਸ਼ ਤੌਰ ‘ਤੇ ਹਾਜਰ ਸਨ।ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਗੋਲੇਵਾਲਾ ਵੱਲੋਂ ਪਹੁੰਚੀਆਂ ਸਮੂਹ ਸਖਸ਼ੀਅਤਾਂ ਅਤੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ।