IMG_0782

ਪੰਜਾਬੀ ਬਜ਼ੁਰਗ ਨਵੀਂ ਪੀਹੜੀ ਨੂੰ ਵਿਰਾਸਤੀ ਸਰੋਕਾਰਾਂ ਨਾਲ ਜੋੜ ਰਹੇ ਹਨ। ਬਰਤਾਨੀਆਂ, ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਹੋਰ ਮੁਲਕਾਂ ‘ਚ ਪੰਜਾਬੀ ਵਸਦੇ ਹਨ। ਉਹ ਆਪਣੇ ਜੀਵਨ ਨਿਰਬਾਹ ਦੇ ਨਾਲ – ਨਾਲ ਪੰਜਾਬੀ ਸੱਥਾਂ ਨੂੰ ਕਾਇਮ ਕਰ ਰਹੇ ਹਨ। ਪੰਜਾਬੀਆਂ ਦੇ ਇਹ ਟੋਲੇ ਰੰਗ ਬਰੰਗੀਆਂ ਪੱਗਾਂ ਬੰਨ੍ਹੀ ਪਾਰਕਾਂ ਗਰਾਊਂਡਾਂ ਵਿਚ, ਹਾਸੇ ਠੱਠੇ ਦੇ ਨਾਲ ਕਿਸੇ ਵਿਸ਼ੇ ਤੇ ਭਖਵੀਂ ਬਹਿਸ ਕਰਦੇ ਵੀ ਵੇਖੇ ਜਾ ਸਕਦੇ ਹਨ। ਇਉਂ ਉਹ ਵਿਦੇਸ਼ੀ ਧਰਤੀ ਤੇ ਪੰਜਾਬੀਅਤ ਨੂੰ ਕਾਇਮ ਰੱਖ ਰਹੇ ਹਨ।

ਸੱਥ, ਜਿਸ ਨੂੰ ਅਸੀਂ ਖੁੰਢ ਚਰਚਾ ਦਾ ਨਾਮ ਦਿੰਦੇ ਹਾਂ, ਵਿਚ ਹਾਸਾ ਠੱਠਾ, ਦੁੱਖ ਸੁੱਖ ਦੀ ਵਾਰਤਾਲਾਪ ਸ਼ੁਰੂ ਤੋਂ ਹੀ ਪੰਜਾਬੀ ਵਿਰਸੇ ਦੀ ਅਮੀਰ ਵਿਰਾਸਤ ਬਣੀ ਰਹੀ ਹੈ। ਇਹ ਵਿਰਾਸਤ ਪੰਜਾਬ ਵਿਚ ਕਈ ਥਾਂਈ ਆਖਰੀ ਸਾਹਾਂ ਉਤੇ ਵੀ ਹੈ। ਇੱਕ ਦੋੜ ਭੱਜ ਹੈ। ਸਮਾਂ ਬਹੁਤ ਕੀਮਤੀ ਹੋ ਗਿਆ ਹੈ। ਵਿਆਹ, ਰੀਤੀ ਰਿਵਾਜ ਆਦਿ ਸਿਮਟ ਗਏ ਹਨ। ਖੁੰਢ ਚਰਚਾ ਤਾਂ ਪਹਿਲਾਂ ਹੀ ਸਮੇ ਦੀ ਬਰਬਾਦੀ ਤੇ ਵਿਹਲੜਾਂ ਦੀ ਢਾਣੀ ਕਹਿ ਕੇ ਸੱਦੀ ਜਾਂਦੀ ਸੀ। ਪਰ ਇੰਜ ਵੀ ਨਹੀਂ ਸੀ। ਸੱਥ ‘ਚ ਹੋਏ ਫੈਸਲੇ ਨੂੰ ਸਹੀ ਸਮਝ ਕੇ ਸਿਰ ਮੱਥੇ ਮੰਨਿਆ ਜਾਂਦਾ ਸੀ। ਪਿੰਡ ਦੇ ਬੋਹੜ ਦਰੱਖ਼ਤ ਦੀ ਛਾਂ ਹੇਠਾਂ ਇਨਸਾਫ਼ ਤੁਲਦਾ ਸੀ। ਪੁਲੀਸ, ਕਚਹਿਰੀ ਕੋਈ ਨਹੀਂ ਸੀ ਜਾਂਦਾ। ਜੇਕਰ ਕੋਈ ਸੱਥ ਤੋਂ ਬਾਹਰਾ ਹੋ ਕੇ ਜਾਂਦਾ ਵੀ ਸੀ ਤਾਂ ਪਰੇ ਪੰਚਾਇਤ ਸੱਥ ਹੀ ਫੈਸਲਾ ਕਰਕੇ ਰਾਜੀਨਾਮੇ ਦਾ ਕਾਗਜ਼ ਥਾਣੇ ਕਚਹਿਰੀ ਭੇਜ ਦੇਦੀ ਸੀ। ਕਿਸੇ ਦੀ ਧੀ ਭੈਣ ਨੂੰ ਮੰਦੀ ਨਜ਼ਰ ਨਾਲ ਵੇਖਣ, ਛੇੜਖਾਨੀ, ਚੋਰੀ ਆਦਿ ਦੀ ਸਜਾ ਸੱਥ ਵਿਚ ਦੇ ਦਿਤੀ ਜਾਂਦੀ ਸੀ। ਪੰਚਾਇਤ ਵਿਚ ਵੱਜੇ ਧੋਲ਼ ਧੱਫੇ ਛਿੱਤਰ ਦਾ ਸੇਕ ਕਈ ਪੀਹੜੀਆਂ ਤੱਕ ਲੱਗਦਾ ਰਹਿੰਦਾ ਸੀ।

ਇਹ ਪੰਜਾਬੀ ਬਜ਼ੁਰਗ ਗੁਰਦੁਆਰਿਆਂ – ਘਰਾਂ ਵਿਚ ਨਾਮ ਜਪਣ ਤੋਂ ਇਲਾਵਾ, ਕਿਸੇ ਨੁੱਕਰ ਕੋਨੇ ਵਿਚ ਪੰਜਾਬੀਅਤ ਨੂੰ ਵੀ ਜਿੰਦਾ ਰੱਖ ਰਹੇ ਹਨ। ਇਕੱਠੇ ਹੋ ਕੇ ਦਿਲ ਦੀਆਂ ਗੱਲਾਂ ਕਰਦੇ ਹਨ। ਨਵੇਂ ਵਿਚਾਰ ਸੁਣ ਕੇ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਦੇ ਹਨ। ਇਹ ਬੱਗੀਆਂ ਦਾਹੜੀਆਂ ਵਾਲੇ, ਉਮਰ ਦੇ ਛੇ ਸੱਤ ਦਹਾਕੇ ਪਾਰ ਕਰ ਚੁੱਕੇ, ਸਿਰੜੀ ਤੇ ਮਿਹਨਤਕਸ਼ ਪੰਜਾਬੀ ਹਨ। ਇਹਨਾਂ ਦੀ ਬਦੌਲਤ ਹੀ ਇਹਨਾਂ ਦੀ ਨਵੀਂ ਪੀਹੜੀ ਦੇ ਬੱਚੇ ਵਿਦੇਸ਼ਾਂ ਵਿਚ ਪੁੱਜੇ ਹਨ। ਇਹ ਹੰਡੇ ਵਰਤੇ ਹੋਏ ਹਨ। ਇਹਨਾਂ ਕੋਲ ਜਿੰਦਗੀ ਦਾ ਬਿਹਤਰੀਨ ਤਜਰਬਾ ਹੈ। ਬਜ਼ੁਰਗ ਸਰਮਾਇਆ ਹਨ। ਉਹਨਾਂ ਕੋਲ ਸਹਿਜ ਹੈ। ਵਜ਼ਨਦਾਰ ਗੱਲ ਕਰਨ ਦਾ ਠਰੰਮ੍ਹਾ ਹੈ। ਮੰਦੇ ਕੰਮਾਂ ਦੇ ਨਤੀਜੇ ਦਾ ਵੀ ਪਤਾ ਹੈ। ਉਹਨਾਂ ਦੇ ਵਾਲ਼ ਧੁੱਪ ਨਾਲ ਨਹੀਂ ਚਿੱਟੇ ਨਹੀਂ ਹੋਏ। ਇਹ ਨੇ ਆਪਣੇ ਪਿੰਡੇ ਉਪਰ ਹੰਢਾਈਆਂ ਜੇਠ ਹਾੜ ਦੀਆਂ ਕੜਾਕੇਦਾਰ ਧੁੱਪਾਂ ਤੇ ਪੋਹ ਮਾਘ ਦੀਆਂ ਠੰਡੀਆਂ ਸਿਆਲੀ ਰੁੱਤਾਂ ਦੀ ਮਾਰ ਝੱਲੀ ਹੈ। ਇਹਨਾਂ ਰੁੱਤਾਂ ਨਾਲ ਲੋਹਾ ਲੈਂਦੇ ਹੋਏ, ਕੰਮ ਕਰਕੇ ਆਪਣੇ ਬੱਚੇ – ਬੱਚੀਆਂ ਨੂੰ ਵਿਦੇਸ਼ੀਂ ਭੇਜਣ ਵਿਚ ਸਫਲ ਹੋਏ ਹਨ।

ਆਸਟਰੇਲੀਆ ਦੀ ਸਟੇਟ ਨਿਊ ਸਾਊਥ ਵੇਲਜ਼ ਵਿਚਲੇ ਸਿਡਨੀ ਸ਼ਹਿਰ ਦਾ ਸਬਅਰਬ, ਬਲੈਕ ਟਾਊਨ ਅਰਧ ਸ਼ਹਿਰੀ ਖੇਤਰ ਹੈ। ਏਥੇ ਪੰਜਾਬੀ ਵਸੋਂ ਦਾ ਚੋਖਾ ਵਾਧਾ ਹੈ। ਬਲੈਕ ਟਾਊਨ ਕੌਂਸਲ ਹੇਠ ਕੁਇੱਕਰ ਹਿੱਲ ਦੀ ਰਾਈਟ ਰਿਜ਼ਰਵ ਖੇਡ ਗਰਾਊਂਡ ਇੱਕ ਵਿਸ਼ਾਲ ਪਾਰਕ ਹੈ। ਪਾਈ ਰੋਡ ਉਤੇ ਪੈਂਦੀ ਇਸ ਪਾਰਕ ਵਿਚ ਰੋਜ਼ਾਨਾ ਸ਼ਾਮ ਵੇਲੇ ਪੰਜਾਬੀ ਭਾਈਚਾਰੇ ਦੇ ਲੋਕ ਜੁੜਦੇ ਹਨ। ਇਹਨਾਂ ਵਿਚ ਵਧੇਰੇ ਕਰਕੇ ਬਜ਼ੁਰਗ ਹੀ ਹਨ। ਉਹ ਸਾਰੇ ਪਾਰਕ ਦੇ ਨੇੜੇ ਪੈਂਦੇ ਘਰਾਂ ਵਿਚ ਆਪਣੇ ਪਰਵਾਰਾਂ ਨਾਲ ਰਹਿੰਦੇ ਹਨ। ਇਹਨਾਂ ਨਾਲ ਇੱਕ ਦਿਨ ਮੈਨੂੰ ਸਾਂਝ ਪਾਉਣ ਦਾ ਮੌਕਾ ਮਿਲਿਆ। ਸਾਰੇ ਬੜੇ ਹੀ ਮਿਲਾਪੜੇ ਹਨ।

ਇਹ ਪੰਜਾਬ ਸਮੇਤ ਹੋਰਨਾਂ ਭਾਰਤੀ ਰਾਜਾਂ ਤੋਂ ਏਥੇ ਆਏ ਹਨ। ਉਹ ਏਥੇ ਪਹੁੰਚ ਕੇ ਹੀ ਇੱਕ – ਦੂਜੇ ਦੇ ਜਾਣੂ ਬਣੇ ਹਨ। ਉਹ ਇੱਕ ਦੂਜੇ ਦੇ ਦਾਰੂ ਹਨ। ਸੱਚੇ ਸਾਥੀ ਤੇ ਭਰਾਵਾਂ ਵਾਂਙ ਵੀ ਹਨ। ਉਹਨਾਂ ਵਿਚ ਅਪਣੱਤ ਹੈ। ਮੋਹ ਦੀ ਇੱਕ ਤੰਦ ਹੈ ਜੋ ਇਹਨਾਂ ਵਿਚ, ਰੋਜ ਸ਼ਾਮ ਨੂੰ ਇੱਕ ਦੂਜੇ ਨੂੰ ਮਿਲਣ ਵਾਸਤੇ ਤਾਂਘ ਪੈਦਾ ਕਰਦੀ ਹੈ। ਉਹ ਆਪਸੀ ਗੱਲਾਂ ਵਿਚ ਕਿਸੇ ਵਿਸ਼ੇ ਨੂੰ ਲੈ ਕੇ ਸਾਰਥਕ ਬਹਿਸ, ਵਿਚਾਰ ਚਰਚਾ, ਦੁੱਖ ਸੁੱਖ ਆਦਿ ਨੂੰ ਸਾਂਝਾ ਕਰਦੇ ਹਨ। ਇਹ ਪਿੱਛੇ ਛੱਡ ਆਏ ਆਪਣੇ ਪੰਜਾਬ ਤੇ ਭਾਰਤੀ ਰਾਜਨੀਤੀ ਦੀ ਚਰਚਾ ਅਕਸਰ ਛੇੜਦੇ ਹਨ। ਇਹ ਸਾਰੇ ਵਿਦਵਾਨ ਹਨ। ਅਗਾਂਹ ਵਧੂ ਸੋਚ ਦੇ ਮਾਲਕ ਹਨ। ਵਧੇਰੇ ਪੜ੍ਹੇ ਲਿਖੇ ਹਨ। ਇੱਕ ਦੂਜੇ ਨਾਲ ਹਾਸੇ ਠੱਠੇ ‘ਚ ਮਜ਼ਾਕ ਕਰਕੇ ਵੀ ਲੁਤਫ਼ ਲੈ ਲੈਂਦੇ ਹਨ। ਵੱਡੀ ਗੱਲ ਇਹ ਹੈ ਕਿ ਉਹ ਖੁਸ਼ ਹਨ। ਇਹਨਾਂ ਦੇ ਚੇਹਰੇ ਦੀਆਂ ਝੁਰੜੀਆਂ ਮੱਧਮ ਹਨ। ਇਹ ਸੱਤ ਸਮੁੰਦਰੋ ਪਾਰ ਆ ਕੇ ਵੀ ਆਪਣੇ ਬੱਚਿਆਂ ‘ਚ ਬੈਠੇ ਹਨ। ਇਹਨਾਂ ਲਈ ਪੋਤੇ – ਪੋਤੀਆਂ, ਦੋਹਤੇ – ਦੋਹਤੀਆਂ ਦੀਆਂ ਨਰਮ ਉਂਗਲ਼ੀਆਂ ਦੀ ਛੋਹ ਤੇ ਤੋਤਲੀਆਂ ਗੱਲਾਂ ਸੋਨੇ ਉਤੇ ਸੁਹਗਾ ਹੀ ਹਨ। ਇਹ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਭਾਸ਼ਾ ਸਿਖਾਉਂਦੇ ਹਨ। ਬੱਚਿਆਂ ਨੂੰ ਘਰਾਂ ਵਿਚ ਉਠਣ ਬੈਠਣ ਅਤੇ ਸਮਾਜ ਵਿਚ ਵਿਚਰਨ ਦੇ ਗੁਰ ਦੱਸਦੇ ਹਨ। ਜਿਸ ਘਰ ‘ਚ ਬਜ਼ੁਰਗ ਵੱਸਦਾ ਹੈ ਸਮਝੋ ਉਹ ਇਕ ਸੰਸਥਾ ਹੈ। ਜਿਹੜੀ ਰੋਟੀ ਟੁੱਕ ਉਪਰ ਰਹਿ ਕੇ ਹੀ, ਬਿਨਾ ਤਨਖਾਹ ਲਏ, ਘਰ ਨੂੰ ਘਰ ਸਮਝ ਕੇ ਸਭ ਨੂੰ ਜੋੜਦੀ ਹੈ।

ਅਸੀਂ ਸਾਰੇ ਵਿਦੇਸ਼ੀ ਧਰਤੀ ਦਾ ਸੁਹੱਪਣ, ਵਾਤਾਵਰਨ, ਸਾਫ਼ ਸਫਾਈ, ਅਨੁਸ਼ਾਸਨ ਦਾ ਆਨੰਦ ਮਾਣਦੇ ਹਾਂ। ਹਰ ਪੱਖ ਤੋਂ ਸੁਰੱਖਿਅਤ ਮਹਿਸੂਸ ਕਰਦੇ ਹਾਂ। ਬਜ਼ੁਰਗਾਂ ਦੇ ਵੀਜ਼ੇ ਭਾਵੇਂ ਕੱਚੇ ਤੇ ਭਾਵੇਂ ਪੱਕੇ ਹੋਣ, ਉਹ ਵਿਦੇਸ਼ੀ ਨਾਗਰਕ ਬਣੇ ਹਨ ਜਾਂ ਨਹੀਂ, ਇਹ ਵੱਖਰਾ ਵਿਸ਼ਾ ਹੈ। ਬੱਸ ਇੱਕ ਸਾਂਝ ਹੀ ਹੈ ਉਹਨਾਂ ਦੇ ਮਨੁੱਖਤਾਵਾਦੀ ਹੋਣ ਦੀ। ਜਦੋਂ ਹਰ ਕੋਈ ਆਪਣਾ ਮੁਲਕ ਛੱਡ ਕੇ ਵਿਦੇਸ਼ੀ ਧਰਤੀ ਉਤੇ ਆਉਂਦਾ ਹੈ ਤਾਂ ਕੁਝ ਸਮੇ ਬਾਅਦ, ਆਪਣੇ ਹਮ ਵਤਨੀ ਦੋਸਤਾਂ ਰਿਸ਼ਤੇਦਾਰਾਂ ਦਾ ਝੋਰਾ ਵੀ ਉਸ ਨੂੰ ਖਾਂਦਾ ਹੈ, ਜਿਨ੍ਹਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਕੇ ਰੂਹਾਨੀ ਸਕੂਨ ਲੈਂਦਾ ਸੀ, ਦੀ ਤਲਬ ਜਾਗਦੀ ਹੈ। ਭਾਵੇਂ ਫੋਨ, ਫੇਸਬੁੱਕ, ਵੱਟਸਐਪ ਵਿਡਿਓ ਕਾਲ ਆਦਿ ਉਪਕਰਨ ਹਨ ਪਰ ਸਾਹਮਣੇ ਬੈਠ ਕਿ ਗੱਲ ਕਰਨ ਦੀ ਤ੍ਰਿਪਤੀ ਦਾ ਨਜ਼ਾਰਾ ਕੁਝ ਹੋਰ ਹੀ ਹੈ। ਵਧੇਰੇ ਵਾਰ ਪਰਵਾਸੀ ਬਜ਼ੁਰਗ ਵਿਦੇਸ਼ਾ ਵਿਚ ਇਕਲਾਪੇ ਦੇ ਸ਼ਿਕਾਰ ਬਣਦੇ ਹਨ। ਪੁੱਤਰ – ਧੀ ਨੌਕਰੀ ਤੇ ਬੱਚੇ ਸਕੂਲ ਜਾਣ ਬਾਅਦ ਉਹ ਘਰ ਚ ਕਈ ਵਾਰ ਵੇਹਲੇ ਵੀ ਮਹਿਸੂਸ ਕਰਦੇ ਹਨ।

ਸਾਰਾ ਕੁਝ ਸਮੇ ਦੇ ਗੇੜ ਨਾਲ ਬਦਲਿਆ ਜਰੂਰ ਹੈ ਪਰ ਖਤਮ ਨਹੀਂ ਹੋਇਆ। ਜੀਵਨ ਅੱਜ ਵੀ ਧੜਕਦਾ ਹੈ। ਪੁਰਾਣੇ ਬਜ਼ੁਰਗ ਅਜੇ ਵੀ ਸੱਥ ਨਾਲ ਸਾਂਝ ਰੱਖਦੇ ਹਨ। ਬਜੁਰਗਾਂ ਦੇ ਸਿਰੜੀ ਜੀਵਨ ਨੂੰ ਭੁਲਾਉਣਾ ਆਪਣੇ ਨਾਲ ਧੋਖਾ ਫਰੇਬ ਕਰਨਾ ਹੀ ਹੋਵੇਗਾ। ਆਓ, ਆਪਣੇ ਦਿਲਾਂ ਤੇ ਘਰਾਂ ਵਿਚ ਇਹਨਾਂ ਦਾ ਸਤਿਕਾਰ ਕਰੀਏ। ਰੂਹ ਨੂੰ ਸਰਸ਼ਾਰ ਕਰੀਏ। ਜੀਵਨ ਸਮਾ ਥੋਹੜਾ ਜਰੂਰ ਹੈ ਪਰ ਜਿੰਨਾ ਵੀ ਹੈ ਇਸ ਦਾ ਲੁਤਫ਼ ਲੈਣਾ ਹੀ ਜ਼ਿੰਦਾਦਿਲੀ ਹੈ।

ਗੁਰਚਰਨ ਸਿੰਘ ਕਾਹਲੋਂ

kahlonsydney@gmail.com