ਸਰਕਾਰ ਦੇਵੇ ਬੋਨਸ ਜਾਂ 5000 ਰੁਪਏ ਪ੍ਰਤੀ ਏਕੜ ਮੁਆਵਜ਼ਾ

02gsc 2
(ਚੋਪਰ ਨਾਲ ਕੁਤਰਾ ਕੀਤੀ ਪਰਾਲੀ ਵਾਲੇ ਖੇਤ ਨੂੰ ਵਹਾ ਕੇ ਵੇਖਦੇ ਕਿਸਾਨ ਆਗੂ ਅਤੇ ਹੇਠਾਂ ਪਰਾਲੀ ਨੂੰ ਅੱਗ ਲਾਉਣ ਦਾ ਦਰਿਸ਼।  – ਤਸਵੀਰਾਂ – ਗੁਰਭੇਜ ਸਿੰਘ ਚੌਹਾਨ)

ਫਰੀਦਕੋਟ — ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਜਸਪਿੰਦਰ ਸਿੰਘ ਰੁਪੱਈਆਂ ਵਾਲਾ ਜਿਲ੍ਹਾ ਪ੍ਰਧਾਨ ਦੀ ਅਗਵਾਈ ਚ ਪਿੰਡ ਢਿਲਵਾਂ ਖੁਰਦ ਦੇ ਕਿਸਾਨ ਲਖਵਿੰਦਰ ਸਿੰਘ ਦੇ ਉਸ ਫਾਰਮ ਦਾ ਮੌਕਾ ਵੇਖਿਆ, ਜਿੱਥੇ ਉਸਨੇ 1 ਲੱਖ 70 ਹਜ਼ਾਰ ਦਾ ਚੋਪਰ ਖਰੀਦਕੇ ਝੋਨੇ ਦੀ ਕਟਾਈ ਤੋਂ ਬਾਅਦ ਇਸ ਸੰਦ ਨੂੰ ਪਰਾਲੀ ਸਮੇਟਣ ਲਈ ਵਰਤਿਆ ਸੀ। ਕਿਸਾਨ  ਆਗੂਆਂ ਨੂੰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਚੋਪਰ ਦੀ ਵਰਤੋਂ ਤੋਂ ਬਾਅਦ  ਜ਼ਮੀਨ ਨੂੰ ਵਾਹੁਣ ਲਈ ਰੋਟਾਵੇਟਰ, ਤਵੀਆਂ ਅਤੇ ਕਲਟੀਵੇਟਰ ਦੀ ਵਰਤੋਂ ਕਰਕੇ ਵੇਖ ਲਈ ਹੈ ਪਰ ਕੋਈ ਵੀ ਸੰਦ ਇਸ ਪਰਾਲੀ ਵਾਲੀ ਜ਼ਮੀਨ ਤੇ ਨਹੀਂ ਚੱਲਦਾ। ਚੋਪਰ ਫੇਰਨ ਤੇ ਉਸਦਾ ਕਾਫੀ ਡੀਜ਼ਲ ਵੀ ਖਰਚ ਆ ਗਿਆ ਹੈ ਅਤੇ ਇਹ ਸੰਦ ਪੂਰੀ ਤਰਾਂ ਨਾਕਾਮਯਾਬ ਰਿਹਾ ਹੈ। ਹੁਣ ਪਰਾਲੀ ਨੂੰ ਖਤਮ ਕਰਨਾ ਅਤੇ ਜ਼ਮੀਨ ਵਾਹੁਣਾ ਉਸ ਲਈ ਸਮੱਸਿਆ ਬਣ ਗਿਆ ਹੈ। ਉਸਨੇ ਕਿਸਾਨ ਆਗੂਆਂ ਨੂੰ ਮੌਕੇ ਤੇ ਜ਼ਮੀਨ ਵਿਚ ਤਵੀਆਂ, ਰੋਟਾਵੇਟਰ ਅਤੇ ਕਲਟੀਵੇਟਰ ਚਲਾ ਕੇ ਵੀ ਵਿਖਾਏ। ਜਿਸਤੇ ਕਿਸਾਨ ਆਗੂਆਂ ਨੇ ਪਿੰਡ ਢਿਲਵਾਂ ਖੁਰਦ ਅਤੇ ਘੁਗਿਆਣਾ ਦੇ ਉਥੇ ਵੱਡੀ ਗਿਣਤੀ ਵਿਚ ਹਾਜ਼ਰ ਕਿਸਾਨਾ ਦੀ ਹਾਜ਼ਰੀ ਵਿਚ ਪ੍ਰਸ਼ਾਸ਼ਨ ਨੂੰ ਇਸ ਕਿਸਾਨ ਦੇ ਫਾਰਮ ਤੇ ਪੁੱਜਕੇ ਮੌਕਾ ਵੇਖਣ ਲਈ ਸੂਚਿਤ ਕੀਤਾ ਪਰ ਕੋਈ ਵੀ ਅਧਿਕਾਰੀ ਕਾਫੀ ਦੇਰ ਉਡੀਕ ਤੋਂ ਬਾਅਦ ਨਾ ਪੁੱਜਣ ਤੇ  ਕਿਸਾਨ ਆਗੂਆਂ ਨੇ ਪਰਾਲੀ ਨੂੰ ਅੱਗ ਲਵਾਈ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਪਰਾਲੀ ਦਾ ਕੋਈ ਹੱਲ ਕਰਨਾ ਹੈ ਤਾਂ ਕਿਸਾਨਾ ਨੂੰ ਪ੍ਰਤੀ ਏਕੜ 5000 ਰੁਪਏ ਮੁਆਵਜ਼ਾ ਜਾਂ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਨਹੀਂ ਤਾਂ ਇਸਦਾ ਕਿਸਾਨਾ ਕੋਲ ਅੱਗ ਲਾਉਣ ਤੋਂ ਸਿਵਾਏ ਕੋਈ ਹੱਲ ਨਹੀਂ। ਜਿਲ੍ਹਾ ਪ੍ਰਧਾਨ ਜਸਪਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਫੈਸਲਾ ਪੂਰਨ ਰੂਪ ਵਿਚ ਲਾਗੂ ਨਹੀਂ ਕਰ ਸਕੀ। ਜਿਸ ਕਰਕੇ ਕਿਸਾਨ ਸਰਕਾਰ ਦੇ ਇਕ ਤਰਫਾ ਹੁਕਮ ਨੂੰ ਮੰਨਣ ਲਈ ਪਾਬੰਦ ਨਹੀਂ ਹੋਣਗੇ ਅਤੇ ਪਰਾਲੀ ਨੂੰ ਅੱਗ ਲਗਾਉਣਗੇ। ਜਿਸਦੀ ਸਰਕਾਰ ਖੁਦ ਜਿਮੇਂਵਾਰ ਹੈ। ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ, ਮੱਖਣ ਸਿੰਘ ਡੋਡ, ਭਾਗ ਸਿੰਘ ਸੰਗਰਾਹੂਰ, ਵਜ਼ੀਰ ਸਿੰਘ ਡੋਡ, ਬਲਵੀਰ ਸਿੰਘ ਸਾਦਿਕ, ਜਸਕਰਨ ਸਿੰਘ ਘੁਗਿਆਣਾ, ਲਖਵਿੰਦਰ ਸਿੰਘ ਢਿਲਵਾਂ, ਸੁਖਚੈਨ ਸਿੰਘ ਮਾਨੀ ਸਿੰਘ ਵਾਲਾ, ਛਿੰਦਰਪਾਲ ਸਿੰਘ ਮਾਨੀ ਸਿੰਘ ਵਾਲਾ, ਮੋਹਕਮ ਸਿੰਘ ਸ਼ਿਮਰੇਵਾਲਾ ਅਤੇ ਵੱਡੀ ਗਿਣਤੀ ਚ ਕਿਸਾਨ ਹਾਜ਼ਰ ਸਨ।